ਦਰਦ ਕਿਸਾਨੀ: ਪਿਛੋਕੜ ‘ਤੇ ਇਕ ਝਾਤ (ਭਾਗ 8)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਦਸੰਬਰ ਦਾ ਮਹੀਨਾ ਉਤਰ ਆਇਆ ਸੀ। ਹਾਲੇ ਮੇਰੀ ਫਸਲ ਦਾ ਹਿਸਾਬ ਨਹੀਂ ਸੀ ਹੋਇਆ। ਜਦੋਂ ਜਾਓ, ਆੜ੍ਹਤੀ ਆਖ ਦਿੰਦਾ, “ਥੋੜਾ ਰੁਕ ਜਾਓ, ਜੇ ਲੋੜ ਐ, ਜਰੂਰੀ ਕੰਮ ਚਲਾਉਣ ਲਈ ਮੁਨੀਮ ਤੋਂ ਦੋ-ਚਾਰ ਸੌ ਲੈ ਜਾਓ।” ਇਹ ਗੱਲਾਂ ਸੁਣਦਾ ਮੈਂ ਥੱਕ ਗਿਆ ਸਾਂ। ਉਹ ਚਾਹੁੰਦਾ ਸੀ, ਮੈਂ ਰਕਮ ਤੋੜ ਕੇ ਉਸ ਦੇ 36% ਦਾ ਕਰਜਾਈ ਬਣ ਜਾਵਾਂ ਪਰ ਮੈਂ ਇਹ ਕੱਤਈ ਨਹੀਂ ਸੀ ਚਾਹੁੰਦਾ। ਜਿਉਂ ਜਿਉਂ ਸਮਾਂ ਗੁਜ਼ਰਦਾ ਜਾਂਦਾ ਸੀ, ਮੇਰੇ ਖਰਚਿਆਂ ਦੀ ਸੂਚੀ ਲੰਮੀ ਹੁੰਦੀ ਜਾਂਦੀ ਸੀ ਤੇ ਮੇਰਾ ਰੋਸ ਵਧਦਾ ਜਾਂਦਾ ਸੀ।
ਇਕ ਦਿਨ ਸ਼ਾਮੀਂ ਚਾਰ ਕੁ ਵਜੇ ਮੈਂ ਪਿੰਡ ਜਾ ਰਿਹਾ ਸਾਂ।

ਸਨੌਰੀ ਗੇਟ ਪਾਸਿਓਂ ਜਾ ਕੇ ਜਦੋਂ ਪਟਿਆਲਾ ਨਦੀ ਦਾ ਪੁਲ ਉਤਰ ਰਿਹਾ ਸਾਂ ਤਾਂ ਸਾਹਮਣਿਓਂ ਇਕ ਅੰਬੈਸਡਰ ਕਾਰ ਮੇਰੇ ਵੱਲ ਨੂੰ ਆ ਕੇ ਹੌਲੀ ਹੋਈ। ਵਿਚੋਂ ਦੋ ਬੰਦੇ ਮੈਨੂੰ ਹੱਥ ਦੀ ਝੋਲੀ ਦੇ ਕੇ ਰੁਕਣ ਦਾ ਇਸ਼ਾਰਾ ਕਰਦੇ ਨਜ਼ਰ ਆਏ। ਮੇਰੀ ਸਮਝ ਵਿਚ ਕੁਝ ਨਾ ਆਇਆ ਤੇ ਰੋਹੜ ਤੋਂ ਰੁਕਦਾ ਰੁਕਦਾ ਮੈਂ ਸੌ ਕੁ ਗਜ ਅੱਗੇ ਲੰਘ ਗਿਆ। ਗੱਡੀ ‘ਚੋਂ ਉਤਰ ਕੇ ਇਕ ਆਦਮੀ ਮੇਰੇ ਵਲ ਭੱਜਾ ਆਇਆ। ਨੇੜੇ ਆ ਕੇ ਉਹ ਇੱਦਾਂ ਬੋਲਿਆ ਜਿਵੇਂ ਮੈਂ ਕੋਈ ਮੁਜ਼ਰਿਮ ਹੋਵਾਂ, “ਸਰਦਾਰ ਜੀ, ਅਸੀਂ ਕਦੋਂ ਤੋਂ ਤੁਹਾਨੂੰ ਰੁਕਣ ਦਾ ਇਸ਼ਾਰਾ ਕਰਦੇ ਆ ਰਹੇ ਹਾਂ, ਤੁਸੀਂ ਰੁਕੇ ਨਹੀਂ।” ਮੈਂ ਕਿਹਾ, ਕੀ ਗੱਲ ਐ ਦਸੋ? ਕਹਿਣ ਲੱਗਾ, “ਤੁਹਾਡੀ ਕਿਸ਼ਤ ਜਮਾਂ ਕਰਾਉਣ ਤੋਂ ਰਹਿੰਦੀ ਹੈ। ਅਸੀਂ ਥੋਨੂੰ ਕਦੋਂ ਤੋਂ ਲੱਭਦੇ ਫਿਰ ਰਹੇ ਹਾਂ, ਤੁਸੀਂ ਕਿਤੇ ਮਿਲਦੇ ਈ ਨਹੀਂ।”
ਬੈਂਕ ਵਾਲਿਆਂ ਵਲੋਂ ਮੈਨੂੰ ਇਸ ਤਰ੍ਹਾਂ ਜਾਂਦੇ ਨੂੰ ਫਿਰ ਘੇਰੇ ਜਾਣ ਦਾ ਇੰਨਾ ਦੁੱਖ ਹੋਇਆ ਕਿ ਦੱਸ ਨਹੀਂ ਸਕਦਾ। ਮੈਂ ਗੁੱਸੇ ਵਿਚ ਉਬਲ ਕੇ ਬੋਲਿਆ, “ਤੁਸੀਂ ਮੈਨੂੰ ਲੱਭ ਰਹੇ ਹੋ, ਭਗੌੜਾ ਆਂ ਮੈਂ? ਤੁਸੀਂ ਮੇਰੇ ਪਿੱਛੇ ਪਏ ਓਂ ਕੋਈ ਹੋਰ ਕੰਮ ਨਹੀਂ ਤੁਹਾਨੂੰ?” ਉਹ ਬੋਲਿਆ, “ਪਿੱਛੇ ਪਈਏ ਨਾ, ਇੰਨੀ ਵਾਰ ਕਹਿ ਚੁਕੇ ਆਂ ਕਿਸ਼ਤ ਲੇਟ ਹੋ ਗਈ, ਪੈਸੇ ਜਮਾਂ ਕਰਾਓ, ਤੁਸੀਂ ਗੌਲਦੇ ਈ ਨਹੀਂ।”
ਮੈਂ ਪੂਰੀ ਵਾਹ ਲਾ ਕੇ ਉਚੀ ਆਵਾਜ਼ ਵਿਚ ਕਿਹਾ, “ਮੇਰੀ ਕਿਸ਼ਤ ਕਦੋਂ ਲੇਟ ਹੋਏਗੀ ਮੈਨੂੰ ਪਤਾ ਐ, ਤੁਸੀਂ ਕੌਣ ਓਂ ਪਿੱਛੇ ਪੈ ਕੇ ਦੱਸਣ ਵਾਲੇ?” ਉਹ ਬੋਲਿਆ, “ਜਦੋਂ ਅਰੈਸਟ ਕਰ ਕੇ ਕੁਰਕੀ ਹੋਈ, ਉਦੋਂ ਵੀ ਅਸੀਂ ਹੀ ਦੱਸਾਂਗੇ।”
ਮੈਂ ਉਸ ਨੂੰ ਵੰਗਾਰਿਆ, “ਜਾਹ ਤੂੰ ਪਹਿਲਾਂ ਕੁਰਕੀ ਕਰਵਾ। ਨਾਲੇ ਨਾਂ ਦੱਸ ਆਪਣਾ ਤੇ ਆਪਣੇ ਮਾਲਕ-ਸਾਈਂ ਦਾ, ਜਿਸ ਕੋਲ ਸ਼ਿਕਾਇਤ ਕਰਾਂ ਤੇਰੀ।” ਉਹ ਹੋਰ ਵੀ ਨਿੱਡਰ ਹੋ ਕੇ ਬੋਲਿਆ, “ਮੇਰਾ ਅਫਸਰ ਗੱਡੀ ‘ਚ ਈ ਬੈਠਾ ਹੈ, ਹੁਣੇ ਗੱਲ ਕਰੋ।”
ਸਕੂਟਰੀ ਦਾ ਸਟੈਂਡ ਲਾ ਕੇ ਰੁਕੀ ਗੱਡੀ ਵੱਲ ਉਸ ਤੋਂ ਵੀ ਅੱਗੇ ਚਲਦਿਆਂ ਮੈਂ ਕਿਹਾ, “ਚੱਲ ਕੱਢ ਬਾਹਰ ਕੌਣ ਐ ਉਹ।”
ਸਾਨੂੰ ਗਰਮਾ ਗਰਮੀ ਵਿਚ ਨੇੜੇ ਆਉਂਦਿਆਂ ਵੇਖ ਇਕ ਅਫਸਰੀ ਦਿੱਖ ਵਾਲਾ ਹਜ਼ਾਮਤ-ਕ੍ਰਿੱਤ ਵਿਅਕਤੀ ਪਹਿਲਾਂ ਹੀ ਗੱਡੀ ਤੋਂ ਬਾਹਰ ਨਿਕਲ ਆਇਆ ਜਿਵੇਂ ਉਸ ਨੂੰ ਅਗਲੇ ਰੋਲ ਦਾ ਪਤਾ ਹੋਵੇ। ਮੈਨੂੰ ਘੇਰਨ ਵਾਲਾ ਮੁਲਾਜ਼ਮ ਉਸ ਕੋਲ ਜਾ ਕੇ ਕਹਿਣ ਲੱਗਾ, “ਇਹ ਥੋਡੇ ਨਾਲ ਗੱਲ ਕਰਨੀ ਚਾਹੁੰਦੇ ਨੇ ਜੀ।”
ਅਫਸਰ ਦੇ ਬੋਲਣ ਤੋਂ ਪਹਿਲਾਂ ਹੀ ਮੈਂ ਉਸ ‘ਤੇ ਗੁਸੈਲਾ ਵਾਰ ਕੀਤਾ, “ਇਨ੍ਹਾਂ ਨੂੰ ਭਰਤੀ ਕੀਤਾ ਐ, ਕੰਮ ਨਹੀਂ ਦੇ ਸਕਦੇ ਕੋਈ, ਮੇਰੇ ਪਿੱਛੇ ਪਾਇਆ ਐ? ਨਾ ਆਪ ਕੁਝ ਕਰਦੇ ਐ, ਨਾ ਕਰਨ ਦਿੰਦੇ ਐ। ਬੋਲਣ ਦਾ ਇਨ੍ਹਾਂ ਨੂੰ ਚੱਜ ਨਹੀਂ, ਹਰ ਵੇਲੇ ਕਿਸ਼ਤ, ਕੁਰਕੀ, ਅਰੈਸਟ ਤੋਂ ਬਿਨਾ ਇਹ ਗੱਲ ਨਹੀਂ ਕਰਦੇ।”
ਅਫਸਰ ਮੈਨੂੰ ਰੋਕ ਕੇ ਬੜੀ ਨਰਮਾਈ ਨਾਲ ਬੋਲਿਆ, “ਇਹ ਕਿਸੇ ਨੂੰ ਉਚਾ ਨੀਵਾਂ ਨਹੀਂ ਬੋਲ ਸਕਦੇ, ਜੇ ਥੋਨੂੰ ਐਸਾ ਕੁਝ ਲੱਗਾ ਤਾਂ ਮੈਂ ਸੌਰੀ ਹਾਂ। ਇਹ ਤੁਹਾਨੂੰ ਯਾਦ ਕਰਾਉਣ ਆਉਂਦੇ ਐ, ਬਈ ਤੁਹਾਡੇ ਲੋਨ ਦੀ ਕਿਸ਼ਤ ਲੇਟ ਹੋ ਰਹੀ ਐ, ਜਮਾਂ ਕਰਵਾ ਦਿਓ।”
ਮੈਂ ਕਿਹਾ, “ਮੈਂ ਮਕਾਨ ਦਾ ਕਿਰਾਇਆ ਦੇਨਾਂ, ਬੱਚਿਆਂ ਦੀ ਫੀਸ ਦੇਨਾਂ, ਬਿਜਲੀ ਦਾ ਬਿਲ ਦੇਨਾਂ ਮੈਨੂੰ ਸਭ ਭੁਗਤਾਨਾਂ ਦੀਆਂ ਤਾਰੀਖਾਂ ਪਤਾ ਨੇ, ਸਭ ਨੂੰ ਸਮੇਂ ਸਿਰ ਭਰਦਾ ਹਾਂ। ਕੀ ਮੈਂ ਬੈਂਕ ਦੀ ਕਿਸ਼ਤ ਸਮੇਂ ਸਿਰ ਨਹੀਂ ਭਰ ਸਕਦਾ? ਇਹ ਗੱਲ ਤੁਹਾਡੇ ਲੋਕਾਂ ਦੀ ਸਮਝ ਕਿਉਂ ਨਹੀਂ ਆਉਂਦੀ?”
ਉਹ ਬੋਲਿਆ, “ਤੁਸੀਂ ਠੀਕ ਕਹਿੰਦੇ ਓ ਸਰਦਾਰ ਜੀ। ਪਰ ਇਨ੍ਹਾਂ ਦੀ ਵੀ ਮਜ਼ਬੂਰੀ ਹੈ। ਸਾਨੂੰ ਫਸਲ ਦੇ ਮੌਕੇ ਜਾ ਕੇ ਕਿਸਾਨਾਂ ਨੂੰ ਕਹਿਣਾ ਪੈਂਦਾ ਹੈ, ਨਹੀਂ ਤਾਂ ਜੇ ਉਹ ਪੈਸੇ ਕਿਤੇ ਹੋਰ ਖਰਚ ਦੇਣ ਤਾਂ ਕਿਥੋਂ ਮੋੜਨਗੇ? ਬੈਂਕ ਨੇ ਇਨ੍ਹਾਂ ਸਾਰੇ ਮੁਲਾਜ਼ਮਾਂ ਦੀ ਉਗਰਾਹੀ ਡਿਊਟੀ ਲਾ ਕੇ ਕੋਟਾ ਫਿਕਸ ਕੀਤਾ ਹੋਇਆ ਹੈ। ਜੇ ਇਹ ਆਪਣਾ ਕੋਟਾ ਪੂਰਾ ਨਾ ਕਰਨਗੇ, ਇਨ੍ਹਾਂ ‘ਤੇ ਐਕਸ਼ਨ ਆਊ। ਇਸ ਲਈ ਦਿਨੇ ਬੈਂਕ ਵਿਚ ਡਿਊਟੀ ਕਰ ਕੇ ਸਵੇਰੇ ਸ਼ਾਮ ਇਹ ਉਗਰਾਹੀ ‘ਤੇ ਨਿਕਲ ਜਾਂਦੇ ਨੇ। ਅੱਜ ਤਾਂ ਮੈਂ ਵੀ ਇਨ੍ਹਾਂ ਦੀ ਮਦਦ ਕਰਨ ਲਈ ਇਨ੍ਹਾਂ ਨਾਲ ਆਇਆ ਹੋਇਆਂ। ਇਸ ਲਈ ਆਖਰੀ ਮਿਤੀ ਦਾ ਖਿਆਲ ਨਾ ਕਰੋ, ਪਲੀਜ਼। ਛੇਤੀ ਤੋਂ ਛੇਤੀ ਕਿਸ਼ਤ ਭਰ ਦਿਓ।”
ਮੈਂ ਪੁੱਛਿਆ, “ਤੇ ਜੇ ਉਹਗਾਹੀ ਪੂਰੀ ਨਾ ਹੋਈ ਫਿਰ?” ਜਵਾਬ ਸੀ, “ਸਸਪੈਂਡ ਹੋ ਜਾਣਗੇ, ਬੈਂਕ ਦਾ ਹੁਕਮ ਹੈ।” ਮੈਂ ਕਿਹਾ, “ਫਿਰ ਇਹ ਇੱਦਾਂ ਦੱਸਣ। ਇਹ ਉਲਟਾ ਦਬਕੇ ਮਾਰਦੇ ਐ।” ਉਹ ਪੋਲੇ ਜਿਹੇ ਨਾਲ ਬੋਲਿਆ, “ਨਹੀਂ ਨਹੀਂ, ਉਹ ਛੱਡੋ।”
ਮੈਨੂੰ ਪਤਾ ਨਹੀਂ ਕੀ ਹੋਇਆ, ਸਭ ਕੁਝ ਭੁਲਾ ਕੇ ਮੈਂ ਬੋਲਿਆ, “ਕੋਈ ਨਾ, ਸਸਪੈਂਡ ਨਹੀਂ ਹੋਣ ਦਿਆਂਗਾ। ਪਰ ਹੁਣ ਮੇਰੇ ਕੋਲ ਆਵੇ ਕੋਈ ਨਾ।” ਹੱਥ ਮਿਲਾਉਂਦਿਆਂ ਉਸ ਨੇ ਦੋਸਤਾਨਾ ਪੇਸ਼ਕਸ਼ ਕੀਤੀ, “ਤੁਸੀਂ ਹੋਰ ਸੇਵਾ ਦੱਸੋ। ਮੱਝਾਂ, ਮੱਛੀ ਪਾਲਣ, ਭੂਮੀ ਸੁਧਾਰ ਜਾਂ ਖੇਤੀ ਬਾੜੀ ਦੇ ਕਿਸੇ ਸੰਦ ਲਈ ਕੋਈ ਹੋਰ ਲੋਨ ਚਾਹੀਦਾ ਹੋਵੇ, ਮੈਂ ਦਿਆਂਗਾ।” ਮੈਂ ਉਸ ਨੂੰ ਹੱਥ ਜੋੜੇ ਤੇ ਸਤਿ ਸ੍ਰੀ ਆਕਾਲ ਬੁਲਾ ਕੇ ਚਲਾ ਆਇਆ। ਸੋਚਿਆ ਹੁਣ ਸਵੇਰੇ ਜਾ ਕੇ ਆੜ੍ਹਤੀ ਨੂੰ ਫੜ੍ਹਦਾਂ।
ਅਗਲੇ ਦਿਨ ਖਾਲੀ ਪੀਰੀਅਡ ਵਿਚ ਮੈਂ ਅਨਾਜ ਮੰਡੀ ਵਿਚ ਆੜ੍ਹਤੀ ਦੀ ਦੁਕਾਨ ‘ਤੇ ਗਿਆ। ਉਹ ਉਥੇ ਦਿਸਿਆ ਨਾ। ਮੈਂ ਗੁੱਸਾ ਸੰਭਾਲਦਿਆਂ ਮੁਨੀਮ ਨੂੰ ਪੁੱਛਿਆ, “ਸੇਠ ਕਿੱਥੇ ਐ?” ਕਹਿਣ ਲੱਗਾ, “ਬਾਹਰ ਗਏ ਐ, ਕੱਲ ਮਿਲਣਗੇ, ਦਸੋ?”
ਮੇਰੇ ਤਨ ਬਦਨ ਨੂੰ ਜਿਵੇਂ ਅੱਗ ਲੱਗ ਗਈ। ਮੈਂ ਸੋਚਿਆ, ਇਹ ਨਾਲੇ ਚੋਰ ਨਾਲੇ ਚਤਰ ਬਣ ਰਿਹਾ ਹੈ। ਨਾਲੇ ਮੇਰੇ ਪੈਸੇ ਰੋਕੇ ਹੋਏ ਹਨ ਤੇ ਨਾਲੇ ਅਨਜਾਣ ਬਣ ਕੇ ਪੁੱਛ ਰਿਹਾ ਹੈ, ‘ਦਸੋ।’ ਮੈਂ ਉਸ ਨੂੰ ਸਖਤ ਲਹਿਜੇ ਵਿਚ ਕਿਹਾ, “ਤੁਸੀਂ ਦੱਸੋ, ਮੇਰੀ ਪੇਮੈਂਟ ਤਿਆਰ ਹੈ ਕਿ ਨਹੀਂ?” ਉਹ ਬੋਲਿਆ, “ਇਹ ਤਾਂ ਉਹੀ ਦੱਸਣਗੇ ਜੀ। ਸਵੇਰੇ ਆ ਜਾਣਾ।”
ਮੈਂ ਚਾਹੁੰਦਾ ਸਾਂ ਕਿ ਮੇਰਾ ਕੱਲ ਦਾ ਗੇੜਾ ਖਾਲੀ ਨਾ ਜਾਵੇ। ਇਸ ਲਈ ਮੈਂ ਉਸ ਨੂੰ ਚਿਤਾਵਨੀ ਦਿੱਤੀ, “ਮੁਨੀਮ ਜੀ, ਮੈਂ ਗੇੜੇ ਮਾਰ ਮਾਰ ਕੇ ਤੰਗ ਆ ਚੁਕਾਂ। ਕੱਲ ਮੇਰਾ ਭੁਗਤਾਨ ਨਾ ਕੀਤਾ ਤਾਂ ਮੈਂ ਸਿੱਧਾ ਥਾਣੇ ਜਾਵਾਂਗਾ, ਸੇਠ ਨੂੰ ਕਹਿ ਦੇਣਾ ਮੇਰੇ ਵਲੋਂ!” ਉਹ ਮੇਰੀ ਗੱਲ ਗੌਲੇ ਬਿਨਾ ਬੋਲਿਆ, “ਕਹਿ ਦਿਆਂਗਾ।” ਮੈਂ ਸੋਚਿਆ ਸਖਤ ਸੰਕੇਤ ਛੱਡ ਦਿੱਤਾ ਹੈ, ਉਸ ਨੂੰ ਚੁਭੇਗਾ ਤਾਂ ਸਹੀ ਪਰ ਕੱਲ ਭੁਗਤਾਨ ਹੋ ਜਾਵੇਗਾ।
ਅਗਲੇ ਦਿਨ ਮੈਂ ਫਿਰ ਉਸੇ ਖਾਲੀ ਪੀਰੀਅਡ ਵਿਚ ਉਸ ਦੀ ਦੁਕਾਨ ‘ਤੇ ਪਹੁੰਚ ਗਿਆ। ਮੁਨੀਮ ਉਵੇਂ ਇੱਕਲਾ ਬੈਠਾ ਸੀ। ਅੰਦਰ ਵੜਦਿਆਂ ਮੈਂ ਫਿਰ ਪੁੱਛਿਆ, “ਮੁਨੀਮ ਸਾਹਿਬ, ਸੇਠ?” ਉਹ ਬੋਲਿਆ, “ਬਾਹਰ ਬੋਲੀ ‘ਚ ਐਂ।”
ਉਸ ਦੇ ਜਵਾਬ ਤੋਂ ਮੈਨੂੰ ਪਤਾ ਲਗ ਗਿਆ ਕਿ ਕੰਮ ਠੰਡਾ ਈ ਐ ਪਰ ਫਿਰ ਵੀ ਦਰਿਆਫਤ ਲਈ ਪੁੱਛਿਆ, “ਮੇਰਾ ਹਿਸਾਬ?” ਕਹਿਣ ਲੱਗਾ, “ਉਨ੍ਹਾਂ ਨੂੰ ਈ ਪਤਾ ਐ। ਮੈਨੂੰ ਤਾਂ ਦੱਸਿਆ ਨੀ ਕੁਝ ਹਾਲੀ।” ਮੈਂ ਫਿਰ ਪੁੱਛਿਆ, “ਮੇਰਾ ਸੁਨੇਹਾ ਲਾ ਦਿੱਤਾ ਸੀ?” ਉਸ ਕਿਹਾ, “ਹਾਂ ਜੀ, ਲਾ ‘ਤਾ ਸੀ।” ਮੈਂ ਭਖਦੇ ਗੁੱਸੇ ਵਿਚ ਆਖਿਆ, “ਬੋਲੀ ਕਿੱਥੇ ਹੋ ਰਹੀ ਐ?” ਉਸ ਨੇ ਬਾਹਰ ਦੂਰ ਟਰਾਲੀਆਂ ਤੇ ਜੀਰੀ ਦੀਆਂ ਢੇਰੀਆਂ ਦੇ ਵਿਚਕਾਰ ਵੀਹ ਪੰਝੀ ਬੰਦਿਆਂ ਦੀ ਭੀੜ ਵਲ ਇਸ਼ਾਰਾ ਕੀਤਾ।
ਉਥੇ ਪਹੁੰਚ ਕੇ ਮੈਂ ਦੇਖਿਆ ਕਿ ਕੁਝ ਚਿੱਟ-ਕੱਪੜੀਏ ਆੜ੍ਹਤੀ, ਕੁਝ ਮੁਲਾਜ਼ਮ ਤੇ ਕਈ ਮੈਲਖੋਰੇ ਕਿਸਾਨ ਬਾਸਮਤੀ ਜੀਰੀ ਦੀ ਇਕ ਢੇਰੀ ਦੁਆਲੇ ਘੇਰਾ ਪਾਈ ਖੜ੍ਹੇ ਸਨ। ਉਹ ਵਾਰੋ ਵਾਰੀ ਢੇਰੀ ਤੋਂ ਕੁਝ ਦਾਣੇ ਚੁੱਕ ਚੁੱਕ ਨਿਹਾਰ ਰਹੇ ਸਨ ਤੇ ਇਸ ਦਾ ਮੁੱਲ ਨਿਰਧਾਰਤ ਕਰ ਰਹੇ ਸਨ। ਮੇਰਾ ਆੜ੍ਹਤੀ ਵੀ ਉਨ੍ਹਾਂ ਵਿਚ ਖੜ੍ਹਾ ਇਹੀ ਕੰਮ ਕਰ ਰਿਹਾ ਸੀ। ਉਸ ਨੇ ਚਿੱਟੇ ਰੰਗ ਦੇ ਕੱਪੜੇ ਤੇ ਗਲ ਵਿਚ ਅੱਜ ਕੱਲ ਦੇ ਭਾਜਪਾ ਲੀਡਰਾਂ ਵਾਂਗ ਭਗਵੇਂ ਰੰਗ ਦਾ ਪੱਲੂ ਜਿਹਾ ਪਾਇਆ ਹੋਇਆ ਸੀ। ਸਮੇਂ ਦੀ ਘਾਟ ਕਾਰਨ ਮੈਂ ਭੀੜ ਦਾ ਘੇਰਾ ਤੋੜ ਕੇ ਉਸ ਕੋਲ ਪਹੁੰਚ ਗਿਆ। ਮੈਨੂੰ ਸਾਹਮਣੇ ਆਇਆ ਦੇਖ ਕੇ ਉਹ ਠਠੰਬਰ ਗਿਆ। ਮੈਂ ਉਸ ਨੂੰ ਬਿਨਾ ਦੁਆ ਸਲਾਮ ਕੀਤੇ ਠੋਸ ਆਵਾਜ਼ ਵਿਚ ਕਿਹਾ, “ਸੇਠ ਮੇਰਾ ਹਿਸਾਬ?”
ਮੇਰੀ ਕੜਕਵੀਂ ਆਵਾਜ਼ ਸੁਣ ਕੇ ਦੁਆਲੇ ਦੇ ਲੋਕ ਮੇਰੇ ਵੱਲ ਤੱਕਣ ਲੱਗ ਪਏ। ਬਹਾਨੇਬਾਜੀ ਕਰਦਾ ਸੇਠ ਮਨਸੂਈ ਗੁੱਸੇ ਨਾਲ ਬੋਲਿਆ, “ਪਹਿਲਾਂ ਇਹ ਦੱਸੋ ਕੱਲ ਦੁਕਾਨ ਪਰ ਆ ਕੇ ਕਿਆ ਬੋਲ ਕੇ ਗਏ ਤੇ?”
ਮੈਂ ਉਸੇ ਉਚੀ ਆਵਾਜ ਵਿਚ ਕਿਹਾ, “ਜੇ ਕੱਲ ਦਾ ਬੋਲਿਆ ਸਮਝ ਨਹੀਂ ਆਇਆ ਤਾਂ ਹੁਣ ਫੇਰ ਬੋਲ ਦਿਨਾਂ, ਚੰਗੀ ਤਰ੍ਹਾਂ ਸੁਣ ਲੈ। ਮੈਂ ਕਿਹਾ ਸੀ ਜੇ ਮੇਰਾ ਹਿਸਾਬ ਕੱਲ ਤੀਕ ਨਾ ਕੀਤਾ ਤਾਂ ਠਾਣੇ ਜਾਵਾਂਗਾ।”
ਉਹ ਭੀੜ ਵਲ ਵੇਖ ਕੇ ਜੇਤੂ ਅੰਦਾਜ਼ ਵਿਚ ਬੋਲਿਆ, “ਫਿਰ ਉਥੇ ਈ ਜਾਓ ਇੱਥੇ ਕਿਆ ਕਰਨ ਆਏ ਐਂ?”
ਮੈਨੂੰ ਆਸ ਸੀ ਕਿ ਸੇਠ ਇਕ ਪਾਸੇ ਲਿਜਾ ਕੇ ਮੈਨੂੰ ਠੰਡਾ ਕਰੇਗਾ ਤੇ ਹਿਸਾਬ ਦਾ ਕੋਈ ਪੱਕਾ ਸਮਾਂ ਨਿਸਚਿਤ ਕਰੇਗਾ ਪਰ ਉਸ ਨੇ ਟਕਰਾਓ ਦਾ ਰਸਤਾ ਅਪਨਾਇਆ। ਉਸ ਦੇ ਜਵਾਬ ਤੋਂ ਸਾਫ ਜਾਹਰ ਸੀ ਕਿ ਉਹ ਹੁਣ ਮੇਰੀ ਪੇਮੈਂਟ ਲਟਕਾਏਗਾ ਤੇ ਮੇਰਾ ਨੱਕ ਰਗੜਵਾਏਗਾ। ਉਸ ਦੀ ਚੁਣੌਤੀ ਨੇ ਮੇਰੇ ਲਈ ਉਹ ਸਥਿਤੀ ਪੈਦਾ ਕਰ ਦਿੱਤੀ ਜਿਸ ਵਿਚ ਕੇਵਲ ਅੱਗੇ ਜਾਣ ਦਾ ਹੀ ਰਸਤਾ ਸੀ ਪਿੱਛੇ ਮੁੜਨਾ ਅਸੰਭਵ ਸੀ। ਮੈਂ ਭੁੱਲ ਗਿਆ ਕਿ ਮੈਂ ਕੌਣ ਸਾਂ ਤੇ ਕਿੱਥੇ ਖੜ੍ਹਾ ਸਾਂ। ਮੈਂ ਅਕੱਥ ਗੁਸੈਲੀ ਵੰਗਾਰ ਨਾਲ ਚਿੰਘਾੜਿਆ, “ਹਰਾਮਜ਼ਾਦੇ ਕੁੱਤੇ, ਭੀਖ ਮੰਗਣ ਆਇਆਂ ਮੈਂ ਜੋ ਠਾਣੇ ਜਾਣ ਨੂੰ ਕਹਿ ਰਿਹਾ ਐ! ਡੇਢ ਮਹੀਨਾ ਹੋ ਗਿਆ ਜੀਰੀ ਗੇਰੀ ਨੂੰ ਹਾਲੇ ਵੀ ਪੈਸੇ ਨੀ ਦੇ ਰਿਹਾ। ਠਾਣਾ ਤਾਂ ਦੇਖ ਹੁਣ ਇੱਥੇ ਈ ਆਊ।”
ਰੋਹ ਤੇ ਗੁੱਸੇ ਦੇ ਵੇਗ ਵਿਚ ਮੈਂ ਅੱਗੇ ਵਧਿਆ, ਸੇਠ ਦੇ ਪੱਲੂ ਨੂੰ ਦੋਵੇਂ ਹੱਥਾਂ ਨਾਲ ਫੜ੍ਹ ਕੇ ਜੋਰ ਨਾਲ ਝਟਕਾ ਮਾਰਿਆ। ਫਿਰ ਇਸ ਨੂੰ ਖੱਬੇ ਹੱਥ ਵਿਚ ਫੜ੍ਹ ਕੇ ਸੱਜੇ ਨਾਲ ਉਸ ਦੇ ਪੇਟ ਵਿਚ ਤਿੰਨ ਜੋਰਦਾਰ ਘਸੁੰਨ ਟਿਕਾਏ। ਸੇਠ ਪਿਛਾਂਹ ਹਟਦਾ ਜੀਰੀ ਦੀ ਢੇਰੀ ‘ਤੇ ਡਿੱਗ ਪਿਆ। ਮੈਂ ਬਾਂਹੋਂ ਫੜ੍ਹ ਕੇ ਖਿਚਣ ਦੀ ਕੋਸ਼ਿਸ਼ ਕੀਤੀ, ਉਸ ਦੇ ਹੱਥ ਕੰਬ ਰਹੇ ਸਨ। ਭੀੜ ‘ਚੋਂ ਕੋਈ ਬੰਦਾ ਅੱਗੇ ਨਾ ਆਇਆ ਪਰ ਕਿਸਾਨਾਂ ਦੀਆਂ ਕਈ ਵਰਜਵੀਆਂ ਆਵਾਜ਼ਾਂ ਆਈਆਂ। ਇਨ੍ਹਾਂ ਵਿਚੋਂ ਇਕ ਆਵਾਜ਼ ਸੀ, “ਮਾਰੈਂ ਨਾ ਪ੍ਰੌਫੈਸਰ ਮਾਰੈਂ ਨਾ। ਬੈਠ ਗੈ ਬਾਤ ਕਰ ਲਿਓ।”
ਮੈਨੂੰ ਲੱਗਾ ਉਸ ਭੀੜ ਵਿਚ ਕੁਝ ਲੋਕ ਮੈਨੂੰ ਜਾਣਦੇ ਸਨ ਪਰ ਮੈਂ ਕਿਸੇ ਨੂੰ ਨਹੀਂ ਸੀ ਜਾਣਦਾ। ਮੈਂ ਪਿਛੇ ਹੱਟ ਗਿਆ। ਆਖਰ ਉਹ ਵਾਕਫ ਕਿਸਾਨ ਅੱਗੇ ਆਇਆ ਤੇ ਦੋ ਤਿੰਨ ਹੋਰਾਂ ਦੀ ਮਦਦ ਨਾਲ ਮੈਨੂੰ ਆੜ੍ਹਤੀ ਤੋਂ ਪਰੇ ਲੈ ਗਿਆ। ਭੀੜ ਤੋਂ ਬਾਹਰ ਜਾਣ ਲੱਗੇ ਮੈਂ ਸੇਠ ਨੂੰ ਚਿਤਾਵਨੀ ਦਿੱਤੀ, “ਚੌਵੀ ਘੰਟਿਆਂ ‘ਚ ਹਿਸਾਬ ਹੋਣਾ ਚਾਹੀਦਾ ਐ, ਕੱਲ ਇਸੇ ਵੇਲੇ ਫਿਰ ਆਵਾਂਗਾ।”
ਮੈਨੂੰ ਫੜ੍ਹੀ ਜਾਂਦੇ ਕਿਸਾਨ ਦਬੀ ਆਵਾਜ਼ ਨਾਲ ਬੋਲੇ, “ਕੋਈ ਨਾ ਕੋਈ ਨਾ, ਹੋ ਜੇ ਗਾ ਹਸਾਬ ਬੀ, ਰੇਚਕੀ ਰੱਖੇ ਕਰਾਂ।” ਉਹ ਮੈਨੂੰ ਮੇਰੀ ਸਕੂਟਰੀ ਕੋਲ ਛੱਡ ਆਏ।
ਅਗਲੇ ਦਿਨ ਫਿਰ ਸਹੀ ਉਸੇ ਵੇਲੇ ਮੈਂ ਉਸ ਦੀ ਦੁਕਾਨ ‘ਤੇ ਜਾ ਧਮਕਿਆ। ਉਹ ਦੁਕਾਨ ਵਿਚ ਨਹੀਂ ਸੀ। ਮੁਨੀਮ ਸਿਰ ਸੁੱਟੀ ਬੈਠਾ ਕੰਮ ਕਰ ਰਿਹਾ ਸੀ। ਮੈਂ ਹੈਰਾਨ ਹੋਇਆ ਕਿ ਕੰਮ ਅੱਜ ਵੀ ਠੰਡਾ ਸੀ। ਪਰ ਇਸ ਤੋਂ ਵੱਧ ਹੈਰਾਨੀ ਉਦੋਂ ਹੋਈ ਜਦੋਂ ਦੁਕਾਨ ਵਿਚ ਮੈਂ ਆਪਣਾ ਬਾਪ ਬੈਠਿਆ ਦੇਖਿਆ। ਉਸ ਦੇ ਨਾਲ ਮੇਰੇ ਚਾਚੇ ਦਾ ਲੜਕਾ ਨੇਕ ਬੈਠਾ ਸੀ। ਉਨ੍ਹਾਂ ਨੂੰ ਉਥੇ ਦੇਖ ਮੈਂ ਥੋੜਾ ਝੇਂਪ ਗਿਆ। ਪਰ ਜੋ ਕੰਮ ਆਇਆ ਸਾਂ ਉਹ ਤਾਂ ਕਰਨਾ ਹੀ ਸੀ। ਉਨ੍ਹਾਂ ਤੋਂ ਧਿਆਨ ਹਟਾ ਕੇ ਮੁਨੀਮ ਨੂੰ ਪੁੱਛਣ ਲਈ ਅੱਗੇ ਪੈਰ ਪੁੱਟਿਆ ਹੀ ਸੀ ਕਿ ਮੇਰੇ ਪਿਤਾ ਜੀ ਅਚਨਚੇਤ ਇਕ ਪਲਾਸਟਿਕ ਦਾ ਬੈਗ ਮੇਰੇ ਵਲ ਵਧਾਉਂਦੇ ਦੂਰੋਂ ਹੀ ਬੋਲੇ, “ਦੇਖ ਬਈ, ਖਬਰਦਾਰ ਜੇ ਕੁਸ ਬੋਲਿਆਂ! ਜੋਹ ਫੜ੍ਹ ਆਪਣਾ ਹਸਾਬ, ਗਿਣ ਲੈ, ਜਾਹ।”
ਮੁਨੀਮ ਨੇ ਮੇਰੀ ਕੁਲ ਰਾਸ਼ੀ ਲਿਫਾਫੇ ਵਿਚ ਪਾ ਕੇ ਪਹਿਲਾਂ ਹੀ ਪਿਤਾ ਜੀ ਨੂੰ ਫੜ੍ਹਾ ਰੱਖੀ ਸੀ।
ਬਾਪੂ ਦੇ ਕਹੇ ਉਕਤ ਬੋਲ ਅੱਜ ਵੀ ਮੇਰੇ ਕੰਨਾਂ ਵਿਚ ਗੂੰਜ ਕੇ ਕਹਿ ਰਹੇ ਹਨ ਕਿ ਮੈਂ ਆੜ੍ਹਤੀ ‘ਤੇ ਹੱਥ ਚੁੱਕ ਕੇ ਚੰਗਾ ਨਹੀਂ ਸੀ ਕੀਤਾ। ਮੈਨੂੰ ਲੱਗਾ ਕਿ ਉਸ ਨੇ ਉਹ ‘ਨੇਕ’ ਇਸ ਲਈ ਹੀ ਨਾਲ ਲਿਆਂਦਾ ਸੀ ਕਿ ਦਿਖਾ ਸਕੇ ਕਿ ਇੰਨਾ ਮਾੜਾ ਤਾਂ ਕਦੇ ਇਸ ਨੌਕਰੀ ਤੋਂ ਵਾਂਝੇ ਤੇ ਮੇਰੇ ਨਾਲੋਂ ਅੱਧੀ ਜਮੀਨ ਦੇ ਮਾਲਕ ਨੇ ਵੀ ਨਹੀਂ ਸੀ ਕੀਤਾ! ਮੈਂ ਮਨ ਹੀ ਮਨ ਕਿਹਾ, “ਬਾਬਾ ਤੂੰ ਠੀਕ ਹੈ, ਪਰ ਇਹ ਦੱਸ ਤੂੰ ‘ਮਦਰ ਇੰਡੀਆ’ ਕਦੋਂ ਦੇਖ ਲਈ ਸੀ।” ਪੈਸਿਆਂ ਦਾ ਲਿਫਾਫਾ ਬਿਨਾ ਗਿਣੇ ਮੈਂ ਆਪਣੇ ਬੈਗ ਵਿਚ ਪਾਇਆ ਤੇ ਕਾਲਜ ਵਾਪਸ ਚਲਾ ਗਿਆ। ਅਗਲੇ ਦਿਨ ਬੈਂਕ ਜਾ ਕੇ ਮੈਂ ਟਰੈਕਟਰ ਦੀ ਕਿਸ਼ਤ ਭਰ ਦਿੱਤੀ।
ਬਚਪਨ ਵਿਚ ਇਕ ਕਹਾਣੀ ਪੜ੍ਹੀ ਸੀ ਕਿ ਇਕ ਕਿਸਾਨ ਕੋਲੋਂ ਅਣਜਾਣੇ ਵਿਚ ਚਿੜੀ ਦੇ ਅੰਡੇ ਟੁੱਟ ਗਏ। ਉਸ ਨੂੰ ਇਸ ਦਾ ਇੰਨਾ ਦੁੱਖ ਹੋਇਆ ਕਿ ਉਹ ਪਸ਼ਚਾਤਾਪ ਲਈ ਸੰਸਾਰ ਤਿਆਗ ਕੇ ਸਾਧ ਬਣ ਗਿਆ ਤੇ ਜੰਗਲਾਂ ਵਿਚ ਚਲਾ ਗਿਆ। ਮੈਨੂੰ ਆੜ੍ਹਤੀ ‘ਤੇ ਹੱਥ ਚੁੱਕਣ ਦਾ ਕੋਈ ਪਛਤਾਵਾ ਤਾਂ ਨਹੀਂ ਸੀ ਪਰ ਇਕ ਸੰਕੇਤ ਮਿਲ ਗਿਆ ਸੀ ਕਿ ਕਿਸੇ ਚੀਜ਼ ਦੀ ਜੋ ਇਕ ਹੱਦ ਹੁੰਦੀ ਹੈ, ਉਹ ਟੱਪ ਗਈ ਹੈ। ਮੈਂ ਆਪਣੇ ਪਿਛਲੇ ਤਿੰਨ ਚਾਰ ਸਾਲਾਂ ਦੇ ਜੀਵਨ ਦਾ ਲੇਖਾ-ਜੋਖਾ ਲਾਇਆ। ਕਿਸੇ ਪਾਸੇ ਪ੍ਰਗਤੀ ਨਾ ਮਿਲੀ। ਹਾਂ ਇਹ ਤਜ਼ਰਬਾ ਮਿਲਿਆ ਕਿ ਖੇਤੀ ਬਾੜੀ ਦਾ ਸਾਰਾ ਸਿਸਟਮ ਗੰਧਲਾ ਹੋ ਕੇ ਗਾਰੇ ਦੀ ਦਲਦਲ ਬਣ ਗਿਆ ਹੈ ਤੇ ਇਸ ਵਿਚ ਹੋਰ ਚੱਲਣਾ ਮੁਸ਼ਕਿਲ ਹੈ। ਮੈਂ ਸੋਚਿਆ, ਇਸ ਵਿਚੋਂ ਹੁਣੇ ਨਿਕਲਿਆ ਜਾ ਸਕਦਾ ਹੈ, ਅੱਗੇ ਚੱਲ ਕੇ ਨਹੀਂ। ਮੈਂ ਪਰਿਵਾਰ ਨਾਲ ਗੱਲ ਕਰਕੇ ਖੇਤੀ ਛੱਡਣ ਦਾ ਫੈਸਲਾ ਕਰ ਲਿਆ। ਅੱਜ ਸੋਚਦਾ ਹਾਂ ਕਿ ਜੇ ਉਹ ਲੇਖਾ-ਜੋਖਾ ਕਿਤੇ ਦੇਰੀ ਨਾਲ ਕੀਤਾ ਹੁੰਦਾ ਤਾਂ ਇਹੀ ਫੈਸਲਾ ਬਿਨਾ ਦੱਸੇ ਆਤਮਘਾਤ ਦਾ ਵੀ ਹੋ ਸਕਦਾ ਸੀ। ਦੋਵੇਂ ਫੈਸਲੇ ਅੰਦਰੋਂ ਇਕੋ ਤਰ੍ਹਾਂ ਦੇ ਹੀ ਤਾਂ ਹਨ-ਬੇਵਸੀ ਅਧੀਨ ਸਿਸਟਮ ਤੋਂ ਕਿਨਾਰਾ ਕਰਨ ਦੇ।
ਮੈਂ ਅਗਲੇ ਦਿਨ ਪਿੰਡ ਜਾ ਕੇ ਅਮਰੇ ਨੂੰ ਕਿਹਾ ਕਿ ਉਹ ਕਣਕ ਤੋਂ ਖਾਲੀ ਪਈ ਸਾਰੀ ਜਮੀਨ ਵਿਚ ਬਰਸੀਨ ਬੀਜ ਦੇਵੇ, ਸਾਂਝੇ ਟਰੈਕਟਰ ਨੂੰ ਵੇਚਣ ਲਈ ਕਹਿ ਦੇਵੇ, ਅਗਲੇ ਸਾਲ ਜਮੀਨ ਨੂੰ ਠੇਕੇ ‘ਤੇ ਲੈਣ ਵਾਲਾ ਗਾਹਕ ਲੱਭੇ ਤੇ ਨਾਲੇ ਆਪਣੀ ਨੌਕਰੀ ਦਾ ਵੀ ਹੋਰ ਇੰਤਜਾਮ ਕਰ ਲਵੇ। ਉਹ ਬੋਲਿਆ, “ਬੱਸ ਇੰਨੀ ਛੇਤੀ ਭਿਆਂ ਹੋਗੀ ਲਾਣੇਦਾਰ, ਨੇਂਹ ਕੇ ਸੋਚੇਂਗੇ?” ਮੈਂ ਕਿਹਾ, “ਇਨ੍ਹਾਂ ਗੀ ਤੋ ਮੇਤੇ ਪਹਿਲਾਂ ਭਿਆਂ ਹੋਈ ਬੀ ਐ। ਹਾਲੇ ਖੁਲ੍ਹ ਗੈ ਨੀ ਦੱਸਦੇ ਨੇਂਹ।” ਉਹ ਨਿਰਵਿਰੋਧ ਬੋਲਿਆ, “ਬਾਤ ਦੋ ਪੱਕੀ ਲਗਾ ਤੇਰੀ।” ਮੈਂ ਮਨ ਹੀ ਮਨ ਸਿਮਰਨ ਕੀਤਾ, “ਇਨਾ ਜੰਤਾਂ ਵਸਿ ਕਿਛੁ ਨਹੀ। ਜਿਉਂ ਜਿਉਂ ਇਨ੍ਹਾਂ ਦੀ ਕਿਸ਼ਤੀ ਭਰਦੀ ਜਾਵੇਗੀ ਤਿਉਂ ਤਿਉਂ ਇਹ ਵੀ ਛਾਲਾਂ ਮਾਰ ਜਾਣਗੇ।” ਜਿਸ ਨੇ ਅਗਲੇ ਸਾਲ ਜਮੀਨ ਠੇਕੇ ‘ਤੇ ਲਈ, ਅਮਰਾ ਉਸੇ ਨਾਲ ਨੌਕਰ ਲੱਗ ਗਿਆ। ਬੀੜੀਆਂ ਪੀਂਦਾ ਸੀ। ਕਈ ਸਾਲਾਂ ਬਾਅਦ ਉਹ ਸਾਹ ਦੀ ਬੀਮਾਰੀ ਨਾਲ ਮਰ ਗਿਆ।
ਮੈਂ ਇਸ ਕਹਾਣੀ ਨੂੰ ਆਪਣੀ ਜਾਤੀ ਕਹਾਣੀ ਦੇ ਤੌਰ ‘ਤੇ ਪੇਸ਼ ਨਹੀਂ ਕੀਤਾ। ਇਹ ਕਿਸੇ ਕਿਸਾਨ-ਵਿਸ਼ੇਸ਼ ਦੀ ਕਹਾਣੀ ਨਹੀਂ ਸਗੋਂ ਪੰਜਾਬ ਦੀ ਸਮੁੱਚੀ ਕਿਸਾਨੀ ਦੀ ਇਕ ਕੇਸ-ਸਟੱਡੀ ਹੈ। ਇਸ ਦੇ ਸਹੀ ਤੇ ਭਾਵਪੂਰਣ ਅਧਿਐਨ ਨਾਲ ਅਜੋਕੀ ਕਿਸਾਨੀ ਦੀਆਂ ਸਮੱਸਿਆਵਾਂ ਦੀ ਜੜ੍ਹ ਤੇ ਸਿੱਟਿਆਂ ਬਾਬਤ ਪ੍ਰਮਾਣੀਕ ਤੇ ਮੂੰਹ ਬੋਲਦੀ ਜਾਣਕਾਰੀ ਮਿਲ ਜਾਵੇਗੀ। ਕੀ ਜਮੀਨੀ ਵੰਡ, ਕੀ ਹਰਾ ਇਨਕਲਾਬ, ਕੀ ਸ਼ਰਮਾਏਦਾਰੀ ਕਦਰਾਂ ਦਾ ਪਸਾਰ, ਕੀ ਪੇਂਡੂ ਭਾਈਚਾਰੇ ਦੇ ਪਰਸਪਰ ਦਵੰਧ, ਕੀ ਅਨਪੜ੍ਹਤਾ, ਕੀ ਫੁਕਰਾਪੰਥੀ, ਕੀ ਨਸ਼ਿਆਂ ਦੀ ਪੁੰਗਾਰ, ਕੀ ਭ੍ਰਿਸ਼ਟਾਚਾਰ, ਕੀ ਬੇਰੁਜ਼ਗਾਰੀ, ਕੀ ਮੰਡੀਕਰਣ ਦੇ ਵਿਕਾਰ, ਕੀ ਫਸਲਾਂ ਦੀਆਂ ਕੀਮਤਾਂ ਨਿਰਧਾਰਤ ਕਰਨ ਦਾ ਕਮੀਸ਼ਨੀ ਢੰਗ, ਕੀ ਬੈਂਕਾਂ ਦਾ ਕਰਜ਼ਾ, ਕੀ ਉਗਰਾਹੀ ਦੇ ਅਣਖ-ਮਿਟਾਊ ਤਰੀਕੇ, ਕੀ ਆੜ੍ਹਤੀਆਂ ਦੀ ਧਮਕਾਊ ਅੱਤ, ਕੀ ਮਿਸ਼ਰਤ ਵਿਆਜ ਦੀ ਮਾਰ, ਕੀ ਕੁਰਕੀਆਂ, ਕੀ ਖੁਦਕਸ਼ੀਆਂ ਤੇ ਕੀ ਖੇਤ ਮਜ਼ਦੂਰਾਂ ਦੀ ਜਿੰਦਾ-ਖੁਦਕਸ਼ੀ ਦੀ ਸਦੀਵੀ ਹਾਲਤ-ਇਹ ਇਨ੍ਹਾਂ ਸਭ ਮਸਲਿਆਂ ‘ਤੇ ਤਜ਼ਰਬੇ ਦੀ ਤੇਜ਼ ਧਾਰ ਰੋਸ਼ਨੀ ਪਾਉਂਦੀ ਪੰਜਾਬ ਕਿਸਾਨੀ ਦੇ ਸੰਤਾਪ ਦੀ ਮਿੰਨੀ ਕਹਾਣੀ ਹੈ। ਇਸ ਲਈ ਇਸ ਨੂੰ ਇਵੇਂ ਹੀ ਵਿਚਾਰਿਆ ਜਾਵੇ।
(ਸਮਾਪਤ)