ਕੈਨੇਡਾ ਵਿਚ ਪੰਜਾਬੀ: 100 ਸਾਲ ਪਹਿਲਾਂ
ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਮਿਲਦਾ ਹੈ।
‘ਪੰਜਾਬ ਟਾਈਮਜ਼’ ਦੇ ਪਾਠਕ ‘ਸੁਦੇਸ਼ ਸੇਵਕ’ (1909 ਤੋਂ 1911 ਤੱਕ ਛਪਿਆ) ਅਤੇ ‘ਸੰਸਾਰ’ (ਸਤੰਬਰ 1912 ਤੋਂ ਜੁਲਾਈ 1914 ਤੱਕ ਛਪਿਆ) ਵਿਚ ਛਪੀਆਂ ਲਿਖਤਾਂ ਪਿਛਲੇ ਅੰਕਾਂ ਵਿਚ ਪੜ੍ਹ ਚੁਕੇ ਹਨ। ਇਨ੍ਹਾਂ ਲਿਖਤਾਂ ਵਿਚ ਉਸ ਵਕਤ ਪਰਦੇਸ ਪੁੱਜੇ ਜਿਉੜਿਆਂ ਵੱਲੋਂ ਹੰਢਾਈਆਂ ਮੁਸੀਬਤਾਂ ਦਾ ਜ਼ਿਕਰ ਹੈ। ਇਨ੍ਹਾਂ ਲਿਖਤਾਂ ਦੇ ਸ਼ਬਦ-ਜੋੜ ਅਤੇ ਵਾਕ ਬਣਤਰ ਜਿਉਂ ਦੇ ਤਿਉਂ ਰੱਖੇ ਗਏ ਹਨ ਤਾਂ ਕਿ ਉਸ ਵਕਤ ਦੀ ਪੰਜਾਬੀ ਦੇ ਦਰਸ਼ਨ-ਦੀਦਾਰੇ ਹੋ ਸਕਣ। -ਸੰਪਾਦਕ
23 ਮਈ ਦੀ ਸਵੇਰ ਨੂੰ ਅਜੇ ਘੜਿਆਲ ਨੇ 6 ਨਹੀਂ ਵਜਾਏ ਸਨ ਜਦਕਿ ਵਿਕਟੋਰੀਏ ਦੇ ਸਵੇਰੇ ਛਪਣ ਵਾਲੇ ਅਖਬਾਰ ਨੇ ਸਾਰੇ ਸ਼ਹਿਰ ਵਿਚ ਫਿਰ ਕੇ ਢੰਡੋਰਾ ਫੇਰ ਦਿਤਾ ਕਿ ਜਿਹੜੇ ਹਿੰਦੁਸਤਾਨੀਆਂ ਦੇ ਆਪਣੇ ਭਾੜੇ ਕੀਤੇ ਜਹਾਜ ਦੇ ਸ਼ਿੰਘਈ ਤੋਂ ਤੁਰਨ ਦੀਆਂ ਅਵਾਈਆਂ ਉਡ ਰਹੀਆਂ ਸਨ, ਉਹ ਅੱਜ ਇਥੋਂ ਦਸ ਮੀਲ ਦੀ ਵਿਥ ‘ਤੇ ਕੁਆਰਨਟੀਨ ਦੀ ਹੱਦ ਪੁਰ ਖੜ੍ਹਾ ਹੈ। ਜਿਸ ਵਿਚ 375 ਹਿੰਦੁਸਤਾਨੀ ਸਵਾਰ ਹਨ ਜਿਨ੍ਹਾਂ ਵਿਚ ਇਕ ਸੱਤ ਸਾਲ ਦਾ ਬਾਲਕ ਹੈ, ਦੋ ਸਿੰਘਣੀਆਂ ਹਨ। ਇਕ ਬਿਰਧ ਸਰੀਰ ਸਰਦਾਰ ਗੁਰਦਿੱਤ ਸਿੰਘ ਨਾਮ ਹੈ, ਜੋ ਆਖਦਾ ਹੈ ਕਿ ਅਸੀਂ ਅੰਗਰੇਜ਼ੀ ਪਰਜਾ ਹਿੰਦੁਸਤਾਨੀ ਕੈਨੇਡਾ ਦੇ ਕਾਨੂੰਨ ਦੀ ਪੂਰੀ ਪਰਖ ਕਰਨ ਆਏ ਹਾਂ। ਇਹ ਪੜ੍ਹਦੇ ਸਾਰ ਹਰ ਇਕ ਆਦਮੀ ਦੀਆਂ ਅੱਖਾਂ ਜਹਾਜ ਵੱਲ ਲੱਗ ਗਈਆਂ। ਵਿਕਟੋਰੀਏ ਦੇ ਹਿੰਦੀ ਵੀਰਾਂ ਨੇ ਪਤਾ ਲੱਗਦੇ ਸਾਰ ਭਰਾਵਾਂ ਦੇ ਪਿਆਰ ਦੀਆਂ ਉਮੰਗ ਵਿਚ ਮਤਾ ਪਕਾਇਆ ਕਿ ਕੁਆਰਨਟੀਨ ਦੇ ਨੇੜੇ ਜਿਥੇ ਜਹਾਜ ਖੜ੍ਹਾ ਹੈ, ਵੀਰਾਂ ਦੇ ਚਲ ਦਰਸ਼ਨ ਕਰੀਏ। ਇਕ ਦਰਜਨ ਸੱਜਣਾਂ ਦੀ ਮੰਡਲ ਜਿਸ ਵਿਚ ‘ਸੰਸਾਰ’ ਦੇ ਸੇਵਕ ਤੇ ਦੇਸ਼ ਤੋਂ ਆ ਰਹੇ ਭਾਈ ਬਲਵੰਤ ਸਿੰਘ ਜੀ ਤੇ ਹਿੰਦੁਸਤਾਨੀਆਂ ਦਾ ਪੁਰਾਣਾ ਦਰਦੀ ਮਿਸਟਰ ਹਾਲ ਵੀ ਸਨ, ਇਕ ਬੋਟ ਕਿਰਾਏ ‘ਤੇ ਕਰਕੇ ਤੁਰ ਪਏ। ਇਕ ਘੰਟੇ ਵਿਚ ਜਹਾਜ ਦਿਸਣ ਲੱਗ ਪਿਆ। ਜਦ ਨੂੰ ਅੱਗੋਂ ਇਮੀਗਰੇਸ਼ਨ ਵਾਲਿਆਂ ਦੀ ਬੋਟ ਆ ਪੁੱਜੀ ਜਿਸ ਦੇ ਵਿਚ ਬੈਠੇ ਅਫਸਰਾਂ ਨੇ ਕਿਹਾ ਕਿ ਤੁਹਾਨੂੰ ਜਹਾਜ ਦੇ ਨੇੜੇ ਜਾਣ ਦੀ ਤੇ ਬਾਹਰੋਂ ਦੂਰੋਂ ਗੱਲ ਕਰਨ ਦੀ ਵੀ ਆਗਿਆ ਨਹੀਂ ਹੈ। ਜਹਾਜ ਦੇ ਕੋਲੋਂ ਦੀ ਉਤੇ ਖੜ੍ਹੇ ਭਰਾਵਾਂ ਨੂੰ ਜੈਕਾਰੇ ਗਜਾਉਂਦਾ ਹੋਇਆ ਤੇ ਦਰਸ਼ਨ ਕਰਦਾ ਹੋਇਆ ਆਪਣਾ ਬੋਟ ਸ਼ਹਿਰ ਨੂੰ ਮੋੜਿਆ। ਸਭ ਦੇ ਦਿਲ ਵਿਚ ਦਰਦ ਤੇ ਫਿਕਰ ਸੀ ਕਿ ਕਿਸੇ ਤਰ੍ਹਾਂ ਭਰਾਵਾਂ ਦੀ ਮਦਦ ਕਰ ਸਕੀਏ। ਕੁਆਰਨਟੀਨ ਦੇ ਡਾਕਟਰ ਨੇ ਨੁਕਸ ਲੱਭਾ ਤੇ ਉਟਾਵੇ ਨੂੰ ਤਾਰ ਦਿੱਤੀ ਸੀ ਕਿ ਜਹਾਜ ਦੇ ਕਪਤਾਨ ਦੇ ਪਾਸ ਮੌਜੀ ਦੇ ਘਾਟ ਦਾ ਸਿਹਤ ਦਾ ਪਰਵਾਨਾ ਨਹੀਂ ਹੈ। ਇਸ ਹੀ ਉਤਰ ਦੇ ਆਉਣ ਵਿਚ ਸਾਰਾ ਦਿਨ ਜਹਾਜ ਰੋਕਿਆ ਰਿਹਾ ਤੇ ਤ੍ਰਿਕਾਲਾਂ ਦੇ ਅਖਬਾਰ ਨੇ ਛਾਪਿਆ ਕਿ ਸ਼ਾਇਦ ਇਸ ਖੁੰਦਕ ਕਰਕੇ ਜਹਾਜ ਇਥੇ ਹੀ ਰੁਕਿਆ ਰਹੇ, ਪਰ ਅੰਤ 5 ਵਜੇ ਖਲਾਸੀ ਹੋਈ। ਹੁਕਮ ਮਿਲਿਆ ਤੇ ਕਾਮਾਗਾਟਾ ਮਾਰੂ ਜਹਾਜ ਭਾਰਤ ਵਰਸ਼ ਦੇ ਸਪੁੱਤਰਾਂ ਸਣੇ ਸਹਿਜੇ-ਸਹਿਜੇ ਵੈਨਕੂਵਰ ਵੱਲ ਨੂੰ ਖਿਸਕਿਆ।
ਵੈਨਕੂਵਰ ਵਿਚ ਪੁੱਜਣਾ
24 ਮਈ ਨੂੰ ਸਵੇਰੇ ਹੀ ਦੁਰੇਡੇ ਪੰਧ ਤੋਂ ਤੁਰੇ ਹੋਏ ਭਾਰਤ ਵਾਸੀਆਂ ਦਾ ਬੇੜਾ ਵੈਨਕੂਵਰ ਦੀ ਘਾਟ ਵਿਚ ਆ ਫਿਰਿਆ। ਹਿੰਦੁਸਤਾਨੀ ਵੀਰ ਹੁਮ ਹੁਮਾ ਕੇ ਆ ਰਹੇ ਭਰਾਵਾਂ ਦੀ ਅਗਵਾਈ ਲਈ ਘਾਟ ‘ਤੇ ਹਾਜ਼ਰ ਸਨ, ਪਰ ਪੁਲਿਸ ਦੇ ਖਾਸ ਪਹਿਰਿਆਂ ਨਾਲ ਕਿਸੇ ਹਿੰਦੁਸਤਾਨੀ ਨੂੰ ਘਾਟ ‘ਤੇ ਜਹਾਜ ਨੂੰ ਦੇਖਣ ਤਕ ਦੀ ਆਗਿਆ ਨਾ ਦਿੱਤੀ ਗਈ। ਵੈਨਕੂਵਰ ਦੇ ਇਕ ਅਖਬਾਰ ਵਿਚ ਲਿਖਿਆ ਹੈ ਕਿ ਇਕ ਇਮੀਗਰੇਸ਼ਨ ਅਫਸਰ ਨੇ ਇਹ ਵੀ ਦੱਸਿਆ ਕਿ ਬੰਦੂਕਾਂ ਤੇ ਰਾਈਫਲਾਂ ਵਾਲੇ ਫੌਜੀ ਸਿਪਾਹੀ ਵੀ ਘਾਟ ‘ਤੇ ਆਏ ਹਿੰਦੀਆਂ ਦੇ ਕਿਸੇ ਰੌਲੇ ਨੂੰ ਨਜਿੱਠਣ ਲਈ ਤਿਆਰ ਰੱਖੇ ਗਏ ਸਨ, ਸਾਰਾ ਦਿਨ ਡਾਕਟਰੀ ਹੁੰਦੀ ਰਹੀ ਤੇ ਇਮੀਗਰੇਸ਼ਨ ਵਾਲੇ ਦੱਸਦੇ ਰਹੇ ਕਿ ਅਸੀਂ ਉਟਾਵੇ ਤੋਂ ਹੁਕਮ ਉਡੀਕ ਰਹੇ ਹਾਂ। ਅਗਲੇ ਦਿਨ ਐਤਵਾਰ ਤੇ ਸੋਮਵਾਰ ਛੁੱਟੀਆਂ ਆ ਗਈਆਂ ਤੇ ਇਹ ਵੀ ਅਵਾਈ ਇਮੀਗਰੇਸ਼ਨ ਦੇ ਹਲਕੇ ਵਿਚ ਉੱਡੀ ਕਿ ਸ਼ਾਇਦ ਹਿੰਦੁਸਤਾਨੀਆਂ ਨੂੰ ਇਨ੍ਹਾਂ ਦੋਹਾਂ ਛੁੱਟੀਆਂ ਵਿਚ ਹੀ ਕਚਹਿਰੀਆਂ ਖੁਲ੍ਹਣ ਤੋਂ ਪਹਿਲਾਂ ਹੀ ਪਿਛਾਂਹਾਂ ਮੋੜ ਦਿੱਤਾ ਜਾਵੇ। 26 ਮਈ ਨੂੰ ਇਮੀਗਰੇਸ਼ਨ ਵਾਲੇ ਜਹਾਜ ਵਿਚ ਗਏ ਤੇ ਸਿਰਫ ਬਾਹਰ ਇਹ ਹੀ ਪਤਾ ਮਿਲਿਆ ਕਿ ਹਿੰਦੁਸਤਾਨੀਆਂ ਦੀ ਡਾਕਟਰੀ ਕੀਤੀ ਜਾ ਰਹੀ ਹੈ।
ਸਰਦਾਰ ਗੁਰਦਿੱਤ ਸਿੰਘ
ਇਸ ਜਹਾਜ ਨੂੰ ਚਾਰਟਰ ਕਰਕੇ ਰਸਤਿਆਂ ਵਿਚ ਬੈਠੇ ਹਿੰਦੁਸਤਾਨੀਆਂ ਨੂੰ ਇਥੇ ਲਿਆਉਣ ਵਾਲੇ ਸਰਦਾਰ ਗੁਰਦਿੱਤ ਸਿੰਘ ਜੀ ਸਿਰਹਾਲੀ, ਜ਼ਿਲ੍ਹਾ ਲਾਹੌਰ ਦੇ ਵਸਨੀਕ ਹਨ। ਕੈਨੇਡਾ ਦੇ ਅਖਬਾਰਾਂ ਤਕ ਆਪ ਦੇ ਹੌਂਸਲੇ, ਸ਼ਰਾਫਤ ਤੇ ਸਿਆਣਪ ਦੀ ਉਸਤਤ ਕਰ ਰਹੇ ਹਨ। ਗੁਰਦਿੱਤ ਸਿੰਘ ਜੀ ਨੇ ਖੋਲ੍ਹ ਕੇ ਤੇ ਖੜਕਾ ਕੇ ਉੱਤਰ ਦਿੱਤੇ ਹਨ ਕਿ ਅਸੀਂ ਅੰਗਰੇਜ਼ੀ ਪਰਜਾ ਹਾਂ। ਬਸ ਸਾਡਾ ਪੱਕਾ ਤੇ ਅਸਲੀ ਹੱਕ ਹੈ ਕਿ ਅਸੀ ਅੰਗਰੇਜ਼ੀ ਰਾਜ ਦੇ ਕਿਸੇ ਵੀ ਹਿੱਸੇ ਵਿਚ ਫਿਰ ਸਕੀਏ। ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕਿਸ ਕਰਕੇ ਸਾਨੂੰ ਅੰਗਰੇਜ਼ੀ ਰਾਜ ਦੀ ਹੱਦ ਵਿਚ ਫਿਰਨ ਤੋਂ ਰੋਕਿਆ ਜਾਂਦਾ ਹੈ। ਅਸੀਂ ਖੇਤੀ ਦਾ ਕੰਮ ਕਰਨ ਵਾਲੇ ਹਾਂ। ਇਹ ਹਿੰਦੁਸਤਾਨੀ ਮਜ਼ਦੂਰ ਨਹੀਂ ਸਗੋਂ ਪੰਜਾਬ ਦੇ ਸ਼ੇਰ ਕਿਰਸਾਨ ਹਨ ਜੋ ਕਿ ਖੇਤੀ ਕਰਕੇ ਮੁੰਜਾ ਦੇਸ਼ ਵਸਾਉਣਗੇ। ਇਨ੍ਹਾਂ ਆ ਰਹੇ ਹਿੰਦੀਆਂ ਵਿਚੋਂ ਬਹੁਤੇ ਫੌਜੀ ਸਿਪਾਹੀ ਹਨ ਜਿਨ੍ਹਾਂ ਨੇ ਇਸ ਰਾਜ ਦੀ ਕਾਇਮੀ ਲਈ ਆਪਣੀਆਂ ਜਾਨਾਂ ਤਕ ਹਾਜ਼ਰ ਕੀਤੀਆਂ ਹਨ। ਬਸ ਇਹੋ ਜਿਹੇ ਆਦਮੀ ਹਨ ਜੋ ਨਿਤਾਰਾ ਚਾਹੁੰਦੇ ਹਨ ਕਿ ਅੰਗਰੇਜ਼ੀ ਪਰਜਾ ਦੇ ਅਸਲੀ ਹੱਕ ਕੀ ਹਨ ਤੇ ਇਸ ਸੱਚੇ ਅਸੂਲ ਤੇ ਕੈਨੇਡਾ ਵਿਚ ਉਤਰਨਾ ਮੰਗਦੇ ਹਨ।
ਬੀਤ ਰਿਹਾ ਸਾਲ
ਹੁਣ ਤਾਂਈਂ ਇਮੀਗਰੇਸ਼ਨ ਦੇ ਮਹਿਕਮੇ ਵੱਲੋਂ ਹੱਦੋਂ ਪਰੇ ਕਰੜਾਈ ਕੀਤੀ ਗਈ ਹੈ ਕਿ ਕੋਈ ਬਾਹਰਲਾ ਹਿੰਦੁਸਤਾਨੀ ਜਹਾਜ ਵਿਚਦਿਆਂ ਨੂੰ ਨਾ ਮਿਲ ਸਕੇ। ਅੱਜ ਤਕ ਜਹਾਜ ਵਿਚਲੇ ਭਰਾਵਾਂ ਨੂੰ ਕੋਈ ਨਹੀਂ ਮਿਲ ਸਕਿਆ। ਇਥੋਂ ਤਾਂਈਂ ਕਿ ਵਕੀਲ ਨੂੰ ਭੀ ਅੰਦਰ ਜਾਣ ਤੋਂ ਰੋਕਿਆ ਗਿਆ ਹੈ। ਉਟਾਵੇ ਦੀਆਂ ਤਾਰਾਂ ਤੇ ਰੁੱਕੇ ਪ੍ਰਗਟ ਕਰ ਰਹੇ ਹਨ ਕਿ ਕੈਨੇਡਾ ਦੀ ਗਵਰਨਮੈਂਟ ਫੈਸਲਾ ਕਰ ਚੁਕੀ ਹੈ ਕਿ ਇਨ੍ਹਾਂ ਹਿੰਦੀਆਂ ਨੂੰ ਮੋੜਿਆ ਜਾਵੇਗਾ, ਪਰ ਹਿੰਦੁਸਤਾਨ ਕੀ ਜਹਾਜ ਵਿਚਲੇ ਤੇ ਕੀ ਬਾਹਰਲੇ, ਬੋਲ ਕੇ ਦਸ ਚੁੱਕੇ ਹਨ ਕਿ ਅਸੀਂ ਅੰਤ ਤਕ ਝਗੜ ਕੇ ਨਬੇੜਾ ਕਰਾਉਣਾ ਚਾਹੁੰਦੇ ਹਾਂ ਕਿ ਅੰਗਰੇਜ਼ੀ ਰਾਜ ਵਿਚ ਸਾਡੇ ਕੀ ਹੱਕ ਹਨ ਤੇ ਕਿਸ ਦਲੀਲ ਨਾਲ ਸਾਨੂੰ ਕੌਣ ਮੌੜ ਸਕਦਾ ਹੈ?
ਕੀ ਉਦਮ ਹੋਇਆ ਹੈ
ਵੈਨਕੂਵਰ ਦੇ ਹਿੰਦੁਸਤਾਨੀ ਭਰਾ ਆਪਣੇ ਵੱਲੋਂ ਹਰ ਤਰ੍ਹਾਂ ਦੇ ਯਤਨ ਕਰ ਰਹੇ ਹਨ। ਝਗੜੇ ਲਈ ਡਾਲਰ ਇਕੱਤਰ ਕੀਤੇ ਜਾ ਰਹੇ ਹਨ। ਹਰ ਕੋਈ ਸੱਜਣ, ਕੀ ਵੈਨਕੂਵਰ ਤੇ ਕੀ ਵਿਕਟੋਰੀਏ, ਇਨ੍ਹਾਂ ਭਰਾਵਾਂ ਦੀ ਮਦਦ ਦੇ ਫਿਕਰ ਵਿਚ ਹੈ। ਸਾਨੂੰ ਅਖਬਾਰ ਦੇ ਛਪਣ ਤਕ ਵੈਨਕੂਵਰ ਦੇ ਭਰਾਵਾਂ ਦੇ ਪੂਰੇ ਉਦਮ ਦਾ ਪਤਾ ਨਹੀਂ ਪੁੱਜ ਸਕਿਆ। ਸਿਰਫ ਇਹ ਖਬਰ ਹੁਣ ਮਿਲੀ ਹੈ ਕਿ ਜੋੜ ਮੇਲੇ ਕੀਤੇ ਜਾ ਰਹੇ ਹਨ ਤੇ ਡਾਲਰ ਇਕੱਤਰ ਹੋ ਰਿਹਾ ਹੈ। ਭਾਈ ਬਲਵੰਤ ਸਿੰਘ ਜੀ ਜੋ ਪਰ ਸਾਲ ਡੈਲੀਗੇਟ ਬਣ ਕੇ ਗਏ ਸਨ, 23 ਤਾਰੀਖ ਤੋਂ ਵੈਨਕੂਵਰ ਪੁੱਜ ਚੁੱਕੇ ਹਨ। ‘ਸੰਸਾਰ’ ਦੇ ਮੁਖੀ ਸੇਵਕ ਡਾਕਟਰ ਸੁੰਦਰ ਸਿੰਘ ਜੀ ਜਿਨ੍ਹਾਂ ਨੂੰ ਕੈਨੇਡਾ ਦੇ ਲੋਕ ਘਰ-ਘਰ ਵਿਚ ਜਾਣਦੇ ਹਨ, ਕੱਲ੍ਹ ਉਟਾਵੇ ਜਾ ਪੁੱਜੇ ਹਨ। ਹੁਣ ਆਈ ਤਾਰ ਦੱਸਦੀ ਹੈ ਕਿ ਕਲ੍ਹ ਨੂੰ ਇਮੀਗਰੇਸ਼ਨ ਦੇ ਵਜ਼ੀਰ ਦੇ ਅੱਗੇ ਹਿੰਦੁਸਤਾਨੀਆਂ ਦੇ ਸੱਚੇ ਹੱਕਾਂ ਦੀਆਂ ਦਲੀਲਾਂ ਪੇਸ਼ ਕਰਕੇ ਰਹਿਣਗੇ ਕਿ ਇਨ੍ਹਾਂ ਆਏ ਭਰਾਵਾਂ ਨੂੰ ਜਲਦੀ ਉਤਾਰਿਆ ਜਾਏ। ਡਾਕਟਰ ਸੁੰਦਰ ਸਿੰਘ ਜੀ ਆਪਣੀ ਲਿਆਕਤ, ਇਲਮ ਬਲ ਅਨੁਸਾਰ ਹਿੰਦੁਸਤਾਨੀ ਕੌਮ ਦੇ ਦਬ ਰਹੇ ਹੱਕਾਂ ਦੀ ਪੂਰੀ ਪੂਰੀ ਹਾਲਤ ਖੋਲ੍ਹ ਕੇ ਕੈਨੇਡਾ ਦੇ ਲੋਕਾਂ ਦੇ ਸਾਹਮਣੇ ਰੱਖਣਗੇ ਤੇ ਇਨ੍ਹਾਂ ਅੰਗਰੇਜ਼ੀ ਇਨਸਾਫ ਪਰਖਣ ਅਤੇ ਬਹਾਦਰ ਭਰਾਵਾਂ ਦੀ ਸੱਚੀ ਅਪੀਲ ਨੂੰ ਅੰਗਰੇਜ਼ੀ ਰਾਜ ਦੇ ਸ਼ੁਭਚਿੰਤਕਾਂ ਦੇ ਸਾਹਮਣੇ ਖੋਲ੍ਹ ਕੇ ਦੱਸਣਗੇ।
ਕੀ ਮਾਮਲਾ ਹੈ
ਇਸ ਜਹਾਜ ਦਾ ਆਉਣਾ ਉਹ ਮਾਮਲਾ ਹੈ ਜਿਸ ਨੇ ਖੋਲ੍ਹ ਕੇ ਦੱਸਣਾ ਹੈ ਕਿ ਹਿੰਦੁਸਤਾਨੀਆਂ ਦੇ ਕੀ ਹੱਕ ਹਨ ਤੇ ਅੰਗਰੇਜ਼ੀ ਰਾਜ ਵਿਚ ਉਨ੍ਹਾਂ ਦਾ ਕੀ ਦਰਜਾ ਹੈ? ਕਿਸ ਕਰਕੇ ਉਨ੍ਹਾਂ ਨੂੰ ਅੰਗਰੇਜ਼ੀ ਬਸਤੀਆਂ ਵਿਚੋਂ ਧੱਕੇ ਪੈ ਰਹੇ ਹਨ। ਕੁਲ ਕੌਮ ਤੋਂ ਦੇਸ਼ ਦੀ ਇੱਜ਼ਤ ਤੇ ਆਬਰੂ ਦਾ ਡਾਹਢਾ ਜ਼ਰੂਰੀ ਤੇ ਬੜਾ ਭਾਰੀ ਸਵਾਲ ਹੈ-ਲੱਖਾਂ ਰੁਪਏ ਖਰਚ ਹੋ ਚੁੱਕੇ ਹਨ, ਜਹਾਜ ਦਾ ਚਾਰਟਰ ਕਰਕੇ ਆਉਣਾ ਕੋਈ ਨਿੱਕੀ ਜਿਹੀ ਗੱਲ ਨਹੀਂ ਹੈ। ਇਤਨਾ ਵੱਡਾ ਉਦਮ ਹੋ ਚੁੱਕਾ ਹੈ ਜੋ ਕਿ ਠੀਕ ਹਿੰਦ ਵਾਸੀਆਂ ਦੀ ਹਿੰਮਤ ਤੇ ਸੱਚਾਈ ਦੇ ਲਾਇਕ ਹੈ। ਇਸ ਲਈ ਸਭ ਕੈਨੇਡਾ ਦੇ ਭਰਾਵਾਂ ਦੇ ਨਾਲ ਆਪ ਭੀ ਜੋ ਕਿਸੇ ਤਰ੍ਹਾਂ ਇਸ ਮੁਕਾਬਲੇ ਵਿਚ ਸਹਾਇਕ ਹੋ ਸਕੇ ਤਾਂ ਝਟਪਟ ਹੋਵੇ। ਆਪ ਦਾ ਧਰਮ ਹੈ, ਪਤਾ ਨਹੀਂ ਅੱਗੇ ਨੂੰ ਕੀ ਹੋਵੇ। ਆਪਣੇ ਦਿਲ ਜਾਨ ਵੈਨਕੂਵਰ ਖੜ੍ਹੇ ਜਹਾਜ ਤੇ ਆਪਣੇ ਤਿੰਨ ਸੌ ਪਚੱਤਰ ਰੁਕੇ ਹੋਏ ਭਰਾਵਾਂ ਵੱਲ ਰੱਖੋ। ਜਦ ਭੀ ਮਦਦ ਲਈ ਕੋਈ ਹੋਕਾ ਆਵੇ, ਖੁਲ੍ਹੇ ਦਿਲ ਮਾਇਆ ਦੇ ਮੀਂਹ ਵਰਾਵੋ। ਇਸ ਵਕਤ ‘ਸੰਸਾਰ’ ਇਹ ਕੁਝ ਬੇਨਤੀਆਂ ਲੈ ਕੇ ਆਪ ਦੇ ਪਾਸ ਆਉਂਦਾ ਹੈ। ਜੇ ਫੇਰ ਵੀ ਇਸ ਦਾਸ ਤੋਂ ਹੋ ਸਕਿਆ ਤਾਂ ਆਪ ਦੇ ਦਰਸ਼ਨ ਕਰੇਗਾ। ਇਨ੍ਹਾਂ ਭਰਾਵਾਂ ਦੀ ਮਦਦ ਲਈ ਕੁਝ ਭੀ ਮਦਦ ਕਰਨੀ ਚਾਹੋ ਤਾਂ ‘ਸੰਸਾਰ’ ਦੇ ਦਫਤਰ ਵਿਚ ਪਹੁੰਚਾ ਦਿਓ। ਆਪ ਦੇ ਅਗਲੇ ਪਰਚੇ ਵਿਚ ਛਪ ਕੇ ਰਕਮ ਥਾਂ ਸਿਰ ਪੁੱਜ ਜਾਵੇਗੀ।
ਸਖਤੀ ਵਧ ਰਹੀ ਹੈ
ਜਿਨ੍ਹਾਂ ਧੱਕੇਬਾਜ਼ੀਆਂ ਨੂੰ ਝਲਦਿਆਂ ਹਿੰਦੁਸਤਾਨੀਆਂ ਦੀ ਨੱਕ ਵਿਚ ਜਾਨ ਆ ਚੁੱਕੀ ਹੈ, ਉਹ ਲਿਫਦੀਆਂ ਨਹੀਂ ਦਿਸਦੀਆਂ। ਆ ਰਹੇ ਹਾਲ ਦੁਖਦਾਇਕ ਹਨ। ਇਸ ਪਰਚੇ ਤੇ ਛਪਣ ਤਾਂਈਂ ਜੋ ਹੋਰ ਹਾਲ ਬੀਤੇ ਹਨ, ਉਹ ਦੱਸਦੇ ਹਨ ਕਿ ਕੈਨੇਡਾ ਦੀ ਗਵਰਨਮੈਂਟ ਵੱਲੋਂ ਹਿੰਦੁਸਤਾਨੀਆਂ ਦੇ ਜਹਾਜ ਨੂੰ ਮੋੜਨ ਦੀ ਪੈਰ-ਪੈਰ ‘ਤੇ ਪਕਿਆਈ ਹੋ ਰਹੀ ਹੈ। ਹਿੰਦੁਸਤਾਨੀਆਂ ਦੇ ਵਕੀਲ ਤਕ ਨੂੰ ਜਹਾਜ ਦੇ ਵਿਚ ਨਹੀਂ ਜਾਣ ਦਿੱਤਾ ਗਿਆ ਹੈ। ਵਕੀਲ ਨੇ ਵੈਨਕੂਵਰ ਦੇ ਇਕ ਅਖਬਾਰ ਵਿਚ ਛਪਵਾਇਆ ਹੈ ਕਿ ਇਹ ਜ਼ੁਲਮ ਜਿਥੋਂ ਤਾਂਈਂ ਮੈਂ ਡਿੱਠਾ ਹੈ, ਰੂਸੀ ਜ਼ੁਲਮ ਦੇ ਬਰਾਬਰ ਹੀ ਹੈ। ਗੁਰਦਿੱਤ ਸਿੰਘ ਦਾ ਤਿੰਨ ਲੱਖ ਰੁਪਈਆ ਜੋ ਜਹਾਜ ਦੇ ਲਿਆਉਣ ‘ਤੇ ਲੱਗਾ ਹੈ, ਖਤਰੇ ਵਿਚ ਹੈ, ਉਸ ਨੂੰ ਤੇ ਉਸ ਦੇ ਆਦਮੀਆਂ ਨੂੰ ਘਾਟ ਦੇ ਬਾਹਰ ਰਖਿਆ ਹੋਇਆ ਹੈ ਤੇ ਮੈਨੂੰ ਇਸ ਭੱਜਲ ਵਿਚ ਉਸ ਨੂੰ ਕਾਨੂੰਨੀ ਸਲਾਹ ਤੇ ਮਦਦ ਦੇਣ ਅਤੇ ਉਸ ਦਾ ਹੁਕਮ ਲੈਣ ਦੀ ਇਜਾਜ਼ਤ ਤਕ ਨਹੀਂ ਦਿੱਤੀ ਗਈ। ਉਹ ਜੇਲ੍ਹਖਾਨੇ ਨਾਲੋਂ ਭੀ ਵਧ ਕੇ ਕੈਦੀ ਹੈ। ਇਸ ਨਾਲੋਂ ਵਧ ਕੇ ਜ਼ੁਲਮ ਤੇ ਔਖਿਆਈ ਦੀ ਹਾਲਤ ਹੋਰ ਕੀ ਹੋ ਸਕਦੀ ਹੈ ਕਿ ਅੰਗਰੇਜ਼ੀ ਰਾਜ ਦੇ ਦਰਦੀ ਤੇ ਅੰਗਰੇਜ਼ੀ ਇਨਸਾਫ ਨੂੰ ਪਰਖਣ ਦੇ ਚਾਹਵਾਨ ਨੇਕ ਨੀਅਤ ਸਿੱਖ ਗੁਰਦਿੱਤ ਸਿੰਘ ਤੇ ਉਸ ਦੇ ਦੇਸ਼ ਵਾਸੀਆਂ ਨੂੰ ਕਾਨੂੰਨੀ ਝਗੜੇ ਦਾ ਮੌਕਾ ਤਕ ਨਹੀਂ ਦਿੱਤਾ ਜਾ ਰਿਹਾ ਹੈ। ਕੁਲ ਦੁਨੀਆਂ ਦੀਆਂ ਅੱਖਾਂ ਦੁਖੀ ਹੋ ਰਹੇ ਹਿੰਦੀਆਂ ਵੱਲ ਲੱਗ ਰਹੀਆਂ ਹਨ ਤੇ ਪਤਾ ਨਹੀਂ ਇਸ ਧੱਕੇਬਾਜ਼ੀ ਦਾ ਅੱਗੋਂ ਕੀ ਨਤੀਜਾ ਹੋਵੇ। ਆਖਰੀ ਖਬਰ ਹੈ ਕਿ ਵੈਨਕੂਵਰ ਦੀ ਬੋਰਡ ਆਫ ਟਰੇਡ ਨੇ ਇਹ ਰੈਜ਼ੋਲਿਊਸ਼ਨ ਪਾਸ ਕੀਤਾ ਹੈ ਕਿ ਇਹ ਬੋਰਡ ਇਮੀਗਰੇਸ਼ਨ ਸੁਪਰਡੰਟ ਰੀਡ ਦੀਆਂ ਹਿੰਦੂਆਂ ਨੂੰ ਨਾ ਉਤਰਨ ਦੇਣ ਦੀਆਂ ਕੋਸ਼ਿਸ਼ਾਂ ਦੀ ਪਿੱਠ ਪੂਰਦੀ ਹੈ ਤੇ ਗਵਰਨਮੈਂਟ ਕੋਲ ਇਨ੍ਹਾਂ ਨੂੰ ਮੋੜ ਦੇਣ ਲਈ ਬੇਨਤੀ ਕਰਦੀ ਹੈ। ਇਸ ਸੂਬੇ ਦੇ ਵਜ਼ੀਰ ਮਕਬਰਾਈਡ ਨੇ ਭੀ ਹਿੰਦੁਸਤਾਨੀਆਂ ਨੂੰ ਹਰ ਸੂਰਤ ਮੋੜਨ ਲਈ ਹੀ ਜ਼ੋਰ ਦਿੱਤਾ ਹੈ ਤੇ ਹਰ ਦਮ ਕਰੜਾਈ ਵਾਲੇ ਰੁਖ ਬਣ ਰਹੇ ਹਨ ਤੇ ਮੋੜਨ ਦੀਆਂ ਗੁੰਝਲਾਂ ਵਧ ਰਹੀਆਂ ਹਨ। ਅੰਗਰੇਜ਼ੀ ਪਰਚੇ ਬਹਾਦਰ ਹਿੰਦੁਸਤਾਨੀ ਧਿਆਨ ਨਾਲ ਸਭ ਕੁਝ ਦੇਖ ਰਹੇ ਹਨ ਤੇ ਉਹ ਅੰਤ ਤਕ ਆਪਣੇ ਹੱਕਾਂ ਨੂੰ ਪਰਖਣ ਦੇ ਦਾਈਏ ਧਾਰ ਚੁੱਕੇ ਹਨ ਜੋ ਕੁਝ ਭੀ ਕੋਲ ਹੈ, ਉਹ ਸਭ ਕੁਝ ਵਾਰਨ ਲਈ ਤਿਆਰ ਹਨ। ਇਨ੍ਹਾਂ ਭਰਾਵਾਂ ਨੂੰ ਇਸ ਤਰ੍ਹਾਂ ਦੁਖੀ ਤੇ ਔਕੜ ਵਿਚ ਦੇਖ ਕੇ ਹਰ ਇਕ ਹਿਰਦਾ ਕੌਮੀ ਪਿਆਰ ਵਿਚ ਉਛਲ ਰਿਹਾ ਤੇ ਮਦਦ ਲਈ ਨਿਤਰ ਰਿਹਾ ਹੈ।
ਗੁਰਮੁਖੀ ਲਿਨੋਟਾਈਪ
ਅੱਜ ਆਦਮੀ ਦੀ ਅਕਲ ਦਿਨ ਪਰ ਦਿਨ ਨਵੇਂ ਤੋਂ ਨਵੇਂ ਕੌਤਕ ਕੱਢ ਰਹੀ ਹੈ। ਇਨਸਾਨ ਕੁਦਰਤ ਦੀਆਂ ਅਨੇਕ ਸ਼ਕਤੀਆਂ ‘ਤੇ ਕਾਬੂ ਪਾ ਚੁੱਕਾ ਹੈ। ਹਵਾ, ਸਮੁੰਦਰ, ਬਿਜਲੀ, ਪਹਾੜਾਂ, ਸੂਰਜ, ਚੰਦ ਆਦਿਕ ਸਭ ਕੁਦਰਤੀ ਸੇਵਕਾਂ ਨੂੰ ਆਪਣੇ ਰੌਲੇ ਕਰਕੇ ਵਰਤਦਾ ਹੈ। ਟੈਲੀਫੋਨ, ਤਾਰ, ਹਵਾਈ ਜਹਾਜ, ਮੋਟਰਕਾਰ, ਵਾਇਰਲੈਸ ਆਦਿਕ ਅਨੇਕ ਚੀਜ਼ਾਂ ਅੱਜ ਆਦਮੀ ਦੀ ਸੇਵਾ ਤੇ ਵਾਧੇ ਲਈ ਉਹ ਕੰਮ ਕਰ ਰਹੀਆਂ ਹਨ ਜੋ ਕਰੋੜਾਂ ਆਦਮੀਆ ਦੀ ਮਿਹਨਤ ਭੀ ਨਹੀਂ ਸੁਆਰ ਸਕਦੀ ਸੀ। ਅਜੇ ਅਕਲ ਤੇ ਇਲਮ ਦੇ ਭੰਡਾਰ ਸਿਆਣੇ ਨਿਤ ਨਵੇਂ ਸੂਰਜ, ਨਵੇਂ ਤੋਂ ਨਵੇਂ ਅਚੰਭਾ ਕਢ ਰਹੇ ਹਨ। ਭਾਵੇਂ ਇਨ੍ਹਾਂ ਨਵੀਆਂ ਕਾਢਾਂ ਤੇ ਹੁਨਰਾਂ ਵਿਚੋਂ ਇਕ ਤੋਂ ਇਕ ਵਧ ਕੇ ਹਨ, ਪਰ ਇਨ੍ਹਾਂ ਸਾਰੀਆਂ ਦੇ ਵਾਧੇ ਦੀ ਜਾਨ ਛਾਪੇਖਾਨੇ ਹਨ ਜੋ ਕਿ ਹਰ ਇਲਮ ਦੇ ਹੁਨਰ ਨੂੰ ਕਾਇਮ ਰਖਦਾ ਹੈ ਅਤੇ ਉਸ ਦਾ ਪ੍ਰਚਾਰ ਕਰਦਾ ਹੈ। ਛਾਪੇ ਦੀ ਤਾਕਤ ਤੇ ਮਸ਼ੀਨਾਂ ਅਮਰੀਕਾ ਵਿਚ ਇਤਨੀ ਉਨਤੀ ਕਰ ਗਈਆਂ ਹਨ ਜਿਸ ਦਾ ਹਿੰਦੁਸਤਾਨ ਵਿਚ ਬੈਠੇ ਆਦਮੀ ਨੂੰ ਖਿਆਲ ਭੀ ਨਹੀਂ ਆ ਸਕਦਾ। ਉਸ ਮਸ਼ੀਨ ਦਾ ਨਾਮ, ਜੋ ਹਵਾ ਵਾਂਗਰ ਕਾਹਲੀ ਨਾਲ ਅਬਾਰਤ ਨੂੰ ਜੋੜ ਕੇ ਰੱਖ ਦਿੰਦੀ ਹੈ, ਲਿਨੋਟਾਈਪ ਮਸ਼ੀਨ ਹੈ। ਇਸੇ ਦਾ ਹੀ ਤੁਫੈਲ ਹੈ ਕਿ ਪੰਜਾਹ-ਪੰਜਾਹ ਵੱਡੇ ਸਫਿਆਂ ਦੇ ਅਖਬਾਰ ਅਮਰੀਕਾ ਦੇ ਸ਼ਹਿਰਾਂ ਵਿਚ ਦਿਹਾੜੀ ਵਿਚ ਕਈ ਵਾਰ ਨਿਕਲ ਜਾਂਦੇ ਹਨ। ਇਹ ਮਸ਼ੀਨ ਅੱਖਰ ਜੋੜਨ ਦਾ ਕਈ ਦਿਨਾਂ ਦਾ ਕੰਮ ਸਕਿੰਟਾਂ ਵਿਚ ਪੂਰਾ ਕਰਦੀ ਹੈ। ਹਿੰਦੁਸਤਾਨ ਵਿਚ ਜਿਥੇ ਤਕ ਸਾਨੂੰ ਪਤਾ ਹੈ, ਕਿਸੇ ਭੀ ਜ਼ਬਾਨ ਦੀ ਲਿਨੋਟਾਈਪ ਮਸ਼ੀਨ ਅਜੇ ਤਕ ਨਹੀਂ ਬਣੀ ਹੈ। ਇਹ ਹੀ ਕਾਰਨ ਹੈ ਕਿ ਹੱਥੀਂ ਅੱਖਰ ਜੋੜਨ ਦੀ ਬੇਹਦ ਮਿਹਨਤ ਬਹੁਤ ਵਕਤ ਲਗਣ ਕਰਕੇ ਰੋਜ਼ਾਨਾ ਅਖਬਾਰਾਂ ਦੀ ਗਿਣਤੀ ਨਾਂ-ਮਾਤਰ ਹੀ ਹੈ। ਉਹ ਵੀ ਸੁੰਦਰ ਸਾਫ ਤੇ ਤੁਰੰਤ ਫੁਰਤ ਨਹੀਂ ਛਪ ਸਕਦੇ ਸਗੋਂ ਇਕ ਦੋ ਦਿਨ ਪਹਿਲਾਂ ਹੀ ਛਾਪੇ ਹੋਏ ਰੋਜ਼ਾਨਾ ਕਹਾਉਂਦੇ ਹਨ। ਗੁਰਮੁਖੀ ਵਿਚ ਤਾਂ ਰੋਜ਼ਾਨਾ ਅਖਬਾਰ ਦਾ ਨਾਮ ਨਿਸ਼ਾਨ ਤਕ ਨਹੀਂ ਹੈ। ਅਮਰੀਕਾ ਛਾਪੇਖਾਨੇ ਦੀ ਜਾਨ ਇਥੇ ਨਵੀਆਂ ਮਸ਼ੀਨਾਂ ਬਣਾਈਆਂ ਹਨ। ਸੰਸਾਰ ਦਾ ਗੁਰਮੁਖੀ ਛਾਪੇਖਾਨਾ ਅਮਰੀਕਾ ਵਿਚ ਕਾਇਮ ਹੋ ਚੁੱਕਾ ਹੈ। ਸਾਡਾ ਪੱਕਾ ਇਰਾਦਾ ਹੈ ਕਿ ਅਸੀਂ ਗੁਰਮੁਖੀ ਲਿਨੋਟਾਈਪ ਦੀ ਮਸ਼ੀਨ ਤਿਆਰ ਕਰਾਈਏ। ਗੁਰਮੁਖੀ ਲਿਨੋਟਾਈਪ ਦੀ ਮਸ਼ੀਨ ਤਿਆਰ ਹੋ ਜਾਣ ਨਾਲ ਅਖਬਾਰਾਂ ਪੰਜਾਬ ਦੇ ਬੱਚੇ-ਬੱਚੇ ਦੇ ਹੱਥ ਵਿਚ ਪੁਜ ਸਕਦੀਆਂ ਹਨ। ਗੁਰਮੁਖੀ ਲਿਨੋਟਾਈਪ ਦੀ ਮਸ਼ੀਨ ਤਿਆਰ ਹੋ ਜਾਣ ਨਾਲ ਛਪਾਈ ਦਾ ਕਈ ਕਈ ਦਿਹਾੜੀਆਂ ਦਾ ਕੰਮ ਮਿੰਟਾਂ ਵਿਚ ਨਿਬੜੇਗਾ।
ਲਿਨੋਟਾਈਪ ਮਸ਼ੀਨਾਂ ਤਿਆਰ ਕਰਨ ਵਾਲੀ ਸਭ ਤੋਂ ਵੱਡੀ ਕੰਪਨੀ ਨਾਲ ਅਸੀਂ ਚਿੱਠੀ-ਪੱਤਰ ਕੀਤਾ ਤਾਂ ਉਸ ਦੇ ਏਜੰਟ ਨੇ ਆ ਕੇ ‘ਸੰਸਾਰ’ ਦਾ ਛਾਪਾਖਾਨਾ ਦੇਖਿਆ ਤੇ ਕਈ ਘੰਟੇ ਗੁਰਮੁਖੀ ਅਖਰਾਂ ਦੀ ਸਭ ਤਰਤੀਬ ਦੇਖ ਕੇ ਕਿਹਾ ਕਿ ਅਸੀਂ ਬਹੁਤ ਸੋਹਣੀ ਮਸ਼ੀਨ ਤਿਆਰ ਕਰ ਸਕਦੇ ਹਾਂ, ਅਸੀਂ ਪੱਕਾ ਇਰਾਕਾ ਕੀਤਾ ਹੋਇਆ ਹੈ ਕਿ ਗੁਰਮੁਖੀ ਲਿਨੋਟਾਈਪ ਦੀ ਮਸ਼ੀਨ ਬਣਵਾ ਕੇ ਉਸ ਨੂੰ ‘ਸੰਸਾਰḔ ਦੇ ਛਾਪੇਖਾਨੇ ਵਿਚ ਵਰਤ ਕੇ ਦਸੀਏ ਤੇ ਫੇਰ ਦੇਸ਼ ਵਿਚ ਉਸ ਦਾ ਰਿਵਾਜ਼ ਪਵੇ। ਗੁਰਮੁਖੀ ਦੀ ਲਿਨੋਟਾਈਪ ਮਸ਼ੀਨ ਬਣ ਜਾਣ ਨਾਲ ਕਿਤਾਬਾਂ ਤੇ ਅਖਬਾਰਾਂ ਕੌਡੀਆਂ ਦੇ ਮੁੱਲ ਹੋ ਜਾਣਗੀਆਂ ਤੇ ਇਲਮ ਗੁਰਮੁਖੀ ਪੜ੍ਹੇ ਹਰ ਬੱਚੇ ਦੇ ਹੱਥ ਵਿਚ ਅਪੜ ਸਕੇਗਾ। ਇਸ ਵਕਤ ਸਾਨੂੰ ਪੈਸੇ ਦੀ ਬਹੁਤ ਤੰਗੀ ਹੈ। ਜੇ ਸਭ ਭਰਾ ਇਸ ਵਕਤ ਸੰਸਾਰ ਦੀ ਦਿਲ ਖੋਲ੍ਹ ਕੇ ਮਦਦ ਕਰਨ ਤਾਂ ਅਸੀਂ ਜ਼ਰੂਰ ਨਿਊ ਯਾਰਕ ਜਾ ਕੇ ਗੁਰਮੁਖੀ ਲਿਨੋਟਾਈਪ ਮਸ਼ੀਨ ਤਿਆਰ ਕਰਾ ਕੇ ਪੰਜਾਬ ਦੇਸ਼ ਲਈ ਬੜਾ ਭਾਰਾ ਇਲਮ ਦਾ ਕੰਮ ਪੂਰਾ ਕਰਕੇ ਦਸਾਂਗੇ। ਗੁਰਮੁਖੀ ਲਿਨੋਟਾਈਪ ਮਸ਼ੀਨ ਬਣ ਜਾਣ ਨਾਲ ਭਾਵੇਂ ਸੰਸਾਰ ਨੂੰ ਹਰ ਰੋਜ਼ ਹੀ ਕਈ ਵਾਰ ਛਾਪੋ। ਜੋ ਅਮਰੀਕਾ ਤੇ ਲਿਨੋਟਾਈਪ ਮਸ਼ੀਨ ਬਣਵਾ ਕੇ ਅਸੀਂ ਦੇਸ਼ ਪਹੁੰਚਾ ਸਕੀਏ ਤਾਂ ਇਸ ਨਾਲੋਂ ਵਧ ਕੇ ਪੰਜਾਬ ਦੇ ਵਸਨੀਕਾਂ ਨੂੰ ਵੱਡਮੁੱਲੀ ਸੁਗਾਤ ਅਸੀਂ ਹੋਰ ਕੋਈ ਨਹੀਂ ਸਕਦੇ, ਜੋ ਸਦਾ ਅਟਲ ਰਹੇਗੀ ਤੇ ਗੁਰਮੁਖੀ ਅਖਬਾਰਾਂ ਤੇ ਕਿਤਾਬਾਂ, ਜਿਨ੍ਹਾਂ ਦੀ ਅੱਜ ਹੱਦੋਂ ਪਰੇ ਤੋਟ ਹੈ, ਘਰ-ਘਰ ਫਿਰਨਗੀਆਂ।