ਭਾਰਤ ‘ਚ 90 ਫੀਸਦੀ ਜਬਰ ਜਨਾਹ ਪੀੜਤਾਂ ‘ਆਪਣਿਆਂ’ ਦਾ ਹੋਈਆਂ ਸ਼ਿਕਾਰ

ਚੰਡੀਗੜ੍ਹ: ਭਾਰਤ ਵਾਸੀ ਭਾਵੇਂ ਜ਼ਿੰਦਗੀ ਦੇ ਹਰ ਖੇਤਰ ਵਿਚ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਹੇ ਹਨ ਪਰ ਸਮਾਜ ਵਿਚ ਇਨਸਾਨੀਅਤ ਕਦਰਾਂ-ਕੀਮਤਾਂ ਵਿਚ ਆ ਰਹੀ ਗਿਰਾਵਟ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਅਜੋਕੇ ਸਮੇਂ ‘ਚ ਦੇਸ਼ ਭਰ ‘ਚ ਸਕੇ ਸੰਬੰਧੀਆਂ ਅਤੇ ਜਾਣਕਾਰ ਵਿਅਕਤੀਆਂ ਵੱਲੋਂ ਹੀ ਔਰਤਾਂ ਅਤੇ ਲੜਕੀਆਂ ਨਾਲ ਜਬਰ ਜਨਾਹ ਕਰਨ ਦੀਆਂ ਵਾਪਰੀਆਂ ਘਟਨਾਵਾਂ ਮਨੁੱਖਤਾ ਅਤੇ ਇਨਸਾਨੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਤਸਵੀਰ ‘ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ’ ਦੇ ਅੰਕੜੇ ਪੇਸ਼ ਕਰਦੇ ਹਨ।

ਇਨ੍ਹਾਂ ਅੰਕੜਿਆਂ ਮੁਤਾਬਕ ਸਾਲ 2016 ‘ਚ 38 ਹਜ਼ਾਰ 947 ਔਰਤਾਂ ਨਾਲ ਜਬਰ ਜਨਾਹ ਹੋਏ, ਜਿਨ੍ਹਾਂ ‘ਚੋਂ 36 ਹਜ਼ਾਰ 859 ਮੁਲਜ਼ਮ ਵਿਅਕਤੀ ਸਿੱਧੇ ਜਾਂ ਅਸਿੱਧੇ ਰੂਪ ‘ਚ ਪੀੜਤ ਔਰਤਾਂ ਨੂੰ ਜਾਣਦੇ ਸਨ, ਜਿਨ੍ਹਾਂ ਵਿਚੋਂ 630 ਘਰੇਲੂ ਮੈਂਬਰ ਸਨ, 1087 ਪਰਿਵਾਰ ਦੇ ਨੇੜਲੇ ਵਿਅਕਤੀ ਸਨ, 2174 ਮੁਲਜ਼ਮ ਦੂਰ-ਨੇੜੇ ਦੇ ਰਿਸ਼ਤੇਦਾਰ ਸੀ, 10520 ਗੁਆਂਢੀ ਸੀ ਅਤੇ 24536 ਜਬਰ ਜਨਾਹ ਕਰਨ ਵਾਲੇ ਮੁਲਜ਼ਮ ਕਿਸੇ ਨਾ ਕਿਸੇ ਰੂਪ ‘ਚ ਪੀੜਤਾਂ ਤੋਂ ਜਾਣੂ ਸਨ। ਅੰਕੜਿਆਂ ਅਨੁਸਾਰ, ਮੱਧ ਪ੍ਰਦੇਸ਼ ‘ਚ 4882 ਔਰਤਾਂ ਨਾਲ ਜਬਰ ਜਨਾਹ ਹੋਏ, ਜਿਨ੍ਹਾਂ ‘ਚ 4789 ਜਬਰ ਜਨਾਹ ਕਰਨ ਵਾਲੇ ਵਿਅਕਤੀ ਔਰਤਾਂ ਜਾਂ ਲੜਕੀਆਂ ਨੂੰ ਜਾਣਦੇ ਸਨ। ਦੂਜੇ ਨੰਬਰ ‘ਤੇ ਉਤਰ ਪ੍ਰਦੇਸ਼ ਵਿਚ 4816 ਜਬਰ ਜਨਾਹ ਹੋਏ ਅਤੇ 4803 ਮੁਲਜ਼ਮ ਪੀੜਤ ਔਰਤਾਂ ਦੇ ਜਾਣਕਾਰ ਸਨ। ਤੀਜੇ ਸਥਾਨ ਉਤੇ ਮਹਾਰਾਸ਼ਟਰ ‘ਚ 4189 ਔਰਤਾਂ ਜਬਰ ਜਨਾਹ ਦਾ ਸ਼ਿਕਾਰ ਹੋਈਆਂ।
ਜਬਰ ਜਨਾਹ ਕਰਨ ਵਾਲੇ 4126 ਮੁਲਜ਼ਮ ਔਰਤਾਂ ਨੂੰ ਜਾਣਦੇ ਸਨ। ਰਾਜਸਥਾਨ ਵਿਚ 3656 ਜਬਰ ਜਨਾਹ ਦੀਆਂ ਘਟਨਾਵਾਂ ਹੋਈਆਂ, ਦਿੱਲੀ ‘ਚ 2151, ਉਡੀਸਾ ‘ਚ 1983, ਆਸਾਮ ‘ਚ 1779, ਕੇਰਲਾ ‘ਚ 1656, ਕਰਨਾਟਕਾ ਵਿਚ 1655, ਛੱਤੀਸਗੜ੍ਹ ‘ਚ 1626, ਤੇਲੰਗਾਨਾ ‘ਚ 1278, ਹਰਿਆਣਾ ‘ਚ 1187, ਪੱਛਮੀ ਬੰਗਾਲ ਵਿਚ 1110, ਝਾਰਖੰਡ ‘ਚ 1109, ਆਂਧਰਾ ਪ੍ਰਦੇਸ਼ 994, ਗੁਜਰਾਤ 982, ਪੰਜਾਬ ‘ਚ 838, ਉਤਰਾਖੰਡ 336, ਤਾਮਿਲਨਾਡੂ 319, ਜੰਮੂ-ਕਸ਼ਮੀਰ 256, ਹਿਮਾਚਲ ਪ੍ਰਦੇਸ਼ 252, ਤ੍ਰਿਪੁਰਾ 207, ਮੇਘਾਲਿਆ 190, ਅਰੁਣਾਚਲ ਪ੍ਰਦੇਸ਼ 92, ਸਿੱਕਮ 92, ਚੰਡੀਗੜ੍ਹ 68, ਗੋਆ 61 ਮਨੀਪੁਰ 55, ਅੰਡੇਮਾਨ ਨਿਕੋਬਾਰ 30, ਨਾਗਾਲੈਂਡ 26, ਮਿਜ਼ੋਰਮ 23, ਦਾਦਰਾ ਐਂਡ ਨਗਰ ਹਵੇਲੀ ‘ਚ 14, ਦਮਨ ਦੀਯੂ ‘ਚ 12, ਪੁੱਡੂਚੇਰੀ ‘ਚ 6 ਅਤੇ ਲਕਸ਼ਦੀਪ ‘ਚ 5 ਔਰਤਾਂ ਨਾਲ ਜਬਰ ਜਨਾਹ ਕਰਨ ਵਾਲੇ ਪੰਜੇ ਮੁਲਜ਼ਮ ਔਰਤਾਂ ਦੇ ਜਾਣਕਾਰ ਸਨ।
ਇਸ ਸਬੰਧੀ ਮਨੋਵਿਗਿਆਨੀ ਡਾ. ਨੈਨਾ ਸ਼ਰਮਾ ਨੇ ਕਿਹਾ ਕਿ ਜਾਣਕਾਰ ਵਿਅਕਤੀ ਦੀ ਪਹੁੰਚ ਔਰਤਾਂ ਕੋਲ ਆਸਾਨੀ ਨਾਲ ਹੁੰਦੀ ਹੈ ਅਤੇ ਉਨ੍ਹਾਂ ਨੂੰ ਔਰਤਾਂ ਦੇ ਹਾਲਾਤ ਬਾਰੇ ਜਾਣਕਾਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸੁਭਾਅ ਪਿੱਛੇ ਕਈ ਕਾਰਨ ਹਨ ਜਿਵੇਂ ਕਿ ਨਸ਼ਾ ਵਿਅਕਤੀ ਨੂੰ ਅਜਿਹਾ ਕਰਨ ਲਈ ਉਕਸਾਉਂਦਾ ਹੈ, ਗਰੁੱਪ ਦਾ ਪ੍ਰਭਾਵ, ਸਮਾਜ ‘ਚ ਨੈਤਿਕ ਕਦਰਾਂ ਕੀਮਤਾਂ ਦਾ ਘਟਣਾ ਆਦਿ ਪ੍ਰਮੁੱਖ ਕਾਰਨ ਹਨ।
_____________________
ਕੇਸਾਂ ਦੀ ਸੁਣਵਾਈ ਲਈ ਹਜ਼ਾਰ ਤੋਂ ਵੱਧ ਵਿਸ਼ੇਸ਼ ਅਦਾਲਤਾਂ ਦੀ ਲੋੜ
ਨਵੀਂ ਦਿੱਲੀ: ਕਾਨੂੰਨ ਮੰਤਰਾਲੇ ਦਾ ਅਨੁਮਾਨ ਹੈ ਕਿ ਇਕ ਨਵੀਂ ਯੋਜਨਾ ਤਹਿਤ ਔਰਤਾਂ ਨਾਲ ਜਬਰ ਜਨਾਹ ਅਤੇ ਬੱਚਿਆਂ ਦੇ ਜਿਣਸੀ ਸ਼ੋਸ਼ਣ ਸਬੰਧੀ ਮਾਮਲਿਆਂ ਦੀ ਸੁਣਵਾਈ ਲਈ ਭਾਰਤ ਭਰ ਵਿਚ ਇਕ ਹਜ਼ਾਰ ਤੋਂ ਵੱਧ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਦੀ ਲੋੜ ਹੈ। ਇਹ ਵਿਸ਼ੇਸ਼ ਅਦਾਲਤਾਂ ਅਜਿਹੇ ਮਾਮਲਿਆਂ ਦੀ ਬਿਹਤਰ ਜਾਂਚ ਅਤੇ ਤੇਜ਼ ਪੈਰਵੀ ਲਈ ਲੋੜੀਂਦੇ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਇਕ ਵੱਡੀ ਯੋਜਨਾ ਤਹਿਤ ਸਥਾਪਤ ਕੀਤੀਆਂ ਜਾਣੀਆਂ ਹਨ।