ਪੰਜਾਬ ਦੇ ਪਿੰਡਾਂ ਲਈ ਮਾਡਲ-ਪਿੰਡ ਚਕਰ

ਪਿੰ੍ਰ. ਸਰਵਣ ਸਿੰਘ
‘ਚਕਰ ਇੰਡੀਆ’ ਵੈਬਸਾਈਟ ‘ਤੇ ਪਈ ਇੱਕ ਵੀਡੀਓ ਦਾ ਨਾਂ ਹੈ, ‘ਚਕਰ ਇੱਕ ਚਿਰਾਗ।’ ਸੰਤ ਬਲਬੀਰ ਸਿੰਘ ਸੀਚੇਵਾਲ ਕਹਿੰਦੇ ਹਨ, “ਚਕਰੀਆਂ ਨੇ ਸੀਵਰੇਜ ਪਾਉਣ ‘ਚ ਜੋ ਉਤਸ਼ਾਹ ਦਿਖਾਇਆ, ਉਹ ਆਪਣੀ ਮਿਸਾਲ ਆਪ ਹੈ। ਉਨ੍ਹਾਂ ਨੇ ਪਿੰਡ ਨੂੰ ਨਰਕ ‘ਚੋਂ ਕੱਢ ਕੇ ਸੱਚਮੁੱਚ ਦਾ ਸਵਰਗ ਬਣਾ ਦਿੱਤਾ ਹੈ।”

ਡਾ. ਬਲਵੰਤ ਸਿੰਘ ਸੰਧੂ ਦੀ ਪੁਸਤਕ ‘ਚਾਨਣ ਮੁਨਾਰਾ ਚਕਰ’ ਦਾ ਸਾਰ ਹੈ: “ਸਾਥੋਂ ਅਕਸਰ ਪੁੱਛਿਆ ਜਾਂਦੈ ਕਿ ਸਾਡੇ ਪਿੰਡ ਦੀ ਕਾਇਆ ਕਲਪ ਕਿਵੇਂ ਹੋਈ? ਕਿਵੇਂ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਬਣੀ, ਕਿਵੇਂ ਹਜ਼ਾਰ ਤੋਂ ਵੱਧ ਘਰਾਂ ਦਾ ਸੀਵਰੇਜ ਪਾਇਆ, ਕਿਵੇਂ ਪਿੰਡ ਦੀਆਂ ਸੱਥਾਂ ਅਤੇ ਭਾਈਚਾਰਕ ਸਾਂਝ ਕੇਂਦਰਾਂ ਨੂੰ ਬਣਾਇਆ ਤੇ ਨਵਿਆਇਆ? ਕਿਵੇਂ ਗਲੀਆਂ ਪੱਕੀਆਂ ਤੇ ਖੁੱਲ੍ਹੀਆਂ ਕੀਤੀਆਂ ਤੇ ਕਿਵੇਂ ਹਜ਼ਾਰਾਂ ਰੁੱਖ ਬੂਟੇ ਲਾ ਕੇ ਪਿੰਡ ਨੂੰ ਹਰਿਆਵਲਾ ਬਣਾਇਆ? ਕਿਵੇਂ ਤਿੰਨ ਛੱਪੜਾਂ ਨੂੰ ਨਿਰਮਲ ਝੀਲਾਂ ਬਣਾ ਕੇ ਜਜ਼ੀਰੇ ਸਿਰਜੇ ਅਤੇ ਜੀਵ ਜੰਤੂਆਂ ਤੇ ਪੰਖੇਰੂਆਂ ਨੂੰ ਟਿਕਾਣੇ ਦਿੱਤੇ? ਕਿਵੇਂ ਸੀਵਰੇਜ ਦਾ ਪਾਣੀ ਟ੍ਰੀਟ ਕਰ ਕੇ ਖੇਤਾਂ ਨੂੰ ਸਿੰਜਿਆ? ਕਿਵੇਂ ਦੂਸ਼ਿਤ ਵਾਤਾਵਰਣ ਸ਼ੁਧ ਕੀਤਾ? ਕਿਵੇਂ ਨਵੀਂ ਪੀੜ੍ਹੀ ਨੂੰ ਨਸ਼ਿਆਂ ਵੱਲੋਂ ਹੋੜਿਆ ਤੇ ਨਰੋਆ ਖੇਡ ਸਭਿਆਚਾਰ ਸਿਰਜਿਆ? ਅਜਿਹੇ ਸਵਾਲਾਂ ਦੇ ਜਵਾਬ ਇਸ ਪੁਸਤਕ ਵਿਚ ਮਿਲਦੇ ਹਨ।
ਅਸੀਂ ਭਾਗਾਂ ਵਾਲੇ ਹਾਂ ਕਿ ਚਕਰ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ। ਗੁਰਬਾਣੀ ਦੀ ਬਖਸ਼ੀ ਸੋਝੀ ਸਦਕਾ ਅਸੀਂ ਪੌਣ ਪਾਣੀ ਤੇ ਧਰਤ ਦੀ ਮਹੱਤਤਾ ਨੂੰ ਸਮਝਦਿਆਂ ਸਰਬ ਸਾਂਝੇ ਕਾਰਜਾਂ ਨਾਲ ਵਿਕਾਸ ਦੀ ਮਿਸਾਲ ਪੇਸ਼ ਕੀਤੀ। ਅਸੀਂ ਚਾਹੁੰਦੇ ਹਾਂ, ਸਾਂਝੇ ਉਦਮ ਨਾਲ ਜਗਾਇਆ ਸਾਡਾ ਚੌਮੁਖੀਆ ਦੀਵਾ ਲਟ ਲਟ ਬਲਦਾ ਰਹੇ ਤੇ ਇਸ ਦੀ ਲੋਅ ਹੋਰਨਾਂ ਪਿੰਡਾਂ ਵਿਚ ਵੀ ਚਾਨਣ ਬਖੇਰੇ।”
ਡਾ. ਸਰਦਾਰਾ ਸਿੰਘ ਜੌਹਲ ਨੇ ਇਸ ਪਿੰਡ ਨੂੰ ਵੇਖ ਕੇ ਕਿਹਾ, “ਇਹ ਮੇਰੇ ਸੁਪਨਿਆਂ ਦਾ ਪਿੰਡ ਹੈ। ਹੋਰਨਾਂ ਪਿੰਡਾਂ ਨੂੰ ਵੀ ਹੰਭਲਾ ਮਾਰਨਾ ਚਾਹੀਦੈ।” ਜੀਵੇ ਜਵਾਨੀ ਦੇ ਲੇਖਕ ਗੁਰਪ੍ਰੀਤ ਸਿੰਘ ਤੂਰ ਨੇ ਵਿਜ਼ਿਟਰ ਬੁੱਕ ‘ਤੇ ਲਿਖਿਆ, “ਪੰਜਾਬ ਨੂੰ ਅੱਗੇ ਵਧਣ ਲਈ ਜਿਸ ਤਰ੍ਹਾਂ ਦੇ ਮਾਹੌਲ ਦੀ ਲੋੜ ਹੈ, ਉਹ ਪਿੰਡ ਚਕਰ ‘ਚ ਦੇਖਿਆ ਜਾ ਸਕਦੈ। ਪੰਜਾਬ ਦੇ ਸਾਹਿਤਕਾਰ, ਬੁੱਧੀਜੀਵੀ ਤੇ ਚਿੰਤਕ ਜਿਸ ਤਰ੍ਹਾਂ ਦਾ ਪੰਜਾਬ ਸਿਰਜਣਾ ਚਾਹੁੰਦੇ ਹਨ, ਚਕਰ ਉਹਦੀ ਜਿਉਂਦੀ ਜਾਗਦੀ ਮਿਸਾਲ ਹੈ। ਉਹਦੀ ਸ਼ਲਾਘਾ ਹੀ ਨਹੀਂ, ਰੀਸ ਵੀ ਕਰਨੀ ਬਣਦੀ ਹੈ।”
ਸੰਗਰੂਰ ਦੇ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਨੇ ਲਿਖਿਆ, “15 ਜੂਨ 2014 ਨੂੰ ਚਕਰ ਦੇਖਣ ਦਾ ਮੌਕਾ ਮਿਲਿਆ। ਮੇਰੇ ਨਾਲ ਆਈਆਂ 30 ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡ ਦੇਖ ਕੇ ਪ੍ਰਸੰਨਤਾ ਹੋਈ। ਪਿੰਡਾਂ ਦੇ ਲੋਕਾਂ ਦਾ ਸੁਫਨਾ ਸੀ ਕਿ ਪਿੰਡਾਂ ਵਿਚ ਵੀ ਵਧੀਆ ਖੇਡ ਸਹੂਲਤਾਂ ਹੋਣ, ਸੈਰ ਕਰਨ ਲਈ ਥਾਂਵਾਂ ਹੋਣ, ਬੱਚਿਆਂ ਦੇ ਮਨੋਰੰਜਨ ਲਈ ਪਾਰਕ ਤੇ ਝੂਲੇ ਹੋਣ। ਚਕਰ ਵਿਚ ਉਹ ਸੁਪਨਾ ਸਾਕਾਰ ਹੁੰਦਾ ਦੇਖਿਆ।”
ਕੈਨੇਡਾ ਦੇ ਖੇਡ ਮੰਤਰੀ ਬੱਲ ਗੋਸਲ ਨੇ 12 ਜਨਵਰੀ 2014 ਨੂੰ ਵਿਜ਼ਿਟਰ ਬੁੱਕ ‘ਤੇ ਲਿਖਿਆ, “ਅੱਜ ਚਕਰ ਆ ਕੇ ਸੋਚਦਾ ਹਾਂ ਕਿ ਚਕਰ ਨਾ ਆਉਂਦਾ ਤਾਂ ਬਹੁਤ ਕੁਝ ਦੇਖਣ-ਜਾਣਨ ਵਾਲਾ ਰਹਿ ਜਾਣਾ ਸੀ। ਚਕਰ ਦੇ ਪਰਵਾਸੀਆਂ ਤੇ ਨਗਰ ਨਿਵਾਸੀਆਂ ਨੇ ਰਲ ਮਿਲ ਕੇ ਪਿੰਡ ਨੂੰ ਸਾਫ ਸੁਥਰਾ ਅਤੇ ਸੋਹਣਾ ਹੀ ਨਹੀਂ ਬਣਾਇਆ ਸਗੋਂ ਪੂਰੇ ਪੰਜਾਬ ਨੂੰ ਇਕ ਮਾਡਲ ਵੀ ਦਿੱਤਾ ਹੈ। ਪਿੰਡ ਚਕਰ ਨੇ ਜਿਵੇਂ ਆਪਣੀ ਪੱਧਰ ‘ਤੇ ਖੇਡ ਸਭਿਆਚਾਰ ਸਿਰਜਿਆ ਅਤੇ ਬਹੁਤ ਘੱਟ ਸਮੇਂ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ, ਇਸ ਦੀ ਮਿਸਾਲ ਘੱਟ ਹੀ ਮਿਲਦੀ ਹੈ।”
ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਚਕਰ ਆਇਆ ਤਾਂ ਉਸ ਨੇ ਸਪੋਰਟਸ ਅਕੈਡਮੀ ਵੇਖਣ ਪਿੱਛੋਂ ਕਿਸ਼ਤੀ ਉਤੇ ਝੀਲ ਦੀ ਸੈਰ ਕੀਤੀ। ਉਸ ਦਾ ਕਹਿਣਾ ਸੀ, “ਚਕਰ ਨੂੰ ਦੇਖ ਕੇ ਯਕੀਨ ਹੋ ਗਿਆ ਕਿ ਪੰਜਾਬ ਮਰਨ ਵਾਲਾ ਨਹੀਂ। ਚਕਰ ਦੇ ਖਿਡਾਰੀ, ਚਕਰ ਦੀਆਂ ਝੀਲਾਂ ਦੇ ਕੁਦਰਤੀ ਨਜ਼ਾਰੇ ਤੇ ਮੇਰੀ ਉਮਰ ਦੇ ਨੇੜ ਪਹੁੰਚੇ ਸਾਥੀਆਂ ਦਾ ਗਰਮਜੋਸ਼ੀ ਨਾਲ ਮਿਲਣਾ-ਮੇਰੇ ਜੀਵਨ ਦੀਆਂ ਅਭੁੱਲ ਯਾਦਾਂ ਬਣ ਗਈਆਂ ਹਨ।”
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਲਿਖਿਆ, “ਚਕਰ ਦੇ ਉਦਮੀਆਂ ਨੇ ਵਾਤਾਵਰਣ ਨੂੰ ਸੰਭਾਲਣ ਦਾ ਜੋ ਉਪਰਾਲਾ ਕੀਤਾ, ਉਹ ਕਾਬਲੇ ਤਾਰੀਫ ਹੈ। ਸੀਵਰੇਜ ਤੇ ਹੋਰ ਵਾਧੂ ਦੇ ਪਾਣੀ ਨੂੰ ਸੋਧ ਕੇ ਮੁੜ ਸਿੰਜਾਈ ਲਈ ਵਰਤਣਾ ਬੜੀ ਵੱਡੀ ਗੱਲ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਰਿਹਾ ਹੈ। ਪੰਜਾਬ ਦੇ ਬਾਕੀ ਪਿੰਡ ਵੀ ਜੇ ਅਜਿਹੇ ਉਪਰਾਲੇ ਕਰ ਲੈਣ ਤਾਂ ਪੌਣ ਪਾਣੀ ਦੇ ਪਲੀਤ ਹੋਣ ਦੀ ਸਮੱਸਿਆ ਨੂੰ ਠੱਲ੍ਹ ਪੈ ਸਕਦੀ ਹੈ।”
ਕੈਨੇਡਾ ਤੋਂ ਆਏ ਕਾਰੋਬਾਰੀ ਕੈਵਿਨ ਮੌਰਗਨ ਨੇ ਚਕਰ ਦੇ ਵਿਕਾਸ ਕਾਰਜਾਂ ਵਿਚ ਇਕ ਕਰੋੜ ਰੁਪਏ ਦਾ ਯੋਗਦਾਨ ਪਾ ਕੇ ਬੇਨਤੀ ਕੀਤੀ ਕਿ ਮੈਨੂੰ ਚਕਰ ਦਾ ਸਿਟੀਜ਼ਨ ਬਣਾ ਲਓ। ਚਕਰੀਆਂ ਨੇ ਢਾਬ ਵਾਲੀ ਝੀਲ ਦਾ ਨਾਂ Ḕਮੌਰਗਨ ਲੇਕḔ ਰੱਖ ਕੇ ਉਸ ਨੂੰ ਚਕਰੀਆ ਬਣਾ ਲਿਆ। ਉਚਿਤ ਹੋਵੇਗਾ ਕਿ ਪਿੰਡ ਚਕਰ ਨੂੰ ਅੱਖੀਂ ਵੇਖ ਕੇ ਆਪੋ ਆਪਣੇ ਪਿੰਡਾਂ ਦੀ ਤਕਦੀਰ ਬਦਲੀਏ। ਜੇ ਚਕਰ ਸੁਧਰ ਸਕਦੈ ਤਾਂ ਹੋਰ ਪਿੰਡ ਕਿਉਂ ਨਹੀਂ ਸੁਧਰ ਸਕਦੇ? ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਦੇ ਮਹਾਂ ਵਾਕ ਉਤੇ ਅਮਲ ਕਰੋਗੇ ਤਾਂ ਚਕਰ ਦੇ ਹਾਣੀ ਹੋ ਜਾਵੋਗੇ।
ਚਕਰ ਦੀ ਸਪੋਰਟਸ ਅਕੈਡਮੀ ਵੀ ਖੇਡਾਂ ਦਾ ਚਾਨਣ ਮੁਨਾਰਾ ਹੈ। ਇਸ ਅਕੈਡਮੀ ਦੇ ਖਿਡਾਰੀ ਸਟੇਟ ਪੱਧਰ ਦੇ 300 ਅਤੇ ਨੈਸ਼ਨਲ ਪੱਧਰ ਦੇ 30 ਤੋਂ ਵੱਧ ਮੈਡਲ ਜਿੱਤ ਚੁਕੇ ਹਨ। ਸੁਖਦੀਪ ਚਕਰੀਆ ਨੈਸ਼ਨਲ ਚੈਂਪੀਅਨ ਹੈ ਤੇ ਹੁਣ ਪ੍ਰੋਫੈਸ਼ਨਲ ਮੁੱਕੇਬਾਜ਼ੀ ਕਰ ਰਿਹੈ। ਚਕਰ ਦੀਆਂ ਕੁੜੀਆਂ ਕੌਮੀ ਪੱਧਰ ‘ਤੇ ਜੇਤੂ ਰਹੀਆਂ ਅਤੇ ਕੌਮਾਂਤਰੀ ਮੁਕਾਬਲਿਆਂ ਵਿਚੋਂ 6 ਮੈਡਲ ਜਿੱਤੀਆਂ। ਚਕਰ ਦੀ ਧੀ ਮਨਦੀਪ ਸੰਧੂ ਮਹਿਲਾ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚੋਂ ਗੋਲਡ ਮੈਡਲ ਜਿੱਤ ਕੇ ਵਿਸ਼ਵ ਚੈਂਪੀਅਨ ਬਣੀ। ਕੋਈ ਵੀ ਸਵੇਰੇ ਸ਼ਾਮ ਆ ਕੇ ਵੇਖ ਲਵੇ, ਉਸ ਨੂੰ ਦੋ ਢਾਈ ਸੌ ਖਿਡਾਰੀ ਅਕੈਡਮੀ ਦੇ ਖੇਡ ਮੈਦਾਨਾਂ ‘ਚ ਖੇਡਦੇ ਦਿਸਣਗੇ। ਕੋਈ ਫੁੱਟਬਾਲ ਖੇਡ ਰਿਹਾ ਹੋਵੇਗਾ, ਕੋਈ ਕਬੱਡੀ, ਕੋਈ ਅਥਲੈਟਿਕਸ ਕਰ ਰਿਹਾ ਹੋਵੇਗਾ ਤੇ ਕੁੜੀਆਂ ਮੁੰਡੇ ਦਰੋਣਾਚਾਰੀਆ ਗੁਰਬਖਸ਼ ਸਿੰਘ ਸੰਧੂ ਤੋਂ ਮੁੱਕੇਬਾਜ਼ੀ ਦੇ ਗੁਰ ਸਿੱਖ ਰਹੇ ਹੋਣਗੇ।
ਚਕਰੀਆਂ ਨੇ ਪਰਵਾਸੀਆਂ ਦੀ ਮਦਦ ਨਾਲ ਦਸ ਕਰੋੜ ਤੋਂ ਵੱਧ ਪੂੰਜੀ ਤੇ ਦਸ ਕਰੋੜ ਰੁਪਿਆਂ ਤੋਂ ਵੱਧ ਦੀ ਕਾਰ ਸੇਵਾ ਕਰਕੇ ਤਿੰਨ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨਵਿਆਈਆਂ, ਹਾਲ ਕਮਰੇ ਪਾਏ, ਸਟੇਡੀਅਮ ਬਣਾਇਆ, ਸਪੋਰਟਸ ਅਕੈਡਮੀ ਚਲਾਈ, ਅਧਿਆਪਕ/ਕੋਚ ਰੱਖੇ ਤੇ ਸੀਵਰੇਜ ਪਾਇਆ। ਨੌਂ ਸੱਥਾਂ ਨਵਿਆਈਆਂ, ਪਾਰਕ ਬਣਾਏ, ਝੂਲੇ ਲਾਏ, ਥਾਂ-ਥਾਂ ਸੀਮੈਂਟ ਦੇ ਬੈਂਚ ਬਣਾਏ, ਬੱਸ ਸ਼ੈਡ ਬਣਾਏ, ਨਵੇਂ ਸਿਰਿਓਂ ਬੀਹੀਆਂ ਪੱਕੀਆਂ ਕੀਤੀਆਂ ਅਤੇ ਗਲੀਆਂ, ਫਿਰਨੀ ਤੇ ਪਿੰਡ ਦੇ ਰਾਹਾਂ ਉਤੇ ਵੀਹ ਹਜ਼ਾਰ ਤੋਂ ਵੱਧ ਬੂਟੇ ਤੇ ਰੁੱਖ ਲਾਏ। ਇਹ ਕੁਝ ਕਰਨ ‘ਚ ਪਿੰਡ ਦੇ ਹਰ ਮਾਈ-ਭਾਈ, ਬਾਲ-ਬੱਚੇ ਤੇ ਨੌਜੁਆਨ ਦਾ ਯੋਗਦਾਨ ਹੈ।
ਸ਼ਾਮਲਾਟਾਂ ਰੋਕੀ ਬੈਠੇ ਚਕਰੀਆਂ ਨੇ ਸ਼ਾਮਲਾਟਾਂ ਆਪੇ ਛੱਡ ਦਿੱਤੀਆਂ। ਕਈਆਂ ਨੇ ਮਾਲਕੀ ਥਾਂਵਾਂ ਛੱਡ ਕੇ ਗਲੀਆਂ ਖੁੱਲ੍ਹੀਆਂ ਕਰਾਈਆਂ। ਚਕਰ ਦਾ ਸੰਦੇਸ਼ ਹੈ: ਲੋਕ ਆਪਣੇ ਕਾਰਜ ਆਪਣੇ ਹੱਥੀਂ ਸਵਾਰਨ। ਵੋਟਾਂ ਦੀਆਂ ਭੁੱਖੀਆਂ ਸਰਕਾਰਾਂ ਵੱਲ ਹੀ ਨਾ ਝਾਕੀ ਜਾਣ। ਰੈਲੀਆਂ ਦੇ ਉਜਾੜੇ ਤੋਂ ਬਚਣ। ਟੈਕਸਾਂ ਨਾਲ ਭਰਦੇ ਖਜਾਨੇ ‘ਚੋਂ ਖਰਚੇ ਜਾਂਦੇ ਪੈਸਿਆਂ ਦਾ ਹਿਸਾਬ ਜ਼ਰੂਰ ਮੰਗਣ। ਚਕਰ ਦੇ ਵਿਕਾਸ ਵਿਚ ਪਿੰਡ ਦੇ ਤੇ ਪਰਵਾਸੀ ਭਰਾਵਾਂ ਦੇ ਲੱਗੇ ਰੁਪਈਏ ਸਭ ਨੂੰ ਦਿਸਦੇ ਹਨ। ਕਈ ਪਿੰਡਾਂ ਵਿਚ ਸਰਕਾਰੀ ਗਰਾਂਟਾਂ ਨਾਲ ਵੋਟਾਂ ਖਰੀਦਣ ਲਈ ਝੋਕੇ ਕਰੋੜਾਂ ਰੁਪਈਏ ਵੀ ਕਿਸੇ ਨੂੰ ਨਹੀਂ ਦਿੱਸਦੇ!
ਪਿਛਲੇ ਦਿਨੀਂ ਚਕਰ ਦੇ ਪਰਵਾਸੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ‘ਕੱਠੇ ਹੋਏ। ‘ਕੱਠ ਵਿਚ ਬਲਦੇਵ ਸਿੰਘ ਸਿੱਧੂ ਨੇ ਕਿਹਾ, “ਜੇ ਪੰਜਾਬ ਸਰਕਾਰ ਪਿੰਡ ਚਕਰ ਨੂੰ ਆਪਣੀ ਪੰਚਾਇਤ ਸਰਬ ਸੰਮਤੀ ਨਾਲ ਚੁਣਨ ਦੇਵੇ ਤਾਂ ਪਰਵਾਸੀ ਚਕਰ ਦੇ ਵਿਕਾਸ ਲਈ ਪੰਜਾਹ ਲੱਖ ਰੁਪਏ ਪੰਚਾਇਤ ਨੂੰ ਦੇਣਗੇ। ਇੰਜ ਚੋਣ ਲੜਨ ਦੇ ਲੱਖਾਂ ਰੁਪਏ ਬਚ ਜਾਣਗੇ ਜੋ ਪਿੰਡ ਵਿਕਾਸ ‘ਚ ਲੱਗ ਸਕਣਗੇ। ਪਾਰਟੀਬਾਜ਼ੀ ਤੋਂ ਵੀ ਬਚਾਅ ਰਹੇਗਾ। ਜੇ ਸਰਕਾਰ ਸੱਚਮੁੱਚ ਪੇਂਡੂ ਵਿਕਾਸ ਦੀ ਹਾਮੀ ਹੈ ਤਾਂ ਉਹ ਪਿੰਡ ਦੇ ਵਿਕਾਸ ਲਈ ਜਿੰਨੇ ਪੈਸੇ ਦੇਵੇਗੀ, ਓਨੇ ਪਰਵਾਸੀ ਵੀ ਦੇ ਦੇਣਗੇ।”
ਚਕਰ ਦੇ ਨੌਜੁਆਨ ਨਸ਼ਿਆਂ ਦੀ ਹਨੇਰੀ ਵਿਚ ਵੀ ਨਸ਼ਿਆਂ ਤੋਂ ਬਚੇ ਹੋਏ ਹਨ। ਉਨ੍ਹਾਂ ਦੇ ਸਰੀਰਾਂ ਵਿਚ ਪੈਦਾ ਹੋ ਰਹੀ ਵਾਧੂ ਊਰਜਾ ਦਾ ਖੇਡਾਂ ਰਾਹੀਂ ਸਹਿਜ ਨਿਕਾਸ ਹੋ ਰਿਹੈ ਅਤੇ ਵਿਹਲਾ ਸਮਾਂ ਸਕਾਰਥੇ ਲੱਗ ਰਿਹੈ। ਜੇ ਪੰਜਾਬ ਦੇ ਸਾਰੇ ਪਿੰਡਾਂ ਵਿਚ ਹੀ ਅਜਿਹਾ ਮਾਹੌਲ ਬਣ ਜਾਵੇ ਤਾਂ ਪੰਜਾਬ ਕੀਹਦੇ ਲੈਣ ਦਾ ਹੈ? ਪੰਜਾਬ ਸਰਕਾਰ ਤੇ ਪੰਜਾਬੀ ਪਰਵਾਸੀਆਂ ਨੂੰ ਚਕਰ ਵਰਗੇ ਪਿੰਡ ਤੇ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਵਰਗੀਆਂ ਖੇਡ ਅਕੈਡਮੀਆਂ ਬਣਾਉਣ ਦੀ ਲੋੜ ਹੈ। ਪੰਜਾਬ ਨੂੰ ਨਸ਼ਿਆਂ ਦੀ ਲਾਅਣਤ ਤੇ ਖੁਦਕੁਸ਼ੀਆਂ ਤੋਂ ਇੰਜ ਹੀ ਬਚਾਇਆ ਜਾ ਸਕਦੈ।