ਖਹਿਰਾ ਦੀ ਛੁੱਟੀ ਪਿੱਛੋਂ ‘ਆਪ’ ਵਿਚ ਉਚੀਆਂ ਹੋਈਆਂ ਬਾਗੀ ਸੁਰਾਂ

ਚੰਡੀਗੜ੍ਹ: ਆਮ ਆਦਮੀ ਪਾਰਟੀ ਵਿਚਲਾ ਸਿਆਸੀ ਸੰਕਟ ਵਧਦਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਬਦਲਣ ਪਿੱਛੋਂ ਪੰਜਾਬ ਇਕਾਈ ਵਿਚ ਭੂਚਾਲ ਆ ਗਿਆ ਹੈ। ਪਾਰਟੀ ‘ਚ ਵੱਡੇ ਪੱਧਰ ਉਤੇ ਬਗਾਵਤ ਸ਼ੁਰੂ ਹੋ ਗਈ ਹੈ।

ਖਹਿਰਾ ਨੂੰ ਅਹੁਦੇ ਤੋਂ ਹਟਾਏ ਜਾਣ ‘ਤੇ ਨਾਰਾਜ਼ਗੀ ਵਜੋਂ ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਵਿਧਾਇਕ ਦਲ ਦੇ ਬੁਲਾਰੇ ਵਜੋਂ ਅਸਤੀਫਾ ਦੇ ਦਿੱਤਾ ਹੈ। ਇਹ ਵੀ ਚਰਚਾ ਹੈ ਕਿ ਪਾਰਟੀ ਛੇਤੀ ਹੀ ਨਵਾਂ ਪੰਜਾਬ ਪ੍ਰਧਾਨ ਲਗਾਉਣ ਦੀ ਤਿਆਰੀ ‘ਚ ਹੈ ਅਤੇ ਮੌਜੂਦਾ ਪ੍ਰਧਾਨ ਭਗਵੰਤ ਮਾਨ ਦੀ ਪ੍ਰਧਾਨਗੀ ਕਿਸੇ ਵੇਲੇ ਵੀ ਖੁੱਸ ਸਕਦੀ ਹੈ। ਪਾਰਟੀ ਦੇ ਸੂਤਰਾਂ ਅਨੁਸਾਰ ਖਹਿਰਾ ਨੂੰ ਹਟਾਉਣ ਦਾ ਕਾਰਨ ਭਾਵੇਂ ਪੰਜਾਬ ‘ਚ ਪਾਰਟੀ ਵਲੋਂ ਦਲਿਤ ਚਿਹਰਾ ਮੂਹਰੇ ਲਿਆਉਣਾ ਦੱਸਿਆ ਜਾ ਰਿਹਾ ਹੈ ਪਰ ਇਸ ਦੇ ਪਿੱਛੇ ਅਸਲ ਕਾਰਨ ਖਹਿਰਾ ਵੱਲੋਂ ਲੰਮੇ ਸਮੇਂ ਤੋਂ ਪਾਰਟੀ ਖਿਲਾਫ਼ ਅਲਾਪੀਆਂ ਜਾ ਰਹੀਆਂ ਬਾਗੀ ਸੁਰਾਂ ਹੀ ਹਨ। ਖਹਿਰਾ ਨੇ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਤੋਂ ਬਾਅਦ ਖੁੱਲ੍ਹੇ ਰੂਪ ਵਿਚ ਇਸ ਵਿਰੁਧ ਬਿਆਨ ਦਿੱਤੇ ਸਨ। ਖਹਿਰਾ ਸਿੱਖ ਰਾਇਸ਼ੁਮਾਰੀ ਦੀ ਮੁਹਿੰਮ ਸਬੰਧੀ ਵੀ ਆਪਣੇ ਬਿਆਨ ਕਾਰਨ ਵਿਵਾਦਾਂ ਵਿਚ ਘਿਰੇ ਸਨ। ਕੇਂਦਰੀ ਆਗੂਆਂ ਨੂੰ ਉਸ ਦੇ ਅਜਿਹੇ ਬਿਆਨਾਂ ਨੂੰ ਆਧਾਰ ਬਣਾ ਕੇ ਕਾਰਵਾਈ ਕਰਨ ਦਾ ਬਹਾਨਾ ਮਿਲ ਗਿਆ।
ਪੰਜਾਬ ਦੇ ਸਹਿ ਪ੍ਰਧਾਨ ਡਾæ ਬਲਬੀਰ ਸਿੰਘ ਅਤੇ ਸੁਖਪਾਲ ਸਿੰਘ ਖਹਿਰਾ ਹੁਣ ਆਹਮੋ-ਸਾਹਮਣੇ ਹਨ। ਇਕ ਪਾਸੇ ਖਹਿਰਾ ਵੱਲੋਂ ਪਾਰਟੀ ਵਿਧਾਇਕਾਂ ਨੂੰ ਇਕਜੁਟ ਕਰ ਕੇ ਆਪਣੀ ਤਾਕਤ ਵਿਖਾਉਣ ਵਿਚ ਜੁਟਿਆ ਹੋਇਆ ਹੈ ਤੇ ਦੂਜੇ ਪਾਸੇ ਬਲਬੀਰ ਸਿੰਘ ਦਿੱਲੀ ਹਾਈਕਮਾਂਡ ਦੇ ਆਸਰੇ ਖਹਿਰਾ ਖਿਲਾਫ ਲਾਮਬੰਦੀ ਕਰ ਰਿਹਾ ਹੈ। ਪਤਾ ਲੱਗਾ ਹੈ ਕਿ ਡਾæ ਬਲਬੀਰ ਸਿੰਘ ਵੱਲੋਂ ਪਾਰਟੀ ਦੇ ਹੋਰਨਾਂ ਆਗੂਆਂ ਤੇ ਹੇਠਲੇ ਅਹੁਦੇਦਾਰਾਂ ਨਾਲ ਸਲਾਹ ਮਸ਼ਵਰਾ ਕੀਤੇ ਬਗੈਰ ਧੜਾਧੜ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਖਿਲਾਫ਼ ਪਾਰਟੀ ਅੰਦਰ ਵਿਆਪਕ ਰੋਸ ਹੈ ਤੇ ਵੱਡੀ ਗਿਣਤੀ ਆਗੂ ਖਹਿਰਾ ਦੇ ਹੱਕ ਵਿਚ ਹਨ। ਸੂਤਰ ਦੱਸਦੇ ਹਨ ਕਿ ਖਹਿਰੇ ਨੂੰ ਹਟਾਉਣ ਦਾ ਫੈਸਲਾ ਅੱਜ ਨਹੀਂ ਸਗੋਂ ਕਾਫੀ ਪਹਿਲਾਂ ਲਿਆ ਜਾ ਚੁੱਕਾ ਸੀ। ਉਧਰ, ਕਾਂਗਰਸ ਦੇ ਕੁਝ ਸੀਨੀਅਰ ਆਗੂਆਂ ‘ਚ ਖਹਿਰਾ ਨੂੰ ਪਾਰਟੀ ‘ਚ ਸ਼ਾਮਲ ਕਰਾਉਣ ਨੂੰ ਲੈ ਕੇ ਹੁਣ ਤੋਂ ਬਹਿਸ ਸ਼ੁਰੂ ਹੋ ਚੁੱਕੀ ਹੈ ਤੇ ਕੁਝ ਆਗੂਆਂ ਨੇ ਖਹਿਰਾ ਨੂੰ ਕਾਂਗਰਸ ‘ਚ ਸ਼ਾਮਲ ਨਾ ਕਰਨ ਸਬੰਧੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ।
ਪਾਰਟੀ ਵਿਚ ਇਸ ਖਿੱਚੋਤਾਣ ਕਾਰਨ ‘ਆਪ’ ਦੇ ਭਵਿਖ ਬਾਰੇ ਵੀ ਸ਼ੰਕੇ ਉਠਣ ਲੱਗੇ ਹਨ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਪਾਰਟੀ ਦੇ ਚੋਣਾਂ ਜਿੱਤਣ ਦੀ ਉਮੀਦ ਕੀਤੀ ਜਾਣ ਲੱਗੀ ਸੀ ਪਰ ਇਸ ਦੇ ਚੁਣੇ ਪ੍ਰਤੀਨਿਧਾਂ ਦੀ ਗਿਣਤੀ ਸਿਮਟ ਕੇ 20 ਹੀ ਰਹਿ ਗਈ। ਐਚæਐਸ਼ ਫੂਲਕਾ ਵਰਗੇ ਪ੍ਰਸਿਧ ਵਕੀਲ ਜਿਸ ਨੂੰ ਵਿਧਾਨ ਸਭਾ ਵਿਚ ਵਿਰੋਧੀ ਦਲ ਦਾ ਲੀਡਰ ਬਣਾਇਆ ਗਿਆ ਸੀ, ਉਸ ਨੇ ਆਪਣਾ ਤਿਆਗ ਪੱਤਰ ਦੇ ਦਿੱਤਾ। ਉਸ ਦੀ ਥਾਂ ‘ਤੇ ਪਹਿਲਾਂ ਕਾਂਗਰਸੀ ਰਹੇ ਅਤੇ ਬਾਅਦ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਵਿਧਾਇਕ ਬਣੇ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਵਿਚ ਇਹ ਅਹੁਦਾ ਸੌਂਪਿਆ ਗਿਆ।