ਸੁਖਦੇਵ ਮਾਦਪੁਰੀ
ਫੋਨ: 91-94630-34472
ਮੇਲੇ ਅਤੇ ਪੁਰਬ ਭਾਰਤੀ ਜਨਜੀਵਨ ਵਿਚ ਨਿੱਤ ਨਵਾਂ ਰੰਗ ਭਰਦੇ ਹਨ ਤੇ ਸਾਡੇ ਸਭਿਆਚਾਰ ਦਾ ਦਰਪਣ ਹਨ| ਉਤਰੀ ਭਾਰਤ ਦੇ ਵਸਨੀਕਾਂ ਖਾਸ ਕਰਕੇ ਪੰਜਾਬੀਆਂ ਲਈ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ| ਜੇਠ-ਹਾੜ੍ਹ ਦੀ ਅਤਿ ਦੀ ਗਰਮੀ ਅਤੇ ਲੂੰਹਦੀਆਂ ਲੋਆਂ ਮਗਰੋਂ ਚੱਲਦੀਆਂ ਸਾਉਣ ਮਹੀਨੇ ਦੀਆਂ ਠੰਢੀਆਂ ਠਾਰ ਅਤੇ ਮਹਿਕਦੀਆਂ ਹਵਾਵਾਂ ਸਾਰੇ ਵਾਤਾਵਰਣ ਨੂੰ ਰੁਮਾਂਚਕ ਬਣਾ ਦਿੰਦੀਆਂ ਹਨ| ਨਿੱਕੀ-ਨਿੱਕੀ ਕਣੀ ਦਾ ਮੀਂਹ, ਸਾਉਣ ਦੇ ਛੱਰਾਟੇ ਅਤੇ ਸਾਉਣ ਦੀਆਂ ਝੜੀਆਂ ਪੰਜਾਬ ਦੇ ਸਭਿਆਚਾਰਕ ਜੀਵਨ ਵਿਚ ਅਨੂਠਾ ਰੰਗ ਭਰਦੇ ਹਨ| ਸਾਰਾ ਵਾਤਾਵਰਣ ਨਸ਼ਿਆ ਜਾਂਦਾ ਹੈ| ਇਸ ਰੁਮਾਂਚਕ ਵਾਤਾਵਰਣ ਵਿਚ ਪੰਜਾਬਣਾਂ ਦਾ ਹਰਮਨ ਪਿਆਰਾ ਤਿਉਹਾਰ ‘ਤੀਆਂ’ ਆਉਂਦਾ ਹੈ| ਇਸ ਤਿਉਹਾਰ ਨੂੰ ਸਾਰੇ ਧਰਮਾਂ ਅਤੇ ਜਾਤਾਂ ਦੀਆਂ ਮੁਟਿਆਰਾਂ ਬੜੇ ਹੀ ਚਾਅ ਨਾਲ ਮਨਾਉਂਦੀਆਂ ਹਨ|
ਤੀਆਂ ਦਾ ਤਿਉਹਾਰ, ਜਿਸ ਨੂੰ ਤੀਜ ਅਤੇ ਸਾਵੇਂ ਵੀ ਆਖਦੇ ਹਨ, ਸਾਉਣ ਸੁਦੀ ਤਿੰਨ ਤੋਂ ਅਰੰਭ ਹੋ ਜਾਂਦਾ ਹੈ| ਇਸ ਤਿਉਹਾਰ ਦੇ ਤੀਜ ਤਿਥੀ ਨੂੰ ਅਰੰਭ ਹੋਣ ਕਰਕੇ ਹੀ ਇਸ ਦਾ ਨਾਂ ਤੀਆਂ ਅਥਵਾ ਤੀਜ ਪਿਆ ਹੈ| ਇਹ ਤਿਉਹਾਰ 7, 9 ਜਾਂ 11 ਦਿਨ ਕੁੜੀਆਂ ਦੀ ਮਰਜ਼ੀ ਅਨੁਸਾਰ ਮਨਾਇਆ ਜਾਂਦਾ ਹੈ| ਪੰਜਾਬ ਦੀਆਂ ਮੁਟਿਆਰਾਂ ਇਸ ਤਿਉਹਾਰ ਨੂੰ ਬੜੇ ਚਾਵਾਂ ਨਾਲ ਉਡੀਕਦੀਆਂ ਹਨ| ਵਿਆਹੀਆਂ ਮੁਟਿਆਰਾਂ ਆਪਣੇ ਪੇਕੀਂ ਆ ਕੇ ਇਹ ਤਿਉਹਾਰ ਮਨਾਉਂਦੀਆਂ ਹਨ|
ਮਹਿੰਦੀ ਤਾਂ ਪਾ ਦੇ ਮਾਏ ਸੁੱਕਣੀ ਮਾਏ ਮੇਰੀਏ,
ਮਹਿੰਦੀ ਦਾ ਰੰਗ ਨੀ ਉਦਾਸ ਸਾਵਣ ਆਇਆ।
ਨੂੰਹਾਂ ਨੂੰ ਭੇਜੀਂ ਮਾਏ ਪੇਕੜੇ ਮਾਏ ਮੇਰੀਏ ਨੀ,
ਧੀਆਂ ਨੂੰ ਲਈਂ ਨੀ ਮੰਗਾ ਸਾਵਣ ਆਇਆ|
ਪਿੰਡੋਂ ਬਾਹਰ ਪਿੱਪਲਾਂ, ਬਰੋਟਿਆਂ ‘ਤੇ ਕੁੜੀਆਂ ਪੀਂਘਾਂ ਝੂਟਦੀਆਂ ਹਨ, ਨਾਲੇ ਗਿੱਧਾ ਪਾਉਂਦੀਆਂ ਹਨ| ਕੁਆਰੀਆਂ, ਵਿਆਹੀਆਂ ਅਤੇ ਪਿੰਡ ਦੀਆਂ ਪੇਕੀਂ ਨਾ ਗਈਆਂ ਮੁਟਿਆਰਾਂ ਵੀ ਇਸ ਵਿਚ ਸ਼ਾਮਲ ਹੁੰਦੀਆਂ ਹਨ| ਸਾਰੀਆਂ ਕੁੜੀਆਂ ਨਵੇਂ ਵਸਤਰ ਪਾ ਕੇ, ਰੰਗ-ਬਿਰੰਗੀਆਂ ਚੂੜੀਆਂ ਚੜ੍ਹਾ, ਹੱਥਾਂ ਨੂੰ ਮਹਿੰਦੀ ਲਾ, ਗਹਿਣੇ ਗੱਟਿਆਂ ਨਾਲ ਸਜੀਆਂ ਤੀਆਂ ਖੇਡਣ ਜਾਂਦੀਆਂ ਹਨ:
ਰਲ ਆਓ ਸਈਓ ਨੀ, ਸੱਭੇ ਤੀਆਂ ਖੇਡਣ ਜਾਈਏ,
ਹੁਣ ਆ ਗਿਆ ਸਾਵਣ ਨੀ, ਪੀਂਘਾਂ ਪਿੱਪਲੀਂ ਜਾ ਕੇ ਪਾਈਏ।
ਪਈ ਕੂ ਕੂ ਕਰਦੀ ਨੀ ਸਈਓ, ਕੋਇਲ ਹੰਝੂ ਡੋਲ੍ਹੇ,
ਪਪੀਹਾ ਵੇਖੋ ਨੀ ਭੈੜਾ, ਪੀਆ ਪੀਆ ਬੋਲੇ।
ਲੈ ਪੈਲਾਂ ਪਾਂਦੇ ਨੀ, ਬਾਗੀਂ ਮੋਰਾਂ ਸ਼ੋਰ ਮਚਾਇਆ,
ਨੀ ਖਿੜ ਖਿੜ ਫੁੱਲਾਂ ਨੇ, ਸਾਨੂੰ ਮਾਹੀਆ ਯਾਦ ਕਰਾਇਆ।
ਮੈਂ ਅੱਥਰੂ ਡੋਲ੍ਹਾਂ ਨੀ, ਕੋਈ ਸਾਰ ਨਾ ਲੈਂਦਾ ਮੇਰੀ,
ਰਲ ਆਓ ਸਈਓ ਨੀ, ਸੱਭੇ ਤੀਆਂ ਖੇਡਣ ਜਾਈਏ|
ਜਿਹੜੀਆਂ ਵਿਆਹੀਆਂ ਮੁਟਿਆਰਾਂ ਤੀਆਂ ਦੇ ਦਿਨੀਂ ਪੇਕੀਂ ਨਹੀਂ ਜਾ ਸਕਦੀਆਂ, ਉਨ੍ਹਾਂ ਲਈ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ:
ਭੇਜੀਂ ਨੀ ਮਾਏ ਮੈਨੂੰ ਮਿੱਠਾ ਸੰਧਾਰਾ
ਛੋਲਿਆਂ ਦੀ ਰੋਟੀ ਵਿਚ ਨੂਣ ਕਰਾਰਾ।
ਮੇਰੇ ਵੀਰ ਨੇ ਸੰਧਾਰੇ ਵਿਚ ਭੇਜੀ
ਕੱਤਣੀ ਚਾਂਦੀ ਦੀ।
ਤੀਆਂ ਦੇ ਸੰਧਾਰੇ ਵਿਚ ਸੂਟ ਅਤੇ ਕੁਝ ਮਠਿਆਈ ਹੁੰਦੀ ਹੈ| ਯੂ. ਪੀ. ਵਿਚ ਇਸ ਤਿਉਹਾਰ ‘ਤੇ ਸਹੁਰੇ ਪੇਕੀਂ ਗਈ ਨੂੰਹ ਨੂੰ ਸੂਟ, ਚੂੜੀਆਂ, ਮਹਿੰਦੀ ਤੇ ਪਾਕ ਪਕਵਾਨ ਭੇਜਦੇ ਹਨ, ਜਿਵੇਂ ਪੰਜਾਬ ਵਿਚ ਕਰੂਏ ਦੇ ਵਰਤਾਂ ਨੂੰ ਸਰਘੀ ਭੇਜਣ ਦਾ ਰਿਵਾਜ ਹੈ| ਤੀਆਂ ਦੇ ਸੰਧਾਰੇ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ ਹੈ, ਇਸ ਦੀ ਵਿਆਖਿਆ ਇਕ ਲੋਕ ਗੀਤ ਵਿਚ ਇਸ ਤਰ੍ਹਾਂ ਕੀਤੀ ਗਈ ਹੈ:
ਭੇਜੀਂ ਨੀ ਅੰਮਾ ਰਾਣੀ ਸੂਹੜੇ,
ਸੂਹਿਆਂ ਦੇ ਦਿਨ ਚਾਰ, ਸਾਵਣ ਆਇਆ।
ਕਿੱਕੂੰ ਨੀ ਭੇਜਾਂ ਸੂਹੜੇ
ਪਿਓ ਤੇਰਾ ਪਰਦੇਸ, ਸਾਵਣ ਆਇਆ।
ਲਿਖ ਲਿਖ ਭੇਜਾਂ ਬਾਬਲ ਚੀਰੀਆਂ
ਤੂੰ ਪਰਦੇਸਾਂ ਤੋਂ ਆ, ਸਾਵਣ ਆਇਆ।
ਕਿੱਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ, ਸਾਵਣ ਆਇਆ।
ਪਾਵੋ ਵੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ, ਸਾਵਣ ਆਇਆ।
ਹੱਥ ਦੀ ਵੇ ਦੇਵਾਂ ਤੁਹਾਨੂੰ ਮੁੰਦਰੀ
ਗਲ ਦਾ ਨੌ-ਲੱਖਾ ਹਾਰ, ਸਾਵਣ ਆਇਆ।
ਤੀਆਂ ਦੇ ਦਿਨਾਂ ਵਿਚ ਪੰਜਾਬੀ ਮੁਟਿਆਰਾਂ ਰੋਜ ਪਿੰਡੋਂ ਬਾਹਰ ਬਰੋਟਿਆਂ ਟਾਹਲੀਆਂ ਦੇ ਦਰੱਖਤਾਂ ਨਾਲ ਪੀਂਘਾਂ ਪਾ ਕੇ ਪੀਂਘਾਂ ਝੂਟਦੀਆਂ ਹਨ, ਨਾਲ ਗਿੱਧਾ ਪਾਉਂਦੀਆਂ ਹਨ ਤੇ ਗੋਰੇ-ਗੋਰੇ ਹੱਥਾਂ ‘ਤੇ ਮਹਿੰਦੀ ਲਾਉਂਦੀਆਂ ਹਨ| ਗੋਰੀਆਂ ਬਾਹਾਂ ਰਾਂਗਲੀਆਂ ਵੰਗਾਂ ਨਾਲ ਸਜਾਉਂਦੀਆਂ ਹਨ| ਰੰਗ-ਬਿਰੰਗੀਆਂ ਪੁਸ਼ਾਕਾਂ ਪਹਿਨੀ ਪੀਂਘਾਂ ਝੂਟਦੀਆਂ ਮੁਟਿਆਰਾਂ ਇਕ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਹਨ:
ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ
ਝੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲੇ ਰਾਮ ਪਿਆਰੀ
ਕੁੜਤੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ
ਹਰਨਾਮੀ ਦੀ ਸੁੱਥਣ ਭਿੱਜਗੀ
ਬਹੁਤੇ ਗੋਟੇ ਵਾਲੀ
ਜੰਨਤ ਦੀਆਂ ਭਿੱਜੀਆਂ ਮੇਢੀਆਂ
ਗਿਣਤੀ ‘ਚ ਪੂਰੀਆਂ ਚਾਲੀ
ਪੀਂਘ ਝੂਟਦੀ ਸੱਸੀ ਡਿੱਗ ਪਈ
ਨਾਲੇ ਨੂਰੀ ਨਾਭੇ ਵਾਲੀ
ਸ਼ਾਮੋ ਕੁੜੀ ਦੀ ਝਾਂਜਰ ਗੁਆਚ ਗਈ
ਆ ਰੱਖੀ ਨੇ ਭਾਲੀ
ਭਿੱਜ ਗਈ ਲਾਜੋ ਵੇ
ਬਹੁਤੇ ਹਿਰਖਾਂ ਆਲੀ।
ਇਨ੍ਹੀਂ ਦਿਨੀਂ ਕਈ ਮੁਟਿਆਰਾਂ ਪੀਂਘਾਂ ਝੂਟਦੀਆਂ ਲੱਤਾਂ ਬਾਹਾਂ ਵੀ ਤੁੜਵਾ ਲੈਂਦੀਆਂ ਹਨ:
ਅੱਗੇ ਤਾਂ ਗੁੜ ਵਿਕੇ ਧੜੀਏਂ
ਹੁਣ ਕਿਉਂ ਦੇਣ ਘਟਾ ਕੇ
ਹੱਟੀਆਂ ਵਾਲੇ ਐਂ ਲੁੱਟ ਲੈਂਦੇ
ਦਿਨ ਤੀਆਂ ਦੇ ਆ ਗੇ
ਜਾਹ ਨੀ ਕੁੜੀਏ ਪੱਤਾ ਤੋੜ ਲਿਆ
ਹੱਥ ਨਾ ਪੱਤੇ ਨੂੰ ਜਾਵੇ
ਮਾਰ ਨਾ ਪੱਤੇ ਨੂੰ ਜਾਵੇ
ਮਾਰ ਟਪੂਸੀ ਪੱਤਾ ਤੋੜ ਲਿਆ
ਬਹਿ’ਗੀ ਟੰਗ ਤੁੜਾ ਕੇ
ਇਕਨਾਂ ਦੇ ਮਨ ਖੁਸ਼ੀਆਂ ਵੀਰਨੋ
ਇਕ ਬੈਠ’ਗੇ ਢੇਰੀਆਂ ਢਾ ਕੇ
ਬਾਗ ਦਾ ਗੁੱਲ ਬਣ’ਗੀ
ਮਹਿੰਦੀ ਹੱਥਾਂ ਨੂੰ ਲਾ ਕੇ।
ਗਿੱਧਾ ਪੰਜਾਬਣਾਂ ਦੇ ਰੋਮ-ਰੋਮ ਵਿਚ ਸਮਾਇਆ ਹੋਇਆ ਹੈ| ਤੀਆਂ ਦਾ ਗਿੱਧਾ ਇਕ ਅਜਿਹਾ ਪਿੜ ਹੈ, ਜਿੱਥੇ ਮੁਟਿਆਰਾਂ ਦਿਲ ਦੇ ਗੁੱਭ-ਗੁਭਾਟ ਕੱਢਦੀਆਂ ਹਨ| ਫੜੂਹਾ ਪਾਉਣ ਸਮੇਂ ਉਹ ਭਿੰਨ-ਭਿੰਨ ਸਾਂਗ ਕੱਢਦੀਆਂ ਸਮਾਂ ਬੰਨ ਦਿੰਦੀਆਂ ਹਨ| ਸੱਸ, ਜੇਠ, ਜਠਾਣੀ, ਦਿਓਰ, ਅਨਜੋੜ ਪਤੀ, ਪਰਦੇਸੀ ਢੋਲਾ, ਵੀਰ ਅਤੇ ਦਿਲ ਦੇ ਮਹਿਰਮ ਬਾਰੇ ਅਨੇਕਾਂ ਗੀਤ ਗਾਏ ਜਾਂਦੇ ਹਨ ਅਤੇ ਬਿਦ-ਬਿਦ ਕੇ ਬੋਲੀਆਂ ਪਾਈਆਂ ਜਾਂਦੀਆਂ ਹਨ| ਮਹਿੰਦੀ ਰੰਗੇ ਹੱਥ ਹਰਕਤ ਵਿਚ ਆਉਂਦੇ ਹਨ, ਗਿੱਧਾ ਮਘ ਪੈਂਦਾ ਹੈ| ਸੱਸਾਂ ਬਾਰੇ ਅਨੇਕਾਂ ਬੋਲੀਆਂ ਹਨ:
ਆਪ ਸੱਸ ਮੰਗ ਜੇ ਲੇਟਦੀ
ਸਾਨੂੰ ਮਾਰਦੀ ਚੱਕੀ ਵੱਲ ਸੈਨਤਾਂ
ਮੇਰੀ ਸੱਸ ਨੇ ਮੱਕੀ ਦਾ ਟੁਕ ਮਾਰਿਆ
ਡੌਲੇ ਕੋਲੋਂ ਬਾਂਹ ਟੁੱਟ’ਗੀ
ਮਾਪਿਆਂ ਨੇ ਰੱਖੀ ਲਾਡਲੀ
ਅੱਗੋਂ ਸੱਸ ਬਘਿਆੜੀ ਟੱਕਰੀ
ਨਿੰਮ ਦਾ ਕਰਾ ਦੇ ਘੋਟਣਾ
ਸੱਸੀ ਕੁੱਟਣੀ ਸੰਦੂਕਾਂ ਓਹਲੇ।
ਕੋਈ ਜੇਠ ਤੋਂ ਸਤੀ ਹੋਈ ਆਪਣਾ ਗੁੱਭ-ਗੁਭਾਟ ਕੱਢਦੀ ਹੈ:
ਅਸੀਂ ਜੇਠ ਨੂੰ ਲੱਸੀ ਨ੍ਹੀਂ ਦੇਣੀ
ਦਿਓਰ ਭਾਵੇਂ ਦੁੱਧ ਪੀ ਲਵੇ।
ਰਾਂਝਾ ਰੁਲਦੂ ਬੱਕਰੀਆਂ ਚਾਰੇ
ਘਰ ਮੇਰੇ ਜੇਠ ਦੀ ਪੁੱਗੇ।
ਪੌੜੀ ਵਿਚ ਅੱਧ ਮੇਰਾ
ਅਸੀਂ ਜੇਠ ਚੜ੍ਹਨ ਨ੍ਹੀਂ ਦੇਣਾ।
ਵੀਰ ਪਿਆਰ ਦੀ ਭਾਵਨਾ ਵਾਲੀਆਂ ਬੋਲੀਆਂ ਵੀ ਗਿੱਧੇ ਦਾ ਸ਼ਿੰਗਾਰ ਬਣਦੀਆਂ ਹਨ:
ਇਕ ਵੀਰ ਦਈਂ ਵੇ ਰੱਬਾ
ਸੌਂਹ ਖਾਣ ਨੂੰ ਬੜਾ ਚਿੱਤ ਕਰਦਾ।
ਜਿੱਥੋਂ ਮੇਰਾ ਵੀਰ ਲੰਘਿਆ
ਕੌੜੀ ਨਿੰਮ ਨੂੰ ਪਤਾਸੇ ਲੱਗਦੇ।
ਵੀਰਾ ਵੇ ਬੁਲਾ ਸੋਹਣਿਆ
ਤੈਨੂੰ ਦੇਖ ਕੇ ਭੁੱਖੀ ਰੱਜ ਜਾਵਾਂ।
ਚੰਦ ਚੜ੍ਹਿਆ ਬਾਪ ਦੇ ਵਿਹੜੇ
ਵੀਰ ਘਰ ਪੁੱਤ ਜੰਮਿਆ।
ਬਾਪੂ ਤੇਰੇ ਮੰਦਿਰਾਂ ‘ਚੋਂ
ਸਾਨੂੰ ਮੁਸ਼ਕ ਚੰਦਨ ਦਾ ਆਵੇ।
ਤੀਆਂ ਦੇ ਪਿੜ ਵਿਚ ਕੋਈ ਬੰਦਿਸ਼ ਨਹੀਂ, ਕੋਈ ਰੋਕ-ਟੋਕ ਨਹੀਂ, ਨਾ ਸੱਸ ਦਾ ਡਰ ਨਾ ਬਾਪੂ ਤੇ ਵੀਰ ਦੀ ਘੁਰਕੀ ਦਾ ਭੈਅ| ਮਨ ਦੇ ਗੁਭ ਗੁਭਾਟ ਕੱਢ ਕੇ ਹੌਲੀਆਂ ਫੁੱਲ ਹੋ ਜਾਂਦੀਆਂ ਹਨ ਤੇ ਸਾਉਣ ਦੇ ਖਤਮ ਹੁੰਦੇ ਸਾਰ ਹੀ ਤੀਆਂ ਦਾ ਤਿਉਹਾਰ ਖਤਮ ਹੋ ਜਾਂਦਾ ਹੈ| ਭਾਦੋਂ ਚੜ੍ਹ ਜਾਂਦੀ ਹੈ| ਵਿਆਹੀਆਂ ਸਹੁਰੇ ਤੁਰ ਜਾਂਦੀਆਂ ਹਨ:
ਭਾਦੋਂ ਕੜਕ ਚੜ੍ਹੀ
ਕੁੜੀਆਂ ਦੇ ਪੈਣ ਵਿਛੋੜੇ।
ਸਾਉਣ ਕੁੜੀਆਂ ਦਾ ਮੇਲ ਕਰਾਉਂਦਾ ਹੈ| ਇਸ ਲਈ ਉਹ ਉਸ ਨੂੰ ਆਪਣੇ ਵੀਰਾਂ ਜਿਹਾ ਸਨਮਾਨ ਦਿੰਦੀਆਂ ਹਨ:
ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਮਸ਼ੀਨੀ ਸਭਿਅਤਾ ਦੇ ਪ੍ਰਭਾਵ ਕਾਰਨ ਸਾਡੇ ਲੋਕ ਜੀਵਨ ਵਿਚ ਬਹੁਤ ਤਬਦੀਲੀਆਂ ਆ ਗਈਆਂ ਹਨ| ਪਹਿਲੇ ਸ਼ੌਕ ਰਹੇ ਨਹੀਂ, ਨਾ ਹੀ ਵਿਹਲ ਹੈ| ਤੀਆਂ ਦਾ ਤਿਉਹਾਰ ਵੀ ਹੁਣ ਪਹਿਲਾਂ ਵਾਲੇ ਸ਼ੌਕ ਅਤੇ ਉਤਸ਼ਾਹ ਨਾਲ ਨਹੀਂ ਮਨਾਇਆ ਜਾਂਦਾ| ਸਾਉਣ ਮਹੀਨੇ ਵਿਚ ਪੱਕਦੇ ਮਾਹਲ ਪੂੜੇ ਅਤੇ ਰਿਝਦੀਆਂ ਖੀਰਾਂ ਬੀਤੇ ਦੀਆਂ ਯਾਦਾਂ ਬਣ ਕੇ ਰਹਿ ਗਈਆਂ ਹਨ| ਸਾਡੇ ਤਿਉਹਾਰ ਪੰਜਾਬੀ ਸਭਿਆਚਾਰ ਦਾ ਵਡਮੁੱਲਾ ਅੰਗ ਹਨ। ਇਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ|