‘ਨਾਰੀਵਾਦੀ ਨਜ਼ਰੀਆ’ ਦਾ ਨਜ਼ਰੀਆ

ਨਵੀਂ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੀ ਪ੍ਰੋ. ਨਿਵੇਦਿਤਾ ਮੈਨਨ ਦੀ ਅੰਗਰੇਜ਼ੀ ਕਿਤਾਬ ‘ਸੀਇੰਗ ਲਾਈਕ ਏ ਫੈਮਿਨਿਸਟ’ ਦਾ ਪੰਜਾਬੀ ਅਨੁਵਾਦ ‘ਨਾਰੀਵਾਦੀ ਨਜ਼ਰੀਆ’ ਦੇ ਸਿਰਲੇਖ ਹੇਠ ਛਪਿਆ ਹੈ। ਇਸ ਕਿਤਾਬ ਦਾ ਅਨੁਵਾਦ ਪੱਤਰਕਾਰ ਤੇ ਫਿਲਮਸਾਜ਼ ਦਲਜੀਤ ਅਮੀ ਨੇ ਕੀਤਾ ਹੈ। ਸੀਮਾ ਸ਼ਰਮਾ (ਯੂਨੀਵਰਸਿਟੀ ਕਾਲਜ, ਘਨੌਰ, ਪਟਿਆਲਾ) ਨੇ ਇਸ ਬਾਰੇ ਆਪਣਾ ਲੇਖ ‘ਨਾਰੀਵਾਦੀ ਨਜ਼ਰੀਆ’ ਦਾ ਨਜ਼ਰੀਆ’ ਸਾਨੂੰ ਉਚੇਚਾ ਭੇਜਿਆ ਹੈ ਜੋ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਇਸ ਲੇਖ ਰਾਹੀਂ ਔਰਤ ਦੇ ਅੱਜ ਦੇ ਹਾਲਾਤ ਬਾਰੇ ਚਾਨਣਾ ਪਾਇਆ ਗਿਆ ਹੈ।

-ਸੰਪਾਦਕ

ਸੀਮਾ ਸ਼ਰਮਾ
ਭਾਰਤੀ ਸਮਾਜ ‘ਚ ਔਰਤ ਨਾਲ ਜੁੜੇ ਮਸਲੇ ਵਖ ਵਖ ਸਮੇਂ ਤੇ ਵਖ ਵਖ ਵਿਚਾਰਧਾਰਾਵਾਂ ਵਿਚੋਂ ਹੋ ਕੇ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ। ਭਾਵੇਂ ਤਲਾਕ ਦਾ ਮਸਲਾ ਹੋਵੇ, ਬਲਾਤਕਾਰ ਦੀਆਂ ਘਟਨਾਵਾਂ ਹੋਣ, ਔਰਤ ਦੇ ਸ਼ੋਸ਼ਣ ਦੀ ਗੱਲ ਹੋਵੇ ਜਾਂ ਫਿਰ ਔਰਤ ਦੀ ਸਮਾਜਕ ਹਾਲਾਤ ਦੀ ਗੱਲ- ਔਰਤ ਹਮੇਸ਼ਾ ਇਨ੍ਹਾਂ ਮੁੱਦਿਆਂ ਦਾ ਕੇਂਦਰ ਬਿੰਦੂ ਰਹੀ ਹੈ। ਅੱਜ 21ਵੀਂ ਸਦੀ ‘ਚ ਨਾਰੀ ਸ਼ਕਤੀਕਰਨ ਦੀ ਗੱਲ ਬਹੁਤ ਕੀਤੀ ਜਾਂਦੀ ਹੈ, ਇਸ ਦੇ ਨਾਲ ਹੀ ਇਹ ਪ੍ਰਚਾਰਿਆ ਜਾਂਦਾ ਹੈ ਕਿ ਔਰਤ ਦੀ ਹਾਲਤ ਹੁਣ ਸਮਾਜ ਵਿਚ ਮਰਦ ਦੇ ਬਰਾਬਰ ਹੈ, ਔਰਤ ਮਰਦ ਦੇ ਮੋਢੇ ਨਾਲ ਮੋਢਾ ਮਿਲਾ ਕੇ ਚਲਦੀ ਹੈ ਪਰ ਕੀ ਇਹ ਗੱਲ ਠੀਕ ਹੈ?
ਸਮਾਜ ਵਿਚ ਔਰਤ ਦੇ ਤ੍ਰਾਸਦਿਕ ਹਾਲਾਤ ਬਾਰੇ ਵਖ ਵਖ ਨਾਰੀਵਾਦੀ ਲੇਖਕ ਲਿਖਦੇ ਰਹੇ ਹਨ ਤੇ ਸਮਾਜ ਸਾਹਮਣੇ ਔਰਤ ਦੇ ਅਸਲ ਹਾਲਾਤ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲ ਹੀ ਵਿਚ ਜੇ. ਐਨ. ਯੂ. ਨਵੀਂ ਦਿੱਲੀ ਦੀ ਲੇਖਕ ਪ੍ਰੋ. ਨਿਵੇਦਿਤਾ ਮੈਨਨ ਦੀ ਕਿਤਾਬ ‘ਨਾਰੀਵਾਦੀ ਨਜ਼ਰੀਆ’ ਆਈ ਹੈ ਜੋ ਸਾਨੂੰ ਔਰਤ ਦੇ ਹਾਲਾਤ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ। ਇਹ ਕਿਤਾਬ ਪੱਤਰਕਾਰ ਅਤੇ ਫਿਲਮਸਾਜ਼ ਦਲਜੀਤ ਅਮੀ ਨੇ ਪੰਜਾਬੀ ਵਿਚ ਅਨੁਵਾਦ ਕੀਤੀ ਹੈ।
ਕੋਈ ਵੀ ਕਿਤਾਬ ਪੜ੍ਹਨ ਤੋਂ ਪਹਿਲਾਂ ਜਾਂ ਪਿਛੋਂ ਸਾਡੇ ਮਨ ਵਿਚ ਕਈ ਤਰ੍ਹਾਂ ਦੇ ਪ੍ਰਸ਼ਨ ਪੈਦਾ ਹੁੰਦੇ ਹਨ ਜਿਨ੍ਹਾਂ ਵਿਚੋਂ ਕੁਝ ਦੇ ਉਤਰ ਤਾਂ ਸਾਨੂੰ ਕਿਤਾਬ ਪੜ੍ਹਨ ਪਿਛੋਂ ਮਿਲ ਜਾਂਦੇ ਹਨ, ਕੁਝ ਪ੍ਰਸ਼ਨ ਕਿਤਾਬ ਸਾਡੇ ਲਈ ਛੱਡ ਕੇ ਜਾਂਦੀ ਹੈ ਤੇ ਉਹ ਸਾਨੂੰ ਬੇਚੈਨ ਕਰ ਦਿੰਦੇ ਹਨ। ਇਸ ਕਿਤਾਬ ਦੇ ਪ੍ਰਸੰਗ ਵਿਚ ਸਭ ਤੋਂ ਪਹਿਲਾਂ ਇਸ ਦੇ ਸਿਰਲੇਖ ਨੂੰ ਸਮਝਣਾ ਜ਼ਰੂਰੀ ਹੈ। ਸਿਰਲੇਖ ‘ਨਾਰੀਵਾਦੀ ਨਜ਼ਰੀਆ’ ਦੇ ਅਰਥ ਬਣਦੇ ਹਨ: ਨਾਰੀਵਾਦ ਤੋਂ ਭਾਵ ਔਰਤ ਦੀ ਵਿਚਾਰਧਾਰਾ ਅਤੇ ਨਜ਼ਰੀਏ ਤੋਂ ਭਾਵ ਕਿਸੇ ਚੀਜ਼ ਨੂੰ ਦੇਖਣ ਦਾ ਤਰੀਕਾ। ਸੋ ‘ਨਾਰੀਵਾਦੀ ਨਜ਼ਰੀਆ’ ਦਾ ਸ਼ਾਬਦਿਕ ਅਰਥ ਇਹ ਹੋਇਆ ਕਿ ਔਰਤ ਦੀ ਦ੍ਰਿਸ਼ਟੀ ਤੋਂ ਵਿਆਹ, ਪਰਿਵਾਰ ਅਤੇ ਸਮਾਜ ਨੂੰ ਦੇਖਣ ਦਾ ਤਰੀਕਾ।
ਕਿਤਾਬ ਪੜ੍ਹਨ ਤੋਂ ਪਹਿਲਾਂ ਲੱਗਦਾ ਸੀ ਕਿ ਚੰਗੀ ਗ੍ਰਹਿਣੀ, ਭੈਣ ਅਤੇ ਚੰਗੀ ਪਤਨੀ ਹੋਣਾ ਹੀ ਨਾਰੀਵਾਦੀ ਨਜ਼ਰੀਆ ਹੈ ਤੇ ਹਾਰ-ਸ਼ਿੰਗਾਰ ਕਰਨਾ, ਵਿਆਹ, ਬੱਚੇ ਤੇ ਪਰਿਵਾਰ ਦੀਆਂ ਲੋੜਾਂ ਦਾ ਖਿਆਲ ਰੱਖਣਾ ਹੀ ਨਾਰੀਵਾਦੀ ਸੋਚ ਹੈ। ਮੇਰੀ ਇਸ ਸੋਚ ਪ੍ਰਤੀ ਕਿਤਾਬ ਨੇ ਪ੍ਰਸ਼ਨ ਚਿੰਨ੍ਹ ਲਾਇਆ ਤੇ ਕਿਤਾਬ ਵਿਚੋਂ ਨਾਰੀਵਾਦੀ ਨਜ਼ਰੀਏ ਦੀ ਇਹ ਪਰਿਭਾਸ਼ਾ ਸਾਹਮਣੇ ਆਈ: ‘ਨਾਰੀਵਾਦ ਮਾਨਤਾ ਹੈ ਕਿ ਸਮਾਜਕ ਨੇਮ ਨੂੰ ਕਾਇਮ ਰੱਖਣ ਲਈ ਲਿੰਗ, ਬੁਨਿਆਦੀ ਇਕਾਈ ਹੈ ਜੋ ਔਰਤ ਜਾਂ ਮਰਦ ਦੀ ਪਛਾਣ ਦਾ ਮਤਲਬ ਵਖ ਵਖ ਤਰ੍ਹਾਂ ਦੀ ਹੋਣੀ ਦਾ ਭਾਗੀਦਾਰ ਹੋਣਾ ਹੈ।’
ਇਸ ਲਈ ਨਾਰੀਵਾਦੀ ਨਜ਼ਰੀਏ ਦਾ ਮਤਲਬ ਉਹ ਵਖਰੇਵੇਂ, ਬੰਦਿਸ਼ਾਂ ਤੇ ਪਾਬੰਦੀਆਂ ਹਨ, ਜੋ ਮਰਦ ਪ੍ਰਧਾਨ ਸਮਾਜ ਨੇ ਔਰਤ ‘ਤੇ ਲਾਗੂ ਕੀਤੀਆਂ ਹਨ। ਇਹ ਕਿਤਾਬ ਇਹ ਮਿੱਥਾਂ ਤੋੜਦੀ ਔਰਤ ਦੀ ਸੋਚ ਵਿਚ ਬਦਲਾਓ ਪੈਦਾ ਕਰਦੀ ਹੈ। ਔਰਤਾਂ ਨੂੰ ਲੈ ਕੇ ਮਨ ‘ਚ ਪਹਿਲਾ ਪ੍ਰਸ਼ਨ ਸੀ ਕਿ ਔਰਤਾਂ ਸ਼ਿੰਗਾਰ ਕਿਉਂ ਕਰਦੀਆਂ ਹਨ? ਆਪਣੇ ਆਪ ਨੂੰ ਸੁੰਦਰ ਬਣਾਉਣ ਜਾਂ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ? ਇਸ ਬਾਰੇ ਕਿਤਾਬ ਕਹਿੰਦੀ ਹੈ ਕਿ ਹਾਰ-ਸ਼ਿੰਗਾਰ ਕਰਨਾ ਔਰਤ ਲਈ ਸ਼ੌਕ ਘੱਟ, ਮਜਬੂਰੀ ਵੱਧ ਹੈ; ਔਰਤ ਹੋਣ ਦੇ ਨਾਤੇ ਜੇ ਤੁਸੀਂ ਕਿਸੇ ਪਾਰਟੀ ਜਾਂ ਵਿਆਹ ਸ਼ਾਦੀ ਵਿਚ ਸਾਧਾਰਨ ਹੀ ਚਲੇ ਜਾਂਦੇ ਹੋ ਤਾਂ ਮੂਰਖਤਾ ਸਮਝੀ ਜਾਵੇਗੀ। ਅਸਲ ਵਿਚ ਹਾਰ-ਸ਼ਿੰਗਾਰ ਔਰਤ ਲਈ ਜ਼ਰੂਰੀ ਬਣਾ ਦਿੱਤਾ ਗਿਆ ਹੈ ਤੇ ਹਾਰ-ਸ਼ਿੰਗਾਰ ਕਰਕੇ ਔਰਤ ਦੀ ਕੁਦਰਤੀ ਖੂਬਸੂਰਤੀ ਲੁਕੋ ਦਿੱਤੀ ਜਾਂਦੀ ਹੈ ਤੇ ਉਸ ਦੀ ਬਣਾਉਟੀ ਤੇ ਬਾਹਰਲੀ ਦਿੱਖ ਤੋਂ ਉਸ ਦੀ ਅਕਲ ਦਾ ਅੰਦਾਜ਼ਾ ਲਾਇਆ ਜਾਂਦਾ ਹੈ।
ਦੂਜਾ ਪ੍ਰਸ਼ਨ ਵਿਆਹ ਬਾਰੇ ਸੀ। ਕੀ ਔਰਤ ਲਈ ਵਿਆਹ ਜ਼ਰੂਰੀ ਹੈ? ਜੇ ਜ਼ਰੂਰੀ ਹੈ ਤਾਂ ਕੀ ਇਹ ਜ਼ਿੰਦਗੀ ਜਿਉਣ ਦਾ ਮਕਸਦ ਹੈ ਜਾਂ ਜ਼ਿੰਦਗੀ ਦਾ ਅੰਤ? ਕੁੜੀਆਂ ਨੂੰ ਅਕਸਰ ਸਿਖਾਇਆ ਜਾਂਦਾ ਹੈ ਕਿ ਵਿਆਹ ਜ਼ਰੂਰੀ ਹੈ, ਵਿਆਹ ਤੋਂ ਬਿਨਾ ਔਰਤ ਦੀ ਕੋਈ ਹੋਂਦ ਨਹੀਂ ਹੁੰਦੀ, ਵਿਆਹ ਪਿਛੋਂ ਹੀ ਉਸ ਦੀ ਅਸਲ ਜ਼ਿੰਦਗੀ ਸ਼ੁਰੂ ਹੁੰਦੀ ਹੈ। ਕਿਤਾਬ ਇਸ ਚੀਜ਼ ਨੂੰ ਹੋਰ ਸਪਸ਼ਟ ਕਰਦੀ ਹੈ ਕਿ ਵਿਆਹ ਕੁਦਰਤੀ ਤੌਰ ‘ਤੇ ਨਹੀਂ, ਬਲਕਿ ਸਮਾਜਕ ਤੌਰ ‘ਤੇ ਜ਼ਰੂਰੀ ਹੈ, ਤੇ ਇਹ ਵੀ ਜ਼ਰੂਰੀ ਹੈ ਕਿ ਔਰਤ ਨੂੰ ਹੀ ਵਿਆਹ ਪਿਛੋਂ ਮੁੰਡੇ ਦੇ ਘਰ ਜਾਣਾ ਪਵੇਗਾ, ਇਹੀ ਸਮਾਜਕ ਨਿਯਮ ਹੈ ਤੇ ਜੇ ਸਮਾਜਕ ਨਿਯਮ ਤੋੜਨ ਦੀ ਗੱਲ ਕਰਦੇ ਹਾਂ ਤਾਂ ਹਿੰਸਾ ਦੇ ਪਾਤਰ ਬਣਦੇ ਹਾਂ।
ਸਮਾਜਕ ਨਿਯਮ ਨਾਲ ਸਬੰਧਿਤ ਕਹਾਣੀ ਪ੍ਰੋ. ਨਿਵੇਦਿਤਾ ਮੈਨਨ ਆਪਣੀ ਇਸ ਕਿਤਾਬ ਵਿਚ ਦੱਸਦੇ ਹਨ: ਮੋਨੀ ਨਾਮ ਦੀ ਲੜਕੀ ਮਰਦਾਂ ਵਾਲੇ ਕੱਪੜੇ ਪਾ ਕੇ ਜਦੋਂ ਬਾਹਰ ਗਈ ਤਾਂ ਮਰਦਾਂ ਨੇ ਸ਼ਰੇਆਮ ਨੰਗਾ ਕਰਕੇ ਉਸ ਨੂੰ ਮਾਰਿਆ; ਕਿਉਂ? ਸਿਰਫ ਇਸ ਲਈ ਕਿ ਉਸ ਨੇ ਮਰਦਾਂ ਵਾਲੇ ਕੱਪੜੇ ਪਾਏ ਸੀ? ਨਹੀਂ, ਮਰਦਾਂ ਨੂੰ ਡਰ ਸੀ ਕਿ ਜੇ ਅੱਜ ਇਸ ਨੇ ਕੱਪੜਿਆਂ ਵਿਚ ਮਰਦਾਂ ਦੀ ਬਰਾਬਰੀ ਕੀਤੀ ਹੈ ਤਾਂ ਕੱਲ੍ਹ ਨੂੰ ਸੋਚ ਵਿਚ ਵੀ ਬਰਾਬਰੀ ਕਰੇਗੀ, ਇਸ ਲਈ ਬਗਾਵਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿਉ।
ਵਿਆਹ ਤੋਂ ਬਾਅਦ ਪਰਿਵਾਰ ਦੀ ਗੱਲ ਆਉਂਦੀ ਹੈ। ਪਰਿਵਾਰ ਕੀ ਹੈ? ਕੀ ਅਸੀਂ ਸਭ ਇਕ ਪਰਿਵਾਰ ਹਾਂ? ਨਹੀਂ। ਕਾਨੂੰਨ ਵਿਚ ਪਰਿਵਾਰ ਦੀ ਪਰਿਭਾਸ਼ਾ ਇਹ ਹੈ ਕਿ ਮਰਦ, ਉਸ ਦੀ ਪਤਨੀ ਤੇ ਉਨ੍ਹਾਂ ਦੇ ਬੱਚੇ।
ਮੇਰਾ ਅਗਲਾ ਪ੍ਰਸ਼ਨ ਸੀ, ਬੱਚੇ ਨਾਲ ਸਦਾ ਪਿਉ ਦਾ ਨਾਂ ਹੀ ਕਿਉਂ ਜੋੜਿਆ ਜਾਂਦਾ ਹੈ, ਮਾਂ ਦਾ ਨਾਂ ਕਿਉਂ ਨਹੀਂ? ਸਦਾ ਔਰਤ ਨੂੰ ਹੀ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਬੱਚਾ ਕਿਸ ਦਾ ਹੈ? ‘ਕਿਸ ਦੇ’ ਤੋਂ ਭਾਵ ਕਿਸ ਮਰਦ ਦਾ, ਪਰ ਕਦੇ ਕਿਸੇ ਮਰਦ ਤੋਂ ਇਹ ਨਹੀਂ ਪੁੱਛਿਆ ਜਾਵੇਗਾ ਕਿ ਇਹ ਬੱਚਾ ਕਿਸ ਔਰਤ ਦਾ ਹੈ? ਬੱਚਾ ਕਿਸ ਮਰਦ ਦਾ ਹੋਣ ਤੋਂ ਭਾਵ ਮਰਦ ਪ੍ਰਧਾਨ ਸਮਾਜ, ਜ਼ਮੀਨ ਤੇ ਵਾਰਿਸ ਪ੍ਰਾਪਤ ਕਰਨ ਤੋਂ ਹੈ। ਮਰਦ ਆਪਣਾ ਪਰਿਵਾਰ ਅੱਗੇ ਤੋਰਨ ਲਈ ਵਾਰਿਸ ਚਾਹੁੰਦਾ ਹੈ ਤੇ ਇਹ ਪੱਕਾ ਕਰਨਾ ਚਾਹੁੰਦਾ ਹੈ ਕਿ ਬੱਚਾ ਉਸੇ ਦਾ ਹੈ ਪਰ ਇਸ ਦਾ ਪਤਾ ਕਿਸ ਤਰ੍ਹਾਂ ਲਾਇਆ ਜਾਵੇ ਕਿ ਬੱਚਾ ਉਸੇ ਮਰਦ ਦਾ ਹੈ?
ਅਗਲਾ ਪ੍ਰਸ਼ਨ ਕੰਮ ਬਾਰੇ ਸੀ। ਘਰ ਦਾ ਕੰਮ ਸਦਾ ਔਰਤਾਂ ਦੇ ਹਿੱਸੇ ਹੀ ਕਿਉਂ ਆਉਂਦਾ ਹੈ? ਔਰਤਾਂ ਅਕਸਰ ਘਰ ਦੇ ਕੰਮ-ਰੋਟੀ ਬਣਾਉਣਾ, ਕੱਪੜੇ ਧੋਣਾ, ਬਰਤਨ ਮਾਂਜਣਾ ਆਦਿ ਕੰਮ ਕਰਦੀਆਂ ਹਨ। ਲੱਗਦਾ ਸੀ, ਇਹ ਕੁਦਰਤੀ ਹੈ ਪਰ ਕਿਤਾਬ ਪੜ੍ਹਨ ਪਿਛੋਂ ਪਤਾ ਲੱਗਾ ਕਿ ਔਰਤ ਦਾ ਸਮਾਜ ਵਿਚਲਾ ਇਹ ਦਰਜਾ ਜਮਾਂਦਰੂ ਨਹੀਂ ਬਲਕਿ ਸਮਾਜ ਦਾ ਬਣਾਇਆ ਹੋਇਆ ਹੈ।
ਸਾਡਾ ਸਮਾਜ ਲਿੰਗ ਨੂੰ ਦੋ ਭਾਗਾਂ ਵਿਚ ਵੰਡਦਾ ਹੈ-ਇਕ ਕੁਦਰਤੀ ਅਤੇ ਦੂਜਾ ਸਮਾਜਕ। ਕੁਦਰਤੀ ਮਤਲਬ ਜੋ ਫਰਕ ਸਾਡੇ ਅੰਦਰ ਕੁਦਰਤੀ ਤੌਰ ‘ਤੇ ਹੈ। ਇਹ ਫਰਕ ਸਿਰਫ ਦੋ ਹਨ- ਮਾਹਵਾਰੀ ਦਾ ਆਉਣਾ ਅਤੇ ਔਰਤ ਤੇ ਮਰਦ ਦਾ ਲਿੰਗਕ ਵਖਰੇਵਾਂ। ਸਮਾਜਕ ਭਾਵ ਜੋ ਵਖਰੇਵਾਂ ਸਮਾਜ ਨੇ ਔਰਤ ਤੇ ਮਰਦ ਵਿਚ ਪੈਦਾ ਕੀਤਾ ਹੈ। ਔਰਤ ਘਰ ਦੇ ਕੰਮ ਕਰਦੀ ਹੈ ਕਿਉਂਕਿ ਉਸ ਨੂੰ ਤਿਆਰ ਹੀ ਇਸ ਤਰ੍ਹਾਂ ਕੀਤਾ ਜਾਂਦਾ ਹੈ ਅਤੇ ਉਹ ਇਹ ਕੰਮ ਕੁਦਰਤੀ ਮੰਨ ਕੇ ਸਵੀਕਾਰ ਕਰ ਲੈਂਦੀ ਹੈ। ਉਂਜ, ਇਕ ਗੱਲ ਇਹ ਵੀ ਹੈ ਕਿ ਜਦੋਂ ਔਰਤ ਵਾਲੇ ਕੰਮਾਂ ਤੋਂ ਕਮਾਈ ਸ਼ੁਰੂ ਹੋ ਜਾਵੇ ਤਾਂ ਉਹ ਕੰਮ ਮਰਦਾਨਾ ਬਣ ਜਾਂਦੇ ਹਨ। ਅਸੀਂ ਢਾਬਿਆਂ, ਹਲਵਾਈ ਦੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਵਿਚ ਸ਼ੈਫ ਅਕਸਰ ਦੇਖਦੇ ਹਾਂ। ਪ੍ਰੋ. ਨਿਵੇਦਿਤਾ ਔਰਤ ਨੂੰ ਮਰਦਾਵੇਂਪਣ ਨਾਲ ਜੋੜਨ ਦੀ ਮਿਸਾਲ ਦਿੰਦੇ ਹਨ ਕਿ ਸੁਭੱਦਰਾ ਕੁਮਾਰੀ ਚੌਹਾਨ ਝਾਂਸੀ ਦੀ ਰਾਣੀ ਬਾਰੇ ਕਹਿੰਦੀ ਹੈ: “ਖੂਬ ਲੜੀ ਮਰਦਾਨੀ ਵੋ ਤੋ ਝਾਂਸੀ ਵਾਲੀ ਰਾਨੀ ਥੀ।” ਸੋਚਣ ਵਾਲੀ ਗੱਲ ਹੈ ਕਿ ਝਾਂਸੀ ਦੀ ਰਾਣੀ ਔਰਤ ਸੀ, ਫਿਰ ਉਸ ਨੂੰ ਮਰਦਾਨੀ ਕਿਉਂ ਕਿਹਾ ਗਿਆ? ਉਤਰ ਵੀ ਕਿਤਾਬ ਵਿਚ ਹੀ ਹੈ ਕਿ ਜਦੋਂ ਕੋਈ ਔਰਤ ਬਹਾਦਰੀ ਵਾਲਾ ਕੰਮ ਕਰਦੀ ਹੈ ਤਾਂ ਮਰਦਾਨਾ ਕਹਾਉਂਦੀ ਹੈ। ਕਾਰਨ? ਸਾਡਾ ਸਮਾਜ ਮਰਦ ਪ੍ਰਧਾਨ ਜੁ ਹੈ।
ਅਗਲਾ ਸਵਾਲ ਸੀ: ਜੇ ਮਰਦ ਔਰਤਾਂ ਵਾਲੇ ਕੰਮ ਕਰ ਸਕਦੇ ਹਨ ਤਾਂ ਕੀ ਮਰਦ ਬੱਚਾ ਪੈਦਾ ਨਹੀਂ ਕਰ ਸਕਦੇ? ਇਸ ਬਾਰੇ ਕਿਤਾਬ ਕਹਿੰਦੀ ਹੈ: ਔਰਤ ਦਾ ਗਰਭਵਤੀ ਹੋਣਾ ਕੁਦਰਤੀ ਅਮਲ ਹੈ ਪਰ ਮਾਂ ਬਣਨਾ ਸਮਾਜਕ ਅਮਲ ਹੈ; ਪਰ ਕੀ ਇਹ ਔਰਤ ਦਾ ਹੀ ਫਰਜ਼ ਹੈ ਕਿ ਉਹ ਬੱਚੇ ਦਾ ਪਾਲਣ-ਪੋਸ਼ਣ ਕਰੇ? ਨਹੀਂ, ਇਹ ਮਰਦ ਦਾ ਵੀ ਫਰਜ਼ ਹੈ।
ਮੇਰਾ ਅਗਲਾ ਸਵਾਲ ਸੀ: ਜੇ ਮਰਦਾਂ ਨੂੰ ਮਾਹਵਾਰੀ ਆਉਂਦੀ ਹੁੰਦੀ ਤਾਂ ਕੀ ਹੁੰਦਾ? ਮਰਦ ਔਰਤ ਨੂੰ ਹਰ ਚੀਜ਼ ਲੁਕੋ ਕੇ ਰੱਖਣ ਲਈ ਕਹਿੰਦੇ ਹਨ। ਜਿਵੇਂ ਮਾਹਵਾਰੀ ਦੀ ਗੱਲ ਹੈ, ਮਰਦ ਇਸ ਨੂੰ ਔਰਤ ਲਈ ਬਿਮਾਰੀ ਸਮਝਦੇ ਹਨ ਤੇ ਹਮੇਸ਼ਾਂ ਇਸ ਨੂੰ ਛੁਪਾ ਕੇ ਰੱਖਣ ਦੀ ਗੱਲ ਕਰਦੇ ਹਨ ਪਰ ਜੇ ਮਾਹਵਾਰੀ ਔਰਤਾਂ ਦੀ ਥਾਂ ਮਰਦਾਂ ਨੂੰ ਆਉਂਦੀ ਹੁੰਦੀ ਤਾਂ ਕੀ ਹੁੰਦਾ? ਫਿਰ ਸਮਾਜ ਇਹ ਵਿਆਖਿਆ ਕਿਸ ਤਰ੍ਹਾਂ ਕਰਦਾ? ਇਸ ਦਾ ਜਵਾਬ ਪ੍ਰੋ. ਮੈਨਨ ਨੇ ਕਿਤਾਬ ਵਿਚ ਬੜੀ ਖੂਬਸੂਰਤੀ ਨਾਲ ਦਿੱਤਾ ਹੈ ਕਿ ਜੇ “ਮਰਦਾਂ ਨੂੰ ਮਾਹਵਾਰੀ ਆਉਣੀ ਸ਼ੁਰੂ ਹੋ ਜਾਵੇ ਤਾਂ ਇਹ ਉਨ੍ਹਾਂ ਲਈ ਮਾਣ ਤੇ ਰੋਅਬ ਵਾਲੀ ਗੱਲ ਹੋਵੇਗੀ। ਫਿਰ ਜੋ ਮਰਦ ਇਸ ਨੂੰ ਬਿਮਾਰੀ ਸਮਝਦੇ ਸੀ, ਉਹ ਇਸ ਨੂੰ ਮਰਦਾਨਗੀ ਦੀ ਨਿਸ਼ਾਨੀ ਸਮਝਣਗੇ ਤੇ ਫਿਰ ਫੌਜ ਵਿਚ ਵੀ ਉਹ ਮਰਦ ਭਰਤੀ ਕੀਤੇ ਜਾਂਦੇ ਜਿਨ੍ਹਾਂ ਨੂੰ ਮਾਹਵਾਰੀ ਆਉਂਦੀ ਹੁੰਦੀ ਤੇ ਮਰਦਾਂ ਨੂੰ ਇਹ ਕਹਿ ਕੇ ਭਰਤੀ ਕੀਤਾ ਜਾਣਾ ਸੀ ਕਿ ਖੂਨ ਲੈਣ ਲਈ ਖੂਨ ਦੇਣਾ ਪੈਂਦਾ ਹੈ।” ਮਰਦਾਂ ਨੂੰ ਮਾਹਵਾਰੀ ਆਉਣ ‘ਤੇ ਸਰਕਾਰ ਪੈਡ ਵੀ ਮੁਫਤ ਦਿੰਦੀ ਕਿਉਂਕਿ ਸਮਾਜ ਅਤੇ ਸਰਕਾਰ ਦੋਵੇਂ ਮਰਦ ਪ੍ਰਧਾਨ ਹਨ ਅਤੇ ਉਨ੍ਹਾਂ ਕੋਲ ਸ਼ਕਤੀ ਤੇ ਸੱਤਾ ਹੈ, ਤੇ ਸਾਡਾ ਸਮਾਜ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰੇਗਾ।
ਮੇਰਾ ਅਗਲਾ ਸਵਾਲ ਬਲਾਤਕਾਰ ਬਾਰੇ ਸੀ। ਸਾਧਾਰਨ ਭਾਸ਼ਾ ਵਿਚ ਦੇਖੀਏ ਤਾਂ ਬਲਾਤਕਾਰ ਦਾ ਮਤਲਬ ਕਿਸੇ ਨਾਲ ਜ਼ਬਰਨ ਸਰੀਰਕ ਸਬੰਧ ਬਣਾਉਣਾ ਹੈ ਤੇ ਕਾਨੂੰਨਨ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਬਲਾਤਕਾਰੀ ਲਈ ਕਾਨੂੰਨ ਦੀ ਇਕੋ ਧਾਰਾ ਲਾਗੂ ਹੁੰਦੀ ਹੈ ਪਰ ਇਸ ਕਿਤਾਬ ਅਨੁਸਾਰ ਕਾਨੂੰਨਨ ਬਲਾਤਕਾਰ ਦੀ ਪਰਿਭਾਸ਼ਾ ਸਮੇਂ, ਸਥਾਨ ਤੇ ਸੱਤਾ ਅੱਗੇ ਬਦਲਦੀ ਰਹਿੰਦੀ ਹੈ। ਅਮੀਰ ਅਤੇ ਸੱਤਾ ‘ਤੇ ਕਾਬਜ਼ ਬੰਦੇ ਲਈ ਬਲਾਤਕਾਰ ਦੀ ਪਰਿਭਾਸ਼ਾ ਹੋਰ ਹੋਵੇਗੀ ਤੇ ਆਮ ਬੰਦੇ ਲਈ ਹੋਰ।
ਟੀ. ਵੀ. ‘ਤੇ ਅਕਸਰ ਕਈ ਨੇਤਾਵਾਂ ਨੂੰ ਬਲਾਤਕਾਰ ਬਾਰੇ ਅਜਿਹੀ ਬਿਆਨਬਾਜ਼ੀ ਕਰਦਿਆਂ ਸੁਣਿਆ ਜਾ ਸਕਦਾ ਹੈ ਕਿ ਬਲਾਤਕਾਰ ਕੁੜੀਆਂ ਦੇ ਛੋਟੇ ਕੱਪੜੇ ਪਾਉਣ, ਪੱਬਾਂ-ਬਾਰਾਂ ਵਿਚ ਜਾਣ ਅਤੇ ਰਾਤ ਨੂੰ ਬਾਹਰ ਇਕੱਲਿਆ ਘੁੰਮਣ ਕਾਰਨ ਹੁੰਦਾ ਹੈ। ਦੂਜੇ ਪਾਸੇ, ਅਸੀਂ ਅਕਸਰ ਖਬਰਾਂ ਪੜ੍ਹਦੇ-ਸੁਣਦੇ ਹਾਂ: ‘ਯੂ. ਪੀ. ਤੇ ਕਸ਼ਮੀਰ ਵਿਚ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ।’ ਜੇ ਛੋਟੇ ਕੱਪੜੇ ਪਾਉਣ ਤੇ ਰਾਤ ਨੂੰ ਘੁੰਮਣ ਨਾਲ ਬਲਾਤਕਾਰ ਹੁੰਦਾ ਹੈ, ਫਿਰ ਇਨ੍ਹਾਂ ਛੋਟੀਆਂ ਬੱਚੀਆਂ ਨੂੰ ਨਾ ਤਾਂ ਕੱਪੜੇ ਪਾਉਣ ਦੀ ਵੀ ਸਮਝ ਹੁੰਦੀ, ਨਾ ਉਹ ਰਾਤ ਨੂੰ ਇਕੱਲੀਆਂ ਘੁੰਮਦੀਆਂ ਹਨ, ਫਿਰ ਉਨ੍ਹਾਂ ਨਾਲ ਬਲਾਤਕਾਰ ਕਿਉਂ?
ਕਿਤਾਬ ਅਨੁਸਾਰ ਬਲਾਤਕਾਰ ਦੇ ਦੋਸ਼ੀਆਂ ਲਈ ਸਮਾਜ ਨੇ ਨਵੀਂ ਸਜ਼ਾ ਨਿਯਤ ਕੀਤੀ ਹੈ: ਬਲਾਤਕਾਰ ਦੇ ਦੋਸ਼ੀ ਨੂੰ ਉਸੇ ਲੜਕੀ ਨਾਲ ਵਿਆਹ ਕਰਨਾ ਪਵੇਗਾ; ਤਾਂ ਜੋ ਵਿਆਹ ਤੋਂ ਪਹਿਲਾਂ ਹੋਏ ਬਲਾਤਕਾਰ ਨੂੰ ਵੀ ਜਾਇਜ਼ ਠਹਿਰਾਇਆ ਜਾ ਸਕੇ। ਇਸ ਵਿਚ ਵੀ ਔਰਤ ਦੀ ਸਹਿਮਤੀ ਜਾਂ ਅਸਹਿਮਤੀ ਕੋਈ ਮਾਇਨੇ ਨਹੀਂ ਰੱਖਦੀ। ਇਸ ਨਾਲ ਸਵਾਲ ਪੈਦਾ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਹੋਣ ਵਾਲੀ ਜ਼ਬਰਦਸਤੀ ਕੀ ਬਲਾਤਕਾਰ ਨਹੀਂ?
ਅੱਜ ਕੱਲ੍ਹ ਤਲਾਕ ਦੇ ਮਸਲੇ ਬੜੇ ਵਧ ਰਹੇ ਹਨ। ਜਦੋਂ ਸਰਕਾਰ ਨੇ ਸੂਬਾ ਪੱਧਰੀ ਔਰਤ ਕਮਿਸ਼ਨਾਂ ਨੂੰ ਇਸ ਦਾ ਕਾਰਨ ਲੱਭਣ ਲਈ ਕਿਹਾ ਤਾਂ ਇਸ ਦਾ ਕਾਰਨ ਕੁੜੀਆਂ ਕੋਲ ਫੋਨ ਹੋਣਾ ਦੱਸਿਆ ਗਿਆ। ਜੋ ਕਮਿਸ਼ਨ ਔਰਤਾਂ ਦੀ ਰੱਖਿਆ ਲਈ ਬਣਾਇਆ ਗਿਆ ਹੈ, ਉਸ ਦਾ ਕਹਿਣਾ ਹੈ ਕਿ ਕੁੜੀਆਂ ਕੋਲ ਆਪਣੇ ਫੋਨ ਨਹੀਂ ਹੋਣੇ ਚਾਹੀਦੇ! ਮਤਲਬ, ਕੁੜੀਆਂ ਆਪਣੀਆਂ ਭਾਵਨਾਵਾਂ ਕਿਸੇ ਨੂੰ ਨਾ ਦੱਸਣ ਤੇ ਅੰਦਰੇ ਅੰਦਰ ਘੁਟ ਕੇ ਮਰ ਜਾਣ।
ਖੈਰ! ਇਹ ਤਾਂ ਉਹ ਸਵਾਲ ਸਨ ਜਿਨ੍ਹਾਂ ਦੇ ਜਵਾਬ ਇਸ ਕਿਤਾਬ ਵਿਚੋਂ ਮਿਲੇ ਪਰ ਇਹ ਕਿਤਾਬ ਕੁਝ ਹੋਰ ਸਵਾਲ ਵੀ ਮੇਰੇ ਲਈ ਛੱਡ ਕੇ ਗਈ, ਜਿਵੇਂ: ਔਰਤ ਦੀ ਇਸ ਹਾਲਤ ਲਈ ਸਾਡਾ ਸਮਾਜ ਜ਼ਿੰਮੇਵਾਰ ਹੈ ਜਾਂ ਸਾਡਾ ਸਭਿਆਚਾਰ? ਅਜਿਹੀਆਂ ਕਿਹੜੀਆਂ ਰੀਤਾਂ ਅਪਨਾਈਆਂ ਜਾਣ ਜੋ ਮਰਦ ਪੱਖੀ ਨਾ ਹੋ ਕੇ ਔਰਤ ਪੱਖੀ ਹੋਣ? ਔਰਤ ਕਦੋਂ ਆਜ਼ਾਦ ਸੋਚ ਰੱਖ ਕੇ ਨਵਾਂ ਸਮਾਜ ਸਿਰਜੇਗੀ?
ਇਹ ਕਿਤਾਬ ਔਰਤ ਨਾਲ ਸਬੰਧਿਤ ਤਮਾਮ ਮੁੱਦੇ ਉਘਾੜਦੀ ਹੈ ਅਤੇ ਔਰਤ ਦੀ ਅੱਜ ਦੇ ਸਮਾਜਕ ਹਾਲਾਤ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ।