ਡੋਪ ਟੈਸਟ ਬਾਰੇ ਠੰਢੇ ਪਏ ਪੰਜਾਬ ਦੇ ਸਿਆਸੀ ਆਗੂ

ਚੰਡੀਗੜ੍ਹ: ਪੰਜਾਬ ਵਿਚ ਬੜੇ ਜ਼ੋਰ-ਸ਼ੋਰ ਨਾਲ ਸ਼ੁਰੂ ਹੋਏ ਡੋਪ ਟੈਸਟ ਦੇ ਸ਼ੋਸ਼ੇ ਦੀ ਹਵਾ ਸਰਕਾਰ ਦੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੇ ਹੀ ਕੱਢ ਦਿੱਤੀ, ਜਿਸ ਤੇਜ਼ੀ ਨਾਲ ਇਹ ਸਿਆਸੀ ਡਰਾਮਾ ਸ਼ੁਰੂ ਹੋਇਆ ਸੀ, ਕੁਝ ਦਿਨਾਂ ਮਗਰੋਂ ਉਸੇ ਤਰ੍ਹਾਂ ਸ਼ਾਂਤ ਵੀ ਹੋ ਗਿਆ।

ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਨੇ ਡੋਪ ਟੈਸਟ ਕਰਾ ਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਸੀ ਪਰ ਉਸ ਮਗਰੋਂ ਇਸ ਨੂੰ ਲੈ ਕੇ ਸਿਆਸੀ ਡਰਾਮਾ ਤਾਂ ਕਈ ਦਿਨ ਚੱਲਦਾ ਰਿਹਾ ਪਰ ਨਾ ਤਾਂ ਮੁੱਖ ਮੰਤਰੀ ਨੇ ਡੋਪ ਟੈੱਸਟ ਕਰਾਇਆ ਤੇ ਨਾ ਹੀ ਉਨ੍ਹਾਂ ਦੇ ਕਿਸੇ ਵੀ ਮੰਤਰੀ ਨੇ, ਹਾਲਾਂਕਿ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਆਪਣਾ ਡੋਪ ਟੈੱਸਟ ਕਰਾਉਣ ਜ਼ਰੂਰ ਗਏ ਸਨ, ਪਰ ਡਾਕਟਰ ਨੇ ਇਸ ਲਈ ਉਨ੍ਹਾਂ ਦਾ ਟੈਸਟ ਕਰਨ ਤੋਂ ਮਨਾਂ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਕਿਸੇ ਨਾ ਕਿਸੇ ਸਰੀਰਕ ਬਿਮਾਰੀ ਦੇ ਚਲਦੇ ਦਵਾਈ ਲਈ ਹੋਈ ਸੀ। ਹਾਲਾਂਕਿ ਨਸ਼ਿਆਂ ਖਿਲਾਫ਼ ਸ਼ੁਰੂ ਹੋਈ ਮੁਹਿੰਮ ਤਹਿਤ ਕੈਪਟਨ ਵੱਲੋਂ ਖੁਦ ਵੀ ਡੋਪ ਟੈਸਟ ਕਰਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਦੇ ਜਵਾਬ ‘ਚ ਸਰਕਾਰ ਦੇ ਮੰਤਰੀਆਂ ਨੇ ਰਲਵਾਂ ਮਿਲਵਾਂ ਹੁੰਗਾਰਾ ਦਿੱਤਾ ਪਰ ਟੈਸਟ ਕਿਸੇ ਨਾ ਕਰਾਇਆ।
ਬਾਜਵਾ ਅਤੇ ਆਪ ਦੇ ਕੁਝ ਵਿਧਾਇਕਾਂ ਨੂੰ ਛੱਡ ਹੋਰ ਕੋਈ ਵੀ ਮੰਤਰੀ ਜਾਂ ਵਿਧਾਇਕ ਡੋਪ ਟੈਸਟ ਕਰਾਉਣ ਲਈ ਅੱਗੇ ਨਹੀਂ ਆਇਆ। ਦੂਜੇ ਪਾਸੇ ਇਸ ਸਿਆਸੀ ਡਰਾਮੇ ਦੇ ਕਰੀਬ ਤਿੰਨ ਹਫਤੇ ਲੰਘ ਜਾਣ ਦੇ ਬਾਅਦ ਵੀ ਮੁੱਖ ਮੰਤਰੀ ਨੇ ਆਪਣਾ ਡੋਪ ਟੈੱਸਟ ਨਹੀਂ ਕਰਵਾਇਆ ਹੈ ਅਤੇ ਨਾ ਹੀ ਕਿਸੇ ਮੰਤਰੀ ਦੇ ਇਹ ਟੈਸਟ ਕਰਾਉਣ ਦੀ ਸੂਚਨਾ ਹੈ। ਇਸ ਵਿਚਾਲੇ ਯੂਥ ਕਾਂਗਰਸ ਵੱਲੋਂ ਜ਼ੋਰ ਸ਼ੋਰ ਨਾਲ ਡੋਪ ਟੈਸਟ ਕਰਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਕਿਹਾ ਗਿਆ ਕਿ ਜ਼ਿਲ੍ਹਾ ਪੱਧਰ ਉਤੇ ਪਾਰਟੀ ਆਗੂ ਡੋਪ ਟੈਸਟ ਕਰਾਉਣਗੇ ਪਰ ਯੂਥ ਕਾਂਗਰਸ ਦੇ ਆਗੂਆਂ ਨੇ ਵੱਡੇ ਪੱਧਰ ਉਤੇ ਡੋਪ ਟੈਸਟ ਕਰਵਾਇਆ ਹੋਵੇ, ਇਹ ਗੱਲ ਵੀ ਸਾਹਮਣੇ ਨਹੀਂ ਆਈ। ਬਹੁਤੇ ਮੰਤਰੀਆਂ ਨੇ ਕਿਸੇ ਨਾ ਕਿਸੇ ਬਿਮਾਰੀ ਦਾ ਹਵਾਲਾ ਦੇ ਕੇ ਡੋਪ ਟੈਸਟ ਨਹੀਂ ਕਰਵਾਇਆ ਹੈ।
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਡੋਪ ਟੈੱਸਟ ਮੁਹਿੰਮ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਇਸ ਨੂੰ ਸਿਆਸੀ ਡਰਾਮਾ ਹੀ ਦੱਸਿਆ ਗਿਆ ਸੀ। ਦੂਜੇ ਪਾਸੇ ਆਪ ਆਗੂ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਅਮਨ ਅਰੋੜਾ ਸਮੇਤ ਕਈ ਵਿਧਾਇਕਾਂ ਨੇ ਡੋਪ ਟੈੱਸਟ ਕਰਾ ਲਏ ਸਨ।
_____________________
ਮਹਿਲਾ ਕਰਮਚਾਰੀਆਂ ਬਾਰੇ ਅਜੇ ਵੀ ਭੰਬਲਭੂਸਾ
ਡੋਪ ਟੈਸਟ ਮਹਿਲਾ ਕਰਮਚਾਰੀਆਂ ਲਈ ਲਾਜ਼ਮੀ ਹੋਵੇਗਾ ਜਾਂ ਨਹੀਂ, ਅਜੇ ਇਹ ਗੱਲ ਸਾਫ ਨਹੀਂ ਹੋ ਪਾਈ ਹੈ। ਸ਼ੁਰੂਆਤ ਦੇ ਹੁਕਮਾਂ ਅਨੁਸਾਰ ਡੋਪ ਟੈਸਟ ਦਾ ਫਾਰਮਾਂ ਮਹਿਲਾ ਅਤੇ ਪੁਰਸ਼ ਮੁਲਾਜ਼ਮਾਂ ਦੋਵਾਂ ਲਈ ਸਹੀ ਸੀ ਪਰ ਇਸ ਫੈਸਲੇ ਦਾ ਸਿੱਧਾ ਵਿਰੋਧ ਹੋਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਮਹਿਲਾ ਕਰਮਚਾਰੀਆਂ ਦਾ ਡੋਪ ਟੈਸਟ ਨਹੀਂ ਹੋਵੇਗਾ ਪਰ ਇਸ ਫੈਸਲੇ ‘ਤੇ ਸਰਕਾਰੀ ਮੋਹਰ ਨਹੀਂ ਲੱਗ ਸਕੀ। ਮੁੱਖ ਮੰਤਰੀ ਦਫਤਰ ਦੇ ਇਕ ਅਧਿਕਾਰੀ ਅਨੁਸਾਰ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਮੁੱਖ ਸਕੱਤਰ ਕਰਮਚਾਰੀਆਂ ਦੇ ਡੋਪ ਟੈਸਟ ਨੂੰ ਲੈ ਕੇ ਨਿਯਮਾਵਲੀ ਤਿਆਰ ਕਰ ਰਹੇ ਹਨ, ਜਿਸ ਦੇ ਬਾਅਦ ਫੈਸਲਾ ਹੋ ਸਕੇਗਾ।
________________________
ਵਿਦੇਸ਼ੀ ਨਸ਼ਾ ਤਸਕਰ ਪੰਜਾਬ ਪੁਲਿਸ ਲਈ ਬਣੇ ਚੁਣੌਤੀ
ਚੰਡੀਗੜ੍ਹ: ਵਿਦੇਸ਼ੀ ਨਸ਼ਾ ਤਸਕਰ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਬਣੇ ਹੋਏ ਹਨ। ਪੁਲਿਸ ਵੱਲੋਂ ਹੁਣ ਤੱਕ ਗ੍ਰਿਫਤਾਰ ਕੀਤੇ ਨਸ਼ਾ ਤਸਕਰਾਂ ‘ਚ ਪਾਕਿਸਤਾਨੀ, ਨਾਈਜੀਰੀਅਨ ਸਮੇਤ ਵਿਦੇਸ਼ੀ ਤਸਕਰ ਸ਼ਾਮਲ ਹਨ। ਅੰਕੜਿਆਂ ਅਨੁਸਾਰ ਸਾਲ 2017 ਵਿਚ ਪੁਲਿਸ ਨੇ 50 ਵਿਦੇਸ਼ੀ ਤਸਕਰਾਂ ਨੂੰ ਕਾਬੂ ਕੀਤਾ ਹੈ ਜਦੋਂ ਕਿ ਸਾਲ 2018 ‘ਚ ਹੁਣ ਤੱਕ ਪੁਲਿਸ ਨੇ 24 ਵਿਦੇਸ਼ੀ ਨਸ਼ਾ ਤਸਕਰਾਂ ਨੂੰ ਫੜਿਆ ਹੈ । ਇਸ ਸਬੰਧੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਹਾਂਗਕਾਂਗ ਵਿਚ ਬੈਠੇ ਇਕ ਵੱਡੇ ਨਸ਼ਾ ਤਸਕਰ ਦਾ ਸੁਰਾਗ ਪੁਲਿਸ ਹੱਥ ਲਗਾ ਹੈ ਜਿਸ ਸਬੰਧੀ ਜਲਦ ਅਹਿਮ ਖੁਲਾਸੇ ਹੋ ਸਕਦੇ ਹਨ।
ਪੰਜਾਬ ‘ਚ ਨਸ਼ੇ ਦੀ ਸਪਲਾਈ ਦਾ ਵੱਡਾ ਕਾਰਨ ਪਾਕਿਸਤਾਨ ਸਰਹੱਦ ਪੰਜਾਬ ਦੇ ਨਾਲ ਲੱਗਣਾ ਦੱਸਿਆ ਜਾ ਰਿਹਾ ਹੈ। ਅਜਿਹੇ ‘ਚ ਨਸ਼ੇ ਦੀ ਖੇਪ ਪਹੁੰਚਾਉਣ ਲਈ ਨਸ਼ਾ ਤਸਕਰ ਪਾਕਿਸਤਾਨ ਸਰਹੱਦ ਦੇ ਨਾਲ ਨਾਲ ਵੱਖ-ਵੱਖ ਰਸਤਿਆਂ ਦੀ ਵਰਤੋਂ ਕਰਦੇ ਹਨ। ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰਾਂ ਵਿਚ ਬੀ.ਐਸ਼ਐਫ ਅਤੇ ਪੁਲਿਸ ਭਾਰੀ ਮਾਤਰਾ ‘ਚ ਕਈ ਵਾਰ ਨਸ਼ੇ ਦੀ ਖੇਪ ਫੜ੍ਹ ਚੁੱਕੀ ਹੈ। ਪੁਲਿਸ ਸੂਤਰਾਂ ਅਨੁਸਾਰ ਸਰਹੱਦੀ ਇਲਾਕਿਆਂ ਜ਼ਰੀਏ ਹੋ ਰਹੀ ਨਸ਼ਾ ਤਸਕਰੀ ਪੁਲਿਸ ਲਈ ਮੁਸੀਬਤ ਬਣੀ ਹੋਈ ਹੈ।