ਨੰਬਰਾਂ ਦੀ ਦੌੜ ਤੋਂ ਦੂਰ ਵਿਦਿਆ ਬਾਲਨ

ਭਾਰਤੀ ਦਰਸ਼ਕਾਂ ਦੀ ਸੋਚ ਵਿਚ ਵੱਡੀ ਤਬਦੀਲੀ ਆਈ ਹੈ। ਹੁਣ ਦਰਸ਼ਕ ਹੁਸਨ ਤੇ ਖਿੱਚ ਹੀ ਨਹੀਂ ਬਲਕਿ ਅਭਿਨੈ ਵੀ ਭਾਲਦੇ ਹਨ। ਘੱਟੋ-ਘੱਟ ਵਿਦਿਆ ਬਾਲਨ ਦੇ ਮਾਮਲੇ ਵਿਚ ਇਹ ਗੱਲ ਸੱਚ ਨਜ਼ਰ ਆਉਂਦੀ ਹੈ। ਐਵਾਰਡਾਂ ‘ਤੇ ਕਬਜ਼ਾ, ਥੋੜ੍ਹੇ ਸਮੇਂ ਵਿਚ ਵੱਡੀ ਕਾਮਯਾਬੀ, ਹਰ ਭੂਮਿਕਾ ਵਿਚ ਢਲਣਾ ਵਿਦਿਆ ਬਾਲਨ ਦੀਆਂ ਖ਼ੂਬੀਆਂ ਹਨ। ‘ਮੁੰਨਾ ਭਾਈ’ ਵਿਚ ਉਹ ਹਸਾਉਂਦੀ ਹੈ ਤਾਂ ‘ਡਰਟੀ ਪਿਕਚਰ’ ਵਿਚ ਸਭ ਹੱਦਾਂ ਪਾਰ ਕਰ ਜਾਂਦੀ ਹੈ।
ਕਦੇ ਸਾਊਥ ਇੰਡੀਅਨ ਤੇ ਕਦੇ ‘ਘਣਚੱਕਰ’ ਵਿਚ ਪੰਜਾਬਣ ਬਣਦੀ ਵਿਦਿਆ ਇਹੀ ਪ੍ਰਭਾਵ ਦਿੰਦੀ ਹੈ ਕਿ ਉਹ ਹਰ ਢਾਂਚੇ ਵਿਚ ਫਿੱਟ ਮੂਰਤ ਹੈ। ਹੁਣ ਉਸ ਨੂੰ ਲੈ ਕੇ ‘ਕਹਾਨੀ-2’ ਬਣਨ ਦੀਆਂ ਖ਼ਬਰਾਂ ਹਨ। ਫ਼ਿਲਮਾਂ ਦੀਆਂ ਪੇਸ਼ਕਸ਼ਾਂ ਬਹੁਤ ਹਨ ਪਰ ਉਹ ਚੁਣਦੀ ਇਕ ਇਕ ਲਾਈਨ ਪੜ੍ਹ ਕੇ ਹੈ। ਵਿਦਿਆ ਨੂੰ ਹਿੱਟ ਹੋਣ ਲਈ ਨਾ ਤਾਂ ‘ਖਾਨ ਨਾਇਕਾਂ’ ਦੀ ਲੋੜ ਹੈ ਤੇ ਨਾ ਹੀ ‘ਕਪੂਰ’ ਦੀ ਮੋਹਰ ਚਾਹੀਦੀ ਹੈ।
ਉਹ ਖ਼ੁਦ ਇਕ ਕਾਮਯਾਬ ਬਰਾਂਡ ਹੈ। ਅੱਜਕਲ੍ਹ ਪਤੀ ਸੇਵਾ ਤੇ ਘਰ ਸੰਭਾਲ ਵਿਚ ਵੀ ਉਹ ਕਿਸੇ ਘਰੇਲੂ ਗ੍ਰਹਿਣੀ ਤੋਂ ਘੱਟ ਨਹੀਂ। ਬਗੈਰ ਸ਼ਰਤਾਂ ਦੇ ਸਿਧਾਰਥ ਨਾਲ ਪਏ ਮੋਹ ਨੇ ਉਸ ਨੂੰ ਬਹੁਤ ਕੁਝ ਸਿਖਾਇਆ। ਉਹ ਰਵੱਈਏ ਤੇ ਆਤਮ-ਵਿਸ਼ਵਾਸ ਸਦਕਾ ਕਾਮਯਾਬ ਹੈ। ਉਸ ਨੂੰ ਨੰਬਰਾਂ ਦੀ ਦੌੜ ਸ਼ਬਦ ਤੋਂ ਹੀ ਨਫ਼ਰਤ ਹੈ। ਜੋ ਬਹੁਤੀਆਂ ਨੂੰ ਵਰ੍ਹਿਆਂ ਵਿਚ ਨਸੀਬ ਨਹੀਂ ਹੁੰਦਾ ਹੈ ਵਿਦਿਆ ਨੂੰ ਉਹ ਦਿਨਾਂ ਵਿਚ ਨਸੀਬ ਹੋ ਗਿਆ ਹੈ । ਹਰ ਤਰ੍ਹਾਂ ਦੀਆਂ ਫ਼ਿਲਮਾਂ, ਵੰਨ ਸੁਵੰਨ ਵਾਲੇ ਕਿਰਦਾਰ, ਅਣਗਣਿਤ ਸਨਮਾਨ ਤੇ ਸਫ਼ਲ ਘਰਵਾਲੀ ਬਣ ਕੇ ਵਿਦਿਆ ਬਾਲਨ ਜ਼ਿੰਦਗੀ ਦੇ ਹਰ ਖੇਤਰ ਵਿਚ ਕਾਮਯਾਬੀ ਨਾਲ ਪੈਰ ਪੁੱਟ ਰਹੀ ਹੈ। ਹੁਣ ਮੈਲਬੌਰਨ ਵਿਖੇ ਹੋਣ ਵਾਲੇ ਭਾਰਤੀ ਫ਼ਿਲਮੀ ਮੇਲੇ ਦੀ ਫਿਰ ਬਰਾਂਡ ਅੰਬੈਸਡਰ ਮੈਡਮ ਵਿਦਿਆ ਬਣ ਗਈ ਹੈ। 35 ਵਰ੍ਹਿਆਂ ਦੀ ਵਿਦਿਆ ਦਾ ਇਹ ਕ੍ਰਿਸ਼ਮਾ ਹੈ ਕਿ ਉਹ ਦੂਜੀ ਵਾਰ ਇਸ ਸਮਾਰੋਹ ਦੀ ਰਾਜਦੂਤ ਚੁਣੀ ਗਈ ਹੈ।
ਅੱਜ ਬਾਲੀਵੁੱਡ ਵਿਚ ਨਾਇਕ-ਪ੍ਰਧਾਨ ਫਿਲਮਾਂ ਭਾਰੂ ਹੋਣ ਦੇ ਬਾਵਜੂਦ ਵਿਦਿਆ ਬਾਲਨ ਨੇ ‘ਡਰਟੀ ਪਿਕਚਰ’ ਅਤੇ ‘ਕਹਾਨੀ’ ਵਰਗੀਆਂ ਨਾਇਕਾ ਪ੍ਰਧਾਨ ਫਿਲਮਾਂ ਵਿਚ ਕੰਮ ਕਰ ਕੇ ਅਤੇ ਕਾਮਯਾਬੀ ਦੇ ਝੰਡੇ ਗੱਡ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਉਸ ਨੇ ਇਹ ਫਿਲਮਾਂ ਕਰ ਕੇ ਵੱਡਾ ਜੋਖਮ ਉਠਾਇਆ। ਉਹ ਅਸਫਲ ਵੀ ਹੋ ਸਕਦੀ ਸੀ, ਫਿਰ ਸ਼ਾਇਦ ਉਹ ਸਦਾ-ਸਦਾ ਲਈ ਫਿਲਮੀ ਦੁਨੀਆਂ ਵਿਚੋਂ ਗਾਇਬ ਹੋ ਜਾਦੀ, ਪਰ ਉਸ ਨੂੰ ਆਪਣੇ-ਆਪ ਉਤੇ ਪੂਰਾ ਭਰੋਸਾ ਸੀ ਅਤੇ ਉਸ ਨੇ ਉਹ ਕੁਝ ਕਰ ਦਿਖਾਇਆ ਜੋ ਹਰ ਕਲਾਕਾਰ ਕਰਨਾ ਚਾਹੁੰਦਾ ਹੈ। ਇਸੇ ਦੀ ਬਦੌਲਤ ਅੱਜ ਫਿਲਮੀ ਦੁਨੀਆਂ ਦਾ ਹਰ ਸ਼ਖਸ ਉਸ ਨੂੰ ਪੂਰਾ ਮਾਣ-ਤਾਣ ਦਿੰਦਾ ਹੈ। ਇਸ ਦੁਨੀਆਂ ਵਿਚ ਉਸ ਦਾ ਹੁਣ ਉਹ ਮੁਕਾਮ ਬਣ ਚੁੱਕਾ ਜੋ ਕਿਸੇ ਹੋਰ ਫਿਲਮੀ ਨਾਇਕਾ ਦਾ ਨਹੀਂ।  ਆਪਣੇ ਇਸ ਮੁਕਾਮ ਲਈ ਉਸ ਨੇ ਪੂਰੀ ਲਾਮਬੰਦੀ ਕਤੀ ਸੀ ਅਤੇ ਉਸ ਦੀ ਮਿਹਨਤ ਪੂਰਾ ਰੰਗ ਲਿਆਈ ਹੈ। ਹੁਣ ਉਹ ਆਪਣੇ ਫਿਲਮੀ ਸਫਰ ਦੀ ਆਪ ਮਾਲਕ ਹੈ। ਹੁਣ ਨਿਰਮਾਤਾ-ਨਿਰਦੇਸ਼ਕ ਉਸ ਨੂੰ ਪੁੱਛ-ਦੱਸ ਕੇ ਪਟਕਥਾਵਾਂ ਲਿਖ ਅਤੇ ਲਿਖਵਾ ਰਹੇ ਹਨ। ਕਿਸੇ ਅਦਾਕਾਰਾ ਲਈ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ।

Be the first to comment

Leave a Reply

Your email address will not be published.