ਕੁੰਜੀ ਮਰੋੜੀਏ

ਬਲਜੀਤ ਬਾਸੀ
ਚਾਬੀ ਵਾਲਾ ਲੇਖ ਪੜ੍ਹ ਕੇ ਕਈ ਪਾਠਕਾਂ ਨੇ ਸੋਚਿਆ ਹੋਵੇਗਾ ਕਿ ਜੇ ਪੰਜਾਬੀ ਵਿਚ ਕੁੰਜੀ ਸ਼ਬਦ ਚਾਬੀ ਨਾਲੋਂ ਵੱਧ ਪੁਰਾਣਾ ਹੈ ਤਾਂ ਫਿਰ ਕੁੰਜੀ ਬਾਰੇ ਪਹਿਲਾਂ ਕਿਉਂ ਨਹੀਂ ਲਿਖਿਆ? ਉਜਰ ਸਹੀ ਨਹੀਂ ਹੋਵੇਗਾ ਕਿਉਂਕਿ ਕੁੰਜੀ ਬਾਰੇ ਅੱਜ ਤੋਂ ਇੱਕ ਦਹਾਕਾ ਪਹਿਲਾਂ ਲਿਖਿਆ ਜਾ ਚੁਕਾ ਹੈ। ਉਦੋਂ ਵਧੇਰੇ ਜ਼ੋਰ ਇੱਕ ਇਤਿਹਾਸਕ ਘਟਨਾ ਦੌਰਾਨ ਕੁੰਜੀ ਸ਼ਬਦ ਤੋਂ ਪੈਦਾ ਹੋਈ ਹਾਸੋਹੀਣੀ ਸਥਿਤੀ ਦਾ ਕਿੱਸਾ ਸੁਣਾਉਣ Ḕਤੇ ਸੀ, ਇਸ ਸ਼ਬਦ ਦੀ ਵਿਉਤਪਤੀ ‘ਤੇ ਤਾਂ ਸਰਸਰੀ ਜਿਹਾ ਹੀ ਲਿਖਿਆ ਸੀ। ਨਵੇਂ ਪਾਠਕਾਂ ਲਈ ਅੱਜ ਵੀ ਉਸ ਨੂੰ ਦੁਹਰਾਵਾਂਗਾ ਪਰ ਫੋਕਸ ਕੁੰਜੀ ਦਾ ਜਿੰਦਾ ਖੋਲ੍ਹਣ ‘ਤੇ ਰਹੇਗਾ।

ਇਹ ਕਿੱਸਾ ਪੰਜਾਬੀ ਤ੍ਰੈਮਾਸਕ ‘ਸਿਰਜਣਾ’ ਦੇ ਕਿਸੇ ਅੰਕ ਵਿਚ ਸੁਰਜੀਤ ਹਾਂਸ ਨੇ ਛੇੜਿਆ ਸੀ ਤੇ ਇਸ ਦਾ ਰੌਚਿਕ ਅੰਤ ਪੰਜਾਬੀ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਕਿਸੇ ਅਗਲੇ ਅੰਕ ਵਿਚ ਕੀਤਾ ਸੀ। ਆਪਣੇ ਸ਼ਬਦਾਂ ਵਿਚ ਸੁਣਾ ਰਿਹਾ ਹਾਂ:
ਸੈਮੀਨਾਰਾਂ, ਗੋਸ਼ਟੀਆਂ ਵਿਚ ਚਰਚਾ ਅਧੀਨ ਵਿਸ਼ੇ ਦਾ ਖੋਲ੍ਹ ਕੇ ਵਿਖਿਆਨ ਕਰਨ ਲਈ ਅਰੰਭ ਵਿਚ ਕਿਸੇ ਵੱਡੇ ਵਿਦਵਾਨ ਦਾ ਭਾਸ਼ਣ ਕਰਾਇਆ ਜਾਂਦਾ ਹੈ, ਜਿਸ ਨੂੰ ਕੁੰਜੀਵਤ ਭਾਸ਼ਣ ਕਿਹਾ ਜਾਂਦਾ ਹੈ। ਕੁੰਜੀਵਤ ਸ਼ਬਦ ਅੰਗਰੇਜ਼ੀ ਪਦ ਖਏਨੋਟe (ਕੀਨੋਟ) ਲਈ ਕਿਸੇ ਸੰਗੀਤ ਤੋਂ ਕੋਰੇ ਬੰਦੇ ਨੇ ਅਨੁਵਾਦਿਆ ਹੈ। ਇਹ ਤਾਂ ਨਹੀਂ ਪਤਾ ਕਿ ਇਸ ਸ਼ਬਦ ਦਾ ਜਨਮਦਾਤਾ ਕੌਣ ਹੋਵੇਗਾ ਪਰ ਉਸ ਦੀ ਸੰਤਾਨ ਆਪਣੇ ਜਨਮ ਦਿਨ ਤੋਂ ਹੀ ਪੰਜਾਬੀ-ਹਿੰਦੀ ਸੈਮੀਨਾਰਾਂ ਦੀ ਸ਼ਿੰਗਾਰ ਬਣੀ ਪਈ ਹੈ। ਭਲੇ ਪੁਰਖ ਨੇ ਅੰਗਰੇਜ਼ੀ ਸ਼ਬਦ ਵਿਚ ‘ਕੀ’ ਦੇਖਿਆ ਤੇ ਝੱਟ ਇਸ ਦੀ ਪਛਾਣ ਪੰਜਾਬੀ ਕੁੰਜੀ ਨਾਲ ਕਰ ਦਿੱਤੀ। ਉਸ ਦੀ ਕਿਸਮਤ ਨੂੰ ਪੰਜਾਬੀ ਵਿਚ ਪਹਿਲਾਂ ਵੀ ਕੁੰਜੀਵਤ ਸ਼ਬਦ ਚਲਦਾ ਸੀ ਜਿਸ ਦਾ ਭਾਵ ‘ਮੁਖ’ ਲਿਆ ਜਾਂਦਾ ਹੈ ਜਿਵੇਂ ‘ਕੀ ਇੰਡਸਟਰੀ’ ਨੂੰ ਅਸੀਂ ‘ਕੁੰਜੀਵਤ ਉਦਯੋਗ’ ਕਹਿ ਸਕਦੇ ਹਾਂ ਅਰਥਾਤ ਮੁਖ ਉਦਯੋਗ-ਅਜਿਹੇ ਉਦਯੋਗ ਜੋ ਹੋਰ ਛੋਟੇ ਉਦਯੋਗਾਂ ਦੇ ਪ੍ਰਫੁਲਿਤ ਹੋਣ ਲਈ ਰਾਹ ਖੋਲ੍ਹਦੇ ਹਨ। ਮੇਰੇ ਵਰਗੇ ਸਫਲਤਾ ਦੀਆਂ ਕੁੰਜੀਆਂ ਪੜ੍ਹ ਕੇ ਪਾਸ ਹੋਏ ਇਸ ਸ਼ਖਸ ਨੇ ਸਮਝਿਆ ਕਿ ‘ਕੀਨੋਟ’ ਭਾਸ਼ਣ ਇਕ ਕੁੰਜੀ ਵਰਗਾ ਕੰਮ ਕਰਦਾ ਹੈ ਜੋ ਹੋਣ ਜਾ ਰਹੀ ਚਰਚਾ ਦੇ ਮਸਲਿਆਂ ਨੂੰ ਜਿੰਦੇ ਵਾਂਗ ਖੋਲ੍ਹਦਾ ਹੈ।
ਇਸ ਅਗਿਆਤ ਭਲੇਮਾਣਸ ਨੇ ਇਹ ਨਹੀਂ ਦੇਖਿਆ ਕਿ ਉਸ ਦਾ ਵਾਹ ਇਕ ਵੱਡੇ ਸ਼ਬਦ ‘ਕੀਨੋਟ’ ਨਾਲ ਹੈ ਤੇ ਇਸ ਦਾ ਕੋਈ ਹੋਰ ਅਰਥ ਹੋ ਸਕਦਾ ਹੈ। ਦਰਅਸਲ ਇਹ ਸ਼ਬਦ ਸੰਗੀਤ ਨਾਲ ਸਬੰਧ ਰਖਦਾ ਹੈ ਜਿੱਥੇ ‘ਕੀ’ ਲਈ ਪੰਜਾਬੀ ਸ਼ਬਦ ਸੁਰ ਹੁੰਦਾ ਹੈ। ‘ਕੀਨੋਟ’ ਪੱਛਮੀ ਸਿੰਫਨੀ ਸੰਗੀਤ ਵਿਚ ਪ੍ਰਧਾਨ ਸੁਰ ਹੁੰਦੀ ਹੈ ਜਿਵੇਂ ਬੈਥੋਵੀਨ ਦੀ ਸਿੰਫਨੀ ਨੰਬਰ 9, ਬੀ ਫਲੈਟ। ਪਰ ਸਾਡੇ ਵਿਦਵਾਨਾਂ ਨੇ ‘ਕੀ’ ਦਾ ਅਨੁਵਾਦ ਸੁਰ ਕਰਨ ਦੀ ਥਾਂ ਕੁੰਜੀ ਕਰ ਦਿੱਤਾ।
ਮੋਨੀਅਰ ਵਿਲੀਅਮਜ਼ ਦੇ ਸੰਸਕ੍ਰਿਤ-ਅੰਗਰੇਜ਼ੀ ਕੋਸ਼ ਵਿਚ ‘ਅੰਸ਼ਸਵਰ’ ਦਾ ਅੰਗਰੇਜ਼ੀ ਮਾਅਨਾ ‘ਕੀਨੋਟ’ ਦਿੱਤਾ ਹੋਇਆ ਹੈ। ਅੰਸ਼ ਦਾ ਅਰਥ ਮੋਢਾ ਹੁੰਦਾ ਹੈ ਅਰਥਾਤ ਉਹ ਸੁਰ ਜਿਸ ਦੇ ਮੋਢੇ ਚੜ੍ਹ ਕੇ ਰਾਗ ਤੁਰਦਾ ਹੈ। ਕੀਨੋਟ ਭਾਸ਼ਣ ਦਾ ਅਰਥ ਵੀ ਉਹ ਕੇਂਦਰੀ ਵਿਚਾਰ ਹੈ ਜਿਸ ‘ਤੇ ਬਹਿਸ ਕੀਤੀ ਜਾਣੀ ਹੁੰਦੀ ਹੈ। ਪਰ ਇਸ ਚਰਚਾ ਦਾ ਇਹ ਭਾਵ ਨਾ ਲਿਆ ਜਾਵੇ ਕਿ ਹੁਣ ਅਸੀਂ ਇਸ ਪ੍ਰਚਲਿਤ ਹੋ ਚੁਕੇ ਸ਼ਬਦ ਨੂੰ ਬਦਲ ਦੇਈਏ। ਹਰ ਭਾਸ਼ਾ ਵਿਚ ਅਜਿਹੇ ਬੇਸ਼ੁਮਾਰ ਸ਼ਬਦ ਮਿਲ ਜਾਂਦੇ ਹਨ, ਜਿਨ੍ਹਾਂ ਨੂੰ ਕਿਸੇ ਗਲਤ ਸਮਝੀ ਕਾਰਨ ਘੜ ਲਿਆ ਜਾਂਦਾ ਹੈ।
ਕੀਨੋਟ ਬਾਰੇ ਸ਼ ਹਾਂਸ ਦੇ ਇਸ ‘ਕੁੰਜੀਵਤ’ ਉਲੇਖ ਨੂੰ ਸ਼ ਭੁੱਲਰ ਨੇ ਹੋਰ ਪ੍ਰਸੰਗ ਦਿੱਤੇ। ਸ਼ ਭੁੱਲਰ ਉਨ੍ਹੀਂ ਦਿਨੀਂ ਸੋਵੀਅਤ ਰਸਾਲੇ ‘ਸੋਵੀਅਤ ਦਰਪਨ’ ਵਿਚ ਅਨੁਵਾਦਕ ਅਤੇ ਸੰਪਾਦਕ ਦਾ ਕੰਮ ਕਰਦੇ ਸਨ। ਬਰੈਜ਼ਨੇਵ ਦੇ ਇਕ ਭਾਰਤ ਦੌਰੇ ਸਮੇਂ ਇੰਦਰਾ ਗਾਂਧੀ ਨਾਲ ਕੁਝ ਸਮਝੌਤੇ ਸਹੀਬੰਦ ਕੀਤੇ ਗਏ। ਹਰ ਸਮਝੌਤੇ ਦੇ ਅੰਤ ‘ਤੇ ਇਹ ਲਿਖਿਆ ਹੁੰਦਾ ਸੀ, “ਇਹ ਸਮਝੌਤਾ ਰੂਸੀ, ਹਿੰਦੀ ਅਤੇ ਅੰਗਰੇਜ਼ੀ ਵਿਚ ਸਹੀਬੰਦ ਕੀਤਾ ਗਿਆ ਹੈ ਜੋ ਤਿੰਨੇ ਰੂਪ ਪ੍ਰਮਾਣਕ ਹਨ।” ਸੱਚਾਈ ਇਹ ਸੀ ਕਿ ਅਫਸਰਾਂ ਦੀ ਸਾਰੀ ਆਪਸੀ ਗੱਲਬਾਤ ਅੰਗਰੇਜ਼ੀ ‘ਚ ਹੁੰਦੀ ਸੀ ਤੇ ਹੋਏ ਸਮਝੌਤੇ ਦੇ ਪਾਠ ਦਾ ਰੂਸੀ ਤੇ ਹਿੰਦੀ ਵਿਚ ਅਨੁਵਾਦ ਕਰ ਲਿਆ ਜਾਂਦਾ ਸੀ। ਬਾਅਦ ਵਿਚ ਇਨ੍ਹਾਂ ਉਤੇ ਨੇਤਾਵਾਂ ਦੀ ਘੁਗੀ ਮਰਵਾ ਲਈ ਜਾਂਦੀ ਸੀ।
ਇਹ ਦਸਤਾਵੇਜ਼ ‘ਸੋਵੀਅਤ ਦਰਪਨ’ ਵਿਚ ਵੀ ਛਾਪੇ ਜਾਂਦੇ ਸਨ। ਹਿੰਦੀ ਵਾਲੇ ਅੰਗਰੇਜ਼ੀ ਦਸਤਾਵੇਜ਼ ਦਾ ਹਿੰਦੀ ਵਿਚ ਅਨੁਵਾਦ ਕਰਨ ਲਈ ਝਖ ਮਾਰਦੇ ਰਹਿੰਦੇ ਸਨ ਪਰ ਸ਼ ਭੁੱਲਰ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਇਹ ਵਾਧੂ ਦੀ ਮਿਹਨਤ ਕਿਉਂ ਕਰਦੇ ਹਨ? ਸਰਕਾਰੀ ਅਨੁਵਾਦ ਹੋਇਆ ਪਿਆ ਹੈ ਜੋ ਕਿ ਪ੍ਰਮਾਣਤ ਵੀ ਹੈ, ਉਹੀ ਮੰਗਵਾ ਕੇ ਕੰਮ ਨਿਬੇੜਨ। ਉਨ੍ਹਾਂ ਭੁੱਲਰ ਦੀ ਗੱਲ ‘ਤੇ ਫੁੱਲ ਚੜ੍ਹਾਉਂਦਿਆਂ ਫਟਾਫਟ ਭਾਰਤ ਸਰਕਾਰ ਦੇ ਸੂਚਨਾ ਬਿਊਰੋ ਤੋਂ ਉਹ ਹਿੰਦੀ ਅਨੁਵਾਦ ਮੰਗਵਾ ਲਿਆ। ਪਰੂਫ ਪੜ੍ਹਦੇ ਸਮੇਂ ਨਾਲ ਬੈਠੇ ਹਿੰਦੀ ਦੇ ਸੰਪਾਦਕ ਨੇ ਸ਼ ਭੁੱਲਰ ਨੂੰ ਕਿਹਾ, “ਭੁੱਲਰ ਜੀ, ਇਹ ਰੂਸੀ ਹੁਣ ਸਾਡੇ ਲਈ ਮੋਮਬੱਤੀਆਂ ਤੇ ਦੀਵੇ ਬਣਾਇਆ ਕਰਨਗੇ?” ਪਿੜ ਪੱਲੇ ਕੋਈ ਗੱਲ ਨਾ ਪਈ ਤਾਂ ਸ਼ ਭੁੱਲਰ ਨੇ ਪੁੱਛ ਹੀ ਲਿਆ। ਉਸ ਨੂੰ ਦੱਸਿਆ ਗਿਆ ਕਿ ਸਮਝੌਤੇ ਵਾਲੇ ਦਸਤਾਵੇਜ਼ ਵਿਚ ‘ਰੋਸ਼ਨੀ ਉਦਯੋਗੋਂ ਮੇਂ ਸਹਿਯੋਗ’ ਲਿਖਿਆ ਹੋਇਆ ਹੈ। ਸ਼ ਭੁੱਲਰ ਖੁਦ ਪਹਿਲਾਂ ਇਸ ਦਾ ਅਨੁਵਾਦ ਪੰਜਾਬੀ ਵਿਚ ਕਰ ਚੁਕੇ ਸਨ, ਇਸ ਲਈ ਉਹ ਭੇਤ ਵਾਲੀ ਗੱਲ ਸਮਝ ਗਏ।
ਗੱਲ ਇਸ ਤਰ੍ਹਾਂ ਹੋਈ ਕਿ ਸਰਕਾਰ ਦੇ ਗੁਣੀ ਅਨੁਵਾਦਕਾਂ ਨੇ ਲਾਈਟ ਇੰਡਸਟਰੀ ਦਾ ਅਨੁਵਾਦ ‘ਹਲਕੇ ਉਦਯੋਗ’ ਦੀ ਥਾਂ ‘ਰੋਸ਼ਨੀ ਉਦਯੋਗ’ ਕਰ ਦਿੱਤਾ ਸੀ। ਲਾਈਟ ਦੇ ਦੋਵੇਂ ਅਰਥ ਹੁੰਦੇ ਹਨ-ਰੋਸ਼ਨੀ ਵੀ ਤੇ ਹਲਕਾ ਵੀ! ਦਫਤਰ ਦੇ ਲੋਕ ਹੈਰਾਨ ਪ੍ਰੇਸ਼ਾਨ ਹੋ ਗਏ। ਇਕ ਮੁਲਾਜ਼ਮ ਨੂੰ ਸੂਚਨਾ ਬਿਊਰੋ ਭੇਜਿਆ ਗਿਆ। ਉਹ ਜਦ ਬਿਊਰੋ ਦਫਤਰ ਅੱਪੜਿਆ ਤਾ ਉਸ ਨੇ ਦੇਖਿਆ ਕਿ ਸਬੰਧਤ ਕਰਮਚਾਰੀ ਮੇਜ਼ ‘ਤੇ ਲੱਤਾਂ ਰੱਖੀ ਬੀੜੀ ‘ਤੇ ਬੀੜੀ ਪੀਵੀ ਜਾ ਰਿਹਾ ਸੀ। ਉਸ ਨੂੰ ਜਦ ਸਾਰੀ ਗੱਲ ਦੱਸੀ ਗਈ ਤਾਂ ਉਸ ਨੇ ਇਕ ਲੱਤ ਚੱਕ ਕੇ ਦੂਜੀ ‘ਤੇ ਰੱਖੀ ਤੇ ਖਿੜਖਿੜਾ ਕੇ ਹੱਸ ਪਿਆ। ਬੀੜੀ ਦੀ ਰਾਖ ਝਾੜਦਿਆਂ ਉਹ ਬੋਲਿਆ, “ਸ੍ਰੀ ਮਾਨ ਜੀ ਇਹ ਤਾਂ ਕੁਝ ਵੀ ਨਹੀਂ। ਇਕ ਵਾਰ ਇਕ ਅਫਰੀਕੀ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਸੀ ਤੇ ਉਸ ਨਾਲ ਹੋਏ ਭਾਰਤ ਸਰਕਾਰ ਦੇ ਸਮਝੌਤੇ ਦੀ ਮੂਲ ਅੰਗਰੇਜ਼ੀ ਦਾ ਹਿੰਦੀ ਵਿਚ ਅਨੁਵਾਦ ਕਰਦਿਆਂ ਸਾਡੇ ਅਨੁਵਾਦਕ ਨੇ ‘ਕੀ-ਇੰਡਸਟਰੀਜ਼’ ਦਾ ਅਨੁਵਾਦ ‘ਚਾਬੀਆਂ ਬਨਾਨੇ ਕਾ ਉਦਯੋਗ’ ਕਰ ਦਿੱਤਾ। ਕੁਝ ਨਹੀਂ ਸੀ ਹੋਇਆ। ਦਸਤਖਤ ਉਸੇ ਤਰ੍ਹਾਂ ਹੋ ਗਏ ਸਨ। ਕੰਮ ਅੰਗਰੇਜ਼ੀ ਅਨੁਸਾਰ ਹੁੰਦਾ ਹੈ, ਹਿੰਦੀ ਰੂਪ ਫਾਈਲ ਵਿਚ ਲੱਗ ਜਾਂਦਾ ਹੈ। ਬਾਅਦ ਵਿਚ ਹਿੰਦੀ ਦੇ ਸੰਪਾਦਕ ਨੇ ਕਿਸੇ ਆਪਣੇ ਜਾਣੂ ਐਮ. ਪੀ. ਤੋਂ ਪਾਰਲੀਮੈਂਟ ਵਿਚ ਵੀ ਸਵਾਲ ਪੁਛਾਇਆ ਪਰ ਸਾਰੀ ਗੱਲ ਨੂੰ ਰੌਲੇ-ਗੌਲੇ ਦਾ ਜਿੰਦਾ ਲੱਗ ਗਿਆ। ਜੋ ਹੋਣਾ ਸੀ ਉਹ ਤਾਂ ਹੋ ਗਿਆ ਸੀ, ਦੋਵਾਂ ਦੇਸ਼ਾਂ ਦੇ ਮੁਖੀਆਂ ਦੇ ਹੱਥ ਵੱਢੇ ਜਾ ਚੁਕੇ ਸਨ!!
ਚਾਬੀ ਲਈ ਕੁੰਜੀ ਸ਼ਬਦ ਅਸੀਂ ਆਪਣੇ ਬਚਪਨ ਤੋਂ ਹੀ ਵਰਤਦੇ ਆਏ ਹਾਂ। ਲੋਕਯਾਨ ਵਿਚ ਕੁੰਜੀ ਸ਼ਬਦ ਦਾ ਬੋਲਬਾਲਾ ਹੈ। ਸੱਸਾਂ ਘਿਉ ਦੇ ਡੱਬੇ ਨੂੰ ਜਿੰਦਾ ਲਾ ਕੁੰਜੀ ਆਪਣੇ ਨਾਲੇ ਨਾਲ ਬੰਨ੍ਹ ਰੱਖਦੀਆਂ ਸਨ। ਦੀਪਕ ਜੈਤੋਈ ਦਾ ਲਿਖਿਆ ਅਤੇ ਨਰਿੰਦਰ ਬੀਬਾ ਦਾ ਗਾਇਆ ਗੀਤ ‘ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ’ ਕਿਸੇ ਵੇਲੇ ਖੂਬ ਹਰਮਨਪਿਆਰਾ ਸੀ। ਕਿਸੇ ਵੇਲੇ ਹਰ ਕੋਈ ‘ਸਫਲਤਾ ਦੀ ਕੁੰਜੀ’ ਪੜ੍ਹ ਕੇ ਜਮਾਤਾਂ ਦਾ ਭਵਸਾਗਰ ਪਾਰ ਕਰਦਾ ਸੀ। ਆਹ ਤਾਂ ਅਜੇ ਹਾਲ ਦੀ ਹੀ ਗੱਲ ਹੈ, ਸੁਨੀਲ ਜਾਖੜ ਨੇ ਅਕਾਲੀਆਂ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਸੀ ਕਿ ‘ਕੁੰਜੀਆਂ’ ਵਿਚੋਂ ਨਕਲ ਮਾਰ ਕੇ ਪੜ੍ਹਨ ਵਾਲੇ ਅਕਾਲੀਆਂ ਨੂੰ ਇਤਿਹਾਸ ਦੀ ਜਾਣਕਾਰੀ ਹੀ ਨਹੀਂ ਹੈ। ਅਜਿਹੇ ਵਿਚ ਉਨ੍ਹਾਂ ਨੂੰ ਕਿਸੇ ਵੀ ਪੁਸਤਕ ‘ਤੇ ਬੋਲਣ ਤੋਂ ਪਹਿਲਾਂ ਇਤਿਹਾਸ ਦੀ ਜਾਣਕਾਰੀ ਲੈਣੀ ਚਾਹੀਦੀ ਹੈ…।
ਕੁੰਜੀ ਸਿਰਫ ਜਿੰਦਾ ਖੋਲ੍ਹਣ ਵਾਲੀ ਕਲਾ ਨੂੰ ਹੀ ਨਹੀਂ ਕਿਹਾ ਜਾਂਦਾ, ਇਹ ਗੂੜ੍ਹ ਲਿਖਤਾਂ ਸਮਝਣ ਲਈ ਸੁਖੈਨ ਭਾਸ਼ਾ ਵਿਚ ਦਿੱਤੇ ਅਰਥ ਲਈ ਵੀ ਵਰਤਿਆ ਜਾਂਦਾ ਪਦ ਹੈ। ਭਾਈ ਗੁਰਦਾਸ ਦੀਆਂ ਵਾਰਾਂ ਨੂੰ ‘ਗੁਰਬਾਣੀ ਦੀ ਕੁੰਜੀ’ ਕਿਹਾ ਗਿਆ ਹੈ। ਇਥੇ ਕੁੰਜੀ ਤੋਂ ਭਾਵ ਹੈ, ਗੁਰਮਤਿ ਸਿਧਾਂਤਾਂ ਦੀ ਅਧਿਕਾਰਤ ਢੰਗ ਨਾਲ ਵਿਆਖਿਆ।
ਗੁਰੂ ਗ੍ਰੰਥ ਸਾਹਿਬ ਵਿਚ ਕੁੰਜੀ ਸ਼ਬਦ ਆਇਆ ਹੈ, “ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ॥” (ਗੁਰੂ ਅੰਗਦ ਦੇਵ) ਅਤੇ “ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ॥” (ਗੁਰੂ ਅਮਰ ਦਾਸ)। ਕੁੰਜੀ ਸ਼ਬਦ ਦਾ ਸੰਸਕ੍ਰਿਤ ਰੂਪ ਹੈ, ਕੁੰਚਿਕਾ ਜੋ ਪ੍ਰਾਕ੍ਰਿਤ ਵਿਚ ਕੁੰਚਿਯਾ ਹੋਇਆ। ਉਂਜ ਸੰਸਕ੍ਰਿਤ ਵਿਚ ਇਸ ਦੇ ਰੁਪਾਂਤਰ ਕੁਚਿਕਾ ਅਤੇ ਕੁਰਚਿਕਾ ਵੀ ਮਿਲਦੇ ਹਨ। ਹੋਰ ਕਈ ਹਿੰਦ-ਆਰੀਆਈ ਭਾਸ਼ਾਵਾਂ ਵਿਚ ਇਸ ਨਾਲ ਮਿਲਦੇ-ਜੁਲਦੇ ਸ਼ਬਦ ਹਨ ਜਿਵੇਂ ਪਾਲੀ ਕੁੰਚਿਕਾ, ਪਹਾੜੀ ਅਤੇ ਨੈਪਾਲੀ ਕੁੰਜੀ, ਬੰਗਾਲੀ ਕੂੰਜੀ, ਮਰਾਠੀ ਕੁੰਜੀ, ਕਸ਼ਮੀਰੀ ਕੂੰਜ਼ੂ ਅਤੇ ਉੜੀਆ ਕੁੰਚੀ। ਆਖਰੀ ਕੁੰਚੀ ਰੂਪ ਭਗਤ ਕਬੀਰ ਨੇ ਵੀ ਵਰਤਿਆ ਹੈ, “ਦਸਵੈ ਦੁਆਰਿ ਕੁੰਚੀ ਜਬ ਦੀਜੈ।” ਇਸ ਸ਼ਬਦ ਦੇ ਰੂਪ ਜਾਵਾ ਰਾਹੀਂ ਸਮਾਟਰਾ, ਮਲਾਇਆ, ਥਾਈਲੈਂਡ ਵਿਚ ਵੀ ਪੁੱਜ ਗਏ।
ਗ਼ ਸ਼ ਰਿਆਲ ਨੇ ਆਪਣੇ ਨਿਰੁਕਤ ਕੋਸ਼ ਵਿਚ ਇਹ ਤਾਂ ਦੱਸਿਆ ਹੈ ਕਿ ਇਸ ਦਾ ਸੰਸਕ੍ਰਿਤ ਰੂਪ ਕੁੰਚਿਕਾ ਹੈ ਪਰ ਇਸ ਦੇ ਧਾਤੂ ਵੱਲ ਸੰਕੇਤ ਨਹੀਂ ਕੀਤਾ। ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਨੇ ਇਸ ਨੂੰ ਕੰਚ ਧਾਤੂ ਤੋਂ ਬਣਿਆ ਦੱਸਿਆ ਹੈ ਜਿਸ ਵਿਚ ਬੰਨ੍ਹਣ ਦਾ ਭਾਵ ਹੈ। ਚੋਲੀ, ਅੰਗੀ ਦੇ ਅਰਥਾਂ ਵਾਲੇ ਕੰਚੁਕੀ, ਕਾਂਚਲੀ ਜਿਹੇ ਦੇਸੀ ਸ਼ਬਦ ਇਸ ਬੰਨ੍ਹਣ ਦੇ ਭਾਵ ਤੋਂ ਹੀ ਵਿਕਸਿਤ ਹੁੰਦੇ ਹਨ ਕਿਉਂਕਿ ਕੋਈ ਵੀ ਪਹਿਰਾਵਾ ਇੱਕ ਤਰ੍ਹਾਂ ਸਰੀਰ ‘ਤੇ ਬੰਨ੍ਹਿਆ ਹੀ ਜਾਂਦਾ ਹੈ। ਪਰ ਜਿਸ ਤਰ੍ਹਾਂ ਉਨ੍ਹਾਂ ਬੰਨ੍ਹਣ ਤੋਂ ਕੁੰਜੀ ਦਾ ਵਿਕਾਸ ਦੱਸਿਆ ਹੈ, ਉਹ ਕੁਝ ਗਲੇ ਨਹੀਂ ਉਤਰਦਾ। ਉਨ੍ਹਾਂ ਦੇ ਹੀ ਸ਼ਬਦਾਂ ਵਿਚ, “ਕੰਚ/ਕੁੰਚ ਵਿਚ ਨਿਹਿਤ ਬੰਨ੍ਹਣ ਦਾ ਭਾਵ ਕੁੰਚਿਕਾ ਵਿਚ ਬੰਧਨਮੁਕਤੀ ਦਾ ਅਰਥ ਗ੍ਰਹਿਣ ਕਰ ਲੈਂਦਾ ਹੈ। ਤਾਲੇ ਵਿਚ ਜੋ ਬੰਧਨਕਾਰੀ ਭਾਵ ਹੈ, ਉਸ ਵੱਲ ਗੌਰ ਕਰੋ। ਘਰ ਨੂੰ ਬੰਦ ਕਰਨ ਦਾ ਕੰਮ ਦਰਵਾਜ਼ੇ ਦੇ ਪੱਲੇ ਕਰਦੇ ਹਨ। ਪੱਲਿਆਂ ‘ਤੇ ਵੀ ਤਾਲੇ ਦਾ ਬੰਧਨ ਸੁਰੱਖਿਆ ਨੂੰ ਪੱਕਿਆਂ ਕਰਦਾ ਹੈ। ਇਸ ਬੰਧਨ ਤੋਂ ਮੁਕਤੀ ਦਿਵਾ ਰਹੀ ਹੈ, ਕੁੰਜੀ ਅਰਥਾਤ ਚਾਬੀ।” ਬੰਨ੍ਹਣ ਦਾ ਭਾਵ ਆਪਣੇ ਤੋਂ ਉਲਟ ਖੋਲ੍ਹਣ ਵਿਚ ਪਲਟ ਜਾਣ ਦੀ ਇਹ ਵਿਆਖਿਆ ਪੁਹੰਦੀ ਨਹੀਂ।
ਮੋਨੀਅਰ ਵਿਲੀਅਮਜ਼ ਅਤੇ ਹੋਰ ਸੰਸਕ੍ਰਿਤ ਸ੍ਰੋਤ ਕੁੰਚ ਵਿਚ ਮੋੜਨ, ਵਿਕ੍ਰਿਤ ਕਰਨ ਦੇ ਅਰਥ ਦੱਸ ਰਹੇ ਹਨ। ਜਿੰਦਰਾ ਖੋਲ੍ਹਣ ਲਈ ਕੁੰਜੀ ਨੂੰ ਮੋੜਿਆ ਜਾਂ ਮਰੋੜਿਆ ਹੀ ਜਾਂਦਾ ਹੈ। ਹੋਰ ਤਰ੍ਹਾਂ ਵੀ ਵਿਆਖਿਆ ਕੀਤੀ ਜਾ ਸਕਦੀ ਹੈ। ਖਾਸ ਤੌਰ ‘ਤੇ ਪੁਰਾਣੀ ਕਿਸਮ ਦੀ ਕੁੰਜੀ ਦਾ ਸਿਰਾ ਮੁੜਿਆ ਹੋਇਆ ਹੀ ਹੁੰਦਾ ਹੈ।
ਅੰਗਰੇਜ਼ੀ ਦੇ ਪ੍ਰਸਿੱਧ ਨਿਰੁਕਤਕਾਰ ਅਨਾਤੋਲੀ ਲਿਬਰਮੈਨ ਨੇ ਅੰਗਰੇਜ਼ੀ ਖਏ ਦੇ ਪੁਰਾਣੇ ਰੂਪ ਦੀ ਵਿਆਖਿਆ ਕਰਦਿਆਂ ਕਿਹਾ ਹੈ ਕਿ ਜਾਪਦਾ ਹੈ, ਇਸ ਦਾ ਮੁਢਲਾ ਅਰਥ ਅਜਿਹਾ ਸੂਆ ਹੈ, ਜਿਸ ਦਾ ਸਿਰਾ ਮੁੜਿਆ ਹੋਵੇ। ਬਹੁਤ ਸਾਰੀਆਂ ਭਾਸ਼ਾਵਾਂ ਵਿਚ ਕੁੰਜੀ ਦੇ ਅਰਥਾਂ ਵਾਲੇ ਸ਼ਬਦਾਂ ਵਿਚ ਵੱਕਰ, ਵਿੰਗਾਪਣ, ਮਰੋੜੀ ਦਾ ਭਾਵ ਹੈ।