ਅੰਮ੍ਰਿਤਸਰ ਜ਼ਮੀਨ ਕੇਸ ਵਿਚੋਂ ਕੈਪਟਨ ਅਮਰਿੰਦਰ ਸਿੰਘ ਬਰੀ

ਮੁਹਾਲੀ: ਮੁਹਾਲੀ ਦੀ ਇਕ ਵਿਸ਼ੇਸ਼ ਜ਼ਿਲ੍ਹਾ ਅਦਾਲਤ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਬੇਕਸੂਰ ਮੰਨਦਿਆਂ ਸਾਰੇ ਦੋਸ਼ਾਂ ਤੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ। ਵਿਜੀਲੈਂਸ ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਬਹੁ ਚਰਚਿਤ 32 ਏਕੜ ਜ਼ਮੀਨ ਘੁਟਾਲੇ ਦੇ ਮਾਮਲੇ ਵਿਚ 11 ਸਤੰਬਰ 2008 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਹੋਰਨਾਂ ਆਗੂਆਂ ਅਤੇ ਅਧਿਕਾਰੀਆਂ ਵਿਰੁੱਧ ਵਿਜੀਲੈਂਸ ਥਾਣਾ ਫੇਜ਼-8 ਵਿਚ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਿਚ ਚੱਲ ਰਹੀ ਸੀ।

ਜ਼ਮੀਨ ਘੁਟਾਲੇ ਵਿਚ ਬਰੀ ਹੋਣ ਵਾਲਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਸਮੇਤ ਬ੍ਰਿਗੇਡੀਅਰ (ਸੇਵਾ ਮੁਕਤ) ਗੁਰਚਰਨ ਸਿੰਘ ਖਾਰਾ, ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਕੱਤਰ ਨਛੱਤਰ ਸਿੰਘ ਮਾਵੀ, ਸਾਬਕਾ ਸੰਯੁਕਤ ਸਕੱਤਰ ਤਾਰਾ ਸਿੰਘ, ਬਲਜੀਤ ਸਿੰਘ, ਵਿੱਕੀ ਸ਼ਰਮਾ, ਰਜਿੰਦਰ ਸ਼ਰਮਾ, ਅਸ਼ਵਨੀ ਕਾਲੇ ਸ਼ਾਹ, ਮਹੇਸ਼ ਖੰਨਾ, ਕ੍ਰਿਸ਼ਨ ਕੁਮਾਰ ਕੌਲ, ਸੁਭਾਸ਼ ਚੰਦ, ਪਰਮਿੰਦਰ ਸਿੰਘ ਤੁੰਗ, ਰਾਜੀਵ ਭਗਤ ਅਤੇ ਰੋਹਿਤ ਸ਼ਰਮਾ ਸ਼ਾਮਲ ਹਨ।
ਇਹ ਸਾਰੇ ਵਿਅਕਤੀ ਅਦਾਲਤ ਵਿਚ ਹਾਜ਼ਰ ਸਨ। ਜਦੋਂਕਿ ਇਸ ਮਾਮਲੇ ਵਿਚ ਨਾਮਜ਼ਦ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾ. ਕੇਵਲ ਕ੍ਰਿਸ਼ਨ, ਸਾਬਕਾ ਕੈਬਨਿਟ ਮੰਤਰੀ ਰਘੂ ਨਾਥ ਸਹਾਏਪੁਰੀ ਅਤੇ ਚੌਧਰੀ ਜਗਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ। ਖੁੱਲ੍ਹੀ ਅਦਾਲਤ ਵਿਚ ਜੱਜ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਇਹ ਸਪੱਸ਼ਟ ਕੀਤਾ ਕਿ ਕਿਸੇ ਮੁਲਜ਼ਮ ਖਿਲਾਫ਼ ਇਸ ਕੇਸ ਵਿਚ ਵਿਜੀਲੈਂਸ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਕੋਈ ਪੁਖਤਾ ਸਬੂਤ ਸਾਹਮਣੇ ਨਹੀਂ ਆਏ ਅਤੇ ਵਿਜੀਲੈਂਸ ਦੀ ਨਵੇਂ ਸਿਰਿਉਂ ਵੱਖ-ਵੱਖ ਪਹਿਲੂਆਂ ਉਤੇ ਕੀਤੀ ਗਈ ਜਾਂਚ ਪੜਤਾਲ ਦੀ ਦੂਜੀ ਕੈਂਸਲੇਸ਼ਨ ਰਿਪੋਰਟ ਨੂੰ ਆਧਾਰ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਮੁਲਜ਼ਮਾਂ ਵਿਰੁੱਧ ਕੇਸ ਖਤਮ ਕੀਤਾ ਜਾਂਦਾ ਹੈ।
ਵਿਜੀਲੈਂਸ ਦੀ ਰਿਪੋਰਟ ਮੁਤਾਬਕ ਮੁੱਖ ਮੰਤਰੀ ਸਣੇ ਇਸ ਮਾਮਲੇ ਵਿਚ ਨਾਮਜ਼ਦ ਕਿਸੇ ਵੀ ਮੁਲਜ਼ਮ ਖਿਲਾਫ਼ ਕੋਈ ਕੇਸ ਨਹੀਂ ਬਣਦਾ ਹੈ ਅਤੇ ਨਾ ਹੀ ਹੁਣ ਤੱਕ ਦੀ ਜਾਂਚ ਦੌਰਾਨ ਕਿਸੇ ਮੁਲਜ਼ਮ ਖਿਲਾਫ਼ ਕੋਈ ਠੋਸ ਸਬੂਤ ਹੀ ਮਿਲਿਆ ਹੈ। ਹਾਲਾਂਕਿ ਇਸ ਮਾਮਲੇ ਵਿਚ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕੈਪਟਨ ਵਿਰੁੱਧ ਸਰਕਾਰੀ ਗਵਾਹ ਬਣਨ ਲਈ ਅਰਜ਼ੀ ਦਿੱਤੀ ਸੀ ਪਰ ਬੀਤੀ 11 ਜੁਲਾਈ ਨੂੰ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ। ਮੁੱਖ ਮੰਤਰੀ ਦੇ ਵਕੀਲ ਏ.ਪੀ.ਐਸ ਦਿਓਲ ਨੇ ਕਿਹਾ ਕਿ ਆਖਰ ਨਿਆਂ ਮਿਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿਚ ਅਪੀਲ ਲਈ ਕੋਈ ਥਾਂ ਨਹੀਂ ਹੈ ਅਤੇ ਕੋਈ ਵੀ ਦੋਸ਼ ਨਿਰਧਾਰਤ ਨਹੀਂ ਕੀਤਾ ਗਿਆ। ਉਧਰ, ਜਿਵੇਂ ਹੀ ਅਦਾਲਤ ਨੇ ਮੁੱਖ ਮੰਤਰੀ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਤਾਂ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਹੋਰਨਾਂ ਆਗੂਆਂ ਨੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ।
___________________
ਝੂਠਾ ਕੇਸ ਦਰਜ ਕੀਤਾ ਸੀ: ਕੈਪਟਨ
ਮੁਹਾਲੀ ਅਦਾਲਤ ਦੇ ਫੈਸਲੇ ਤੋਂ ਬਾਗੋਬਾਗ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਪਿਛਲੀ ਸਰਕਾਰ ਦੇ ਕਹਿਣ ‘ਤੇ ਉਨ੍ਹਾਂ ਖਿਲਾਫ਼ ਝੂਠਾ ਕੇਸ ਦਰਜ ਕੀਤਾ ਸੀ। ਹੁਣ ਤੱਕ ਕਰੀਬ 500 ਸੁਣਵਾਈਆਂ ਹੋਈਆਂ ਹਨ ਜਿਸ ਵਿਚ ਅਦਾਲਤ ਅਤੇ ਸਰਕਾਰ ਦਾ ਸਮਾਂ ਬਰਬਾਦ ਹੋਇਆ ਹੈ, ਪਰ ਆਖਰਕਾਰ ਇਸ ਨਾਲ ਇਹ ਸਿੱਧ ਹੋ ਗਿਆ ਹੈ ਕਿ ਉਨ੍ਹਾਂ ਦਾ ਇਸ ਮਾਮਲੇ ਵਿਚ ਕੋਈ ਵੀ ਦੋਸ਼ ਨਹੀਂ ਸੀ ਬਲਕਿ ਪਿਛਲੀ ਸਰਕਾਰ ਨੇ ਸਿਆਸੀ ਬਦਲਾਖੋਰੀ ਦੇ ਆਪਣੇ ਏਜੰਡੇ ਹੇਠ ਇਨ੍ਹਾਂ ਦੋਸ਼ਾਂ ਨੂੰ ਖੁਦ ਘੜਿਆ ਸੀ।
_________________
ਇਸ ਤਰ੍ਹਾਂ ਦਰਜ ਹੋਇਆ ਸੀ ਕੇਸ
ਬੀਰਦਵਿੰਦਰ ਸਿੰਘ ਨੇ 12ਵੀਂ ਵਿਧਾਨ ਸਭਾ ਵਿਚ 22 ਫਰਵਰੀ 2006 ਨੂੰ ਇਹ ਮੁੱਦਾ ਚੁੱਕਿਆ ਸੀ। ਇਸ ਮਾਮਲੇ ਨੂੰ ਗੰਭੀਰਤਾ ਨੂੰ ਲੈਂਦਿਆਂ 13ਵੀਂ ਵਿਧਾਨ ਸਭਾ ਨੇ ਸਦਨ ਦੀਆਂ ਦੋ ਕਮੇਟੀਆਂ ਨਿਯੁਕਤ ਕਰ ਕੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਮੁੱਖ ਸਕੱਤਰ ਦੇ ਹੁਕਮਾਂ ਉਤੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਬਹੁਕਰੋੜੀ ਜ਼ਮੀਨ ਘੁਟਾਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਗਈ। ਇਸ ਤਰ੍ਹਾਂ ਕੈਪਟਨ ਅਤੇ ਕੁਝ ਹੋਰਨਾਂ ਦੇ ਖਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿਚ ਕੇਸ ਦਰਜ ਕੀਤਾ ਗਿਆ ਜਿਸ ਦਾ 10 ਸਾਲਾਂ ਬਾਅਦ ਨਿਬੇੜਾ ਹੋ ਗਿਆ।