ਪਾਰਸੀ ਥੀਏਟਰ ਦਾ ਉਤਰਾਅ-ਚੜ੍ਹਾਅ ਅਤੇ ਫਿਲਮਾਂ

ਕੋਈ ਵੇਲਾ ਸੀ ਜਦੋਂ ਪਾਰਸੀ ਥੀਏਟਰ, ਭਾਵ ਪਾਰਸੀ ਨਾਟਕ ਕੰਪਨੀਆਂ ਦੀ ਭਾਰਤ ਵਿਚ ਬੜੀ ਧੁੰਮ ਸੀ। ਅੱਜ ਵੀ ਪੁਰਾਣੇ ਲੋਕ ਉਸ ਦੌਰ ਦੇ ਸ਼ਾਨਦਾਰ ਸੈੱਟ, ਬੁਲੰਦ ਆਵਾਜ਼ ਅਤੇ ਵਿਸ਼ੇਸ਼ ਸੰਵਾਦ-ਸ਼ੈਲੀ ਨੂੰ ਨਹੀਂ ਭੁੱਲੇ। ਪਾਰਸੀ ਥੀਏਟਰ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿਚ ਬਣਦਾ ਯੋਗਦਾਨ ਪਾਇਆ ਅਤੇ ਅਜੋਕੇ ਸਿਨੇਮੇ ਲਈ ਵੀ ਰਾਹ-ਦਸੇਰਾ ਬਣਿਆ। ਰੰਗਮੰਚ ਦੀ ਸਥਾਪਨਾ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਦੇ ਜ਼ਮਾਨੇ ਵਿਚ 1853 ਵਿਚ ਹੋਈ।

ਉਰਦੂ ਅਤੇ ਫਾਰਸੀ ਦੇ ਵਿਦਵਾਨ ਉਸਤਾਦ ਅਮਾਨਤ ਤੋਂ ਨਵਾਬ ਨੇ ‘ਇੰਦਰ ਸਭਾ’ ਨਾਟਕ ਲਿਖਵਾਇਆ। ਉਸ ਵਿਚ ਨਵਾਬ ਨੇ ਖ਼ੁਦ ਇੰਦਰ ਦਾ ਕਿਰਦਾਰ ਅਦਾ ਕੀਤਾ ਸੀ ਅਤੇ ਅਪਸਰਾਵਾਂ ਦੀ ਤਾਂ ਕੋਈ ਘਾਟ ਸੀ ਹੀ ਨਹੀਂ। ਅੱਜ ਵੀ ਲਖਨਊ ਦੇ ਕੇਸਰ ਬਾਗ਼ ਦੇ 300 ਕਮਰੇ ਇਸ ਦੇ ਖ਼ਾਮੋਸ਼ ਗਵਾਹ ਹਨ। ਉਸ ਦੌਰ ਵਿਚ ਅਨੇਕਾਂ ਛੋਟੀਆਂ-ਛੋਟੀਆਂ ਮੰਡਲੀਆਂ ਬਣੀਆਂ ਜੋ ਪੂਰੇ ਦੇਸ਼ ਵਿਚ ਘੁੰਮਦੀ ਹੋਈਆਂ ‘ਇੰਦਰ ਸਭਾ’ ਦਾ ਮੰਚਨ ਕਰਦੀਆਂ ਸਨ। ਇਨ੍ਹਾਂ ਨੂੰ ਬਹੁਤ ਪ੍ਰਸਿਧੀ ਮਿਲੀ। ਸਾਲ 1853 ਤੋਂ 1860 ਦਰਮਿਆਨ ਬਹੁਤ ਸਾਰੇ ਨਾਟਕ ਲਿਖੇ ਗਏ, ਜਿਵੇਂ ‘ਅਲਾਦੀਨ ਦਾ ਚਿਰਾਗ਼’, ‘ਅਲੀ ਬਾਬਾ ਚਾਲੀਸ ਚੋਰ’, ‘ਫਸਾਨੇ ਅਜਾਇਬ’, ‘ਗੁਲ ਬਕਾਵਲੀ’, ‘ਵਿਚੰਦਰ ਬਕਾਵਲੀ’ ਆਦਿ।
ਪਾਰਸੀ ਥੀਏਟਰ ਦਾ ਇਤਿਹਾਸ ਬਹੁਤ ਵਿੱਲਖਣ ਹੈ। ਹੋਇਆ ਇੰਜ ਕਿ ਜਦੋਂ ਪਰਸ਼ੀਆ (ਇਰਾਨ ਦਾ ਪੁਰਾਣਾ ਨਾਂ) ‘ਤੇ ਮੁਸਲਮਾਨਾਂ ਨੇ ਹਮਲਾ ਕੀਤਾ ਤਾਂ ਉਥੋਂ ਭੱਜ ਕੇ ਬਹੁਤਿਆਂ ਨੇ ਭਾਰਤ ਵਿਚ ਪਨਾਹ ਲਈ ਅਤੇ ਉਹ ਮੁੰਬਈ, ਸੂਰਤ, ਨਾਸਿਕ, ਨਵਸਾਰੀ, ਬਲਸਾੜ, ਕਰਨ ਆਦਿ ਸਥਾਨਾਂ ‘ਤੇ ਵਸ ਗਏ। ਉਸ ਵੇਲੇ ਸਮਾਜ ਵਿਚ ਸ਼ਰਾਬ ਦਾ ਖ਼ੂਬ ਰੁਝਾਨ ਸੀ। ਪਾਰਸੀਆਂ ਦੀ ਨਜ਼ਰ ਇਸ ਧੰਦੇ ‘ਤੇ ਪਈ ਕਿਉਂਕਿ ਉਨ੍ਹਾਂ ਕੋਲ ਸ਼ਰਾਬ ਬਣਾਉਣ ਦਾ ਤਜਰਬਾ ਸੀ। ਲਿਹਾਜ਼ਾ ਉਹ ਹੌਲੀ-ਹੌਲੀ ਇਸ ਧੰਦੇ ਵਿਚ ਬਹੁਤ ਕਾਮਯਾਬ ਹੋ ਗਏ। ਬਾਦਸ਼ਾਹ ਜਹਾਂਗੀਰ ਦੀ ਐਸ਼ਪ੍ਰਸਤੀ ਕਾਰਨ ਅੰਗਰੇਜ਼ਾਂ ਨੂੰ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਦੀ ਆਗਿਆ ਮਿਲ ਗਈ। ਉਨ੍ਹਾਂ ਨੇ ਹੌਲੀ-ਹੌਲੀ ਸੂਰਤ ਵਿਚ ਕੋਠੀਆਂ ਬਣਾ ਲਈਆਂ ਅਤੇ ਕੋਲੇ ਦੀਆਂ ਖਾਣਾਂ, ਚਾਹ ਦੇ ਬਾਗ਼ਾਂ, ਅਬਰਕ ਦੀਆਂ ਖਾਣਾਂ ਆਦਿ ‘ਤੇ ਆਪਣਾ ਕਬਜ਼ਾ ਜਮਾਉਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਤੋਂ ਭਾਰਤ ਦੀ ਗਰਮੀ ਨਹੀਂ ਸੀ ਸਹਿ ਹੁੰਦੀ। ਗਰਮੀਆਂ ਵਿਚ ਉਹ ਇਥੋਂ ਦੇ ਠੰਢੇ ਸਥਾਨਾਂ ਦੀ ਤਲਾਸ਼ ਵਿਚ ਰਹਿੰਦੇ ਸਨ। ਸੋ, ਇੰਗਲੈਂਡ ਤੋਂ ਇੰਜਨੀਅਰ ਆਏ ਅਤੇ ਉਨ੍ਹਾਂ ਨੇ ਨੈਨੀਤਾਲ, ਮਸੂਰੀ, ਅਲਮੋੜਾ, ਰਾਨੀਖ਼ੇਤ, ਦਾਰਜੀਲਿੰਗ ਤੇ ਗੁਜਰਾਤ ਦੇ ਕਈ ਸਥਾਨ ਵਿਕਸਤ ਕੀਤੇ। ਅੰਗਰੇਜ਼ ਅਧਿਕਾਰੀਆਂ ਦਾ ਗਰਮੀ ਦੌਰਾਨ ਭਾਰਤ ਤੋਂ ਭੱਜਣਾ ਬੰਦ ਹੋ ਗਿਆ। ਫਿਰ ਉਨ੍ਹਾਂ ਦੇ ਮਨੋਰੰਜਨ ਲਈ ਇੰਗਲੈਂਡ ਤੋਂ ਡਾਂਸ ਪਾਰਟੀਆਂ ਆਉਣ ਲੱਗੀਆਂ। ਇਹ ਸਿਲਸਿਲਾ ਕਾਫੀ ਚੱਲਿਆ।
ਇਸ ਤੋਂ ਬਾਅਦ ਇੰਗਲੈਂਡ ਦੀਆਂ ਕੰਪਨੀਆਂ ‘ਸ਼ੈਕਸਪੀਅਰ’ ਦੇ ਡਰਾਮੇ ਲੈ ਕੇ ਆਉਣ ਲੱਗੀਆਂ। ਇਹ ਡਰਾਮੇ ਖ਼ਾਸੇ ਹਰਮਨ-ਪਿਆਰੇ ਹੋਏ। ਇਉਂ ਇੰਗਲੈਂਡ ਦੀਆਂ ਕੰਪਨੀਆਂ ਨੇ ਅੱਜ ਦੇ ਸਟੇਜ ਦੀ ਨੀਂਹ ਰੱਖੀ। ਬਕਾਇਦਾ ਥੀਏਟਰ ਹਾਲ ਬਣਾਏ ਗਏ। ਇਨ੍ਹਾਂ ਵਿਚ ਡਰਾਮੇ ਖੇਡੇ ਜਾਂਦੇ। ਬਿਜਲੀ ਨਾ ਹੋਣ ਦੇ ਕਾਰਨ ਮਸ਼ਾਲਾਂ ਬਾਲ ਕੇ ਰੋਸ਼ਨੀ ਕੀਤੀ ਜਾਂਦੀ ਸੀ। ਬਿਜਲੀ ਆਉਣ ‘ਤੇ ਰੰਗਮੰਚ ਦਾ ਰੰਗ-ਢੰਗ ਹੀ ਬਦਲ ਗਿਆ।
ਨਾਟਕਾਂ ਦੀ ਵਧਦੀ ਮਕਬੂਲੀਅਤ ਵੇਖ ਕੇ ਪਾਰਸੀਆਂ ਨੇ ਸੋਚਿਆ ਕਿ ਜਦੋਂ ਇੰਗਲੈਂਡ ਦੀਆਂ ਕੰਪਨੀਆਂ ਹਜ਼ਾਰਾਂ ਰੁਪਏ ਕਮਾ ਕੇ ਲਿਜਾ ਰਹੀਆਂ ਹਨ ਤਾਂ ਉਹ ਵੀ ਕਿਉਂ ਨਾ ਕਮਾਉਣ? ਇਉਂ 1864 ਵਿਚ ਖ਼ੁਰਸ਼ੇਦਜੀ ਬੱਲੀਵਾਲਾ ਜੋ ਰੰਗਮੰਚ ਦੇ ਮਹਾਨ ਕਮੇਡੀਅਨ ਸਨ ਅਤੇ ਕੋਵਾਸਜੀ ਖਟਾਊ ਨੇ ਰਲ ਕੇ ਪਹਿਲੀ ਕੰਪਨੀ ਸ਼ੁਰੂ ਕੀਤੀ- ਪਾਰਸੀ ਬੱਲੀਵਾਲਾ ਥੀਏਟਰੀਕਲ ਕੰਪਨੀ। ਇਸ ਤੋਂ ਬਾਅਦ 20-25 ਕੰਪਨੀਆਂ ਹੋਰ ਬਣੀਆਂ- ‘ਅਲਫ੍ਰੈਡ, ਇਨਫਿਸਟਨ, ਕੁਰਥੀਅਨ, ਅਲੈਗਜ਼ੇਂਡਰਾ, ਇੰਪਾਇਰ, ਕਾਰਪੋਰੇਸ਼ਨ, ਬੰਬੇ ਪਾਰਸੀ ਆਦਿ। ਇਸ ਦੇ ਨਾਲ ਹੀ ਕੁਝ ਭਾਰਤੀ ਕੰਪਨੀਆਂ ਵੀ ਬਣੀਆਂ ਜਿਵੇਂ ਲਕਸ਼ਮੀਕਾਂਤ ਨਾਟਕ ਸਮਾਜ, ਦੇਸੀ ਨਾਟਕ ਸਮਾਜ, ਮੇਰਠ ਦੀ ਵਿਆਕੁਲ ਭਾਰਤ ਅਤੇ ਪੰਜਾਬ ਦੀ ਮੂੰਜ ਥੀਏਟਰੀਕਲ ਕੰਪਨੀ ਆਦਿ।
ਸੁਆਲ ਹੈ ਕਿ ਪਾਰਸੀ ਨਾਟ-ਸ਼ੈਲੀ ਦੀ ਖ਼ਾਸੀਅਤ ਕੀ ਹੈ? ਇਸ ਨਾਲ ਪਾਰਸੀ ਸ਼ਬਦ ਕਿਉਂ ਜੁੜਿਆ? ਇਸ ਸ਼ੈਲੀ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਉਚੀ ਅਤੇ ਬੁਲੰਦ ਆਵਾਜ਼ ਵਿਚ ਬੋਲਿਆ ਜਾਂਦਾ ਸੀ। ਇਸ ਪਿੱਛੇ ਕਾਰਨ ਇਹ ਸੀ ਕਿ ਉਸ ਜ਼ਮਾਨੇ ਵਿਚ ਲਾਊਡ ਸਪੀਕਰ ਵਰਗੇ ਧੁਨੀ ਯੰਤਰ ਤਾਂ ਹੈ ਨਹੀਂ ਸਨ, ਦਰਸ਼ਕ ਬਹੁਤ ਜ਼ਿਆਦਾ ਹੁੰਦੇ ਸਨ। ਇਉਂ ਸਾਰਿਆਂ ਤਾਈਂ ਆਪਣੀ ਆਵਾਜ਼ ਪਹੁੰਚਾਉਣ ਲਈ ਪਾਤਰਾਂ ਦੀ ਮਜਬੂਰੀ ਸੀ ਕਿ ਉਹ ਉਚੀ-ਉਚੀ ਬੋਲਣ। ਲਿਹਾਜ਼ਾ ਆਉਣ ਵਾਲੇ ਸਮੇਂ ਵਿਚ ਇਹੀ ਆਵਾਜ਼ ਇਸ ਸ਼ੈਲੀ ਦੀ ਵਿਸ਼ੇਸ਼ਤਾ ਬਣ ਗਈ, ਕਿਉਂਕਿ ਪਾਰਸੀ ਲੋਕਾਂ ਨੇ ਸਭ ਤੋਂ ਪਹਿਲਾਂ ਇਹ ਨਾਟ-ਸ਼ੈਲੀ ਅਪਣਾਈ ਸੀ। ਉਂਜ ਇਸ ਦਾ ਪਰਸੀਆ ਨਾਲ ਕੋਈ ਸਬੰਧ ਨਹੀਂ ਸੀ। ਇਹ ਕੰਪਨੀਆਂ ਪੂਰੇ ਭਾਰਤ ਵਿਚ ਘੁੰਮਦੀਆਂ ਰਹਿੰਦੀਆਂ। ਉਸ ਸਮੇਂ ਸਰਕਸ ਅਤੇ ਥੀਏਟਰ, ਦੋਵਾਂ ਲਈ ਰੇਲਵੇ ਵੱਲੋਂ ਕਿਰਾਏ ਵਿਚ ਛੋਟ ਮਿਲਦੀ ਸੀ। ਲਿਹਾਜ਼ਾ ਵੱਡੀਆਂ-ਵੱਡੀਆਂ ਕੰਪਨੀਆਂ ਵਿਸ਼ੇਸ਼ ਰੇਲਾਂ ਵਿਚ ਸਫਰ ਕਰਦੀਆਂ ਅਤੇ ਨਾਲ ਆਪਣੇ ਜੈਨਰੇਟਰ ਵੀ ਲੈ ਜਾਂਦੀਆਂ। ਉਨ੍ਹੀਂ ਦਿਨੀਂ ਵਿਚ ਬਿਜਲੀ ਕੁਝ ਕੁ ਵੱਡੇ ਸ਼ਹਿਰਾਂ ਵਿਚ ਹੀ ਹੁੰਦੀ ਸੀ। ਮੇਰਠ, ਮੁਰਾਦਾਬਾਦ, ਮੁਜੱਫਰਗੜ੍ਹ, ਅਲੀਗੜ੍ਹ, ਸਹਾਰਨਪੁਰ, ਨੌਚੰਦੀ ਆਦਿ ਮੇਲਿਆਂ ਵਿਚ ਥੀਏਟਰ ਕੰਪਨੀਆਂ ਦੇ ਨਾਟਕ ਹੁੰਦੇ। ਮੰਚ ‘ਤੇ ਸਲਾਈਡ ਬਦਲ ਕੇ ਰੰਗ-ਬਿਰੰਗੀ ਰੋਸ਼ਨੀ ਪਾਈ ਜਾਂਦੀ ਤਾਂ ਜਗਮਗਾਹਟ ਨਾਲ ਲੋਕ ਰੌਲਾ ਪਾਉਣ ਲੱਗਦੇ।
ਦੱਖਣ ਵਿਚ ਤਾਮਿਲ ਅਤੇ ਤੇਲਗੂ ਵਿਚ ਪਾਰਸੀ ਸ਼ੈਲੀ ਦੇ ਹੋਏ ਨਾਟਕ ਮਹਾਂਰਾਸ਼ਟਰ ਵਿਚ ਵੀ ਹੋਏ ਪਰ ਬੰਗਾਲ ਵਿਚ ਬੰਗਾਲੀ ਲੇਖਕ ਗਿਰੀਸ਼ ਬਾਬੂ ਅਤੇ ਰਾਨੀ ਬਾਬੂ ਨੇ ਨਵੇਂ ਪ੍ਰਯੋਗ ਅਤੇ ਪਰਿਵਰਤਨ ਕਰਕੇ ਇਸ ਸ਼ੈਲੀ ਨੂੰ ਆਪਣੇ ਮੁਤਾਬਕ ਢਾਲਿਆ। ਬਿਹਾਰ ਵਿਚ ਰੁਸਤਮਜੀ ਮੋਦੀ ਦੇ ਛੋਟੇ ਭਰਾਵਾਂ ਕੇਕੀ ਮੋਦੀ ਤੇ ਸੋਹਰਾਬ ਮੋਦੀ ਦੀ ਕੰਪਨੀ ‘ਆਰੀਆ ਨੈਤਿਕ’ ਨਾਗਪੁਰ, ਜਬਲਪੁਰ, ਗਯਾ, ਭਾਗਲਪੁਰ, ਪਟਨਾ ਆਦਿ ਵਿਚ ਨਾਟਕ ਕਰਦੀ ਸੀ। ਇਨ੍ਹਾਂ ਵਿਚ ਹਰ ਕਿਰਦਾਰ ਨੂੰ ਸੋਹਰਾਬ ਮੋਦੀ ਬਖ਼ੂਬੀ ਨਿਭਾਉਂਦੇ। ‘ਵੀਰ ਅਭਿਮੰਨਿਊ’, ‘ਹੈਮਲਟ’, ‘ਦਿਲਫਰੋਸ਼’, ‘ਖ਼ੂਬਸੂਰਤ ਬਲਾ’ ਆਦਿ ਉਸ ਦੌਰ ਦੇ ਸਭ ਤੋਂ ਮਕਬੂਲ ਡਰਾਮੇ ਸਨ।
ਪਾਰਸੀ ਨਾਟਕਾਂ ਵਿਚ ਸਾਰੇ ਧਰਮਾਂ ਅਤੇ ਜਾਤਾਂ ਦੇ ਫਨਕਾਰ ਹੁੰਦੇ ਸਨ। ਇਨ੍ਹਾਂ ਫਨਕਾਰਾਂ ਵਿਚ ਮਾਸਟਰ ਮੋਹਨ, ਅਬਦੁਲ ਰਹਿਮਾਨ ਕਾਬੁਲੀ, ਸੂਰਜ ਰਾਮ, ਦਾਦਾ ਭਾਈ ਪਟੇਲ, ਕੇਕੀ ਅਡਜਾਨੀਆ, ਸੋਹਰਾਬਜੀ, ਡੋਹਰਾਵਜੀ ਮੇਵੇਵਾਲਾ, ਸੋਹਰਾਵਜੀ ਓਗਰਾ ਆਦਿ ਮੁੱਖ ਸਨ। ਔਰਤਾਂ ਦੇ ਕਿਰਦਾਰ ਮਰਦ ਪਾਤਰ ਹੀ ਨਿਭਾਉਂਦੇ ਸਨ। 1885 ਵਿਚ ਸਭ ਤੋਂ ਪਹਿਲਾਂ ‘ਬੱਲੀਵਾਲ ਕੰਪਨੀ’ ਨੇ ਦੋ ਵੇਸਵਾਵਾਂ ਗੁਲਜ਼ਾਰ ਅਤੇ ਬਿਜਲੀ ਨੂੰ ਆਪਣੀ ਕੰਪਨੀ ਵਿਚ ਦਾਖਲ ਕੀਤਾ। ਇਸ ਤੋਂ ਬਾਅਦ ਹੋਰ ਕੰਪਨੀਆਂ ਵਿਚ ਵੀ ਬਾਜ਼ਾਰੂ ਔਰਤਾਂ ਆਈਆਂ। ਔਰਤ ਪਾਤਰ ਦੀ ਭੂਮਿਕਾ ਅਦਾ ਕਰਨ ਵਾਲ ਜਿੰਨੇ ਵੀ ਮਰਦ ਕਲਾਕਾਰ ਸਨ, ਉਹ ਔਰਤਾਂ ਵਾਂਗ ਲੰਮੇ ਵਾਲ ਰੱਖਦੇ ਸਨ। ਫਿਲਮ ਜਗਤ ਦੇ ਮਹਾਨ ਫਿਲਮਸਾਜ਼ ਵੀ. ਸ਼ਾਂਤਾਰਾਮ ‘ਬਾਲ ਗੰਧਰਵ’ ਦੀ ਕੰਪਨੀ ਵਿਚ ਔਰਤ ਪਾਤਰ ਦੀ ਭੂਮਿਕਾ ਅਦਾ ਕਰਦੇ ਹੁੰਦੇ ਸਨ। ਮਾਸਟਰ ਭਗਵਾਨ ਦਾਸ, ਮਾਸਟਰ ਨਿਸਾਰ, ਗ਼ੁਲਾਮ ਹੈਦਰ ਸਿੰਘੀ, ਨਰਬਦਾ ਸ਼ੰਕਰ ਆਦਿ ਵੀ ਔਰਤ ਪਾਤਰ ਨਿਭਾਉਂਦੇ ਰਹੇ।
1931 ਵਿਚ ਪਹਿਲੀ ਬੋਲਣ ਵਾਲੀ ਫਿਲਮ ‘ਆਲਮਆਰਾ’ ਬਣੀ। ਇਹ ਫਿਲਮ ‘ਇੰਪੀਰੀਅਲ ਕੰਪਨੀ’ ਦੀ ਸੀ ਜਿਸ ਵਿਚ ਪ੍ਰਿਥਵੀਰਾਜ ਕਪੂਰ ਨੇ ਵੀ ਅਦਾਕਾਰੀ ਕੀਤੀ। ਇਸ ਤੋਂ ਬਾਅਦ ਕਈ ਕੰਪਨੀਆਂ ਆਈਆਂ ਜਿਸ ਵਿਚ ‘ਸਰੋਜ ਕੰਪਨੀ’, ‘ਸਾਗਰ ਕੰਪਨੀ’, ‘ਮਿਨਰਵਾ ਮੂਵੀਟੋਨ’, ‘ਕਾਰਦਾਰ ਪ੍ਰੋਡਕਸ਼ਨ’, ‘ਬਾਲ ਗੰਧਰਵ’ ਆਦਿ ਖ਼ਾਸ ਸਨ। ਇਹ ਫਿਲਮ ਕੰਪਨੀਆਂ ਆਉਣ ਨਾਲ ‘ਪਾਰਸੀ ਥੀਏਟਰ’ ਦਾ ਪਤਨ ਸ਼ੁਰੂ ਹੋ ਗਿਆ। 1950 ਤਕ ਪਾਰਸੀ ਰੰਗਮੰਚ ਬਿਲਕੁਲ ਖ਼ਤਮ ਹੋ ਗਿਆ।
ਹੁਣ ਆਧੁਨਿਕ ਸਹੂਲਤਾਂ ਨੇ ਰੰਗਮੰਚ ਦੀ ਕਾਇਆ ਹੀ ਪਲਟ ਦਿੱਤੀ ਹੈ। ਜਦੋਂ ਬੋਲਦੀਆਂ ਫਿਲਮਾਂ ਦੀ ਸ਼ੁਰੂਆਤ ਹੋਈ ਤਾਂ ਰੰਗਮੰਚ ਦੇ ਕਲਾਕਾਰ ਹੀ ਫਿਲਮਾਂ ਵਿਚ ਲਏ ਗਏ। ਫਿਲਮਾਂ ਵਿਚ ਪਿੱਠਵਰਤੀ ਗੁਲੂਕਾਰੀ ਦੀ ਸ਼ੁਰੂਆਤ 1935 ਵਿਚ ਹੋਈ। ਉਦੋਂ ਤਕ ਸਿਰਫ ਉਨ੍ਹਾਂ ਲੋਕਾਂ ਨੂੰ ਮੌਕਾ ਮਿਲਿਆ ਜੋ ਸੰਵਾਦ ਬੁਲੰਦ ਆਵਾਜ਼ ਵਿਚ ਬੋਲ ਸਕਦੇ ਸਨ। ਕਈ ਸੰਗੀਤ ਨਿਰਦੇਸ਼ਕ ਅਤੇ ਲਿਖਾਰੀ ਵੀ ਪਾਰਸੀ ਥੀਏਟਰ ਤੋਂ ਹੀ ਗਏ, ਜਿਵੇਂ ਪੰਡਿਤ ਖ਼ੇਮਚੰਦ ਪ੍ਰਕਾਸ਼, ਨੌਸ਼ਾਦ ਅਲੀ, ਸੀ. ਰਾਮ ਚੰਦਰ, ਮੁਣਸ਼ੀ ਦਿਲ ਆਦਿ। ‘ਵਿਰੀਧੀ ਚੰਦਰ’ ਦਾ ਇਹ ਗੀਤ ‘ਏ ਚਾਂਦ ਛੁਪ ਜਾਨਾ, ਜਬ ਤਕ ਕਿ ਮੈਂ ਆ ਨਾ ਜਾਊਂ’ ਅਤੇ ਮਹਿਬੂਬ ਖ਼ਾਨ ਦੀ ਫਿਲਮ ‘ਹਮਾਯੂੰ’ (1945) ਦਾ ਗੀਤ ‘ਨੈਨਾ ਭਰ ਆਏ ਨੀਰ’ (ਸ਼ਮਸ਼ਾਦ ਬੇਗ਼ਮ), ਜਿਸ ਦਾ ਸੰਗੀਤ ਪੰਜਾਬ ਦੇ ਮਸ਼ਹੂਰ ਸੰਗੀਤਕਾਰ ਮਾਸਟਰ ਗ਼ੁਲਾਮ ਹੈਦਰ ਨੇ ਦਿੱਤਾ ਸੀ, ਉਸ ਵਕਤ ਬੇਹੱਦ ਮਕਬੂਲ ਹੋਏ ਸਨ।
ਗ਼ੁਲਾਮ ਹੈਦਰ ‘ਪੰਚੋਲੀ ਆਰਟ ਸਟੂਡੀਓ’ ਦੇ ਸਥਾਈ ਸੰਗੀਤਕਾਰ ਸਨ। ਮਲਿਕਾ-ਏ-ਤਰੱਨੁਮ ਨੂਰਜਹਾਂ, ਸ਼ਮਸ਼ਾਦ ਬੇਗ਼ਮ, ਉਮਰਾਜ਼ੀਆ ਬੇਗ਼ਮ, ਸੁਰਿੰਦਰ ਕੌਰ ਤੇ ਲਤਾ ਮੰਗੇਸ਼ਕਰ ਉਨ੍ਹਾਂ ਦੀਆਂ ਹੀ ਸ਼ਗਿਰਦ ਸਨ। 1934-35 ਵਿਚ ਫਿਲਮਾਂ ਵਿਚ ਪਿੱਠਵਰਤੀ ਗਾਇਕੀ ਦੇ ਨਾਲ-ਨਾਲ ਨਵੀਆਂ ਫਿਲਮਾਂ ਦਾ ਦੌਰ ਸ਼ੁਰੂ ਹੋਇਆ। ਅਸ਼ੋਕ ਕੁਮਾਰ, ਕਰਨ ਦੀਵਾਨ, ਰਹਿਮਾਨ, ਦਲੀਪ ਕੁਮਾਰ, ਦੇਵ ਆਨੰਦ, ਰਾਜ ਕਪੂਰ ਅਤੇ ਪਰਾਣ ਵਰਗੇ ਅਦਾਕਾਰਾਂ ਦੇ ਆਉਣ ਨਾਲ ਪਾਰਸੀ ਥੀਏਟਰ ਦੇ ਕਲਾਕਾਰਾਂ ਲਈ ਫਿਲਮਾਂ ਵਿਚ ਵੀ ਜਗ੍ਹਾ ਨਾ ਰਹੀ। ਲਿਹਾਜ਼ਾ ਉਹ ਹੌਲੀ-ਹੌਲੀ ਅਦਾਕਾਰੀ ਦੀ ਦੌੜ ਤੋਂ ਵੀ ਬਾਹਰ ਹੁੰਦੇ ਗਏ। ਇਉਂ ਫਿਲਮਾਂ ਦੀ ਬੇਤਹਾਸ਼ਾ ਚਮਕ-ਦਮਕ ਵਿਚ ਪਾਰਸੀ ਥੀਏਟਰ ਗੁਆਚ ਗਿਆ।
-ਮਨਦੀਪ ਸਿੰਘ ਸਿੱਧੂ