ਮਿਸ਼ਨ-2019: ਬਸਪਾ ਨਾਲ ਹੱਥ ਮਿਲਾਉਣਗੀਆਂ ਗਰਮਖਿਆਲੀ ਧਿਰਾਂ

ਚੰਡੀਗੜ੍ਹ: ਗਰਮਦਲੀ ਸਿੱਖ ਧਿਰਾਂ ਵੱਲੋਂ ਆਗਾਮੀ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਹੱਥ ਮਿਲਾਉਣ ਦਾ ਐਲਾਨ ਕਰਦਿਆਂ ਬੀਬੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਉਣ ਦੀ ਆਵਾਜ਼ ਉਠਾਈ ਹੈ।

ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਬਸਪਾ ਪੰਜਾਬ ਦੇ ਇੰਚਾਰਜ ਨਾਲ ਇਸ ਸਬੰਧੀ ਗੱਲਬਾਤ ਹੋ ਚੁੱਕੀ ਹੈ। ਉਹ ਭਾਜਪਾ ਨੂੰ ਹਰਾਉਣ ਲਈ ਉਨ੍ਹਾਂ ਦੀਆਂ ਵਿਰੋਧੀ ਪਾਰਟੀਆਂ ਕੋਲ ਪਹੁੰਚ ਕਰਨਗੇ ਅਤੇ ਜ਼ੋਰ ਪਾਉਣਗੇ ਕਿ ਘੱਟ ਗਿਣਤੀ ਅਤੇ ਦਲਿਤ ਵਰਗ ਦੀ ਯੋਗ ਨੁਮਾਇੰਦਗੀ ਕਰਨ ਲਈ ਉਹ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਬੀਬੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਉਣ ਦੀ ਸਹਿਮਤੀ ਦੇਣ। ਭਾਈ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਮੁਸਲਮਾਨਾਂ, ਇਸਾਈਆਂ, ਪੰਥਕ ਸ਼ਖ਼ਸੀਅਤਾਂ ਦਾ ਵਫਦ ਲੈ ਕੇ ਬੀਬੀ ਮਾਇਆਵਤੀ ਨੂੰ ਜਲਦ ਹੀ ਮਿਲਣਗੇ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੇ ਹਿੱਤਾਂ, ਜਮਹੂਰੀਅਤ ਦੀ ਕਾਇਮੀ, ਕਾਨੂੰਨ ਦਾ ਰਾਜ ਕਾਇਮ ਕਰਨ ਅਤੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਮੋਦੀ ਹਕੂਮਤ ਦਾ ਖਾਤਮਾ ਕਰਨਾ ਸਮੇਂ ਦੀ ਮੰਗ ਹੈ।
ਸਿੱਖਾਂ ਨੇ ਜਿਥੇ ਮੁਗਲ ਅਤੇ ਅੰਗਰੇਜ਼ ਰਾਜਾਂ ਦੇ ਖਾਤਮੇ ਲਈ ਅਹਿਮ ਭੂਮਿਕਾ ਨਿਭਾਈ ਸੀ, ਉਸੇ ਤਰ੍ਹਾਂ ਹੁਣ ਮੋਦੀ ਦੀ ਤਾਨਾਸ਼ਾਹੀ ਹਕੂਮਤ ਤੇ ਖਾਤਮੇ ਲਈ ਘੱਟ ਗਿਣਤੀਆਂ, ਦਲਿਤਾਂ, ਖੇਤਰੀ ਪਾਰਟੀਆਂ ਅਤੇ ਜਮਹੂਰੀਅਤ ਦੀ ਆਵਾਜ਼ ਬੁਲੰਦ ਕਰਨ ਲਈ ਸੰਘਰਸ਼ਸ਼ੀਲ ਧਿਰਾਂ ਨੂੰ ਇਕਜੁਟ ਕਰ ਕੇ ਬੀਬੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਐਲਾਨਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਸਪਾ ਨਾਲ ਗੱਠਜੋੜ ਕਰਨ ਵੇਲੇ ਉਨ੍ਹਾਂ ਦੀ ਧਿਰ ਸੀਟਾਂ ਆਦਿ ਦੀ ਕੋਈ ਸ਼ਰਤ ਨਹੀਂ ਲਾਵੇਗੀ। ਭਾਈ ਗੁਰਦੀਪ ਸਿੰਘ ਨੇ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚੋਂ ਬਾਦਲ ਦਲ ਤੇ ਭਾਜਪਾ ਦਾ ਸਫਾਇਆ ਕਰਨ ਲਈ ਸਮੂਹ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਇਕਜੁਟ ਕਰਨ ਲਈ ਪੂਰੀ ਰਣਨੀਤੀ ਘੜ ਲਈ ਗਈ ਹੈ। ਉਨ੍ਹਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬਰਗਾੜੀ ਵਿਚ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਲਾਏ ਮੋਰਚੇ ਬਾਰੇ ਗਲਤ ਪ੍ਰਚਾਰ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਦਾਅਵਾ ਕੀਤਾ ਕਿ ਜਸਟਿਸ ਰਣਜੀਤ ਸਿੰੰਘ ਕਮਿਸ਼ਨ ਦੀ ਰਿਪੋਰਟ ਨਸ਼ਰ ਹੋਣ ਤੋਂ ਬਾਅਦ ਬਾਦਲ ਦਲ ਦਾ ਪੰਜਾਬ ਵਿਚ ਨਿਕਲਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੋਰਚੇ ਵਿਚ ਕਈ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਵੀ ਸ਼ਾਮਲ ਹੋਏ ਹਨ।