ਔਰਤਾਂ ਦੀ ਤਸਕਰੀ ਬਾਰੇ ਦਿਲ ਹਲੂਣਨ ਵਾਲੇ ਅੰਕੜੇ ਆਏ ਸਾਹਮਣੇ

ਤਰਨ ਤਾਰਨ: ਗਰੀਬ ਘਰਾਂ ਦੀਆਂ ਲੜਕੀਆਂ ਨੂੰ ਭਵਿੱਖ ਸੰਵਾਰਨ ਅਤੇ ਹੋਰ ਲਾਲਚ ਦੇ ਕੇ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ‘ਚ ਮਨੁੱਖੀ ਤਸਕਰੀ ਦਾ ਕਾਰੋਬਾਰ ਬਹੁਤ ਵੱਡੇ ਪੱਧਰ ਉਤੇ ਚੱਲ ਰਿਹਾ ਹੈ। ਇਥੋਂ ਤੱਕ ਕਿ ਸ਼ੇਖ਼ਾਂ ਹਵਾਲੇ ਕੀਤੀਆਂ ਜਾਂਦੀਆਂ ਇਨ੍ਹਾਂ ਛੋਟੀਆਂ-ਛੋਟੀਆਂ ਲੜਕੀਆਂ ਨੂੰ ਲਿਜਾਣ ਵਾਲੇ ਏਜੰਟ ਇਨ੍ਹਾਂ ਦੀ ਕੋਈ ਪੁੱਛ ਪੜਤਾਲ ਵੀ ਨਹੀਂ ਕਰਦੇ। ਸ਼ੇਖ਼ ਇਨ੍ਹਾਂ ਨੂੰ ਆਪਣੀ ਪਸੰਦ ਅਨੁਸਾਰ ਆਪਣੇ ਨਾਲ ਲਿਜਾ ਕੇ ਜਿਥੇ ਬੰਦੂਆਂ ਵਾਂਗ ਕੰਮ ਕਰਵਾਉਂਦੇ ਹਨ, ਉਥੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ।

ਇਹ ਖੁਲਾਸਾ ਜ਼ਿਲ੍ਹਾ ਤਰਨ ਤਾਰਨ ਦੀ ਪਿੰਡ ਪੰਡੋਰੀ ਗੋਲਾ ਦੀ ਰਹਿਣ ਵਾਲੀ ਲੜਕੀ ਸਿਮਰਨਜੀਤ ਕੌਰ ਨੇ ਕੀਤਾ, ਜੋ ਕਿ ਕੇਂਦਰੀ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਦੇ ਯਤਨਾਂ ਸਦਕਾ ਦੁਬਈ ਦੇ ਏਜੰਟਾਂ ਦੇ ਚੁੰਗਲ ਵਿਚੋਂ ਨਿਕਲ ਕੇ ਆਪਣੇ ਪਰਿਵਾਰ ‘ਚ ਪਹੁੰਚੀ।
ਸਿਮਰਨਜੀਤ ਕੌਰ ਨੂੰ ਉਨ੍ਹਾਂ ਦੀ ਪਿੰਡ ਦੀ ਰਹਿਣ ਵਾਲੀ ਏਜੰਟ ਗੁਰਜੀਤ ਕੌਰ ਨੇ ਦੁਬਈ ਵਿਚ ਘਰ ਵਿਚ ਬੱਚਿਆਂ ਦੀ ਦੇਖਭਾਲ ਕਰਨ ਦਾ ਕੰਮ ਦਾ ਕਹਿ ਕੇ ਭੇਜਿਆ ਸੀ। ਗੁਰਜੀਤ ਕੌਰ ਦੀ ਲੜਕੀ ਵੀ ਯੂ.ਏ.ਈ. ‘ਚ ਹੈ, ਜਿਥੇ ਉਹ ਉਥੋਂ ਦੇ ਏਜੰਟ ਇਬਰਾਹੀਮ ਪਾਲਮ ਯੂਸਫ਼ ਨਾਲ ਕੰਮ ਕਰਦੀ ਹੈ। ਇਸ ਏਜੰਟ ਨੇ ਇਸ ਤੋਂ ਪਹਿਲਾਂ ਪਿੰਡ ਪੰਡੋਰੀ ਗੋਲਾ ਦੀ ਰਹਿਣ ਵਾਲੀ ਸੰਦੀਪ ਕੌਰ ਪੁੱਤਰੀ ਕੁਲਜੀਤ ਸਿੰਘ ਅਤੇ ਰਵਨੀਤ ਕੌਰ ਪੁੱਤਰੀ ਗੱਜਣ ਸਿੰਘ ਵਾਸੀ ਸੇਰੋਂ ਨੂੰ ਵੀ ਭੇਜਿਆ ਸੀ।
ਸਿਮਰਨਜੀਤ ਕੌਰ ਨੇ ਦੱਸਿਆ ਕਿ ਜਦ ਉਹ ਦੁਬਈ ਪਹੁੰਚੀ ਤਾਂ ਉਥੇ ਏਜੰਟ ਇਬਰਾਹੀਮ ਉਸ ਨੂੰ ਇਕ ਘਰ ਵਿਚ ਲੈ ਗਿਆ, ਜਿਥੇ ਤਿੰਨ ਲੜਕੀਆਂ ਪਹਿਲਾਂ ਵੀ ਰਹਿ ਰਹੀਆਂ ਸਨ। ਜਦ ਉਹ ਇਬਰਾਹੀਮ ਦੇ ਦਫਤਰ ਪਹੁੰਚੀ ਤਾਂ ਉਥੇ ਬਹੁਤ ਸਾਰੀਆਂ ਲੜਕੀਆਂ ਮੌਜੂਦ ਸਨ। ਉਸ ਦਫਤਰ ‘ਚ ਸ਼ੇਖ਼ ਆਉਂਦੇ ਅਤੇ ਆਪਣੀ ਪਸੰਦ ਦੀਆਂ ਲੜਕੀਆਂ ਨੂੰ ਆਪਣੇ ਨਾਲ ਲੈ ਜਾਂਦੇ। ਵਾਪਸ ਆਈਆਂ ਲੜਕੀਆਂ ਅਨੁਸਾਰ ਇਸ ਕੰਮ ਲਈ ਏਜੰਟ ਨੂੰ ਮੌਕੇ ਉਤੇ ਹੀ ਇਕ ਹਜ਼ਾਰ ਡਾਲਰ ਮਿਲਦੇ ਸਨ, ਜਦਕਿ ਲੜਕੀਆਂ ਦੀਆਂ ਤਨਖਾਹਾਂ ਵਿਚੋਂ ਵੀ ਵੱਡਾ ਹਿੱਸਾ ਇਹ ਏਜੰਟ ਆਪਣੇ ਕੋਲ ਹੀ ਰੱਖ ਲੈਂਦੇ। ਸਿਮਰਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਏਜੰਟ ਗੁਰਜੀਤ ਕੌਰ ਨੂੰ 25 ਹਜ਼ਾਰ ਰੁਪਏ ਨਗਦ ਦਿੱਤੇ ਸਨ ਅਤੇ ਬਾਕੀ ਪੈਸੇ ਉਸ ਦੀ ਤਨਖਾਹ ਵਿਚੋਂ ਕਟਵਾਉਣੇ ਸਨ। ਜਦ ਉਹ ਦੁਬਈ ਪਹੁੰਚੀ ਤਾਂ ਏਅਰਪੋਰਟ ‘ਤੇ ਉਨ੍ਹਾਂ ਨੂੰ ਇਕ ਪੰਜਾਬੀ ਵਿਅਕਤੀ ਮਿਲਿਆ, ਜਿਸ ਨੇ ਤਰਸ ਖਾ ਕੇ ਉਨ੍ਹਾਂ ਨੂੰ ਉਥੋਂ ਦੀ ਇਕ ਸਿੰਮ ਆਪਣੇ ਕੋਲੋਂ ਲੈ ਕੇ ਦਿੱਤੀ ਜਿਸ ਰਾਹੀਂ
ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਕਿ ਇਥੇ ਸਭ ਠੀਕ ਨਹੀਂ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਦੇ ਜਾਣਕਾਰ ਵੱਲੋਂ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਰਨ ਤੋਂ ਬਾਅਦ ਉਹ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਵਾਪਸ ਪਹੁੰਚਣ ਵਿਚ ਕਾਮਯਾਬ ਹੋ ਗਈ। ___________________________
ਟਰੈਵਲ ਏਜੰਟਾਂ ਖਿਲਾਫ਼ ਸ਼ਿਕੰਜਾ ਕੱਸਣ ‘ਤੇ ਜ਼ੋਰ
ਨਵੀਂ ਦਿੱਲੀ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਲਈ ਜ਼ਿੰਮੇਵਾਰ ਟਰੈਵਲ ਏਜੰਟ ਅਜੇ ਵੀ ਦੇਸ਼ ਵਿਚ ਆਪਣਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਾਂ ਦੇ ਮਹਿਲਾ ਕਮਿਸ਼ਨਾਂ ਨੂੰ ਕਿਹਾ ਹੈ ਕਿ ਅਜਿਹੇ ਗੈਰਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਨ। ਸਵਰਾਜ ਨੇ ਮਾਰਚ ਵਿਚ ਸੰਸਦ ਵਿਚ ਜਾਣਕਾਰੀ ਦਿੱਤੀ ਸੀ ਕਿ ਭਾਰਤ ਵਿਚੋਂ ਇਰਾਕ ਗਏ 39 ਭਾਰਤੀਆਂ ਨੂੰ ਆਈ.ਐਸ਼ਆਈ.ਐਸ਼ ਨੇ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਸੀ। ਵਿਦੇਸ਼ ਮੰਤਰੀ ਨੇ ਲੋਕਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਕੇ ਹੀ ਵਿਦੇਸ਼ ਜਾਣ ਅਤੇ ਇਸ ਲਈ ਸਰਕਾਰੀ ਮਾਨਤਾ ਪ੍ਰਾਪਤ ਏਜੰਟਾਂ ਦੀ ਹੀ ਮਦਦ ਲਈ ਜਾਵੇ।