ਤਰਕ ਦੀਆਂ ਤੰਦਾਂ ਬਨਾਮ ਭੇਡ-ਚਾਲ

ਬੌਬ ਖਹਿਰਾ, ਮਿਸ਼ੀਗਨ
ਫੋਨ: 734-925-0177
ਜਦੋਂ ਨਿੱਕੇ ਹੁੰਦੇ ਸੀ ਤਾਂ ਸਾਡੇ ਪਿੰਡ ਸਾਂਸੀ ਬਰਾਦਰੀ ਕੋਲ ਬਹੁਤ ਸਾਰੀਆਂ ਭੇਡਾਂ ਹੁੰਦੀਆਂ ਸਨ। ਦੇਖੀਦਾ ਸੀ ਕਿ ਉਨ੍ਹਾਂ ਦਾ ਇਕ ਮੁੰਡਾ ਅੱਗੇ-ਅੱਗੇ ਤੁਰਿਆ ਜਾਂਦਾ ਤੇ ਸਾਰੀਆਂ ਭੇਡਾਂ ਉਸ ਦੇ ਮਗਰ-ਮਗਰ ਤੁਰੀਆਂ ਜਾਂਦੀਆਂ। ਇਕ ਹੋਰ ਮੁੰਡਾ ਸਭ ਤੋਂ ਮਗਰ ਹੁੰਦਾ ਸੀ। ਜੇ ਕੋਈ ਭੇਡ ਪਿੱਛੇ ਰਹਿ ਜਾਂਦੀ, ਜਾਂ ਆਸੇ-ਪਾਸੇ ਕੁਝ ਖਾਣ ਲੱਗਦੀ ਰੁਕ ਜਾਂਦੀ ਤਾਂ ਉਹ ਮੁੰਡਾ ਉਸ ਦੇ ਲੱਕ ਵਿਚ ਡੰਡਾ ਮਾਰਦਾ ਤੇ ਉਹ ਭੇਡ ਵੀ ਭੱਜ ਕੇ ਉਨ੍ਹਾਂ ਭੇਡਾਂ ਦੇ ਨਾਲ ਰਲ ਜਾਂਦੀ। ਸਾਨੂੰ ਤਾਂ ਨਹੀਂ ਸੀ ਪਤਾ, ਪਰ ਸਾਂਸੀਆਂ ਦੇ ਮੁੰਡਿਆਂ ਨੂੰ ਭੇਤ ਸੀ ਕਿ ਅੱਗੇ ਤੁਰਨ ਨਾਲ ਸਾਰੀਆਂ ਭੇਡਾਂ ਮਗਰ ਤੁਰਦੀਆਂ ਹਨ। ਬਜ਼ੁਰਗ ਵੀ ਦੱਸਦੇ ਹੁੰਦੇ ਸੀ ਕਿ ਭੇਡਾਂ ਦੀ ਇਹ ਆਦਤ ਹੁੰਦੀ ਹੈ ਕਿ ਜਿਧਰ ਇਕ ਭੇਡ ਜਾਵੇਗੀ, ਬਾਕੀ ਵੀ ਸਭ ਉਧਰ ਹੀ ਜਾਂਦੀਆਂ ਹਨ।
ਅੱਜ ਜਦੋਂ ਧਾਰਮਿਕ ਸਥਾਨਾਂ ਜਾਂ ਡੇਰਿਆਂ ਵੱਲ ਦੇਖੀਦਾ ਹੈ ਤਾਂ ਬਚਪਨ ਦੀਆਂ ਉਹ ਭੇਡਾਂ ਅਤੇ ਸਾਂਸੀਆਂ ਦੇ ਉਹ ਮੁੰਡੇ ਯਾਦ ਆਉਂਦੇ ਹਨ। ਜਾਪਦਾ ਹੈ, ਇਹ ਸਭ ਵੀ ਬਿਨਾਂ ਸੋਚੇ ਸਮਝੇ ਇਕ-ਦੂਜੇ ਮਗਰ ਲੱਗੇ ਤੁਰੇ ਜਾਂਦੇ ਹਨ। ਜੇ ਕੋਈ ਇਨ੍ਹਾਂ ਤੋਂ ਪਾਸੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦਾ ਡਰ ਪਾ ਕੇ ਆਪਣੇ ਨਾਲ ਹੀ ਰਲਾ ਲਿਆ ਜਾਂਦਾ ਹੈ। ਕੁੰਭ ਦਾ ਮੇਲਾ ਮਿਸਾਲ ਹੈ ਜਿੱਥੇ ਕਰੋੜਾਂ ਲੋਕ ਪਹੁੰਚੇ। ਸਭ ਨੂੰ ਖਬਰ ਹੈ ਕਿ ਗੰਗਾ ਦਾ ਪਾਣੀ ਕਿੰਨਾ ਪਲੀਤ ਹੋਇਆ ਪਿਆ ਹੈ; ਇੰਨਾ ਪਲੀਤ ਕਿ ਬੰਦੇ ਦੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਹੈ, ਪਰ ਨਹੀਂ; ਕੁਝ ਲੋਕਾਂ ਵੱਲੋਂ ਫੈਲਾਇਆ ਅੰਧਵਿਸ਼ਵਾਸ ਕਰੋੜਾਂ ਲੋਕਾਂ ਨੂੰ ਸਮਝ ਨਹੀਂ ਆ ਰਿਹਾ। ਇਹ ਗੱਲ ਇਕੱਲੇ ਕੁੰਭ ਮੇਲੇ ਦੀ ਨਹੀਂ ਹੈ; ਹਰ ਵੱਡੇ-ਛੋਟੇ ਮੇਲੇ ਦੀ ਹੈ ਜੋ ਧਰਮ ਦੇ ਨਾਂ ‘ਤੇ ਲਗਦੇ ਹਨ। ਪਤਾ ਲਈ ਲੋਕ ਰੋਜ਼ ਕਿੰਨੇ ਕੁ ਪਾਪ ਕਰਦੇ ਹਨ ਕਿ ਇਨ੍ਹਾਂ ਧਾਰਮਿਕ ਥਾਂਵਾਂ ਜਾਂ ਡੇਰਿਆਂ ‘ਤੇ ਜਾ ਕੇ ਉਹ ਸਮਝਦੇ ਹਨ ਕਿ ਬਖ਼ਸ਼ੇ ਜਾਣਗੇ?
ਲੋਕਾਂ ਦੇ ਮਨਾਂ ਉਤੇ ਅੰਧਵਿਸ਼ਵਾਸ ਇੰਨੀ ਬੁਰੀ ਤਰ੍ਹਾਂ ਛਾਇਆ ਹੋਇਆ ਹੈ ਕਿ ਨਾ ਕੋਈ ਸੱਚ ਨੂੰ ਸਮਝਦਾ ਹੈ, ਨਾ ਸੁਣਨਾ ਚਾਹੁੰਦਾ ਹੈ। ਅਜਿਹਾ ਹੋਵੇ ਵੀ ਕਿਉਂ ਨਾ; ਕਿਉਂਕਿ ਲੋਕਾਂ ਦਾ ਅਰਬਾਂ-ਕਰੋੜਾਂ ਰੁਪਿਆ ਲੋਕਾਂ ਨੂੰ ਹੀ ਡਰਾਉਣ, ਲੁੱਟਣ ਤੇ ਉਨ੍ਹਾਂ ਦੀ ਸੋਚ ਨੂੰ ਗੁਲਾਮ ਬਣਾਉਣ ਲਈ ਖਰਚ ਹੋ ਰਿਹਾ ਹੈ। ਹੈਰਾਨੀ ਤਾਂ ਉਸ ਵਕਤ ਹੁੰਦੀ ਹੈ ਜਦੋਂ ਪੜ੍ਹੇ-ਲਿਖੇ ਲੋਕ ਜਿਨ੍ਹਾਂ ਵਿਚ ਡਾਕਟਰ, ਇੰਜੀਨੀਅਰ, ਇੱਥੋਂ ਤੱਕ ਕੇ ਸਾਇੰਸਦਾਨ ਵੀ ਹੁੰਦੇ ਹਨ, ਵੀ ਸਭ ਇਨ੍ਹਾਂ ਅਨਪੜ੍ਹ, ਅੱਧਪੜ੍ਹ ਤੇ ਅੰਧਵਿਸ਼ਵਾਸੀ ਲੋਕਾਂ ਵਿਚ ਜਾ ਰਲਦੇ ਹਨ।
ਪਿੱਛੇ ਜਿਹੇ ਇੰਡੀਆ ਨੇ ਇਕ ਮਿਜ਼ਾਈਲ ਬਣਾਈ। ਇਹ ਬੜੀ ਸਖ਼ਤ ਮਿਹਨਤ ਨਾਲ ਬਣਾਈ ਗਈ ਸੀ ਪਰ ਜਦ ਇਸ ਦੀ ਪਰਖ ਦਾ ਵਕਤ ਆਇਆ ਤਾਂ ਜੋਤਸ਼ੀ ਤੇ ਪੰਡਿਤ ਸੱਦ ਲਏ। ਪਹਿਲਾਂ ਮਹੂਰਤ ਕੱਢਿਆ ਗਿਆ ਕਿ ਕਿਸ ਦਿਨ ਤੇ ਕਿਸ ਟਾਈਮ ‘ਤੇ ਅੱਗ ਦਿੱਤੀ ਜਾਵੇ। ਕੀ ਕਿਸੇ ਇਕ ਵੀ ਸਾਇੰਸਦਾਨ ਵਿਚ ਇਹ ਕਹਿਣ ਦਾ ਹੌਸਲਾ ਨਹੀਂ ਸੀ ਕਿ ਇਹ ਸਭ ਢੌਂਗ ਹੈ। ਜੇ ਪੂਜਾ ਵਿਚ ਸੱਚੀਂ ਇੰਨੀ ਤਾਕਤ ਹੈ ਤਾਂ ਫਿਰ ਮਿਜ਼ਾਈਲ ਬਣਾਉਣ ਦੀ ਜ਼ਰੂਰਤ ਹੀ ਕਿਉਂ ਹੈ? ਪੂਜਾ ਕਰ ਕੇ ਹੀ ਸਾਰੇ ਦੁਸ਼ਮਣ ਦੇਸ਼ ਨੂੰ ਖ਼ਤਮ ਕਰਵਾ ਦਿੱਤਾ ਜਾਵੇ!
ਇਸ ਤਰ੍ਹਾਂ ਦੀਆਂ ਲੱਖਾਂ ਮਿਸਾਲਾਂ ਹਨ ਜੋ ਹਰ ਰੋਜ਼ ਸਾਹਮਣੇ ਆਉਂਦੀਆਂ ਹਨ। ਪਿੱਛੇ ਜਿਹੇ ਜਦੋਂ ‘ਨਾਸਾ’ ਵਾਲੇ ਉਪਰ ਪੁਲਾੜ ਵਿਚ ਗਏ ਤਾਂ ਇਸ ਟੀਮ ਵਿਚ ਸੁਨੀਤਾ ਵਿਲੀਅਮ ਵੀ ਸੀ। ਉਹ 6 ਮਹੀਨੇ ਪੁਲਾੜ ਵਿਚ ਰਹਿ ਕੇ ਵਾਪਸ ਆ ਰਹੀ ਸੀ ਤਾਂ ਫਲੋਰਿਡਾ ਵਿਚ ਮੌਸਮ ਬਹੁਤ ਖਰਾਬ ਹੋ ਗਿਆ। ਸ਼ਟਲ ਵਿਚ ਬਾਲਣ ਵੀ ਬਹੁਤ ਘੱਟ ਰਹਿ ਗਿਆ। ‘ਨਾਸਾ’ ਵਾਲਿਆਂ ਨੂੰ ਬਹੁਤ ਫਿਕਰ ਹੋ ਰਿਹਾ ਸੀ ਕਿ ਉਹ ਕੀ ਕਰਨ! ਉਨ੍ਹਾਂ ਸਾਰੀ ਪੁਣ-ਛਾਣ ਕਰ ਕੇ ਸ਼ਟਲ ਉਤਰਨ ਦੀ ਜਗ੍ਹਾ ਬਦਲ ਕੇ ਕੈਲੀਫੋਰਨੀਆ ਕਰ ਦਿੱਤੀ ਤੇ ਸ਼ਟਲ ਠੀਕ-ਠਾਕ ਥੱਲੇ ਉਤਰ ਆਈ; ਪਰ ਉਧਰ ਹਿੰਦੋਸਤਾਨ ਵਿਚ ਕੀ ਹੋਇਆ? ਜਿਨ੍ਹਾਂ ਲੋਕਾਂ ਨੂੰ ‘ਨਾਸਾ’ ਜਾਂ ‘ਨਾਸਾ’ ਦੇ ਮਿਸ਼ਨ ਨਾਲ ਕੋਈ ਵੀ ਮਤਲਬ ਨਹੀਂ ਸੀ ਅਤੇ ਸਿਰਫ ਇੰਨਾ ਹੀ ਪਤਾ ਸੀ ਕਿ ਸੁਨੀਤਾ ਵਿਲੀਅਮ ਇੰਡੀਆ ਤੋਂ ਹੈ, ਉਹ ਉਸ ਦੀ ਸਹੀ-ਸਲਾਮਤ ਵਾਪਸੀ ਲਈ ਪੂਜਾ ਤੇ ਜੱਗ ਕਰਵਾਉਣ ਲੱਗ ਪਏ। ਕਈ ਟਨ ਦੇਸੀ ਘਿਉ ਤੇ ਲੱਖਾਂ ਰੁਪਏ ਦੀ ਹੋਰ ਸਮੱਗਰੀ ਸਾੜ ਕੇ ਸਵਾਹ ਕਰ ਦਿੱਤੀ। ਦੁਨੀਆਂ ਨੂੰ ਟਨਾਂ ਦੇ ਹਿਸਾਬ ਨਾਲ ਪ੍ਰਦੂਸ਼ਨ ਦਿੱਤਾ।
ਅਸਲ ਵਿਚ ਹਰ ਧਰਮ ਦੇ ਚਲਾਕ ਲੋਕਾਂ ਨੇ ਆਪਣੇ ਹੀ ਲੋਕਾਂ ਨੂੰ ਲੁੱਟਣ ਦੇ ਤਰੀਕੇ ਬਣਾਏ ਹੋਏ ਹਨ ਅਤੇ ਨਿੱਤ ਨਵੇਂ ਬਣਾਏ ਜਾ ਰਹੇ ਹਨ। ਕਰੋੜਾਂ-ਅਰਬਾਂ ਰੁਪਏ ਲਾ ਕੇ ਧਾਰਮਿਕ ਸਥਾਨ ਬਣਾਏ ਗਏ ਹਨ ਅਤੇ ਨਿੱਤ ਹੋਰ ਨਵੇਂ ਬਣ ਰਹੇ ਹਨ। ਇਨ੍ਹਾਂ ਧਾਰਮਿਕ ਸਥਾਨਾਂ ਵਿਚ ਲੋਕਾਂ ਨੂੰ ਕਿਵੇਂ ਲੈ ਕੇ ਆਉਣਾ ਹੈ, ਤੇ ਉਥੇ ਜ਼ਿਆਦਾ ਪੈਸਾ ਕਿਵੇਂ ਚੜ੍ਹਾਇਆ ਜਾਵੇ, ਇਹ ਸਭ ਢੰਗ-ਤਰੀਕੇ ਵਰਤੇ ਜਾਂਦੇ ਹਨ। ਦਿਨ-ਦਿਹਾਰ ਮਨਾਏ ਜਾਂਦੇ ਹਨ ਅਤੇ ਆਪੋ-ਆਪਣੇ ਪੀਰਾਂ, ਗੁਰੂਆਂ ਤੇ ਦੇਵਤਿਆਂ ਦੇ ਨਾਮ ‘ਤੇ ਮੇਲੇ ਲਾਏ ਜਾਂਦੇ ਹਨ। ਇਸ ਸਭ ਦਾ ਸਿਵਾਏ ਪੈਸੇ ਇਕੱਠੇ ਕਰਨ ਅਤੇ ਪ੍ਰਦੂਸ਼ਣ ਫੈਲਾਉਣ ਤੋਂ ਹੋਰ ਕੋਈ ਮਤਲਬ ਨਹੀਂ ਹੈ। ਉਂਜ, ਅੱਜਕੱਲ੍ਹ ਇਹ ਮੇਲੇ ਤੇ ਦਿਨ-ਦਿਹਾਰ ਨੇਤਾਵਾਂ ਲਈ ਆਪਣੀਆਂ ਵੋਟਾਂ ਇਕੱਠੀਆਂ ਕਰਨ ਲਈ ਬਹੁਤ ਕੰਮ ਆਉਂਦੇ ਹਨ। ਜਿਸ ਗੁਰੂ ਜਾਂ ਪੀਰ ਬਾਰੇ ਦਿਨ-ਦਿਹਾਰ ਹੁੰਦਾ ਹੈ, ਉਸ ਬਾਰੇ ਜਾਂ ਉਸ ਦੇ ਕਿਸੇ ਵੀ ਚੰਗੇ ਵਿਚਾਰ ਬਾਰੇ ਕੋਈ ਗੱਲ ਨਹੀਂ ਹੁੰਦੀ, ਜਾਂ ਕਹਿ ਲਉ ਕਿ ਉਹ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੁੰਦੇ। ਲੋਕ ਬਿਨਾਂ ਸੋਚੇ-ਸਮਝੇ ਉਧਰ ਵਹੀਰਾਂ ਘੱਤ ਦਿੰਦੇ ਹਨ। ਚਾਹੇ ਕਿੰਨਾ ਵੀ ਨੁਕਸਾਨ ਕਿਉਂ ਨਾ ਹੋਵੇ!
ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਬੱਚੇ ਕੁਝ ਸਿੱਖਣ ਜਾਂਦੇ ਹਨ। ਉਹ 10 ਜਾਂ 15-20 ਸਾਲ ਪੜ੍ਹ-ਲਿਖ ਕੇ ਕੁਝ ਸਿੱਖਦੇ ਹਨ ਅਤੇ ਫਿਰ ਬਿਨਾਂ ਕਿਸੇ ਕੰਮ ਤੋਂ ਉਥੇ ਕਦੀ ਪੈਰ ਨਹੀਂ ਪਾਉਂਦੇ। ਦੂਜੇ ਬੰਨੇ, ਧਾਰਮਿਕ ਸਥਾਨ ਅਜਿਹੀ ਜਗ੍ਹਾ ਹੈ ਜਿੱਥੇ ਮਨੁੱਖ ਬਚਪਨ ਤੋਂ ਲੈ ਕੇ ਅੰਤ ਤੱਕ ਜਾਂਦਾ ਰਹਿੰਦਾ ਹੈ। ਇਨ੍ਹਾਂ ਸਥਾਨਾਂ ਤੋਂ ਮਨੁੱਖ ਸਾਰੀ ਉਮਰ ਸਿੱਖਦਾ ਕੁਝ ਵੀ ਨਹੀਂ ਹੈ, ਪਰ ਉਥੇ ਜਾਣ ਤੋਂ ਹਟਦਾ ਵੀ ਨਹੀਂ। ਇੱਥੋਂ ਤੱਕ ਕਿ ਚਾਰ ਲਫ਼ਜ਼ ਵੀ ਪਿਆਰ ਨਾਲ ਬੋਲਣੇ ਨਹੀਂ ਸਿੱਖਦਾ। ਹੁਣ ਜੇ ਅਸੀਂ ਸਾਰੀ ਜ਼ਿੰਦਗੀ ਇਨ੍ਹਾਂ ਧਾਰਮਿਕ ਸਥਾਨਾਂ ਤੋਂ ਕੁਝ ਨਹੀਂ ਸਿੱਖਦੇ, ਤਾਂ ਫਿਰ ਅਸੀਂ ਉਥੇ ਜਾ ਕੇ ਕਿਉਂ ਇਸ ਛੋਟੀ ਜਿਹੀ ਜ਼ਿੰਦਗੀ ਦਾ ਕੀਮਤੀ ਸਮਾਂ ਬਰਬਾਦ ਕਰਦੇ ਹਾਂ? ਕਿਉਂ ਨਵੀਂ ਪੀੜ੍ਹੀ ਨੂੰ ਵੀ ਅੰਧਵਿਸ਼ਵਾਸ ਦੀ ਇਸ ਭੱਠੀ ਵਿਚ ਡਾਹ ਰਹੇ ਹਾਂ? ਹੁਣ ਇੰਨੇ ਜ਼ਿਆਦਾ ਧਾਰਮਿਕ ਸਥਾਨ ਬਣ ਗਏ ਹਨ ਪਰ ਬਿਮਾਰੀਆਂ, ਭੁੱਖਮਰੀ ਤੇ ਲੜਾਈਆਂ-ਝਗੜੇ, ਮਾਰਾ-ਮਾਰੀ ਅੱਗੇ ਨਾਲੋਂ ਵੀ ਵਧ ਗਏ ਹਨ। ਕਿਉਂ ਭਲਾ?
ਅਸੀਂ ਹਿੰਦੋਸਤਾਨੀ, ਪਾਕਿਸਤਾਨੀ, ਬੰਗਲਾਦੇਸ਼ੀ ਤੇ ਅਰਬ ਦੇਸ਼ਾਂ ਦੇ ਲੋਕ ਸਭ ਤੋਂ ਜ਼ਿਆਦਾ ਸਮਾਂ ਧਾਰਮਿਕ ਕੰਮਾਂ ਵਿਚ ਬਰਬਾਦ ਕਰਦੇ ਹਾਂ, ਫਿਰ ਵੀ ਅਸੀਂ ਬਾਕੀ ਦੇਸ਼ਾਂ ਤੋਂ ਬਹੁਤ ਪਿੱਛੇ ਹਾਂ। ਸਾਰੀਆਂ ਕਾਢਾਂ ਦੂਜੇ ਦੇਸ਼ ਕੱਢਦੇ ਹਨ ਅਤੇ ਅਸੀਂ ਇਨ੍ਹਾਂ ਦਾ ਸੁੱਖ ਮਾਣਦੇ ਹੋਏ ਵੀ ਇਨ੍ਹਾਂ ਨੂੰ ਨਕਾਰਦੇ ਹਾਂ। ਸਾਇੰਸ ਦੇ ਬਣਾਏ ਟੀæਵੀæ ਉਤੇ ਅਸੀਂ ਧਾਰਮਿਕ ਅੰਧਵਿਸ਼ਵਾਸ ਫੈਲਾਉਣ ਵਾਲੇ ਪ੍ਰੋਗਰਾਮ ਦੇਖੀ-ਦਿਖਾਈ ਜਾ ਰਹੇ ਹਾਂ। ਇੰਡੀਆ ਦਾ ਕੋਈ ਵੀ ਚੈਨਲ ਲਾ ਲਉ, ਸਵੇਰੇ ਸ਼ਾਮ ਇਕ ਬੰਦਾ ਝੂਠ ਬੋਲ ਰਿਹਾ ਹੁੰਦਾ ਹੈ ਤੇ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਉਸ ਦੇ ਅੱਗੇ ਬੈਠੇ ਹੋਏ ਹੁੰਦੇ ਹਨ। ਲੋਕ ਹਰ ਰੋਜ਼ ਅੱਖਾਂ ਮੀਟ ਕੇ ਉਥੇ ਤੁਰ ਜਾਂਦੇ ਹਨ ਅਤੇ ਇਹ ਸਿਲਸਿਲਾ ਸਾਲਾਂ ਤੋਂ ਤੁਰਿਆ ਆਉਂਦਾ ਹੈ, ਸਗੋਂ ਨਿੱਤ ਦਿਨ ਵਧਦਾ ਹੀ ਜਾਂਦਾ ਹੈ। ਕਿਉਂ? ਕਿਉਂਕਿ ਚਲਾਕ ਲੋਕਾਂ ਨੂੰ ਸਾਂਸੀਆਂ ਦੇ ਮੁੰਡਿਆਂ ਵਾਂਗ ਪਤਾ ਹੈ ਕਿ ਇਨ੍ਹਾਂ ਲੋਕਾਂ ਨੂੰ ਕਾਬੂ ਕਿਵੇਂ ਕਰਨਾ ਹੈ! ਸੋ, ਇਸ ਸਭ ਬਾਰੇ ਸੋਚਣ ਦੀ ਲੋੜ ਹੈ। ਖੁਦ ਸੋਚੋ, ਤਾਂ ਤੁਹਾਨੂੰ ਆਪਣੇ ਆਪ ਜਵਾਬ ਮਿਲੇਗਾ। ਸੱਚ ਨੂੰ ਪਛਾਣੋ। ਤਰਕਸ਼ੀਲ ਸੁਸਾਇਟੀ ਅੰਧਵਿਸ਼ਵਾਸ ਖਤਮ ਕਰਨ, ਭੂਤ-ਪ੍ਰੇਤ ਦੇ ਕਿੱਸਿਆਂ ਦਾ ਫਸਤਾ ਵੱਢਣ ਅਤੇ ਲੋਕਾਂ ਨੂੰ ਜਾਦੂ-ਟੂਣੇ ਦੇ ਝੂਠ ਤੋਂ ਨਿਜਾਤ ਦਿਵਾਉਣ ਲਈ ਦਹਾਕਿਆਂ ਤੋਂ ਕੰਮ ਕਰ ਰਹੀ ਹੈ। ਆਉ ਸਾਰੇ ਰਲ ਕੇ ਕਾਫਲਾ ਬਣਾਈਏ।

Be the first to comment

Leave a Reply

Your email address will not be published.