ਆਈਲੈਟਸ ਨੇ ਪੱਟੇ ਪੰਜਾਬ ਦੇ ਪਾੜ੍ਹੇ

ਚੰਡੀਗੜ੍ਹ: ਪੰਜਾਬ ਦੇ ਪਾੜ੍ਹਿਆਂ ਦਾ ਕਾਲਜ ਦੀ ਪੜ੍ਹਾਈ ਤੋਂ ਮੋਹ ਭੰਗ ਹੋਣ ਲੱਗਾ ਹੈ। ਇਸ ਵਰ੍ਹੇ ਬਹੁਤੇ ਕਾਲਜਾਂ ‘ਚ ਦਾਖਲਿਆਂ ਦੀ ਗਿਣਤੀ 20 ਫੀਸਦੀ ਤੋਂ ਵੀ ਘੱਟ ਹੈ। ਕਾਲਜਾਂ ਦੇ ਸਟਾਫ ਨੂੰ ਦਾਖਲਿਆਂ ਵਾਸਤੇ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ ‘ਚ ਚੱਕਰ ਮਾਰਨੇ ਪੈ ਰਹੇ ਹਨ। ਇਸ ਦਾ ਮੁੱਖ ਕਾਰਨ ਨੌਜਵਾਨਾਂ ਵਿਚ ਆਈਲੈਟਸ ਦਾ ਵਧਿਆ ਰੁਝਾਨ ਹੈ।

ਕਾਲਜਾਂ ਅੰਦਰ ਜਿਥੇ ਟਾਂਵਾਂ-ਟਾਂਵਾਂ ਵਿਦਿਆਰਥੀ ਦਿਸ ਰਿਹਾ ਹੈ, ਉਥੇ ਥਾਂ-ਥਾਂ ਖੁੱਲ੍ਹੇ ਆਈਲੈਟਸ ਸੈਂਟਰ ਵਿਦਿਆਰਥੀਆਂ ਨਾਲ ਭਰੇ ਪਏ ਹਨ। ਆਈਲੈਟਸ ਸੈਂਟਰਾਂ ਮੁਤਾਬਕ ਹਰੇਕ ਸਾਲ ਆਈਲੈਟਸ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ ਤੇ ਇਸ ਵਾਰ ਪਿਛਲੇ ਸਾਰੇ ਰਿਕਾਰਡ ਟੁੱਟ ਚੁੱਕੇ ਹਨ। ਲਗਭਗ 80 ਫੀਸਦੀ ਵਿਦਿਆਰਥੀ ਜਿਨ੍ਹਾਂ ਵਿਚ ਬਹੁਤੇ ਬਾਰ੍ਹਵੀਂ ਪਾਸ ਹਨ, ਆਈਲੈਟਸ ਦੀ ਪੜ੍ਹਾਈ ਕਰ ਰਹੇ ਹਨ। ਬੀæਏæ ਭਾਗ ਪਹਿਲੇ ਦੇ ਬਹੁਤੇ ਕਾਲਜਾਂ ‘ਚ ਅਜੇ ਤੱਕ 10 ਤੋਂ ਲੈ ਕੇ 20 ਵਿਦਿਆਰਥੀਆਂ ਦਾ ਦਾਖਲਾ ਹੀ ਹੋ ਸਕਿਆ ਹੈ। ਨਾ-ਮਾਤਰ ਦਾਖਲਿਆਂ ਨੂੰ ਦੇਖਦਿਆਂ ਯੂਨੀਵਰਸਿਟੀਆਂ ਨੇ ਦਾਖਲਾ ਮਿਤੀ ‘ਚ ਵਾਧਾ ਕਰਦਿਆਂ 24 ਜੁਲਾਈ ਤੋਂ 31 ਜੁਲਾਈ ਕਰ ਦਿੱਤੀ ਹੈ, ਜਦਕਿ ਇਹ ਦਾਖਲਾ 9 ਜੁਲਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ 24 ਜੁਲਾਈ ਤੋਂ ਬਾਅਦ ਲੇਟ ਫੀਸ ਨਾਲ ਦਾਖਲਾ ਲੈਣ ਦੀ ਇਜਾਜ਼ਤ ਸੀ।
ਦਿਨੋਂ ਦਿਨ ਘਟ ਰਹੀ ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖਦਿਆਂ ਕਈ ਕਾਲਜਾਂ ਨੇ ਅਹਿਮ ਕੋਰਸ ਵੀ ਬੰਦ ਕਰ ਦਿੱਤੇ ਹਨ ਅਤੇ ਕਈ ਅਜਿਹੇ ਕਾਲਜ ਹਨ, ਜਿਨ੍ਹਾਂ ਨੇ ਸਟਾਫ ਦੀ ਵੀ ਕਟੌਤੀ ਕਰ ਦਿੱਤੀ ਹੈ। ਇੰਜੀਨੀਅਰਿੰਗ ਕਾਲਜਾਂ ਦੀ ਹਾਲਤ ਵੀ ਇਸ ਕਦਰ ਪਤਲੀ ਹੋ ਚੁੱਕੀ ਹੈ ਕਿ ਚੰਡੀਗੜ੍ਹ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਆਦਿ ਮੁੱਖ ਸ਼ਹਿਰਾਂ ਨੂੰ ਛੱਡ ਕੇ ਸੂਬੇ ਦੇ ਬਾਕੀ ਸ਼ਹਿਰਾਂ, ਕਸਬਿਆਂ ਵਿਚ ਖੁੱਲ੍ਹੇ ਕਾਲਜਾਂ ‘ਚ 10 ਫੀਸਦੀ ਦਾਖਲੇ ਵੀ ਨਹੀਂ ਰਹਿ ਗਏ ਹਨ। ਅੱਜ-ਕੱਲ੍ਹ ਪੰਜਾਬ ਦੇ ਹਰੇਕ ਵਿਦਿਆਰਥੀ ਦੀ ਸੋਚ ਵਿਦੇਸ਼ੀ ਪੜ੍ਹਾਈ ਉਤੇ ਟਿਕੀ ਹੈ, ਜੋ ਵਿਦੇਸ਼ਾਂ ‘ਚ ਜਾਣ ਲਈ ਆਈਲੈਟਸ ਕੇਂਦਰਾਂ ‘ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸੂਬੇ ਅੰਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਲਗਭਗ 571 ਮਾਨਤਾ ਪ੍ਰਾਪਤ ਕਾਲਜ ਅਤੇ ਆਈæਕੇæ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਧੀਨ ਲਗਭਗ 170 ਇੰਜੀਨੀਅਰਿੰਗ ਕਾਲਜਾਂ ਤੋਂ ਇਲਾਵਾ ਸੂਬੇ ਅੰਦਰ ਕਈ ਹੋਰ ਪ੍ਰੋਫੈਸ਼ਨਲ ਯੂਨੀਵਰਸਿਟੀਆਂ ਹਨ, ਜਿਨ੍ਹਾਂ ਦੇ ਇਸ ਵਾਰ ਨਾ-ਮਾਤਰ ਦਾਖਲੇ ਹੋਣ ਦੀ ਸਥਿਤੀ ਬਣੀ ਹੋਈ ਹੈ।
ਇੰਜੀਨੀਅਰਿੰਗ ਕਾਲਜਾਂ ਦਾ ਦਾਖਲਾ ਸ਼ੁਰੂ ਹੋਏ ਨੂੰ ਲਗਭਗ ਮਹੀਨਾ ਹੋ ਗਿਆ ਹੈ, ਜੋ 25 ਜੂਨ ਤੋਂ 15 ਅਗਸਤ ਤੱਕ ਚੱਲੇਗਾ, ਪਰ ਇਸ ਵਰ੍ਹੇ ਦੌਰਾਨ ਇੰਜੀਨੀਅਰਿੰਗ ਕਾਲਜਾਂ ਦੇ ਦਾਖਲਿਆਂ ਦਾ ਵੀ ਮੰਦਾ ਹਾਲ ਹੈ। ਸੂਬੇ ਦੇ 5 ਸਰਕਾਰੀ ਕਾਲਜਾਂ ਵਿਚੋਂ ਤਿੰਨ ਕਾਲਜਾਂ ਅਤੇ ਹੋਰ ਨਾਮਵਰ ਪ੍ਰਾਈਵੇਟ ਕਾਲਜਾਂ ਵਿਚ ਕੰਪਿਊਟਰ ਸਾਇੰਸ ਅਤੇ ਸਬੰਧਿਤ ਕੋਰਸਾਂ ਤੋਂ ਇਲਾਵਾ ਮਕੈਨੀਕਲ ਇੰਜੀਨੀਅਰਿੰਗ ਕਾਲਜ ‘ਚ ਮਹਿਜ਼ 25-30 ਫੀਸਦੀ ਦਾਖਲੇ ਹੋਏ ਸਨ, ਜਦਕਿ ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਕੈਮੀਕਲ ਇੰਜੀਨੀਅਰਿੰਗ, ਇਨਫਰਮੇਸ਼ਨ ਟੈਕਨਾਲੋਜੀ, ਪ੍ਰੋਡਕਸ਼ਨ ਇੰਜੀਨੀਅਰਿੰਗ, ਇੰਡਸਟਰੀਅਲ ਇੰਜੀਨੀਅਰਿੰਗ, ਬਾਇਓ ਟੈਕਨਾਲੋਜੀ ਆਦਿ ‘ਚ 10 ਫੀਸਦੀ ਦਾਖਲੇ ਵੀ ਨਹੀਂ ਹੋ ਸਕੇ।
ਸੂਬੇ ਦੇ ਦੋ ਸਰਕਾਰੀ ਕਾਲਜਾਂ ਵਿਚ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫੋਰਸਮੈਂਟ ਟੈਕਨਾਲੋਜੀ ਮਲੋਟ ਅਤੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਲਹਿਰਾਗਾਗਾ ਦੀ ਹਾਲਤ ਅਜਿਹੀ ਹੈ ਕਿ ਉਕਤ ਕਾਲਜਾਂ ਦਾ ਬੂਹਾ ਕਿਸੇ ਵੇਲੇ ਵੀ ਬੰਦ ਹੋ ਸਕਦਾ ਹੈ। ਇਥੋਂ ਤੱਕ ਕਿ ਲਹਿਰਾਗਾਗਾ ਸਰਕਾਰੀ ਕਾਲਜ ਦੇ ਪਿਛਲੇ ਸਾਲ ਖਰਚੇ ਵੀ ਨਹੀਂ ਪੂਰੇ ਹੋ ਸਕੇ ਸਨ, ਜਿਸ ਕਾਰਨ ਗਰਾਂਟ ਲੈਣ ਕਾਲਜ ਚਲਾਉਣ ਵਾਸਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਉਣੀ ਪਈ ਸੀ। ਇਸ ਦੇ ਨਾਲ ਹੀ ਲੱਖਾਂ ਰੁਪਏ ਖਰਚ ਕੇ ਕੀਤੀ ਇੰਜੀਨੀਅਰਿੰਗ ਦੀ ਪੜ੍ਹਾਈ ਦਾ ਮੁੱਲ ਨਾ ਪੈਣ ਕਰਕੇ ਇੰਜੀਨੀਅਰ ਪ੍ਰਾਈਵੇਟ ਕੰਪਨੀਆਂ ‘ਚ ਨਿਗੂਣੀਆਂ ਤਨਖਾਹਾਂ ਉਤੇ ਕੰਮ ਕਰਨ ਲਈ ਮਜਬੂਰ ਹਨ, ਜਿਨ੍ਹਾਂ ਵੱਲ ਦੇਖ ਦੂਜੇ ਵਿਦਿਆਰਥੀਆਂ ਦਾ ਇੰਜੀਨੀਅਰਿੰਗ ਦੀ ਪੜ੍ਹਾਈ ਪ੍ਰਤੀ ਰੁਝਾਨ ਘਟਣ ਲੱਗਾ ਹੈ।