ਪੀੜ-ਪਾਹੁਲ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਕਲਮ ਦੀ ਗਾਥਾ ਬਿਆਨਦਿਆਂ ਸੁਚੇਤ ਕੀਤਾ ਸੀ, “ਕਲਮ ਜਦ ਕਠੋਰ, ਕਰੁਣਾਮਈ, ਕੁਲਹਿਣੀ ਅਤੇ ਕੁੜਿੱਤਣ ਵਿਚ ਲਬਰੇਜ਼ ਹੋ, ਕਾਹਲੀ ਵਿਚ ਕਾਲੇ ਹਰਫਾਂ ਦੀ ਤਫਸੀਲ ਲਿਖਦੀ ਤਾਂ ਸ਼ਬਦਾਂ ਦੇ ਸੀਨਿਆਂ ‘ਚ ਸੋਗ ਧਰਿਆ ਜਾਂਦਾ ਅਤੇ ਕਈ ਵਾਰ ਤਾਂ ਉਹ ਆਪਣੀ ਹੋਂਦ ਤੋਂ ਮੁਨਕਰੀ ਦਾ ਰਾਹ ਵੀ ਫੜ੍ਹਦੇ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਪੀੜ ਦੀ ਪੀੜਾ ਅਤੇ ਇਸ ਦੀਆਂ ਪਰਤਾਂ ਫਰੋਲੀਆਂ ਹਨ ਕਿ ਸਰੀਰਕ ਪੀੜਾ ਤਾਂ ਜਲਦੀ ਭੁੱਲ ਜਾਂਦੀਆਂ ਹਨ, ਪਰ ਮਨ ਦੀ ਪੀੜਾ ਜੁਗਾਂ ਤੱਕ ਨਾਲ ਨਿਭਦੀ। ਉਹ ਕਹਿੰਦੇ ਹਨ, “ਪੀੜ, ਜਦ ਪਰਾਏ ਦਿੰਦੇ ਤਾਂ ਬਹੁਤਾ ਦਰਦ ਨਾ ਹੁੰਦਾ ਕਿਉਂਕਿ ਪਰਾਇਆਂ ‘ਤੇ ਕਾਹਦਾ ਰੋਸਾ। ਪਰ ਜਦ ਆਪਣੇ ਹੀ ਪੀੜ ਬਣ ਜਾਣ ਤਾਂ ਇਕ ਗਿਲਾ ਖੁਦ ‘ਤੇ ਹੁੰਦਾ, ਦੂਸਰਾ ਰਿਸ਼ਤੇ ਦੀ ਨਕਾਬਪੋਸ਼ੀ ‘ਤੇ। ਇਸ ਦੇ ਨਾਲ ਹੀ ਗਹਿਰੇ ਸਦਮੇ ਵਿਚੋਂ ਖੁਦ ਨੂੰ ਬਚਾਉਣ ਲਈ ਡੂੰਘੇ ਗਮਾਂ ਦੀ ਹਾਥ ਪਾਉਣੀ ਪੈਂਦੀ। ਪਰਾਇਆਂ ‘ਤੇ ਕਿਹੜਾ ਦਾਈਆ ਕਰੇ। ਆਪਣਿਆਂ ‘ਤੇ ਦਾਈਏ ਵੀ ਫਿਕੇ ਪੈ ਜਾਂਦੇ।” ਨਾਲ ਹੀ ਉਹ ਇਹ ਸੱਚ ਵੀ ਬਿਆਨਦੇ ਹਨ ਕਿ ਪੀੜਾ ਵਿਚੋਂ ਹੀ ਨਵੀਂ ਸੋਚ ਪਨਪਦੀ, ਨਵੇਂ ਸੁਪਨੇ ਅੰਗੜਾਈ ਭਰਦੇ ਅਤੇ ਨਵੀਆਂ ਸੰਭਾਵਨਾਵਾਂ ਨੂੰ ਅੱਖ ਖੋਲਣਾ ਨਸੀਬ ਹੁੰਦਾ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਪੀੜ, ਪਲਾਂ ਨੂੰ ਤਿੱਲ ਤਿੱਲ ਹੋ ਕੇ ਮਰਨ ਦੀ ਸਜ਼ਾ, ਸਮੇਂ ਨੂੰ ਸੂਲੀ ‘ਤੇ ਲਟਕਣ ਦਾ ਹੁਕਮ ਅਤੇ ਇਸ ਦੀ ਹੁਕਮ-ਅਦੂਲੀ ‘ਚ ਖੁਦ ਦੀ ਅਰਥੀ ਉਠਾਉਣ ਦਾ ਹੁਕਮਨਾਮਾ।
ਪੀੜ, ਬੋਲਾਂ ਦੇ ਹੋਠਾਂ ‘ਤੇ ਚੁੱਪ ਦਾ ਜੰਦਰਾ, ਭਾਵਨਾਵਾਂ ਦੀ ਤਲੀ ‘ਤੇ ਸੋਗ ਦਾ ਸ਼ਗਨ ਅਤੇ ਹਾਵ ਭਾਵ ਨੂੰ ਬੁੱਤ ਬਣਨ ਦੀ ਤਾੜਨਾ।
ਪੀੜ, ਪਹਿਲ-ਪਰਿਕਰਮਾ, ਪਲੇਠਾ ਪੰਘੂੜਾ, ਪਲੇਠੀ ਪ੍ਰਤੀਬੱਧਤਾ, ਪ੍ਰਭਾਵੀ ਪ੍ਰਦੱਖਣਾ ਅਤੇ ਪਹਿਲੀ ਪਗਡੰਡੀ। ਕਦੇ ਪੀੜ ਵਿਚੋਂ ਸੁਪਨਿਆਂ ਦੀ ਸਤਰੰਗੀ ਨੂੰ ਨਿਹਾਰਨਾ, ਤੁਹਾਨੂੰ ਪੀੜ ਦੇ ਅਗੰਮੀ ਤੇ ਅਨੂਠੇ ਅਨੁਭਵ ਦਾ ਅਹਿਸਾਸ ਹੋਵੇਗਾ।
ਪੀੜ, ਬਹੁਤ ਸਾਰੇ ਸਰੂਪਾਂ, ਸਰੋਤਾਂ, ਸਮੱਸਿਆਵਾਂ ਜਾਂ ਸਫਲਤਾਵਾਂ ਵਿਚੋਂ ਉਗਮ ਕੇ ਆਪਣੇ ਰੂਪ ਪ੍ਰਗਟਾਉਂਦੀ। ਕਿਹੜੀ ਪੀੜ ਨੇ ਕਿਸ ਰੂਪ ਵਿਚ, ਮਨ, ਤਨ ਜਾਂ ਤੁਹਾਡੀ ਸੋਚ ‘ਤੇ ਦਸਤਕ ਦੇਣੀ, ਇਹ ਪੀੜ ਦੇ ਪਸਾਰਾਂ ‘ਤੇ ਨਿਰਭਰ।
ਪੀੜ, ਸਰੀਰਕ ਰੂਪ ਵਿਚ ਉਨੀ ਪੀੜਾ ਨਹੀਂ ਦਿੰਦੀ ਜਿੰਨੀ ਮਾਨਸਿਕ ਕਸ਼ਟ ਦਿੰਦੀ। ਪਿੰਡੇ ਦੇ ਜਖਮ ਤਾਂ ਕੁਝ ਸਮੇਂ ਬਾਅਦ ਠੀਕ ਹੋ ਜਾਂਦੇ, ਸਿਰਫ ਕੁਝ ਕੁ ਦਾਗ ਰਹਿ ਜਾਂਦੇ, ਪਰ ਮਨ ‘ਤੇ ਪਈਆਂ ਝਰੀਟਾਂ ਸਦਾ ਚਸਕਦੀਆਂ। ਮਸਤਕ ‘ਤੇ ਪਈਆਂ ਲਾਸਾਂ ਦਰਦ ਵੀ ਦਿੰਦੀਆਂ ਅਤੇ ਸਦੀਵੀ ਨਿਸ਼ਾਨ ਵੀ।
ਪੀੜ ਕਈ ਵਾਰ ਥੋੜ੍ਹ-ਚਿਰੀ ਹੁੰਦੀ ਪਰ ਕਈ ਵਾਰ ਸਦੀਵੀ। ਕਈ ਵਾਰ ਪ੍ਰਾਹੁਣਿਆਂ ਹਾਰ ਆਉਂਦੀ, ਦਰਦ ਵਹਿੰਗੀ ਵਿਚੋਂ ਕੁਝ ਸਾਡੀ ਝੋਲੀ ਪਾ, ਆਂਦਰ ਦੀ ਖੈਰ ਮੰਗਦੀ, ਦੂਸਰਾ ਦਰ ਜਾ ਖੜਕਾਉਂਦੀ। ਦਰ ਦਰ ਭਟਕਦੀ ਪੀੜਾ, ਭਟਕਣ ਕਾਰਨ ਹੀ ਖੁਦ ਦੀ ਅਹਿਮੀਅਤ ਗਵਾ ਬਹਿੰਦੀ। ਪਰ ਪੀੜ ਜਦ ਸਾਹਾਂ ਦਾ ਸਾਥ ਬਣ ਜਾਵੇ ਤਾਂ ਤੁਸੀਂ ਇਸ ਨੂੰ ਤ੍ਰਾਸਦੀ ਸਮਝਣਾ ਜਾਂ ਇਨਾਇਤ, ਇਹ ਤੁਹਾਡੀ ਫਿਤਰਤ ‘ਤੇ ਨਿਰਭਰ। ਇਸ ਨਜ਼ਰੀਏ ਵਿਚੋਂ ਹੀ ਤੁਸੀਂ ਵਿਕਸਿਤ ਹੋ ਸਕਦੇ ਜਾਂ ਸਿਮਟ ਜਾਂਦੇ।
ਪੀੜ, ਜਦ ਪਰਾਏ ਦਿੰਦੇ ਤਾਂ ਬਹੁਤਾ ਦਰਦ ਨਾ ਹੁੰਦਾ ਕਿਉਂਕਿ ਪਰਾਇਆਂ ‘ਤੇ ਕਾਹਦਾ ਰੋਸਾ। ਪਰ ਜਦ ਆਪਣੇ ਹੀ ਪੀੜ ਬਣ ਜਾਣ ਤਾਂ ਇਕ ਗਿਲਾ ਖੁਦ ‘ਤੇ ਹੁੰਦਾ, ਦੂਸਰਾ ਰਿਸ਼ਤੇ ਦੀ ਨਕਾਬਪੋਸ਼ੀ ‘ਤੇ। ਇਸ ਦੇ ਨਾਲ ਹੀ ਗਹਿਰੇ ਸਦਮੇ ਵਿਚੋਂ ਖੁਦ ਨੂੰ ਬਚਾਉਣ ਲਈ ਡੂੰਘੇ ਗਮਾਂ ਦੀ ਹਾਥ ਪਾਉਣੀ ਪੈਂਦੀ। ਪਰਾਇਆਂ ‘ਤੇ ਕਿਹੜਾ ਦਾਈਆ ਕਰੇ। ਆਪਣਿਆਂ ‘ਤੇ ਦਾਈਏ ਵੀ ਫਿਕੇ ਪੈ ਜਾਂਦੇ।
ਪੀੜ, ਇਕ ਵਰ ਜਾਂ ਸਰਾਪ ਏ, ਇਹ ਮਨੱਖੀ ਵਿਅਕਤੀਤਵ ਦੀ ਪਛਾਣ ਹੁੰਦੀ। ਇਸ ਵਿਚੋਂ ਤੁਹਾਡੇ ਸ਼ਖਸੀ ਬਿੰਬ ਦਾ ਉਹ ਰੂਪ ਉਜਾਗਰ ਹੁੰਦਾ, ਜਿਸ ਤੋਂ ਤੁਸੀਂ ਵੀ ਅਣਜਾਣ ਤੇ ਨਿਰਲੇਪ। ਪੀੜ ਦੇਣ ਵਾਲਿਆਂ ਨੂੰ ਵੀ ਕਿਆਸ ਨਹੀਂ ਹੁੰਦਾ ਕਿ ਦਿਤੀ ਪੀੜਾ ਨੇ ਵਰ ਬਣ ਕੇ, ਨਵੀਆਂ ਰਾਹਾਂ ਦੀ ਦੱਸ ਬਣਨਾ।
ਪੀੜੇ ਨੀ ਪੀੜੇ! ਤੂੰ ਆਉਂਦੀ ਜਾਂਦੀ ਰਹੀਂ। ਸੁੱਤੀਆਂ ਸੰਭਾਵਨਾਵਾਂ ਜਗਾਈਂ ਅਤੇ ਖਾਲੀ ਕਾਸੇ ‘ਚ ਪ੍ਰਾਪਤੀ ਦੀ ਟੁੱਕ ਪਾਈਂ। ਬੇਖਬਰ ਕਲਾ ਨੂੰ ਹਿਲਾਵੀਂ ਅਤੇ ਹਿੰਮਤ ਨੂੰ ਸੁਪਨਿਆਂ ਦੇ ਰਾਹ ਪਾਵੀਂ। ਪੀੜੇ ਨੀ ਪੀੜੇ! ਤੇਰੀਆਂ ਰਾਹਾਂ ‘ਤੇ ਮਹਿਕਾਂ ਦਾ ਵਣਜ ਹੋਵੇ। ਤੇਰੀ ਫਿਜ਼ਾ ਰੰਗਾਂ ਦੀ ਆਬਸ਼ਾਰ ਸੰਜੋਵੇ ਅਤੇ ਤੇਰੀਆਂ ਬਰੂਹਾਂ ਨੂੰ ਨਵੇਂ ਸਿਰਲੇਖ ਉਕਰਾਉਣ ਦਾ ਸ਼ਰਫ ਹਾਸਲ ਹੋਵੇ। ਪੀੜੇ! ਤੂੰ ਸੁੱਚੇ ਹਰਫਾਂ ਦੀ ਦਾਨੀ, ਸੱਚੇ ਅਰਥਾਂ ਲਈ ਕਾਨੀ ਅਤੇ ਨਵੇਂ ਵਿਚਾਰਾਂ ਨੂੰ ਪਰੋਣ ਵਾਲੀ ਗਾਨੀ। ਪੀੜੇ! ਤੇਰਾ ਵਜੂਦ ਜ਼ਿੰਦਗੀ ਦਾ ਮੁਹਾਂਦਰਾ ਸੰਵਾਰੇ, ਸਾਹ-ਤੋਰ ਤੈਥੋਂ ਜਾਂਦੀ ਵਾਰੇ ਅਤੇ ਜੀਵਨ-ਰਾਹਾਂ ‘ਚ ਪੈਂਦੇ ਜੋ ਸਮੁੰਦਰ ਖਾਰੇ। ਤੂੰ ਹੀ ਦੱਸਿਆ ਕਿ ਕਿਵੇਂ ਖਾਰਿਆਂ ਦੀ ਤਾਸੀਰ ‘ਚ ਭਰਨੇ ਨੇ ਮੋਹ ਦੇ ਹੁੰਗਾਰੇ। ਕਿਵੇਂ ਸੁਪਨਹੀਣ ਅੱਖਾਂ ਨੂੰ ਦੇਣੇ ਨੇ ਸੂਹੇ ਅੰਬਰੀ-ਨਜ਼ਾਰੇ। ਕਿੰਜ ਧਰਨੇ ਕਾਲਖ-ਜੂਹੇ ਤਾਰੇ। ਕਿਵੇਂ ‘ਨੇਰਿਆਂ ‘ਚ ਉਗਣੀ ਏ ਜੁਗਨੂੰਆਂ ਦੀ ਡਾਰ ਅਤੇ ਕਿਸੇ ਉਜੜੇ ਘਰ ਦੇ ਬਨੇਰੇ ‘ਤੇ ਜਗਣੀ ਏ ਦੀਵਿਆਂ ਦੀ ਡਾਰ। ਜਾਲੇ ਲੱਗੇ ਆਲਿਆਂ ਦੇ ਚਿਰਾਗਾਂ ਨੂੰ ਮਿਲਣੀਆਂ ਨੇ ਮਾਂਵਾਂ ਦੀਆਂ ਮੰਨਤਾਂ। ਘਰ ਨੂੰ ਮਿਲਣੀ ਏ ਬਜੁਰਗੀ ਅਸੀਸ। ਘਰ ਨੂੰ ਘਰ ਬਣਨ ਦਾ ਮਿਲੇਗਾ ਵਰ, ਘਰ ਫਿਰ ਤੋਂ ਤੋਲੇਗਾ ਪਰ ਅਤੇ ਬਣੇਗਾ ਵੱਸਦਾ ਰਸਦਾ ਘਰ।
ਪੀੜ ਦਾ ਸੰਗ ਵਿਰਲਿਆਂ ਦਾ ਨਸੀਬ, ਕੁਝ ਦਾ ਬਣਦੀ ਏ ਹਬੀਬ ਅਤੇ ਬਾਹਲਿਆਂ ਦੀ ਹੁੰਦੀ ਰਕੀਬ। ਪੀੜ ਵਿਚੋਂ ਖੁਦ ਨੂੰ ਪਰਿਭਾਸ਼ਤ ਅਤੇ ਵਿਸਥਾਰਨ ਵਾਲੇ ਲੋਕ ਹੀ ਨਵੀਆਂ ਪੈੜਾਂ ਦਾ ਸਿਰਨਾਵਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਸਦਕੇ ਜਾਂਦੀਆਂ ਸੁੰਗੜੀਆਂ ਤੇ ਸਹਿਮੀਆਂ ਫਿਜ਼ਾਵਾਂ।
ਪੀੜਾ ਵਿਚੋਂ ਹੀ ਨਵੀਂ ਸੋਚ ਪਨਪਦੀ, ਨਵੇਂ ਸੁਪਨੇ ਅੰਗੜਾਈ ਭਰਦੇ ਅਤੇ ਨਵੀਆਂ ਸੰਭਾਵਨਾਵਾਂ ਨੂੰ ਅੱਖ ਖੋਲਣਾ ਨਸੀਬ ਹੁੰਦਾ।
ਪੀੜ ਹੀ ਬਣਦੀ ਇਨਕਲਾਬ ਦੀ ਜਨਮ ਭੂਮੀ। ਪੀੜ ਜਦ ਬੇਪਨਾਹ ਹੋ ਕੇ ਹਰ ਦੀਦੇ ਵਿਚ ਸਿੰਮਣ ਲੱਗ ਪਵੇ ਤਾਂ ਦੀਦਿਆਂ ਦਾ ਖਾਰਾ ਪਾਣੀ ਅਤੇ ਉਠਦਾ ਉਬਾਲ, ਬੋਦੀਆਂ ਸਲਤਨਤਾਂ ਅਤੇ ਖੋਖਲੇ ਸਮਾਜਕ, ਧਾਰਮਿਕ ਅਤੇ ਆਰਥਕ ਪ੍ਰਬੰਧਾਂ ਨੂੰ ਤਹਿਸ਼-ਨਹਿਸ਼ ਕਰ, ਨਵ-ਨਿਰਮਾਣ ਦਾ ਅਜਿਹਾ ਕਾਰਜ ਅਰੰਭਦਾ ਕਿ ਆਉਣ ਵਾਲੀਆਂ ਨਸਲਾਂ, ਨਵੀਂ ਸ਼ੁਰੂਆਤ ਦੇ ਮੋਢੀਆਂ ਦੇ ਸਦਕੇ ਜਾਂਦੀਆਂ। ਉਸ ਨਿਵੇਕਲੀ ਸੋਚ ਨੂੰ ਨਤਮਸਤਕ ਹੁੰਦੀਆਂ ਜਿਸ ਨੇ ਅਦਨੇ ਜਿਹੇ ਮਨੁੱਖ ਦੀ ਸੋਚ ਧਰਾਤਲ ਨੂੰ ਵਿਸ਼ਾਲਤਾ ਬਖਸ਼, ਨਵੇਂ ਕੀਰਤੀਮਾਨਾਂ ਲਈ ਸਬੱਬ ਪੈਦਾ ਕੀਤਾ।
ਪੀੜ ਦੇਣ ਵਾਲੇ ਕੋਮਲ ਅਹਿਸਾਸਾਂ ਤੋਂ ਵਿਰਵੇ, ਮਾਸੂਮੀਅਤ ਦੇ ਦੋਖੀ, ਕੋਮਲਤਾ ਨੂੰ ਵਲੂੰਧਰਨ ਵਾਲੇ ਅਤੇ ਨੈਣਾਂ ਨੂੰ ਅੱਥਰੂਆਂ ਦਾ ਨਿਉਂਦਾ ਬਖਸ਼ਣ ਵਾਲੇ। ਅਜਿਹੇ ਕਮੀਨੇ ਲੋਕਾਂ ਨੂੰ ਰਹਿਮ/ਤਰਸ ਦੀ ਅਰਜੋਈ ਕਰਨਾ ਜਾਂ ਉਨ੍ਹਾਂ ਤੋਂ ਆਸ ਰੱਖਣਾ, ਬੇਅਰਥ। ਪੁਰਜਾ ਪੁਰਜਾ ਕੱਟਣ ਵਾਲੇ, ਉਬਲਦੀ ਦੇਗ ਵਿਚ ਉਬਾਲਣ ਵਾਲੇ, ਬੱਚਿਆਂ ਦੇ ਟੋਟੇ ਕਰਕੇ ਮਾਂਵਾਂ ਦੇ ਗਲਾਂ ਵਿਚ ਪਾਉਣ ਵਾਲੇ ਅਤੇ ਮਾਸੂਮ ਜਿੰਦਾਂ ਨੂੰ ਨੀਂਹਾਂ ਵਿਚ ਚਿਣਨ ਵਾਲਿਆਂ ਦੀ ਦਿੱਤੀ ਪੀੜਾ ਨੇ ਹੀ ਰੋਹ ਦਾ ਅਜਿਹਾ ਤੁਫਾਨ ਪੈਦਾ ਕੀਤਾ ਕਿ ਜਾਲਮਾਂ ਦੀਆਂ ਕਈ ਨਸਲਾਂ ਆਪਣੀ ਹੋਣੀ ‘ਤੇ ਨੀਰ ਵਹਾਉਣ ਜੋਗੀਆਂ ਰਹਿ ਗਈਆਂ।
ਪੀੜ, ਕਈ ਵਾਰ ਤੁਹਾਡੇ ਸਾਹਵੇਂ ਇਕ ਚੁਣੌਤੀ ਬਣਦੀ। ਪੀੜ-ਪਰੁੱਚੇ ਪਲ ਹੀ ਹੁੰਦੇ ਜੋ ਤੁਹਾਡੇ ਕਦਮਾਂ ਨੂੰ ਤਾਲ, ਹਿੰਮਤ ਨੂੰ ਦਾਦ ਅਤੇ ਸੋਚ ਦੇ ਨਾਵੇਂ ਅੰਬਰ-ਪਰਵਾਜ਼ ਕਰਦੇ। ‘ਕੇਰਾਂ ਬਾਪ ਦੇ ਨੈਣਾਂ ਵਿਚ ਸਿੰਮੀ ਪੀੜਾ ਹੀ ਸੀ ਜੋ ਸਿਰੜ-ਸਿਦਕ ਬਣ, ਸਫਲਤਾ ਦੇ ਪੌਡੇ ਮੇਰੇ ਨਾਮ ਕਰਦੀ ਰਹੀ ਅਤੇ ਬਾਪ ਦੇ ਨੈਣਾਂ ਨੂੰ ਸੁਖਨ ਅਤੇ ਸ਼ੁਕਰਗੁਜ਼ਾਰੀ ਨਾਲ ਲਬਰੇਜ਼ ਕੀਤਾ।
ਪੀੜ ਜਦ ਕਬਾੜ ਚੁਗਦੇ ਬੱਚੇ ਦੇ ਦੀਦਿਆਂ ਵਿਚ ਘਰ ਪਾ ਕੇ ਬਹਿ ਜਾਵੇ ਤਾਂ ਇਸ ਵਿਚੋਂ ਕਈ ਵਾਰ ਕੁਝ ਅਜਿਹਾ ਕਰ ਗੁਜਰਨ ਦਾ ਹੀਆ ਪੈਦਾ ਹੁੰਦਾ ਕਿ ਬੇਦਰਦ ਜ਼ਮਾਨਾ ਦੰਦਾਂ ਹੇਠ ਉਗਲਾਂ ਚੱਬਣ ਲਈ ਮਜਬੂਰ ਹੁੰਦਾ।
ਪੀੜਾ ਹੁਜਰਾ ਤੇ ਪੀੜਾ ਹੋਕਾ, ਪੀੜਾ ਜਾਨ-ਪਰਾਣ। ਪੀੜਾ ਦੇ ਸੰਗ ਹੱਸਾਂ ਖੇਡਾਂ, ਪੀੜਾ ਜਿੰਦ-ਮਕਾਨ। ਪੀੜਾ ਅੰਬਰ ਤੇ ਪੀੜ ਪਤਾਲ, ਪੀੜਾ ਸਾਗਰ-ਗੋਤਾ। ਪੀੜਾ ਦੇ ਸਾਹਾਂ ਸੰਗ ਮਿਲਦਾ, ਸਾਹ ਨੂੰ ਇਕ ਵਿਗੋਚਾ।
ਪੀੜ ਦੀ ਰਹਿਮਤ ਵਿਚ ਗੁਜਾਰਾਂ, ਪਲ ਦੀ ਪਰਖ-ਕਹਾਣੀ। ਪੀੜ ਮੇਰੇ ਹਰਫੀਂ ਮੌਲੇ, ਪੀੜ ਅਰਥ ਕਮਾਣੀ। ਪੀੜ ਜਦ ਸਫਿਆਂ ‘ਤੇ ਫੈਲੇ, ਕੋਏ ਸਿੰਮਣ ਲੱਗਦੇ। ਜਿੰਦ-ਬਰੂਹੀਂ ਚੋਅ ਉਦਾਸੀ, ਰਾਹ ਮਹਿਰਮ ਦਾ ਦੱਸਦੇ।
ਪੀੜ ਇਤਿਹਾਸਕ ਘਟਨਾਵਾਂ ਦੀ ਜਨਮ-ਦਾਤੀ, ਸੰਸਾਰਕ ਤ੍ਰਾਸਦੀਆਂ ਦਾ ਮੁੱਢ, ਜੀਵਨੀ ਕੁੜਿੱਤਣਾਂ ਦਾ ਸਾਰ-ਅੰਸ਼ ਅਤੇ ਨਵੀਨਤਮ ਰਹਿਤਲਾਂ ਦੀ ਕਰਮਭੂਮੀ।
ਪੀੜ ‘ਚ ਪੁੰਗਰਦੀਆਂ ਹੌਂਸਲਿਆਂ ਦੀਆਂ ਲਗਰਾਂ, ਹਿੰਮਤਾਂ ਨੂੰ ਪੈਂਦਾ ਬੂਰ ਅਤੇ ਸੁਪਨਿਆਂ ਨੂੰ ਸੰਪੂਰਨਤਾ ਦਾ ਵਰਦਾਨ। ਧਰਤੀ ਨਾਲ ਜੁੜੇ ਬਿਰਖਾਂ ਨੂੰ ਡਿੱਗਣ ਦਾ ਡਰ ਨਹੀਂ ਸਤਾਉਂਦਾ ਕਿਉਂਕਿ ਉਹ ਪੀੜਾ ਨੂੰ ਪ੍ਰਣਾਏ ਹੁੰਦੇ।
ਪੀੜ, ਪੈਗੰਬਰੀ ਵਰਦਾਨ ਜਿਸ ਦੀਆਂ ਪੈੜਾਂ ਨੂੰ ਸਿਜ਼ਦਾ ਕਰਦਾ ਜਹਾਨ। ਹੁੰਦਾ ਕੁਝ ਅਜਿਹਾ ਇਲਹਾਮ ਕਿ ਜਿਉਣਾ ਹੋ ਜਾਂਦਾ ਬਦਜ਼ਾਨ ਅਤੇ ਮੌਤ ਵਿਚੋਂ ਸੰਜੀਵਤਾ ਦਾ ਹੁੰਦਾ ਦਰਸ਼ਨ-ਇਸ਼ਨਾਨ।
ਪੀੜ, ਪੀਰ-ਪੈਗੰਬਰੀ ਦੀ ਅੰਜ਼ੀਲ। ਸਭ ਦੀ ਮੋਹਵੰਤੀ ਅਤੇ ਹਰੇਕ ਇਸ ਨੂੰ ਗਲੇ ਲਾਉਣ ਲਈ ਵਿਆਕੁਲ। ਜ਼ਿਆਦਤਰ ਧਾਰਮਿਕ ਹਸਤੀਆਂ, ਦਾਨਸ਼ਵਰਾਂ ਅਤੇ ਦਰਵੇਸ਼ਾਂ ਨੇ ਪੀੜ ਵਿਚੋਂ ਗੁਜਰ ਕੇ ਖੁਦ ਨੂੰ ਅਕੀਦਤਯੋਗ ਬਣਾਇਆ।
ਪੀੜ ਪੀੜ ਹੋ ਕੇ ਜਿਉਣਾ, ਸਭ ਤੋਂ ਔਖਾ ਵੀ ਅਤੇ ਸਹਿਲ ਵੀ। ਪੀੜ ਵਿਚੋਂ ਪੂਰਨਤਾ ਪ੍ਰਾਪਤ ਕਰਨ ਵਾਲੇ, ਸਿਦਕਦਿਲੀ ਅਤੇ ਸਿਰੜ ਦਾ ਬੁਰਜ ਸਿਰਜ ਗਏ ਜਿਸ ਦੀ ਤਸ਼ਬੀਹ ਦੇਣ ਲੱਗਿਆਂ ਹਰਫ ਬੌਣੇ ਹੋ ਜਾਂਦੇ।
ਪੀੜ ਨੂੰ ਗਲ ਦਾ ਗਹਿਣਾ ਬਣਾਉਣਾ, ਸਭ ਤੋਂ ਉਤਮ ਕਾਰਜ। ਪੀੜ-ਪਰਿਕਰਮਾ ਵਿਚੋਂ ਹੀ ਅਸੀਂ ਖੁਦ ਦੇ ਰੂਬਰੂ ਹੋ, ਅੰਤਰੀਵ ਸੰਵਾਦ ਰਚਾਉਂਦੇ, ਛੁਪੇ ਹੋਏ ਗੁਣਾਂ ਅਤੇ ਔਗੁਣਾਂ ਨੂੰ ਨਿਹਾਰਦੇ, ਖਰੇ ਤੇ ਖੋਟੇ ਦੀ ਪਛਾਣ ਕਰ, ਆਪਣੀਆਂ ਕਮੀਆਂ, ਕੁਤਾਹੀਆਂ, ਕਮੀਨਗੀਆਂ, ਕੁਰੀਤੀਆਂ, ਕੁੜਿਤਣ ਅਤੇ ਕੁਹਜ ਨੂੰ ਵਸਾਰ, ਖੁਦ ਵਿਚੋਂ ਸਚਿਆਰੇਪਨ ਅਤੇ ਨਿਆਰੇਪਨ ਦੀਆਂ ਪਿਰਤਾਂ ਪਾਉਣ ਦੀ ਕਾਮਨਾ ਬਣਦੇ।
ਪੀੜ, ਬੇਗਾਨੀ ਹਮੇਸ਼ਾ ਛੋਟੀ ਹੁੰਦੀ। ਪੀੜ ਨੂੰ ਖੁਦ ‘ਚ ਜੀਰ ਕੇ ਅਤੇ ਫਿਰ ਉਭਰਨ ਦਾ ਕਿਆਸ ਕਰਕੇ, ਪੀੜ ਦੇ ਅਹਿਸਾਸ ਅਤੇ ਅਨੁਭਵ ਨੂੰ ਹੰਢਾਇਆ ਤੇ ਕਮਾਇਆ ਜਾ ਸਕਦਾ।
ਪੀੜ ਹਮੇਸ਼ਾ ਪੀੜ ਹੁੰਦੀ। ਪੀੜ ਦਰਦ ਦੀ ਵਹਿੰਗੀ ਢੋਂਦੀ, ਦਯਾ, ਦਿਆਲਤਾ ਅਤੇ ਦਿਆਨਦਾਰੀ ਦਾ ਜੋਗ ਕਮਾਉਂਦੀ, ਦਾਨਸ਼ਵਰੀ ਰਹਿਤਲ ਦਾ ਸੁੱਚਮ ਸਿਰਜ, ਅਕੀਦਤਯੋਗ ਬਣ ਜਾਂਦੀ।
ਪੀੜ ਵਿਚੋਂ ਹੀ ਹਾਸੇ ਉਗਦੇ, ਪੀੜ ਵਿਚੋਂ ਹੀ ਰੋਣਾ। ਪੀੜ ਸਦਾ ਦੀ ਨੀਂਦ ਸੁਆਵੇ, ਤੇ ਪੀੜ ਭੁਲਾਵੇ ਸੌਣਾ। ਪੀੜ ਪਹੇਲੀ ਬਣ ਕੇ ਟਕਰਨ, ਜਦ ਪੌਣਾਂ ਦੀਆਂ ਲੇਰਾਂ। ਮਨ-ਨਗਰੀ ਦੀ ਵੇਦਨਾ ਵਿਚੋਂ, ਚੁੱਪ ਦੇ ਹੰਝੂ ਕੇਰਾਂ। ਪੀੜ ਪ੍ਰਾਹੁਣੀ ਹਰਦਮ ਟੱਕਰੇ, ਜਦ ਬਾਹਰ ਨੂੰ ਦੇਖਾਂ। ਸੁੰਨੇ ਰਸਤੇ, ਗੂੜ੍ਹ ਹਨੇਰਾ, ਤੇ ਪੈਰੀਂ ਪੁੜੀਆਂ ਮੇਖਾਂ। ਪੀੜ ਦੀ ਪਰਿਕਰਮਾ ਕਰਦਿਆਂ, ਸਾਰੀ ਉਮਰ ਵਿਹਾਈ। ਖੁਦ ਝੋਰੇ ਦੀ ਝੋਲ ਭਰੇਂਦਿਆਂ, ਖੁਦ ਤੋਂ ਹੋਈ ਰੁਸਵਾਈ। ਪੀੜੇ ਨੀ! ਕੇਹੇ ਲੇਖ ਲਿਖਾਏ, ਤੂੰ ਹਰ ਦਰੋਂ ਦੁਰਕਾਰੀ। ਪਰ ਜਿਨ੍ਹਾਂ ਤੈਨੂੰ ਗਲੇ ਲਗਾਇਆ, ਤੂੰ ਸਾਹੋਂ ਵੱਧ ਪਿਆਰੀ। ਪੀੜ-ਪਰਬਤ ਦੇ ਅੰਬਰ ਨੇੜੇ, ਤੇ ਤਾਰੇ ਭਰਨ ਹੁੰਗਾਰਾ। ਚਾਨਣ-ਜੂਹ ਦੀ ਹਮਸਫਰੀ ਦਾ, ਹੁੰਦਾ ਅਜਬ ਨਜ਼ਾਰਾ। ਪੀੜ ਪਾਕੀਜ਼ਗੀ, ਰੂਹ ਦੀ ਸਰਦਲ, ਜਦ ਆ ਮਲ ਖਲੋਵੇ। ਬੋਲ-ਬਹੁਣੀ ਵੀ ਸਾਥ ਨਾ ਦਿੰਦੀ, ਤੇ ਕਲਮ ਵੀ ਧਾਹੀਂ ਰੋਵੇ। ਪੀੜ ਦੀ ਦਰਗਾਹ ‘ਤੇ ਜਿਹੜੇ, ਪੀੜ-ਇਬਾਰਤ ਕਰਦੇ। ਪੀੜ-ਪਾਹੁਲ ਦੀ ਕਰ ਜ਼ਿਆਰਤ, ਕਿਸੇ ਮੈਦਾਨ ਨਾ ਹਰਦੇ। ਪੀੜ ਦੀ ਝਾਂਜਰ ਪੈਰੀਂ ਪਾ ਕੇ, ਨੱਚਦੇ ਲੋਕ ਅਵੱਲੇ। ਹਰ ਬੀਹੀ ਹਰ ਚੌਕ-ਚੌਰਸਤੇ, ਹੋਂਦੀ ਬੱਲੇ ਬੱਲੇ।
ਪੀੜ ਵਿਚੋਂ ਵੀ ਕਈ ਵਾਰ ਮਨੁੱਖ ਅਨੰਦਤ ਹੁੰਦਾ ਅਗਰ ਇਹ ਪੀੜ ਕਿਸੇ ਦੀ ਖੁਸ਼ੀ ਦਾ ਸਬੱਬ ਬਣਦੀ। ਪੀੜ ਵਿਚੋਂ ਉਗਮਦੇ ਹਾਸਿਆਂ ਦੀ ਰੁੱਤ ‘ਚ ਮੌਲਦੇ ਨੇ, ਨਵੇਂ ਚਾਅ, ਸਿਰਜੇ ਜਾਂਦੇ ਨਵੀਨਤਮ ਰਾਹ ਅਤੇ ਮਨੁੱਖੀ ਚਿੱਤ ਨੂੰ ਮਿਲਦੀ ਸੰਦਲੀ ਭਾਅ।
ਪੀੜ ਬਾਹਰਲੀ ਹੋਵੇ ਤਾਂ ਸਹਿਜੇ ਸਹਿਜੇ ਘਟਦੀ ਤੇ ਖਤਮ ਹੋ ਜਾਂਦੀ। ਪਰ ਅੰਦਰਲੀ ਪੀੜ ਸਭ ਤੋਂ ਭਿਆਨਕ। ਬੰਦਾ ਅੰਦਰੋ ਅੰਦਰ ਮਰਦਾ, ਆਪਣੇ ਸਾਹਾਂ ‘ਚ ਸੰਨਾਟਾ ਧਰਦਾ, ਆਖਰ ਨੂੰ ਆਪਣੀ ਅਰਥੀ ਨੂੰ ਮੋਢੇ ਦੇਣ ਤੋਂ ਵੀ ਬੇਜ਼ਾਰ ਹੋ ਜਾਂਦਾ। ਬਾਹਰਲੀ ਪੀੜ ਨੂੰ ਹਰਫ ਦਿੱਤੇ ਜਾ ਸਕਦੇ, ਬੋਲੀਂ ਤਰਜ਼ਮਾਵੇ। ਪਰ ਅੰਦਰਲੀ ਪੀੜ ਨੂੰ ਚੁੱਪ ਉਲਥਾਵੇ। ਬਾਹਰਲੀ ਪੀੜ ਨਾਲ ਵਿਅਕਤੀ ਜਲਦੀ ਮਰਦਾ ਪਰ ਅੰਦਰਲੀ ਪੀੜ ਰੀਂਗ ਰੀਂਗ ਕੇ ਮਰਨ ਦੀ ਮਜ਼ਬੂਰੀ।
ਪੀੜ ਜਦ ਪ੍ਰਸੰਨਤਾ ਤੇ ਪਾਕੀਜ਼ਗੀ ਦੀ ਪ੍ਰਸੰਗਤਾ ਵਿਚ ਪਾਹੁਲ ਬਣਦੀ ਤਾਂ ਮਨੁੱਖੀ ਫਿਤਰਤ ਨੂੰ ਵਿਸਤ੍ਰਿਤ ਕਰਦੀ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਨਵੀਆਂ ਤਰਜੀਹਾਂ ਅਤੇ ਬੁਲੰਦੀਆਂ ਬਖਸ਼ਦੀ।