ਪਾਕਿਸਤਾਨ ਚੋਣਾਂ: ਬਹੁਮਤ ਤੋਂ ਖੁੰਝੀਆਂ ਸਾਰੀਆਂ ਧਿਰਾਂ, ਇਮਰਾਨ ਵੱਲੋਂ ਪ੍ਰਧਾਨ ਮੰਤਰੀ ਦੀ ਦਾਅਵੇਦਾਰੀ

ਇਸਲਾਮਾਬਾਦ: ਪਾਕਿਸਤਾਨ ਵਿਚ ਹੋਈਆਂ ਆਮ ਚੋਣਾਂ ਵਿਚ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਵੱਡੀ ਧਿਰ ਵਜੋਂ ਉਭਰੀ ਹੈ। ਪੀ.ਟੀ.ਆਈ. ਨੇ 117 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ ਤੇ ਸਰਕਾਰ ਬਣਾਉਣ ਲਈ 172 ਸੀਟਾਂ ਲੋੜੀਂਦੀਆਂ ਹਨ। ਪੀ.ਟੀ.ਆਈ. ਹੁਣ ਖੇਤਰੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨਾਲ ਰਾਬਤਾ ਕਰਨ ਵਿਚ ਜੁਟੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਮਰਾਨ ਖਾਨ 11 ਅਗਸਤ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।

ਇਮਰਾਨ ਖਾਨ ਦੇ ਇਸ ਐਲਾਨ ਪਿੱਛੋਂ ਮੁਲਕ ਵਿਚ ਸਿਆਸੀ ਸਰਗਰਮੀਆਂ ਪੂਰੇ ਜੋਬਨ ਉਤੇ ਹਨ ਅਤੇ ਵੱਖ-ਵੱਖ ਧਿਰਾਂ ਵੱਲੋਂ ਆਜ਼ਾਦਾਨਾ ਤੇ ਗੁਪਤ ਮੀਟਿੰਗਾਂ ਕਰਕੇ ਜੋੜ-ਤੋੜ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪੀ.ਟੀ.ਆਈ. ਤੋਂ ਬਾਅਦ ਪਾਕਿਸਤਾਨ ਦੀਆਂ ਦੋ ਹੋਰ ਵੱਡੀਆਂ ਸਿਆਸੀ ਪਾਰਟੀਆਂ ਪਾਕਿਸਤਾਨ ਪੀਪਲਜ਼ ਪਾਰਟੀ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਵੀ ਆਉਣ ਵਾਲੇ ਦਿਨਾਂ ਵਿਚ ਮੀਟਿੰਗ ਕਰ ਕੇ ਸੰਸਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰ ਸਕਦੀਆਂ ਹਨ। ਪਾਕਿਸਤਾਨ ਮੀਡੀਆ ਵੱਲੋਂ ਵੀ ਲਗਾਤਾਰ ਕੈਬਨਿਟ ਅਤੇ ਹੋਰਨਾਂ ਅਹਿਮ ਅਹੁਦਿਆਂ ਉਤੇ ਨਿਯੁਕਤੀਆਂ ਬਾਰੇ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਪੀ.ਟੀ.ਆਈ. ਜੇਕਰ ਜੀ.ਡੀ.ਏ., ਐਮ.ਕਿਊ.ਐਮ-ਪੀ, ਪੀ.ਐਮ.ਐਲ-ਕਿਊ ਤੇ ਅਵਾਮੀ ਮੁਸਲਿਮ ਲੀਗ ਦੀ ਹਮਾਇਤ ਹਾਸਲ ਕਰ ਲੈਂਦੀ ਹੈ ਤਾਂ ਸੀਟਾਂ ਦੀ ਗਿਣਤੀ 122 ਤੱਕ ਪੁੱਜ ਜਾਵੇਗੀ। ਦੱਸ ਦਈਏ ਕਿ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੂੰ ਕੁੱਲ 270 ਸੰਸਦੀ ਸੀਟਾਂ ਉਤੇ ਹੋਈਆਂ ਚੋਣਾਂ ਵਿਚੋਂ 62 ਸੀਟਾਂ ਹਾਸਲ ਹੋਈਆਂ ਹਨ ਜਦਕਿ ਆਸਿਫ ਅਲੀ ਜ਼ਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੂੰ 43 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ।
ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੇ 12 ਸੀਟਾਂ ਉਤੇ ਕਬਜ਼ਾ ਕੀਤਾ ਹੈ। ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਕੁੱਲ 342 ਮੈਂਬਰ ਹਨ, ਜਿਨ੍ਹਾਂ ਵਿਚੋਂ 272 ਸਿੱਧੇ ਤੌਰ ਉਤੇ ਚੁਣੇ ਜਾਂਦੇ ਹਨ। ਸਰਕਾਰ ਕਾਇਮ ਕਰਨ ਲਈ ਕਿਸੇ ਵੀ ਪਾਰਟੀ ਕੋਲ 172 ਸੀਟਾਂ ਹੋਣੀਆਂ ਲਾਜ਼ਮੀ ਹਨ। 118 ਸੀਟਾਂ ਲੈ ਕੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਵੱਡੀ ਧਿਰ ਵਜੋਂ ਉਭਰੀ ਹੈ। ਦੱਸ ਦਈਏ ਕਿ ਆਮ ਚੋਣਾਂ ਵਿਚ ਕਈ ਵੱਡੇ ਆਗੂਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਜਿਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ, ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਤੇ ਕੱਟੜਪੰਥੀ ਜਮਾਤ-ਏ-ਇਸਲਾਮੀ ਦੇ ਮੁਖੀ ਸਿਰਾਜੁਲ ਹੱਕ ਸ਼ਾਮਲ ਹਨ।
ਅੱਬਾਸੀ ਜੋ ਕਿ ਸੁਪਰੀਮ ਕੋਰਟ ਵੱਲੋਂ ਨਵਾਜ਼ ਸ਼ਰੀਫ਼ ਨੂੰ ਅਯੋਗ ਕਰਾਰ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਸਨ, ਨੇ ਮਰੀ ਵਿਚਲੇ ਆਪਣੇ ਜੱਦੀ ਹਲਕੇ ਐਨਏ 57 ਹਲਕੇ ਅਤੇ ਆਪਣੇ ਵਸੇਬੇ ਦੇ ਹਲਕੇ ਐਨਏ-53 ਇਸਲਾਮਾਬਾਦ ਤੋਂ ਪੀ.ਐਮ.ਐਲ-ਐਨ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। ਉਹ ਦੋਵਾਂ ਹਲਕਿਆਂ ਤੋਂ ਹਾਰ ਗਏ ਹਨ। ਐਨਏ -57 ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਸੀ ਜਿਥੋਂ ਅੱਬਾਸੀ ਦੇ ਪਿਤਾ 1985 ਵਿਚ ਪਹਿਲੀ ਵਾਰ ਚੋਣ ਜਿੱਤੇ ਸਨ। ਉਸ ਤੋਂ ਬਾਅਦ ਅੱਬਾਸੀ ਨੇ 1990, 1993, 1997, 2008 ਅਤੇ 2013 ਦੀਆਂ ਚੋਣਾਂ ਵਿਚ ਜਿੱਤ ਦਰਜ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਸਿਰਫ 2002 ਦੀਆਂ ਚੋਣਾਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਕਰਾਚੀ, ਸਵਾਤ ਤੇ ਲਾਹੌਰ ਦੀਆਂ ਤਿੰਨ ਸੀਟਾਂ ਤੋਂ ਚੋਣ ਲੜੀ ਸੀ। ਕਰਾਚੀ ਤੇ ਸਵਾਤ ਵਿਚ ਉਨ੍ਹਾਂ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਉਮੀਦਵਾਰਾਂ ਨੇ ਮਾਤ ਦਿੱਤੀ।
ਚੋਣਾਂ ਵਿਚ ਧੂੜ ਚੱਟਣ ਵਾਲੇ ਹੋਰਨਾਂ ਵੱਡੇ ਆਗੂਆਂ ਵਿਚ ਮੁਤੱਹਿਦਾ ਮਜਲਿਸ ਏ ਅਮਾਲ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਸ਼ਾਮਲ ਹਨ ਜਿਨ੍ਹਾਂ ਡੇਰਾ ਇਸਮਾਇਲ ਖਾਂ ਅਤੇ ਖੈਬਰ ਪਖਤੂਨਖਵਾ ਦੇ ਲੱਕੀ ਮਾਰਵਾਤ ਦੋ ਹਲਕਿਆਂ ਤੋਂ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਦੋਵੇਂ ਥਾਈਂ ਖੈਰ ਨਾ ਪਈ। ਇਨ੍ਹਾਂ ਤੋਂ ਇਲਾਵਾ ਸ਼ਰੀਫ਼ ਖ਼ਾਨਦਾਨ ਦੇ ਵਫ਼ਾਦਾਰ ਰਾਣਾ ਸਨਾਉੱਲਾ ਫੈਸਲਾਬਾਦ ਤੋਂ, ਖਵਾਜਾ ਸਾਦ ਰਫੀਕ, ਖਾਨ ਅਬਦੁਲ ਗਫਾਰ ਖਾਨ ਦੇ ਪੋਤਰੇ ਅਸਫੰਦਯਾਰ ਵਲੀ ਖਾਨ ਚਾਰਸੱਦਾ ਤੋਂ ਤੇ ਜਮਾਤ-ਏ-ਇਸਲਾਮੀ ਦੇ ਸਿਰਾਜੁਲ ਹੱਕ ਲੋਅਰ ਦੀਰ ਹਲਕੇ ਤੋਂ ਚੋਣ ਹਾਰ ਗਏ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਬਿਲਾਵਲ ਭੁੱਟੋ ਜ਼ਰਦਾਰੀ ਖ਼ੈਬਰ ਪਖਤੂਨਖਵਾ ਵਿਚ ਐਨਏ-8 ਮਾਲਾਕੰਦ ਹਲਕੇ ਤੋਂ ਚੋਣ ਹਾਰ ਗਏ।
_____________________
ਮਤਦਾਨ ਹੋਇਆ ਚੋਰੀ: ਸ਼ਰੀਫ
ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਹਿਲੀ ਵਾਰ ਚੋਣ ਨਤੀਜਿਆਂ ਉਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਦੋਸ਼ ਲਾਇਆ ਕਿ ਮਤਦਾਨ ਚੋਰੀ ਕਰ ਲਿਆ ਗਿਆ ਸੀ ਅਤੇ ਚਿਤਾਵਨੀ ਦਿੱਤੀ ਕਿ ਛੇੜਛਾੜ ਵਾਲੇ ਅਤੇ ਸ਼ੱਕੀ ਨਤੀਜਿਆਂ ਦੀ ਕੀਮਤ ਦੇਸ਼ ਦੀ ਰਾਜਨੀਤੀ ਉਤੇ ਮਾੜੇ ਪ੍ਰਭਾਵ ਦੇ ਰੂਪ ਵਿਚ ਚੁਕਾਉਣੀ ਪਵੇਗੀ।
______________________
ਲੋਕਾਂ ਨੇ ਹਾਫਿਜ਼ ਸਈਦ ਨੂੰ ਮੂੰਹ ਨਾ ਲਾਇਆ
ਇਸਲਾਮਾਬਾਦ: ਮੁੰਬਈ ਹਮਲੇ ਦੇ ਮੁੱਖ ਸਾਜਿਸ਼ਕਾਰ ਹਾਫ਼ਿਜ਼ ਸਈਦ ਦੇ ਸਮਰਥਨ ਵਾਲੀ ਪਾਰਟੀ ਅੱਲ੍ਹਾ-ਊ-ਅਕਬਰ ਤਹਿਰੀਕ ਨੂੰ ਪਾਕਿਸਤਾਨੀ ਦੀਆਂ ਚੋਣਾਂ ‘ਚ ਕਰਾਰੀ ਹਾਰ ਮਿਲੀ ਹੈ। ਇਸ ਚੋਣਾਂ ‘ਚ ਭਾਗ ਲੈ ਰਹੇ ਹਾਫ਼ਿਜ਼ ਦੇ ਬੇਟੇ ਹਾਫ਼ਿਜ਼ ਤਲਹਾ ਸਈਦ ਅਤੇ ਜਵਾਈ ਖ਼ਾਲਿਦ ਵਲੀਦ ਆਪਣੇ-ਆਪਣੇ ਹਲਕੇ ਤੋਂ ਚੋਣ ਹਾਰ ਗਏ। ਇਸ ਤੋਂ ਇਲਾਵਾ ਕਈ ਕੱਟੜਪੰਥੀ ਅਤੇ ਪਾਬੰਦੀਸ਼ੁਦਾ ਸੰਗਠਨਾਂ ਨੇ ਇਨ੍ਹਾਂ ਚੋਣਾਂ ‘ਚ ਭਾਗ ਲਿਆ ਸੀ ਪਰ ਸਾਰੇ ਅਸਫਲ ਹੋਏ।
______________________
ਮੋਦੀ ਨੇ ਇਮਰਾਨ ਖਾਨ ਨੂੰ ਦਿੱਤੀ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਟੀ.ਆਈ. ਦੇ ਮੁਖੀ ਇਮਰਾਨ ਖਾਨ ਨੂੰ ਫੋਨ ਕਰ ਕੇ ਉਨ੍ਹਾਂ ਨੂੰ ਨੈਸ਼ਨਲ ਅਸੈਂਬਲੀ ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਉਤੇ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਆਸ ਜਤਾਈ ਕਿ ਪਾਕਿਸਤਾਨ ‘ਚ ਜਮਹੂਰੀਅਤ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਣਗੀਆਂ। ਉਨ੍ਹਾਂ ਗੁਆਂਢੀ ਮੁਲਕਾਂ ‘ਚ ਸ਼ਾਂਤੀ ਅਤੇ ਵਿਕਾਸ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਵੀ ਦੁਹਰਾਇਆ।