ਪੰਜਾਬੀ ਫਿਲਮ ‘ਨਾਬਰ’ ਨੂੰ ਨੈਸ਼ਨਲ ਐਵਾਰਡ

ਰਾਜੀਵ ਸ਼ਰਮਾ ਦੀ ਪਲੇਠੀ ਪੰਜਾਬੀ ਫੀਚਰ ਫਿਲਮ ਨਾਬਰ ਨੂੰ ਬਿਹਤਰੀਨ ਪੰਜਾਬੀ ਫਿਲਮ ਦਾ ਕੌਮੀ ਇਨਾਮ ਮਿਲਣਾ ਪੰਜਾਬੀ ਸਿਨੇਮਾ ਦਾ ਧੰਨਭਾਗ ਹੈ। ਰਾਜੀਵ ਸਦਾ ਸਮਾਜਕ ਸਰੋਕਾਰਾਂ ਨਾਲ ਜੁੜੇ ਸਿਨੇਮਾ ਦਾ ਹਾਮੀ ਰਿਹਾ ਹੈ। ਉਸ ਨੇ ਆਪਣੀ ਪਲੇਠੀ ਦਸਤਾਵੇਜ਼ੀ ਫਿਲਮ ਆਪਣਾ ਪਾਸ਼ ਨਾਲ ਹੀ ਇਹ ਦਰਸਾ ਦਿੱਤਾ ਸੀ। ਫਿਰ ਉਸ ਨੇ ਢਾਡੀ ਈਦੂ ਸ਼ਰੀਫ ਅਤੇ ਗੁਰਮੀਤ ਕੜਿਆਲਵੀ ਦੀ ਕਹਾਣੀ ਆਤੂ ਖੋਜੀ ਨੂੰ ਆਧਾਰ ਬਣਾ ਕੇ ਛੋਟੀਆਂ ਫਿਲਮਾਂ ਬਣਾਈਆਂ। ਨਾਬਰ ਵਿਚ ਉਹਨੇ ਪਰਦੇਸਾਂ ਵਿਚ ਰੁਲ ਰਹੇ ਪੁੱਤਾਂ ਅਤੇ ਪੰਜਾਬ ਵਿਚ ਤੜਫ ਰਹੇ ਮਾਪਿਆਂ ਦੀ ਗੱਲ ਕੀਤੀ ਹੈ। ਰਾਜੀਵ ਦੇ ਸਮਕਾਲੀ ਅਤੇ ਦਸਤਾਵੇਜ਼ੀ ਫਿਲਮਸਾਜ਼ ਦਲਜੀਤ ਅਮੀ ਨੇ ‘ਨਾਬਰ’ ਬਾਰੇ ਟਿੱਪਣੀ ਕੀਤੀ ਹੈ। -ਸੰਪਾਦਕ

ਦਲਜੀਤ ਅਮੀ
ਫੋਨ: 91-97811-21873
ਰਾਜੀਵ ਦੀ ਫ਼ਿਲਮ Ḕਨਾਬਰ’ ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ ਹੈ। ਪ੍ਰਾਈਵੇਟ ਟੈਲੀਵਿਜ਼ਨ ਦੇ ਦੌਰ ਵਿਚ ਇਸ ਸਨਅਤ ਅੰਦਰ ਰਾਜੀਵ ਸ਼ਰਮਾ ਸਭ ਤੋਂ ਤਜਰਬੇਕਾਰ ਪੇਸ਼ੇਵਰ ਪੰਜਾਬੀ ਹੈ। ਰਾਜੀਵ ਸ਼ਰਮਾ ਨੇ ਵੱਖ-ਵੱਖ ਚੈਨਲਾਂ ਲਈ ਉੱਚੇ ਅਹੁਦਿਆਂ ਉੱਤੇ ਰਹਿ ਕੇ ਪਾਏਦਾਰ ਕੰਮ ਕੀਤਾ ਹੈ। ਉਸ ਦੇ ਕੰਮ ਵਿਚ ਟੈਲੀਵਿਜ਼ਨ ਸਨਅਤ ਦੀਆਂ ਜ਼ਰੂਰਤਾਂ ਤੋਂ ਜ਼ਿਆਦਾ ਵੰਨ-ਸਵੰਨਤਾ ਹੈ ਜਿਸ ਕਾਰਨ ਉਹ ਪੰਜਾਬੀ ਤੇ ਹਿੰਦੀ ਦੇ ਨਾਲ-ਨਾਲ ਵਿਦੇਸ਼ੀ ਚੈਨਲਾਂ ਲਈ ਵੀ ਪਿੱਛਾ ਕਰ ਕੇ ਲਿਆਉਣਯੋਗ ਪੇਸ਼ੇਵਰ ਰਿਹਾ ਹੈ। ਟੈਲੀਵਿਜ਼ਨ, ਫ਼ਿਲਮ, ਸਾਹਿਤ ਅਤੇ ਸੰਗੀਤ ਦੇ ਨਾਲ-ਨਾਲ ਸਿਆਸਤ ਅਤੇ ਸਮਾਜ ਵਿਚ ਉਸ ਦੀ ਰੁਚੀ ਇੱਕ ਪਾਸੇ ਉਸ ਦੇ ਪੇਸ਼ੇਵਰ ਹੁਨਰ ਨੂੰ ਤਿੱਖਾ ਕਰਦੀ ਹੈ ਤੇ ਦੂਜੇ ਪਾਸੇ ਬਿਹਤਰੀਨ ਇਨਸਾਨ ਬਣਾਉਂਦੀ ਹੈ। ਉਸ ਦੇ ਇਸ ਸਫ਼ਰ ਦਾ ਮੈਂ ਵੀਹ ਸਾਲ ਤੋਂ ਹਮਸਫ਼ਰ ਹਾਂ। ਹੋਸਟਲ ਦੇ ਇੱਕੋ ਕਮਰੇ ਵਿਚ ਰਹਿੰਦਿਆਂ ਉਸ ਦੀ ਜਗਿਆਸਾ ਅਤੇ ਸਾਦਗੀ ਦਿਲਕਸ਼ ਲੱਗਦੀ ਸੀ। ਮੁੰਬਈ ਵਰਗੇ ਮਹਾਂਨਗਰ ਦੀ ਰਿਹਾਇਸ਼ ਅਤੇ ਦੇਸ਼-ਵਿਦੇਸ਼ ਦੇ ਤਜਰਬੇ ਤੋਂ ਬਾਅਦ ਵੀ ਉਸ ਦੀ ਇਹ ਦਿਲਕਸ਼ੀ ਜਿਉਂ ਦੀ ਤਿਉਂ ਕਾਇਮ ਹੈ।ਸਾਡੀ ਮੁਲਾਕਾਤ 1992 ਵਿਚ ਹੋਈ। ਸਾਂਝ ਦਾ ਕਾਰਨ ਸਾਡੇ ਪੇਂਡੂ ਪਿਛੋਕੜ ਅਤੇ ਹੋਰ ਸਾਂਝੀਆਂ ਰੁਚੀਆਂ ਬਣੀਆਂ। ਇਸ ਦੌਰਾਨ ਸਾਡੀਆਂ ਰੁਚੀਆਂ ਵੰਨ-ਸਵੰਨੀਆਂ ਹੋਈਆਂ ਅਤੇ ਗੱਲਬਾਤ ਦਾ ਘੇਰਾ ਮੋਕਲਾ ਹੋਇਆ। ਰਾਜੀਵ ਹੁਣ ਜ਼ਿਆਦਾਤਰ ਮੁੰਬਈ ਰਹਿੰਦਾ ਹੈ, ਪਰ ਜਦੋਂ ਵੀ ਪੰਜਾਬ ਆਉਂਦਾ ਹੈ ਤਾਂ ਕੁਝ ਨਾ ਕੁਝ ਪੰਜਾਬੀ ਵਿਚ ਕਰਦਾ ਹੈ। ਰੰਗਮੰਚ ਨਾਲ ਉਸ ਦੇ ਮੇਲੇ ਜਗਰਾਓਂ ਪੜ੍ਹਦਿਆਂ ਮੁੱਲਾਂਪੁਰ ਤੋਂ ਸ਼ੁਰੂ ਹੋਏ ਸਨ। ਉਹ ਆਪਣੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਛੋਟੀਆਂ ਫ਼ਿਲਮਾਂ ਬਣਾਉਂਦਾ ਰਿਹਾ। Ḕਕਲਾਣ’ ਤੇ Ḕਆਤੂ ਖੋਜੀ’ ਇਸ ਲੜੀ ਦੀਆਂ ਆਖ਼ਰੀ ਫ਼ਿਲਮਾਂ ਹਨ। ਇਸ ਲੜੀ ਦੀ ਸ਼ੁਰੂਆਤ ਸਾਖ਼ਰਤਾ ਤੇ ਤਰਕਸ਼ੀਲ ਮੁਹਿੰਮਾਂ ਉੱਤੇ ਬਣਾਈ ਫ਼ਿਲਮ ਤੋਂ ਹੋਈ ਸੀ। ਉਸ ਵੇਲੇ ਰਾਜੀਵ ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥਿਏਟਰ ਵਿਭਾਗ ਵਿਚ ਪੜ੍ਹਦਾ ਸੀ। ਵਿਗਿਆਨ ਦਾ ਵਿਦਿਆਰਥੀ ਗਿਆਨੀ ਕਰ ਕੇ ਪੰਜਾਬੀ ਸਾਹਿਤ ਰਾਹੀਂ ਬੀæਏæ ਪਾਸ ਕਰ ਕੇ ਚੰਡੀਗੜ੍ਹ ਪੁੱਜਿਆ ਸੀ। ਇੱਥੇ ਹੀ ਉਸ ਨੇ ਆਪਣੀ ਪਲੇਠੀ ਦਸਤਾਵੇਜ਼ੀ ਫ਼ਿਲਮ Ḕਆਪਣਾ ਪਾਸ਼’ ਬਣਾਈ ਜੋ ਮੇਰੀ ਫ਼ਿਲਮ ਨਿਰਮਾਣ ਨਾਲ ਜੁੜਨ ਦੀ ਸ਼ੁਰੂਆਤ ਸੀ। ਉਨ੍ਹਾਂ ਦਿਨਾਂ ਵਿਚ ਪੰਜਾਬੀ ਫ਼ਿਲਮਾਂ ਦਾ ਮਿਆਰ ਕੁਝ ਜ਼ਿਆਦਾ ਹੀ ਡਿੱਗਿਆ ਹੋਇਆ ਸੀ। ਰਾਜੀਵ ਨੇ ਕਈ ਫ਼ਿਲਮਾਂ ਵਿਚ ਬਤੌਰ ਸਹਾਇਕ ਨਿਰਦੇਸ਼ਕ ਕੰਮ ਕੀਤਾ। ਰਾਜੀਵ ਸਮੇਤ ਸਾਨੂੰ ਉਹ ਫ਼ਿਲਮਾਂ ਨਾਪਸੰਦ ਹਨ ਅਤੇ ਗਾਹੇ-ਬਗਾਹੇ ਇਨ੍ਹਾਂ ਬਾਰੇ ਪੜਚੋਲ ਕਰਦਿਆਂ ਰਾਜੀਵ ਨੂੰ ਅਕਸਰ ਟਕੋਰਾਂ ਲੱਗਦੀਆਂ ਰਹਿੰਦੀਆਂ ਹਨ। ਟੈਲੀਵਿਜ਼ਨ ਦੇ ਲੰਮੇ ਤਜਰਬੇ ਤੋਂ ਬਾਅਦ ਰਾਜੀਵ ਦੀ ਇੱਛਾ ਫੀਚਰ ਫ਼ਿਲਮ ਬਣਾਉਣ ਦੀ ਸੀ। ਇੱਛਾ ਤਾਂ ਇਹ ਸ਼ੁਰੂ ਤੋਂ ਸੀ ਪਰ ਇਸ ਦੌਰਾਨ ਕਦੇ ਕੋਈ ਸਬੱਬ ਨਹੀਂ ਬਣਿਆ। ਇਹ ਸਬੱਬ ਜੁਗਾੜ ਨਾਲ ਬਣਦੇ ਹਨ ਪਰ ਰਾਜੀਵ ਨੂੰ ਟੈਲੀਵਿਜ਼ਨ ਤੇ ਫ਼ਿਲਮ ਸਨਅਤ ਦਾ ਇਹ ਸਰਵ-ਗੁਣਕਾਰੀ ਹੁਨਰ ਨਹੀਂ ਆਉਂਦਾ। ਉਸ ਨੇ ਪੇਂਡੂ ਸਾਦਗੀ ਅਤੇ ਮਹਾਂਨਗਰੀ ਗਿਆਨ ਸਹਿਜਤਾ ਨਾਲ ਸਮੋ ਲਿਆ ਹੈ। ਇਸ ਦੌਰਾਨ ਰਾਜੀਵ ਨੇ Ḕਨਾਬਰ’ ਦੀ ਕਹਾਣੀ ਲਿਖ ਲਈ ਸੀ ਅਤੇ ਕਈਆਂ ਨੂੰ ਸੁਣਾਈ ਸੀ। ਪੰਜਾਬੀ ਫ਼ਿਲਮਾਂ ਦੇ ਕਈ ਵੱਡਿਆਂ ਨੇ ਕਹਾਣੀ ਦੀ ਸਿਫ਼ਤ ਕੀਤੀ ਸੀ ਪਰ ਪੈਸੇ ਲਗਾਉਣ ਵਾਲਾ ਕੋਈ ਨਹੀਂ ਸੀ। ਰਾਜੀਵ ਦਾ Ḕਚੈਨਲ ਪੰਜਾਬ’ ਨਾਲ ਚੰਗਾ ਤਜਰਬਾ ਸੀ। ਜਦੋਂ ਚੈਨਲ ਪੰਜਾਬ ਵਾਲੇ ਜਸਵੀਰ ਸਿੰਘ ਨੇ ਫ਼ਿਲਮ ਨਿਰਮਾਣ ਵਿਚ ਹੱਥ ਅਜ਼ਮਾਉਣਾ ਸ਼ੁਰੂ ਕੀਤਾ ਤਾਂ ਪੁਰਾਣੇ ਸਾਥੀ ਰਾਜੀਵ ਨੂੰ ਉਸ ਨੇ ਹਿੱਸੇਦਾਰ ਬਣਾਇਆ ਅਤੇ Ḕਨਾਬਰ’ ਬਣਾਉਣ ਦਾ ਫ਼ੈਸਲਾ ਹੋਇਆ। ਪਿਉ-ਪੁੱਤ ਦੇ ਰਿਸ਼ਤੇ ਦੀਆਂ ਤੰਦਾਂ ਫਰੋਲਦਿਆਂ ਰਾਜੀਵ Ḕਨਾਬਰ’ ਰਾਹੀਂ ਪੰਜਾਬੀਆਂ ਦੇ ਪਰਦੇਸ ਜਾਣ ਦੇ ਝੱਸ ਦੀ ਗੱਲ ਕਰ ਰਿਹਾ ਹੈ। ਪਿਉ-ਪੁੱਤ ਦੇ ਰਿਸ਼ਤੇ ਦੀ ਬੇਪ੍ਰਵਾਹੀ ਤੋਂ ਸ਼ਿੱਦਤ ਤੱਕ ਦੀ ਬਾਤ ਚੁੱਪ ਬੰਦੇ ਦੇ Ḕਨਾਬਰ’ ਹੋਣ ਦਾ ਐਲਾਨ ਹੈ। ਰਾਜੀਵ ਅੰਦਰਲਾ ਪੰਜਾਬੀ ਇੱਕੋ ਸਾਹ ਵਿਚ ਬਾਬਾ ਫਰੀਦ, ਬਾਬੂ ਰਜਬ ਅਲੀ ਤੋਂ ਲੈਕੇ ਚੰਡੀ ਦੀ ਵਾਰ ਤੱਕ ਸੁਣ, ਪੜ੍ਹ ਤੇ ਗਾ ਸਕਦਾ ਹੈ। ਇਹੋ ਜਮ੍ਹਾਂ-ਜੋੜ ਉਸ ਨੇ Ḕਨਾਬਰ’ ਵਿਚ ਸ਼ਾਮਿਲ ਕੀਤਾ ਹੈ। ਰਾਜੀਵ ਸਿਦਕਦਿਲੀ ਵਾਲਾ ਦਰਦਮੰਦ ਪੰਜਾਬੀ ਬੰਦਾ ਹੈ। ਉਹ ਪੰਜਾਬ ਵਿਚ ਰਹਿ ਕੇ ਪੰਜਾਬੀ ਫ਼ਿਲਮਾਂ ਬਣਾਉਣੀਆਂ ਅਤੇ ਦਿਖਾਉਣੀਆਂ ਚਾਹੁੰਦਾ ਹੈ। ਜਦੋਂ ਰੁਜ਼ਗਾਰ ਉਸ ਨੂੰ ਦੂਰ-ਦੁਰਾਡੇ ਲਿਜਾਂਦਾ ਰਿਹਾ ਹੈ ਤਾਂ ਮੈਂ ਉਸ ਨੂੰ ਆਵਾਜ਼ ਮਾਰਦਾ ਰਿਹਾ ਹਾਂ। Ḕਨਾਬਰ’ ਨੂੰ ਐਡਾਰਡ ਮਿਲ ਜਾਣ ਨਾਲ ਮੇਰੀ ਆਵਾਜ਼ ਦੇ ਸੁਣੇ ਜਾਣ ਦੀ ਸੰਭਾਵਨਾ ਵਧ ਗਈ ਹੈ। ਹੋ ਸਕਦਾ ਹੈ ਕਿ ਹੁਣ ਰਾਜੀਵ ਦੇ ਪੰਜਾਬ ਵਿਚ ਫ਼ਿਲਮਾਂ ਬਣਾਉਣ ਅਤੇ ਦਿਖਾਉਣ ਦਾ ਬਿਹਤਰ ਸਬੱਬ ਬਣ ਜਾਏ।

Be the first to comment

Leave a Reply

Your email address will not be published.