ਹੁਣ ਮੋਦੀ ਦੇ ਬਚਪਨ ਬਾਰੇ ਫਿਲਮ

ਭਾਰਤ ਵਿਚ ਲੋਕ ਸਭਾ ਚੋਣਾਂ ਸਿਰ ਉਤੇ ਹਨ ਅਤੇ ਭਾਜਪਾ ਦੀ ਪ੍ਰਚਾਰ ਮਸ਼ੀਨਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਾਰੇ ਫਿਲਮ ‘ਚਲੋ ਜੀਤੇ ਹੈਂ’ ਤਿਆਰ ਕਰ ਲਈ ਹੈ। ਕੁੱਲ 32 ਮਿੰਟ ਦੀ ਇਸ ਫਿਲਮ ਵਿਚ ਭਾਵੇਂ ਕਿਤੇ ਇਹ ਨਹੀਂ ਦਰਸਾਇਆ ਗਿਆ ਕਿ ਇਹ ਫਿਲਮ ਨਰੇਂਦਰ ਮੋਦੀ ਦੇ ਬਚਪਨ ਬਾਰੇ ਹਨ ਪਰ ਫਿਲਮ ਵਿਚਲੀਆਂ ਘਟਨਾਵਾਂ ਅਤੇ ਕਹਾਣੀ ਇਸ ਹਿਸਾਬ ਨਾਲ ਬੁਣੇ ਗਏ ਹਨ ਕਿ ਦਰਸ਼ਕ ਨੂੰ ਖ਼ੁਦ-ਬਖ਼ੁਦ ਪਤਾ ਲੱਗ ਜਾਂਦਾ ਹੈ ਕਿ

ਫਿਲਮ ਦਾ ਨਾਇਕ ਨਰੇਂਦਰ ਮੋਦੀ ਹੀ ਹੈ। ਯਾਦ ਰਹੇ ਕਿ 2014 ਵਾਲੀ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਵੀ ਪ੍ਰਚਾਰ ਹਿਤ ਕੌਮਿਕ ਕਿਤਾਬ ‘ਬਾਲ ਨਰੇਂਦਰ’ ਰਿਲੀਜ਼ ਕੀਤੀ ਗਈ ਸੀ ਅਤੇ ਇਸ ਦੀ ਉਦੋਂ ਖ਼ੂਬ ਚਰਚਾ ਕਰਵਾਈ ਗਈ ਸੀ।
‘ਚਲੋ ਜੀਤੇ ਹੈਂ’ ਫਿਲਮ 29 ਜੁਲਾਈ ਨੂੰ ਰਿਲੀਜ਼ ਕਰ ਦਿਤੀ ਗਈ ਪਰ ਇਸ ਤੋਂ ਪਹਿਲਾਂ ਇਸ ਫਿਲਮ ਦਾ ਵਿਸ਼ੇਸ਼ ਸ਼ੋਅ ਲੰਘੇ ਬੁਧਵਾਰ ਨੂੰ ਰਾਜ ਸਭਾ ਸਕੱਤਰੇਤ ਵਿਚ ਕੀਤਾ ਗਿਆ। ਇਸ ਮੌਕੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਅਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ, ਰਵੀ ਸ਼ੰਕਰ ਪ੍ਰਸਾਦ, ਰਾਜਵਰਧਨ ਰਾਠੌੜ, ਜੈਅੰਤ ਸਿਨਹਾ ਤੇ ਜੇ.ਪੀ. ਨੱਢਾ ਮੌਜੂਦਾ ਸਨ। ਇਹੀ ਨਹੀਂ, ਇਕ ਦਿਨ ਪਹਿਲਾਂ ਮੰਗਲਵਾਰ ਨੂੰ ਇਹ ਫਿਲਮ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਲਈ ਦਿਖਾਈ ਗਈ। ਇਸ ਫਿਲਮ ਬਾਰੇ ਸਵਾਲ ਕਰਨ ‘ਤੇ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਅਸ਼ੋਕ ਮਲਿਕ ਨੇ ਇਉਂ ਸਫਾਈ ਦੇਣ ਦਾ ਯਤਨ ਕੀਤਾ: “ਵੱਖ-ਵੱਖ ਫਿਲਮਸਾਜ਼ ਸਾਡੇ ਤੱਕ ਪਹੁੰਚ ਕਰਦੇ ਰਹਿੰਦੇ ਹਨ ਕਿ ਉਹ ਆਪਣੀ ਫਿਲਮ ਰਾਸ਼ਟਰਪਤੀ ਜੀ ਨੂੰ ਦਿਖਾਉਣਾ ਚਾਹੁੰਦੇ ਹਨ। ਇਸ ਫਿਲਮ ਵਿਚ ਇਕ ਬੱਚੇ ਦੇ ਬਚਪਨ ਅਤੇ ਮਾਸੂਮੀਅਤ ਬਾਰੇ ਬਹੁਤ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ। ਇਸ ਲਈ ਰਾਸ਼ਟਰਪਤੀ ਨੇ ਇਹ ਫਿਲਮ ਦਿਖਾਉਣ ਦੀ ਆਗਿਆ ਦੇ ਦਿੱਤੀ ਤਾਂ ਕਿ ਜੀਵਨ ਨਾਲ ਜੁੜੀਆਂ ਚੰਗੀਆਂ ਕਦਰਾਂ-ਕੀਮਤਾਂ ਦਾ ਪ੍ਰਸਾਰ ਹੋ ਸਕੇ।” ਇਸ ਦੇ ਨਾਲ ਹੀ ਉਨ੍ਹਾਂ ਉਲਟਾ ਸਵਾਲ ਵੀ ਕੀਤਾ ਕਿ ਸ੍ਰੀ ਕੋਵਿੰਦ ਤੋਂ ਪਹਿਲਾਂ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੀ ਤਾਂ ਰਾਸ਼ਟਰਪਤੀ ਭਵਨ ਵਿਚ ਕਈ ਫਿਲਮਾਂ ਦੇਖੀਆਂ ਸਨ ਜਿਨ੍ਹਾਂ ਵਿਚ ‘ਪਿੰਕ’ ਅਤੇ ‘ਪੀਕੂ’ ਫਿਲਮਾਂ ਵੀ ਸ਼ਾਮਲ ਸਨ, ਕੀ ਉਹ ਵੀ ਸਿਆਸੀ ਪ੍ਰਚਾਰ ਹੀ ਸੀ?
ਇਹ ਫਿਲਮ ਦਿਖਾਉਣ ਤੋਂ ਬਾਅਦ ਭਾਜਪਾ ਨਾਲ ਜੁੜੇ ਮੰਤਰੀਆਂ-ਸੰਤਰੀਆਂ ਅਤੇ ਅਹੁਦੇਦਾਰਾਂ ਨੇ ਪ੍ਰਚਾਰ ਮੁਹਿੰਮ ਵੀ ਵਿੱਢ ਦਿੱਤੀ ਹੈ। ਫਿਲਮ ਮਰਾਠੀ ਫਿਲਮਸਾਜ਼ ਮੰਗਲੇਸ਼ ਹਦਾਵਲੇ ਨੇ ਬਣਾਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫਿਲਮ ਸੱਚੀਆਂ ਘਟਨਾਵਾਂ ‘ਤੇ ਆਧਾਰਤ ਹੈ। ਇਹ ਅਜਿਹੇ ਬੱਚੇ ਦੀ ਕਹਾਣੀ ਹੈ ਜੋ ਦੇਸ਼ ਲਈ ਕੁਝ ਕਰਨਾ ਚਾਹੁੰਦਾ ਹੈ। ਇਸ ਬੱਚੇ ਦਾ ਨਾਂ ਨਰੂ ਰੱਖਿਆ ਗਿਆ ਹੈ (ਨਰੇਂਦਰ ਮੋਦੀ ਦਾ ਹੀ ਛੋਟਾ ਨਾਂ)। ਫਿਲਮ ਵਿਚ ਦਰਜ ਹੈ ਕਿ ਬਾਲਕ ਨਰੂ, ਸਵਾਮੀ ਵਿਵੇਕਾਨੰਦ ਦੀ ਕਿਤਾਬ ਪੜ੍ਹਨ ਤੋਂ ਬਾਅਦ ਉਨ੍ਹਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਵਿਵੇਕਾਨੰਦ ਦੇ ਵਿਚਾਰ ਹਨ ਕਿ “ਜਿੱਤਦੇ ਉਹੀ ਹਨ ਜੋ ਦੂਜਿਆਂ ਲਈ ਜਿਊਂਦੇ ਹਨ।” ਇਸੇ ਆਧਾਰ ‘ਤੇ ਹੀ ਇਸ ਫਿਲਮ ਦੀ ਕਹਾਣੀ ਉਸਾਰੀ ਗਈ ਹੈ। ਅਸਲ ਵਿਚ ਇਹ ਕਹਾਣੀ ਪਹਿਲਾਂ ਛਪੀ ਕਿਤਾਬ ‘ਸਮਾਜਿਕ ਸਮਰਤਾ’ ਵਿਚੋਂ ਲਈ ਗਈ ਹੈ ਅਤੇ ਇਹ ਕਿਤਾਬ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਲੇਖਾਂ ਦਾ ਹੀ ਸੰਗ੍ਰਹਿ ਹੈ।
ਇਸ ਫਿਲਮ ਦੇ ਡਾਇਰੈਕਟਰ ਮੰਗਲੇਸ਼ ਹਦਾਵਲੇ ਨੇ ਇਸ ਤੋਂ ਪਹਿਲਾਂ ਫਿਲਮ ‘ਟਿੰਗੀਆ’ ਬਣਾ ਚੁੱਕੇ ਹਨ। ਸਾਲ 2008 ਵਿਚ ਮਰਾਠੀ ਵਿਚ ਬਣਾਈ ਇਹ ਫਿਲਮ ਕੁੱਲ 116 ਮਿੰਟਾਂ ਦੀ ਹੈ ਅਤੇ ਇਸ ਦੀ ਕਹਾਣੀ ਵੀ ਦਿਹਾਤੀ ਬਾਲਕ ਦੁਆਲੇ ਘੁੰਮਦੀ ਹੈ। ਇਸ ਫਿਲਮ ਵਿਚ ਉਹ ਆਪਣੇ ਬਲਦ ਨੂੰ ਬਹੁਤ ਪਿਆਰ ਕਰਦਾ ਹੈ। ਅਸਲ ਵਿਚ ਇਸ ਫਿਲਮ ਵਿਚ ਮਹਾਂਰਾਸ਼ਟਰ ਦੇ ਕਿਸਾਨਾਂ ਨੂੰ ਜੋ ਔਕੜਾਂ, ਮੁਸੀਬਤਾਂ ਅਤੇ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ, ਉਹ ਸਾਰੀ ਕਹਾਣੀ ਦਰਜ ਕੀਤੀ ਗਈ ਹੈ। ਇਸ ਫਿਲਮ ਦੀ ਖ਼ੂਬ ਪ੍ਰਸੰਸਾ ਹੋਈ ਸੀ ਅਤੇ ਇਹ ਪੁਣੇ ਕੌਮਾਂਤਰੀ ਫਿਲਮ ਮੇਲੇ ਵਿਚ ਵੀ ਦਿਖਾਈ ਗਈ ਸੀ ਅਤੇ 2008 ਵਿਚ ਫਿਲਮ ਨੂੰ ਮੁੰਬਈ ਅਕੈਡਮੀ ਆਫ ਮੂਵੀਜ਼ ਇਮੇਜਿਜ਼ ਵਲੋਂ ਸਰਵੋਤਮ ਫਿਲਮ ਐਲਾਨਿਆ ਗਿਆ ਸੀ। ਇਸ ਫਿਲਮ ਵਿਚ ਬਾਲ ਕਲਾਕਾਰ ਦਾ ਕਿਰਦਾਰ ਨਿਭਾਉਣ ਵਾਲੇ ਸ਼ਰਦ ਗਿਓਕਰ ਨੂੰ ਸਰਵੋਤਮ ਬਾਲ ਕਲਾਕਾਰ ਦਾ ਕੌਮੀ ਫਿਲਮ ਐਵਾਰਡ ਵੀ ਦਿੱਤਾ ਗਿਆ ਸੀ। ਫਿਲਮ ‘ਚਲੋ ਜੀਤੇ ਹੈਂ’ ਕਲਾ ਦਾ ਪੱਖ ਤੋਂ ‘ਟਿੰਗੀਆ’ ਤੋਂ ਕਿਸੇ ਵੀ ਲਿਹਾਜ਼ ਘੱਟ ਨਹੀਂ ਹੈ।
-ਗੁਰਜੰਟ ਸਿੰਘ