ਪ੍ਰਾਹੁਣਾ

ਉਘੇ ਲਿਖਾਰੀ ਪ੍ਰਿੰਸੀਪਲ ਸੁਜਾਨ ਸਿੰਘ ਨੇ ਆਪਣੀ ਕਹਾਣੀ ‘ਪ੍ਰਾਹੁਣਾ’ ਵਿਚ ਜਿਨ੍ਹਾਂ ਵਕਤਾਂ ਦੀਆਂ ਬਾਤਾਂ ਪਾਈਆਂ ਹਨ, ਉਸ ਤੋਂ ਅੱਜ ਦਾ ਮਨੁੱਖ ਬਹੁਤ ਅਗਾਂਹ ਨਿਕਲ ਆਇਆ ਹੈ। ਕਹਾਣੀ ਦੱਸਦੀ ਹੈ ਕਿ ਉਨ੍ਹਾਂ ਵੇਲਿਆਂ ਵਿਚ ਸਮਾਜ ਦਾ ਵਰਤਾਰਾ ਕਿਸ ਤਰ੍ਹਾਂ ਦਾ ਸੀ ਅਤੇ ਕੁਝ ਲੋਕ ਕਿਸ ਤਰ੍ਹਾਂ ਸਮਾਜ ਦੀ ਕਾਇਆ ਕਲਪ ਕਰਨ ਲਈ ਜੂਝ ਰਹੇ ਸਨ। ਇਸ ਪ੍ਰਸੰਗ ਵਿਚ ਇਸ ਕਹਾਣੀ ਦਾ ਸੁਨੇਹਾ ਬਹੁਤ ਵੱਡਾ ਹੈ ਕਿਉਂਕਿ ਮਨੁੱਖ ਦੀਆਂ ਮੁਹਿੰਮਾਂ ਕਦੀ ਨਹੀਂ ਮੁੱਕਦੀਆਂ। ਇਹ ਤਾਂ ਸਗੋਂ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਰਹਿੰਦੀਆਂ ਹਨ।

-ਸੰਪਾਦਕ

ਪ੍ਰਿੰਸੀਪਲ ਸੁਜਾਨ ਸਿੰਘ
ਸੂਰਜ ਡੁੱਬ ਚੁੱਕਾ ਸੀ, ਲਹਿੰਦੇ ਤੋਂ ਲਾਲੀ ਹੌਲੀ ਹੌਲੀ ਅਲੋਪ ਹੋ ਰਹੀ ਸੀ। ਰਾਤ ਰਾਣੀ ਦੇ ਰਾਜਦੂਤ ਚਾਨਣ ਵਿਚ ਹਨੇਰਾ ਰਲਾਉਣ ਦੇ ਆਹਰ ਵਿਚ ਸਨ। ਮੀਰਾਂ ਕੋਟੀਆਂ ਦੀ ਨੁਕਰੋਂ ਮੁੜ ਕੇ ਇਕ ਚੀਕਦਾ ਗੱਡਾ ਪਿੰਡ ਦੇ ਚੌਕ ਵਲ ਨੂੰ ਰੁਖ ਕਰੀ ਜਾ ਰਿਹਾ ਸੀ। ਮਗਰੇ ਮਗਰ ਤਖਤ ਸਿੰਘ, ਗਾਡੀ ਚੂੜ੍ਹੇ ਨੂੰ ਗਾਲ੍ਹਾਂ ਕੱਢਦਾ ਆ ਰਿਹਾ ਸੀ ਤੇ ਉਹ ਅੱਗੋਂ ਆਪਣਾ ਗੁੱਸਾ ਬਲਦਾਂ ‘ਤੇ ਕੱਢੀ ਜਾ ਰਿਹਾ ਸੀ।
ਐਨ ਇਸੇ ਵੇਲੇ ਇਕ ਨੌਜੁਆਨ ਖੱਦਰ ਦੇ ਸਾਫ ਕੱਪੜੇ ਪਾਈ ਉਸੇ ਪਾਸਿਓਂ ਵੀਹੀ ਵਿਚ ਦਾਖਲ ਹੋਇਆ ਤੇ ਕਾਹਲੀ ਕਾਹਲੀ ਤੁਰਦਾ ਗਾਲ੍ਹਾਂ ਕੱਢ ਰਹੇ ਜੱਟ ਨਾਲ ਜਾ ਰਲਿਆ।
ਮੁਸਕਰਾ ਕੇ ਉਸ ਜੱਟ ਵਲ ਤਕਦਿਆਂ ਕਿਹਾ, “ਸਰਦਾਰ! ਕਿਉਂ ਐਵੇਂ ਜ਼ਬਾਨ ਗੰਦੀ ਕਰਨਾ ਵੇਂ?”
“ਭਾਊ! ਤੈਨੂੰ ਕੀ ਪਤਾ ਇਨ੍ਹਾਂ ਕਮੀਣਾਂ ਦਾ? ਸਾਰਾ ਦਿਨ ਕੱਖ ਭੰਨ ਕੇ ਦੂਹਰਾ ਨਹੀਂ ਕਰਦੇ ਤੇ ਦਾਣੇ ਮੰਗਦੇ ਨੇ ਚਾਲੀ ਚਾਲੀ ਮਣ। ਸਾਰੇ ਦਿਨ ਵਿਚ ਇਕ ਬਾਲਣ ਦਾ ਗੱਡਾ ਨਹੀਂ ਬਣਿਆ ਇਹਦੇ ਕੋਲੋਂ।”
ਨੌਜੁਆਨ ਹੁਣ ਗੱਡੇ ਦੇ ਬਰਾਬਰ ਪਹੁੰਚ ਚੁਕਾ ਸੀ। ਖੱਦਰ ਦੇ ਥੈਲੇ ਨੂੰ ਦੂਸਰੇ ਹੱਥ ਵਿਚ ਲੈਂਦਿਆਂ ਉਸ ਕਿਹਾ, “ਬਈ ਸਰਦਾਰ, ਇਨ੍ਹਾਂ ਬੇਜ਼ਬਾਨਾਂ ਨੂੰ ਐਵੇਂ ਕਿਉਂ ਕੁੱਟੀ ਜਾਨਾਂ ਐਂ?”
ਕੰਮੀ ਚੂੜ੍ਹੇ ਨੇ ਕੋਈ ਉੱਤਰ ਨਾ ਦਿਤਾ, ਪਰ ਡੰਗਰਾਂ ਨੂੰ ਕੁੱਟਣੋਂ ਹਟ ਗਿਆ। ਤਖਤ ਸਿੰਘ ਹਾਲੀ ਵੀ ਚੂੜ੍ਹੇ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ। ਚੂੜ੍ਹੇ ਨੂੰ ‘ਸਰਦਾਰ’ ਆਖਿਆ ਜਾਂਦਾ ਸੁਣ ਕੇ ਉਸ ਮੂੰਹ ਵੱਟਿਆ। ਹਾਲੀ ਕੁਝ ਆਖਣਾ ਹੀ ਚਾਹੁੰਦਾ ਸੀ ਕਿ ਨੌਜੁਆਨ ਖੱਬੇ ਹੱਥ ਗੁਰਦਵਾਰੇ ਵਲ ਮੁੜ ਗਿਆ। ਕੁਝ ਦੂਰ ਜਾ ਕੇ ਨੌਜੁਆਨ ਨੇ ਚੌੜੇ ਪੰਜੇ ਦੀ ਟੁੱਟੀ ਹੋਈ ਜੁੱਤੀ ਨੂੰ ਪੱਬ ਵਿਚ ਅੜਾ ਕੇ ਝਾੜਿਆ। ਦੋ ਤਿੰਨ ਬਾਰੀਕ ਰੋੜੇ, ਜੋ ਘਸੇ ਹੋਏ ਤਲੇ ਵਿਚੋਂ ਅੰਦਰ ਲੰਘ ਗਏ ਸਨ, ਉਥੋਂ ਦੀ ਹੀ ਕਿਰ ਗਏ। ਕਾਹਲੀ ਕਾਹਲੀ ਤੁਰਦਾ ਉਹ ਗੁਰਦਵਾਰੇ ਦੇ ਬਾਹਰਲੇ ਬੂਹੇ ਅੱਗੇ ਪਹੁੰਚਿਆ, ਜਿਥੇ ਜ਼ੈਲਦਾਰ ਸਾਹਿਬ ਤੇ ਭਾਈ ਸਾਹਿਬ ਕੁਝ ਗੱਲਾਂ ਕਰ ਰਹੇ ਸਨ। ਆਖਰੀ ਗੱਲ ਜੋ ਨੌਜੁਆਨ ਨੇ ਸੁਣੀ, ਉਹ ਸੀ: “ਜ਼ੈਲਦਾਰ ਸਾਹਿਬ, ਦਿੱਤਾ ਤਰਖਾਣ ਸ਼ੱਕੀ ਆਦਮੀ ਹੈ। ਉਹਦੇ ਘਰ ਨਿਤ ਨਵੇਂ ਆਦਮੀ ਆਉਂਦੇ ਨੇ।”
ਨੌਜੁਆਨ ਦੀ ਫਤਿਹ ਸੁਣ ਕੇ ਦੋਵੇਂ ਤ੍ਰਭਕ ਕੇ ਚੁੱਪ ਕਰ ਰਹੇ। ਨੌਜੁਆਨ ਨੇ ਲਿਬਾਸ ਤੋਂ ਪਛਾਣਦਿਆਂ ਭਾਈ ਨੂੰ ਪੁੱਛਿਆ, “ਭਾਈ ਜੀ, ਕੰਮੀਆਂ ਦੀ ਪੱਤੀ ਕਿਹੜੀ ਜੇ?”
ਭਾਈ ਜੀ ਦੇ ਜੁਆਬ ਦੇਣ ਤੋਂ ਪਹਿਲਾਂ ਹੀ ਜ਼ੈਲਦਾਰ ਸਾਹਿਬ ਨੇ ਸਵਾਲ ਕੀਤਾ, “ਕੀਹਦੇ ਜਾਣਾ ਐ ਓਇ ਤੂੰ?”
ਆਉਣ ਵਾਲੇ ਦੇ ਮੂੰਹੋਂ ਨਿਕਲ ਗਿਆ, “ਭਾਈ ਜੀ! ਮੈਂ ਕੰਮੀਆਂ ਦੀ ਪੱਤੀ ਜਾਣਾ ਹੈ ਕਿਸੇ ਦੇ।”
ਗੁੱਸੇ ਵਿਚ ਲਾਲ ਪੀਲਾ ਹੋਇਆ ਜ਼ੈਲਦਾਰ ਹਾਲੀ ਕੁਝ ਕੜਕਣਾ ਹੀ ਚਾਹੁੰਦਾ ਸੀ ਕਿ ਭਾਈ ਹੋਰੀਂ ਗੱਜ ਉਠੇ, “ਭਾਈ ਜੀ ਕੀ ਹੁੰਦਾ ਓਇ? ਸਰਦਾਰ ਸਾਹਿਬ ਕਹੁ ਜ਼ੈਲਦਾਰ ਸਾਹਿਬ ਨੂੰ।”
“ਭਾਈ ਜੀ ਮੁਆਫ ਕਰਨਾ, ਪਰ ‘ਭਾਈ ਜੀ’ ਕੋਈ ਭੈੜਾ ਬਚਨ ਤੇ ਨਹੀਂ। ਸੁਣਿਆ ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ, ‘ਏਕ ਪਿਤਾ ਏਕਸ ਕੇ ਹਮ ਬਾਰਿਕ।’ ਫੇਰ ਭਾਈ ਭਾਈ ਹੀ ਤਾਂ ਹੋਏ ਅਸੀਂ ਸਾਰੇ।”
ਜ਼ੈਲਦਾਰ ਸਾਹਿਬ ਬੋਲੇ, “ਤੂੰ ਹੈਗਾ ਕੌਣ ਐਂ ਓਇ?”
“ਸਰਦਾਰ ਸਾਹਿਬ! ਮੈਂ ਵੀ ਤੁਹਾਡੇ ਜਿਹਾ ਇਕ ਰੱਬ ਦਾ ਬੰਦਾ ਹਾਂ।” ਨੌਜੁਆਨ ਨੇ ਅਧੀਨਗੀ ਨਾਲ ਕਿਹਾ।
ਜ਼ੈਲਦਾਰ ਸਾਹਿਬ ਕਹਿਣ ਲੱਗੇ, “ਓਇ ਬੇਵਕੂਫਾ, ਮੇਰਾ ਮਤਲਬ ਹੈ ਤੇਰਾ ਨਾਂ, ਜਾਤ, ਕੰਮ, ਪਤਾ, ਟਿਕਾਣਾ ਕੀ ਹੈ?”
“ਮੇਰਾ ਨਾਂ ਕੁਰਬਾਨ ਸਿੰਘ, ਜਾਤ ਸਿੱਖ, ਕੌਮ ਪਿੰਡ ਪਿੰਡ ਫਿਰਨਾ ਤੇ ਹੁਣ ਦਾ ਪਤਾ ਚੱਕ 123 ਸਰਗੋਧਾ ਹੈ।”
“ਬੜਾ ਨੁਕਰੋਂ ਕੂਨਾਂ ਓਇ ਤੂੰ?” ਭਾਈ ਨੇ ਜ਼ੈਲਦਾਰ ਦਾ ਪੱਖ ਕਰਦਿਆਂ ਕਿਹਾ, “ਸਿੱਖ ਵੀ ਕੋਈ ਜਾਤ ਹੈ? ਜਾਤ ਦਸ ਦੇ ਖਾਂ, ਅਸੀਂ ਹਾਂ ਖੱਤਰੀ ਬਾਵੇ ਤੇ ਇਹ ਹਨ ਜੱਟ ਸਰਦਾਰ।”
“ਭਾਈ ਜੀ, ਮੈਂ ਤੇ ਸਿੱਧੀ ਗੱਲ ਸਿੱਧੀ ਤਰ੍ਹਾਂ ਕਰਦਾਂ। ਜਿਥੋਂ ਤਕ ਮੈਂ ਜਾਣਦਾਂ, ਸਿੱਖ ਧਰਮ ਵੀ ਹੈ ਤੇ ਸਮਾਜ ਵੀ, ਤੇ ਇਸ ਭਾਈਚਾਰੇ ਵਿਚ ਕੋਈ ਜਾਤ-ਗੋਤ ਦਾ ਵਿਚਾਰ ਨਹੀਂ।”
ਭਾਈ ਜੀ ਨੇ ਜ਼ੈਲਦਾਰ ਸਾਹਿਬ ਵਲ ਤਕਦਿਆਂ ਤੇ ਖੱਦਰ-ਪੋਸ਼ ਵਲ ਇਸ਼ਾਰਾ ਕਰਦਿਆਂ ਕਿਹਾ, “ਸਾਨੂੰ ਪੜ੍ਹਾਉਣ ਆਇਆਂ, ਗੁਰੂ ਦਸਮ ਪਾਤਸ਼ਾਹ ਨੇ ਨਹੀਂ ਆਖਿਆ ਬਚਿਤ੍ਰ ਨਾਟਕ ਵਿਚ ‘ਛਤ੍ਰੀ ਕਾ ਪੂਤ ਹੋਂ’, ਫੇਰ ਉਨ੍ਹਾਂ ਜਾਤ ਪਾਤ ਮੰਨੀ ਕਿ ਨਾ?”
ਇੰਨੇ ਨੂੰ ਭਾਈਆਣੀ ਲਾਲਟੈਣ ਲੈ ਕੇ ਬਾਹਰ ਨਿਕਲੀ। ਜ਼ੈਲਦਾਰ ਸਾਹਿਬ ਨੇ ਭਾਈ ਸਾਹਿਬ ਨੂੰ ਅੱਖ ਮਾਰੀ ਤੇ ਕਹਿਣ ਲੱਗੇ, “ਜਾਣ ਦਿਓ ਭਾਈ ਜੀ, ਇਸ ਮੂਰਖ ਨੂੰ ਕੋਈ ਸਮਝ ਆਉਣੀ ਹੈ। ਹੋਇਗਾ ਕੋਈ ਚੂੜ੍ਹਾ ਚਪੜਾ।”
ਭਾਈ ਸਾਹਿਬ ਵਾਜ ‘ਤੇ ਲੱਗੇ ਬਟੇਰੇ ਵਾਂਗ ਬੋਲ ਉਠੇ, “ਗੁਰਦੁਆਰੇ ਵਿਚ ਤਾਂ ਤੁਹਾਡੇ ਲਈ ਕੋਈ ਥਾਂ ਨਹੀਂ। ਪਿੰਡ ਦੀ ਖੱਬੀ ਬਾਹੀ ਕੰਮੀਆਂ ਦੀ ਪੱਤੀ ਹੈ, ਤੇ ਉਦੋਂ ਪਰ੍ਹੇ ਬਾਹਰ-ਵਾਰ ਚੂੜ੍ਹਿਆਂ ਦੀ ਠੱਠੀ। ਉਥੇ ਤੈਨੂੰ ਤੇਰੇ ਜਾਤ-ਭਰਾ ਮਿਲ ਪੈਣਗੇ।”
‘ਸਤਿ ਸ੍ਰੀ ਅਕਾਲ’ ਕਹਿ ਕੇ ਜਦ ਉਹ ਕੰਮੀਆਂ ਦੀ ਪੱਤੀ ਵਲ ਤੁਰਿਆ ਤਾਂ ਭਾਈ ਸਾਹਿਬ ਕਹਿ ਰਹੇ ਸਨ, “ਨਾਸਤਕ ਹਨ, ਨਾਸਤਕ, ਜਾਤ ਪਾਤ ਨਹੀਂ ਮੰਨਦੇ, ਧਰਮ ਭ੍ਰਿਸ਼ਟ ਕਰਦੇ ਫਿਰਦੇ ਹਨ।”
ਜ਼ੈਲਦਾਰ ਸਾਹਿਬ ਕੁਝ ਹੋਰ ਸੋਚ ਰਿਹਾ ਸੀ। ਸਾਹਮਣੇ ਘਰੋਂ ਕਰਮੂ ਨੂੰ ਵਾਜ ਮਾਰੀ ਤੇ ਕੰਨ ਵਿਚ ਕਹਿ ਕੇ ਉਸ ਨੂੰ ਨੌਜੁਆਨ ਦੇ ਮਗਰ ਪਰਛਾਵੇਂ ਵਾਂਗ ਲਾ ਦਿੱਤਾ।
ਕੰਮੀਆਂ ਦੀ ਪੱਤੀ ਦੇ ਮੋੜ ‘ਤੇ ਮੁੰਡੇ ਖੇਡ ਰਹੇ ਸਨ। ਨੌਜੁਆਨ ਨੇ ਪੁਛਿਆ, “ਕੋਈ ਕੇਹਰ ਸਿੰਘ ਹੈ ਇਸ ਪੱਤੀ ਵਿਚ?”
ਮੁੰਡੇ ਖੇਡ ਛੱਡ ਕੇ ‘ਕੱਠੇ ਹੋ ਗਏ। ਸੋਚ ਸੋਚ ਕੇ ਤੇ ਇਕ ਦੂਸਰੇ ਨੂੰ ਪੁੱਛ ਪੁੱਛਾ ਕੇ ਕਹਿਣ ਲੱਗੇ, “ਕੇਹਰ ਸਿੰਘ ਤੇ ਇਥੇ ਕੋਈ ਨਹੀਂ। ਹਾਂ ਕੇਹਰ ਸਿੰਘ ਹੈ ਜੱਟ, ਦੂਸਰੀ ਪੱਤੀ।”
“ਲਾਲ ਸਿੰਘ?” ਉਸ ਫਿਰ ਪੁੱਛਿਆ।
“ਉਹ ਤੇ ਸਾਰੇ ਪਿੰਡ ਵਿਚ ਕੋਈ ਨਹੀਂ।” ਇਕ ਸਿਆਣੇ ਮੁੰਡੇ ਨੇ ਕਿਹਾ।
“ਕੋਈ ਨਾਮ੍ਹਾ, ਸੰਤੂ, ਹਸੂ, ਚਾਘਾ, ਦੌਲਾ ਕੋਈ ਨਹੀਂ?”
“ਸੰਤੂ ਤੇ ਹੈਗਾ ਇਕ।” ਇਕ ਮੁੰਡੇ ਨੇ ਆਖਿਆ।
ਕਰਮੂੰ ਜਿਹੜਾ ਹੁਣ ਉਥੇ ਪਹੁੰਚ ਚੁੱਕਾ ਸੀ, ਬੋਲ ਉਠਿਆ, “ਸੰਤੂ ਕਿਹੜਾ ਓਏ ਰਹਿਮਿਆ?”
“ਭਾਊ ਉਹ ਸੰਤਾ ਸਿਹੁੰ ਪੈਂਚ।”
“ਹਾਹੋ, ਠੀਕ ਆ, ਸੰਤਾ ਮਹਿਰ।”
“ਤੇ ਤੂੰ ਮਖ ਉਨ੍ਹਾਂ ਦੇ ਘਰ ਜਾਣਾ ਵਾਂ। ਆ ਮੈਂ ਛਡ ਆਵਾਂ ਤੈਨੂੰ ਭਾਊ।” ਕਰਮੂੰ ਨੇ ਆਖਿਆ ਤੇ ਉਸ ਨੂੰ ਮਗਰ ਲੈ ਤੁਰਿਆ। ਇਕ ਨਿੱਕਾ ਜਿਹਾ ਲਿੰਬਿਆ ਪੋਚਿਆ ਘਰ ਸੀ ਜਿਸ ਦੇ ਬੂਹੇ ਅੱਗੇ ਲਿਜਾ ਕੇ ਕਰਮੂੰ ਨੇ ਕਿਹਾ, “ਆਹ ਈ ਸੰਤੇ ਦਾ ਘਰ, ਵਾਜ ਮਾਰ ਲੈ ਮਖ।”
ਹਾਲੀ ਖੱਦਰ-ਪੋਸ਼ ਨੇ ‘ਸਰਦਾਰ ਸੰਤਾ ਸਿੰਘ, ਸਰਦਾਰ ਸੰਤਾ ਸਿੰਘ’ ਕਰ ਕੇ ਵਾਜਾਂ ਮਾਰਨੀਆਂ ਸ਼ੁਰੂ ਕੀਤੀਆਂ ਹੀ ਸਨ ਕਿ ਕਰਮੂੰ ਨਾਲ ਦੇ ਘਰ ਜਾ ਵੜਿਆ।
ਝੀਤਾਂ ਵਿਚੋਂ ਡਿਉਢੀ ਵਿਚ ਕੰਬਦਾ ਚਾਨਣ ਆਉਂਦਾ ਦਿਸਿਆ ਤੇ ਨਾਲ ਹੀ ਕਿਸੇ ਬਾਰੀਕ ਜਨਾਨਾ ਆਵਾਜ਼ ਵਿਚ ਆਖਿਆ, “ਜੀ ਇਹ ਸਰਦਾਰ ਸੰਤਾ ਸਿੰਘ ਦਾ ਘਰ ਨਹੀਂ, ਉਨ੍ਹਾਂ ਦਾ ਘਰ ਦੂਸਰੀ…।”
ਪਿੰਡ ਪਿੰਡ ਫਿਰਨ ਵਾਲੇ ਨੌਜੁਆਨ ਨੇ ਹੈਰਾਨ ਹੋ ਕੇ ਪੁਛਿਆ, “ਤਾਂ ਕੀ ਇਹ ਸਰਦਾਰ ਸੰਤਾ ਸਿੰਘ ਪੈਂਚ ਦਾ ਘਰ ਨਹੀਂ?”
“ਪੈਂਚ ਦਾ ਘਰ ਤਾਂ ਇਹੋ ਹੈ ਜੀ ਦੂਜਾ ਨੰਬਰਦਾਰ ਹੈ।”
“ਮੈਂ ਤਾਂ ਸੰਤਾ ਸਿੰਘ ਮਹਿਰੇ ਦੇ ਜਾਣਾ ਹੈ।” ਬੇ-ਘਰ ਨੌਜੁਆਨ ਨੇ ਗੱਲ ਨੂੰ ਸਾਫ ਕਰਨ ਦੇ ਖਿਆਲ ਨਾਲ ਕਿਹਾ। ਬੂਹਾ ਖੁੱਲ੍ਹ ਗਿਆ। ਦੀਵੇ ਦੀ ਲਾਟ ਨੂੰ ਹਵਾ ਦੀ ਮਾਰ ਤੋਂ ਬਚਾਉਣ ਲਈ ਜੋ ਲੰਮਾ ਹਥ ਓਟ ਦਾ ਕੰਮ ਦੇ ਰਿਹਾ ਸੀ, ਉਹ ਚਾਨਣ ਨੂੰ ਪਰਤਾ ਕੇ ਉਸ ਮੁਟਿਆਰ ਦੇ ਸੋਹਣੇ ਚਿਹਰੇ ‘ਤੇ ਵੀ ਪਾ ਰਿਹਾ ਸੀ। ਮਨਚਲੇ ਨੌਜੁਆਨ ਦੇ ਦਿਲ ਵਿਚ ਖਿਆਲ ਗੁਜ਼ਰਿਆ: ਇਸ ਨੂੰ ਕਹਿੰਦੇ ਹਨ, ਸੂਰਜ ਨੂੰ ਦੀਵਾ ਦਿਖਾਉਣਾ।
ਕੁਝ ਘਬਰਾਹਟ ਜਿਹੀ ਵਿਚ ਉਸ ਕਿਹਾ, “ਮੈਂ ਉਨ੍ਹਾਂ ਦਾ ਪ੍ਰਾਹੁਣਾ ਹਾਂ।” ਕੁੜੀ ਝੱਟ ਖੁੱਲ੍ਹੇ ਤਾਕ ਦੇ ਓਹਲੇ ਹੋ ਗਈ ਤੇ ਦੀਵਾ ਉਸ ਦੇ ਹੱਥੋਂ ਡਿਗ ਪਿਆ। ਕੁਝ ਚਿਰ ਮਗਰੋਂ ਹਨੇਰੇ ਵਿਚੋਂ ਕੰਬਦੀ ਦਬੀ ਹੋਈ ਆਵਾਜ਼ ਆਈ, “ਬਾਪੂ ਜੀ ਘਰ ਨਹੀਂ ਹਨ।”
“ਮੈਂ ਆ ਗਿਆ ਪੁੱਤਰ।” ਖਾਨਾ-ਬਦੋਸ਼ ਨੌਜੁਆਨ ਨੇ ਕੋਲ ਪਹੁੰਚ ਰਹੇ ਕਦਮਾਂ ਦੀ ਆਵਾਜ਼ ਨਾਲ ਸੁਣਿਆ। ਪਲ ਕੁ ਮਗਰੋਂ ਉਸੇ ਕ੍ਰਿਪਾਨਧਾਰੀ ਨੇ ਕੋਲ ਪਹੁੰਚ ਕੇ ਪੁਛਿਆ, “ਕਿਸ ਨੂੰ ਮਿਲਣਾ ਜੇ, ਸਰਦਾਰ ਜੀ?”
“ਤੁਹਾਨੂੰ! ਮੈਂ ਅਜ ਦੀ ਰਾਤ ਤੁਹਾਡੇ ਕੱਟਣੀ ਚਾਹੁੰਦਾ ਹਾਂ।”
“ਧੰਨ ਭਾਗ! ਜੋ ਸੇਵਕ ਕਿਸੇ ਕੰਮ ਆ ਸਕੇ।” ਤੇ ਫੇਰ ਅੰਦਰ ਹੋ ਕੇ ਉਸ ਕਿਹਾ, “ਏ ਮੁੰਨੋ, ਕੋਈ ਗੁਰਮੁਖ ਰਾਤੀਂ ਸਾਡੇ ਘਰ ਪ੍ਰਸ਼ਾਦ ਛਕੇਗਾ ਤੇ ਰਾਤ ਰਹੇਗਾ। ਹੈਂ, ਅਜ ਦੀਵਾ ਹੀ ਨਹੀਂ ਬਾਲਿਆ?”
“ਬਾਪੂ ਜੀ, ਹੁਣੇ ਹੀ ਬੁਝਿਆ ਹੈ, ਬਾਲਣ ਲੱਗੀ ਆਂ।” ਝਟ ਮਗਰੋਂ ਚੁਲ੍ਹੇ ਦੀ ਲਾਟ ਨਾਲ ਪੱਛੀ ਨੇ ਜਗ ਕੇ ਰਸੋਈ ਵਿਚ ਚਾਨਣ ਕਰ ਦਿਤਾ ਤੇ ਦੀਵਾ ਜਗਾ ਕੇ ਕੁੜੀ ਨੇ ਕੰਧ ਵਿਚ ਗਡੇ ਦੀਵਟ ‘ਤੇ ਰੱਖ ਦਿਤਾ।
ਜਦ ਦੋਵੇਂ ਜਣੇ ਡਿਉਢੀ ਪਾਰ ਕਰਕੇ ਛੱਤੀ ਹੋਈ ਰਸੋਈ ਪਾਸ ਪਹੁੰਚੇ ਤਾਂ ਸੰਤਾ ਸਿੰਘ ਨੇ ਨੌਜੁਆਨ ਦੇ ਮੂੰਹ ਵਲ ਚੰਗੀ ਤਰ੍ਹਾਂ ਦੇਖ ਕੇ ਕੁੜੀ ਨੂੰ ਕਿਹਾ, “ਜਗੀਰੋ ਬਾਰਾਂ ਵਿਚ ‘ਪ੍ਰਾਹੁਣਾ’ ਜਵਾਈ ਨੂੰ ਆਖਣ ਲਗ ਪਏ ਨੇ। ਦੇਸ ਵਲ ਪ੍ਰਾਹੁਣਾ ਕਿਸੇ ਸਾਕ ਸਬੰਧੀ ਜਾਂ ਰਾਤ ਕਟਣ ਵਾਲੇ ਨੂੰ ਆਖਦੇ ਨੇ। ਹੋਰ ਕੋਈ ਗੱਲ ਨਹੀਂ। ਤੇ ਕੀ ਚਾੜ੍ਹਿਆ ਈ ਮੁੰਨੋ?”
“ਦਾਲ।” ਉਸ ਆਖਿਆ ਤੇ ਖਬਰੇ ਕੀ ਸੋਚ ਕੇ ਪਹਿਲਾਂ ਨਾਂ ਨਾ ਲਿਆ। ਪਿਓ ਸਮਝ ਗਿਆ ਤੇ ਪਰਨਾ ਮੋਢੇ ਤੋਂ ਲਾਹ ਕੇ ਆਖਣ ਲੱਗਾ, “ਆਹ ਦੋ ਆਲੂ ਤੇ ਪਰਨਾ, ਅੰਦਰੋਂ ਇਕ ਅਧੀ ਵੜੀ ਕੱਢ ਕੇ ਪ੍ਰਾਹੁਣੇ ਲਈ ਭੁੰਨ ਲੈ। ਆਓ ਸਰਦਾਰ ਜੀ! ਅਸੀਂ ਵੀ ਏਥੇ ਹੀ ਬੈਠ ਜਾਈਏ। ਅੱਗ ਸੇਕਣ ਦੀ ਇਹੋ ਈ ਰੁੱਤ ਹੁੰਦੀ ਆ ਕੇ, ਮੁੰਨੋ ਦੇਹ ਪੀੜ੍ਹੀ ਪ੍ਰਾਹੁਣੇ ਨੂੰ।”
ਕੁੜੀ ਨੇ ਚੁੱਪ ਚਾਪ ਸਿਰ ਨੀਵਾਂ ਕੀਤੀ ਪੀੜ੍ਹੀ ਥਲਿਓਂ ਕੱਢ ਕੇ ਅੱਗੇ ਰੱਖ ਦਿੱਤੀ। ਨੌਜੁਆਨ ਨੇ ਪੀੜ੍ਹੀ ਚੁੱਕ ਕੇ ਘਰ ਦੇ ਮਾਲਿਕ ਅੱਗੇ ਰੱਖ ਕੇ ਬੈਠਣ ਲਈ ਆਖਿਆ। ਪਰ ਉਹ ਲਾਗੇ ਪਏ ਮੂਹੜੇ ‘ਤੇ ਬੈਠ ਚੁੱਕਾ ਸੀ। ਲਾਚਾਰ ਉਸ ਨੂੰ ਪੀੜ੍ਹੀ ‘ਤੇ ਬੈਠਣਾ ਪਿਆ ਤੇ ਕੁੜੀ ਅੰਦਰੋਂ ਹੋਰ ਪੱਛੀਆਂ ਦਾ ਮੂਹੜਾ ਲੈ ਕੇ ਬੈਠ ਗਈ।
ਨੌਜੁਆਨ ਨੇ ਬਾਪੂ ਨੂੰ ਕਹਿ ਕੇ ਧੀ ਨੂੰ ਸੁਣਾਇਆ, “ਤੁਸੀਂ ਆਲੂਆਂ ਦੀ ਖੇਚਲ ਨਾ ਕਰੋ, ਮੇਰੇ ਲਈ ਤੁਹਾਡੀ ਛੋਲਿਆਂ ਦੀ ਦਾਲ ਹੀ ਸ਼ਾਹੀ ਖਾਣਿਆਂ ਦੇ ਬਰਾਬਰ ਹੈ। ਲਗਾਤਾਰ ਕੰਮੀਆਂ ਦਾ ਪ੍ਰਾਹੁਣਾ ਬਣ ਬਣ ਕੇ ਮੈਂ ਦਾਲਾਂ, ਅਚਾਰ, ਗੰਢਿਆਂ ਨਾਲ ਰੋਟੀ ਖਾਣ ਦਾ ਆਦੀ ਹੋ ਗਿਆ ਹਾਂ।”
ਕੁੜੀ ਨੇ ਆਪਣੀ ਚੁਪ ਤੋੜਦਿਆਂ ਕਿਹਾ, “ਲਓ ਖਾਂ, ਖੇਚਲ ਕਾਹਦੀ ਐ?”
“ਮੇਰਾ ਮੂੰਹ ਵੀ ਅਜ ਸੁਆਦ ਮੰਗਦਾ ਸੀ। ਦੋ ਆਲੂ ਦਿਵਾਨ ਕਰਾੜ ਦਿਉਂ ਫੜੀ ਆਇਆਂ। ਵੜੀਆਂ ਘਰ ਦੀਆਂ ਨੇ, ਕੋਈ ਤੁਹਾਡੇ ਨਾਲ ਉਚੇਚ ਤੇ ਨਹੀਂ ਕੀਤੀ।” ਪੈਂਚ ਨੇ ਆਖਿਆ।
“ਤੁਹਾਡੀ ਮਰਜ਼ੀ।” ਨੌਜੁਆਨ ਨੇ ਕਿਹਾ ਤੇ ਲੱਕੜ ਹਿਲਾ ਕੇ ਅਗਾਂਹ ਕਰ ਦਿੱਤੀ।
ਕੁੜੀ ਬੋਲੀ, “ਬਾਪੂ ਜੀ, ਅਜ ਧਾਰ ਤੁਸੀਂ ਕੱਢ ਲਓ। ਦਾਲ ਤੇ ਹੋ ਗਈ ਐ, ਮੈਂ ਆਲੂ ਬਣਾ ਲਵਾਂ।” ਮਹੀਂ ਖੁਰਲੀ ਤੇ ਕਾਹਲੀ ਪਈ ਹੋਈ ਸੀ ਤੇ ਕੱਟਾ ਉਸ ਤੋਂ ਵੀ ਵਧ ਕਾਹਲਾ। ਨਿੱਕੀ ਵਲਟੋਹੀ ਲੈ ਕੇ ਜਦੋਂ ਪੈਂਚ ਮਹੀਂ ਚੋਣ ਉਠਿਆ ਤਾਂ ਕੱਟਾ ਫੜਨ ਲਈ ਨੌਜੁਆਨ ਵੀ ਨਾਲ ਹੋ ਤੁਰਿਆ, ਪਰ Ḕਤੁਸੀਂ ਬੈਠੋ ਅਰਾਮ ਕਰੋ, ਕਾਕਾ ਥਕਿਆ ਹੋਵੇਂਗਾ।Ḕ ਆਖ ਕੇ ਜਗੀਰੋ ਦੇ ਬਾਪੂ ਨੇ ਉਸ ਨੂੰ ਉਥੇ ਬੈਠਣ ਲਈ ਮਜਬੂਰ ਕੀਤਾ। ਕੁੜੀ ਉਠ ਕੇ ਅੰਦਰੋਂ ਵਲੈਤੀ ਨਮੂਨੇ ਦਾ ਚਾਕੂ ਤੇ ਚਾਰ ਵੜੀਆਂ ਫੜ ਲਿਆਈ। ਆਲੂ ਖੋਲ੍ਹ ਕੇ ਉਸ ਛਿਲਣੇ ਸ਼ੁਰੂ ਕੀਤੇ।
ਮੁੰਡੇ ਨੇ ਕਿਹਾ, “ਮੈਂ ਆਲੂ ਛਿਲ ਲੈਂਦਾ ਹਾਂ ਜੀ, ਤੁਸੀਂ ਹੋਰ ਕੰਮ ਕਰ ਲਵੋ।”
ਕੁੜੀ ਨੇ ਨੀਵੀਂ ਨਜ਼ਰ ਨਾਲ ਬਿਨਾਂ ਕੁਝ ਕਿਹਾਂ ਆਲੂਆਂ ਵਾਲਾ ਭਾਂਡਾ ਤੇ ਚਾਕੂ ਨੌਜੁਆਨ ਨੂੰ ਫੜਾ ਦਿਤੇ। ਤੇ ਆਪ ਹਾਰਿਆਂ ਤੋਂ ਕੂੰਡੀ ਡੰਡਾ ਲਾਹ ਕੇ ਮਿਰਚਾਂ ਪੀਸਣ ਲਗ ਪਈ। ਮਿਰਚਾਂ ਇਕ ਜਾਨ ਕਰਕੇ, ਦਾਤੀ ਨਾਲ ਗੰਢੇ ਚੀਰ ਕੇ, ਉਹ ਕੂੰਡੇ ਵਿਚ ਸੁੱਟਣ ਲਗੀ ਸੀ, ਜਦ ਨੌਜੁਆਨ ਨੇ ਕਿਹਾ, “ਕੁੱਟ ਕੇ ਮਸਾਲਾ ਪਾਇਆਂ ਬਹੁਤੀ ਮਿਹਨਤ ਹੋਵੇਗੀ। ਗੰਢੇ ਲਾਲ ਕਰ ਕੇ ਮਸਾਲਾ ਕਿਉਂ ਨਹੀਂ ਬਣਾ ਲੈਂਦੇ।”
ਕੁੜੀ ਨੇ ਕੂੰਡੇ ਵਿਚ ਗੰਢੇ ਸੁਟਣੇ ਬੰਦ ਕਰ ਦਿਤੇ। ਕਾੜ੍ਹਨੀ ਵਿਚ ਕੜਛੀ ਮਾਰ ਕੇ ਉਸ ਦਾਲ ਲਾਹ ਲਈ। ਇੰਨੇ ਨੂੰ ਮਹੀਂ ਚੋ ਕੇ ਪੈਂਚ ਆ ਗਿਆ। ਕੁਝ ਦੁਧ ਉਸ ਕਾੜ੍ਹਨੇ ਵਿਚ ਪਾ ਦਿਤਾ ਤੇ ਬਾਕੀ ਉਸ ਵਲਟੋਹੀ ਵਿਚ ਹੀ ਢਕ ਕੇ ਹਾਰਿਆਂ ‘ਤੇ ਰੱਖ ਦਿਤਾ। ਕੁੜੀ ਨੇ ਤਾਂਬੀਆ ਚੁਲ੍ਹੇ ‘ਤੇ ਰੱਖ ਕੇ ਖੁਲ੍ਹਾ ਢੱਕਣ ਛਡ ਦਿਤਾ। ਛਾਹ ਸੜਨ ਤੋਂ ਪਿਛੋਂ ਉਸ ਵੜੀਆਂ ਉਸ ਵਿਚੋਂ ਲਾਲ ਕਰ ਕੇ ਕੱਢ ਲਈਆਂ। ਕੁਤਰੇ ਹੋਏ ਗੰਢੇ ਸੁੱਟ ਕੇ ਉਸ ਕੇਸਰੀ ਕਰ ਲਏ ਤੇ ਪਾਣੀ ਤੇ ਸੁੱਕਾ ਮਸਾਲਾ ਪਾ ਕੇ ਮਸਾਲਾ ਤਿਆਰ ਕਰਨ ਮਗਰੋਂ ਆਲੂ ਵਿਚ ਭੁੰਨ ਕੇ ਪਾਣੀ ਪਾ ਦਿਤਾ।
ਪੈਂਚ ਨੇ, ਜੋ ਮੂਹੜੇ ‘ਤੇ ਚੁਪ ਕਰ ਕੇ ਬੈਠਾ ਸੀ, ਗੱਲ ਸ਼ੁਰੂ ਕੀਤੀ, “ਮੁੰਨੋ ਸਾਡੀ ਘਰ ਦੇ ਕੰਮਾਂ ਵਿਚ ਸੁਘੜ ਹੈ। ਰੋਟੀ ਤੇ ਬੜੀ ਸੋਹਣੀ ਪਕਾਉਂਦੀ ਹੈ। ਪਹਿਲਾ ਗੁਰਦੁਆਰੀਆ ਵਿਚਾਰਾ ਬੜਾ ਚੰਗਾ ਸੀ। ਉਸ ਕੋਲੋਂ ਇਸ ਗੁਰਮੁਖੀ ਦੀਆਂ ਪੰਜ ਚਾਰ ਕਿਤਾਬਾਂ ਪੜ੍ਹੀਆਂ ਸਨ ਤੇ ਪਾਠ ਵੀ ਕਰ ਲੈਂਦੀ ਹੈ। ਸੋਢੀਆਂ ਦੀ ਨੂੰਹ ਲਾਇਲਪੁਰ ਵੱਡੀ ਮਾਸਟਰਿਆਣੀ ਐ ਨਾ। ਉਹ ਦੋ ਕੁ ਵਰ੍ਹੇ ਹੋਏ ਤਾਂ ਛੇ ਕੁ ਮਹੀਨੇ ਚੱਕ ਰਹੀ ਸੀ। ਉਸ ਨੇ ਇਸ ਨੂੰ ਕਈ ਕਿਤਾਬਾਂ ਪੜ੍ਹਾ ਛੱਡੀਆਂ। ਅੰਗਰੇਜ਼ੀ ਦਾ ਕੈਦਾ ਵੀ ਲਾਇਆ ਸੀ, ਪਰ ਫੇਰ ਉਹ ਚਲੀ ਗਈ। ਮੇਰੇ ਕੋਲ ਵੀ ਐਸ ਵੇਲੇ ਇਸ ਦੇ ਬਿਨਾ ਕੋਈ ਨਹੀਂ, ਕੁੜੀ ਵਰ-ਪ੍ਰਵਾਣ ਐ…।”
ਕੁੜੀ ਆਪਣੀ ਤਾਰੀਫ ਸੁਣ ਕੇ ਆਪਣੀ ਖੁਸ਼ੀ ‘ਤੇ ਪੜਦਾ ਪਾਈ ਜਾ ਰਹੀ ਸੀ। ਇਥੇ ਪਹੁੰਚ ਕੇ ਉਸ ਦੀਆਂ ਗੋਰੀਆਂ ਅਨਛੋਹ ਗੱਲ੍ਹਾਂ ‘ਤੇ ਇਕ ਐਸੀ ਗੂੜ੍ਹੀ ਲਾਲੀ ਫਿਰ ਗਈ, ਜਿਸ ਨੂੰ ਨੌਜੁਆਨ ਨੇ ਦੀਵੇ ਦੇ ਮਧਮ ਚਾਨਣ ਵਿਚ ਵੀ ਦੇਖ ਲਿਆ।
ਸੰਤਾ ਸਿੰਘ ਨੇ ਗੱਲ ਜਾਰੀ ਰੱਖੀ, “ਆਪਣੀ ਬਰਾਦਰੀ ਵਿਚ ਸਾਨੂੰ ਕੋਈ ਇਸ ਦੇ ਲਾਇਕ ਵਰ ਲਭਦਾ ਨਹੀਂ। ਬੜੀ ਕੁੜਿੱਕੀ ਵਿਚ ਫਾਥੇ ਆਂ, ਹੋਰ ਉਡੀਕ ਵੀ ਨਹੀਂ ਹੁੰਦਾ; ਜੁਆਨ ਜਹਾਨ ਹੀ ਹੋਈ। ਮਾਂ ਤੇ ਵਿਚਾਰੀ ਦੀ ਪੰਜਾਂ ਵਰ੍ਹਿਆਂ ਦੀ ਛੱਡ ਕੇ ਮਰ ਗਈ ਸੀ।”
“ਤੇ ਤੁਸੀਂ ਕਿਸੇ ਹੋਰ ਬਰਾਦਰੀ ਵਿਚ ਵਿਆਹ ਕਰ ਦਿਓ।” ਨੌਜੁਆਨ ਨੇ ਆਖਿਆ।
“ਨਹੀਂ ਨਾ ਬਣਦਾ। ਮੁੰਨੋ ਦਾ ਵੱਡਾ ਭਰਾ ਕਾਲੀ ਮਿੱਟੀ ਫਿਟਰ ਹੈ, ਲਿਖਿਆ ਸੀ। ਹੁਣ ਮਿਸਤਰੀ ਬਣਨ ਵਾਲਾ ਹੈ। ਉਸ ਨੂੰ ਵੀ ਵਿਆਹੁਣਾ ਹੋਇਆ। ਜੇ ਕੁੜੀ ਹੋਰ ਬਰਾਦਰੀ ਵਿਚ ਵਿਆਹ ਦੇਈਏ ਤੇ ਆਪਣੀ ਬਰਾਦਰੀ ਅੰਨ-ਪਾਣੀ ਛੇਕ ਦਿੰਦੀ ਹੈ। ਤੇ ਦੂਸਰੀਆਂ ਬਰਾਦਰੀਆਂ ਵਾਲੇ ਧੀਆਂ ਲੈ ਲੈਂਦੇ ਹਨ, ਪਰ ਦਿੰਦੇ ਨਹੀਂ। ਮੈਂ ਕਹਿਨਾਂ ਗੁਰੂ ਨਾਨਕ ਨੇ ਤੇ ਚਾਰੇ ਵਰਣ ਇਕੋ ਕੀਤੇ ਤੇ ਦਸਵੇਂ ਪਾਤਸ਼ਾਹ ਨੇ ਸਾਰਿਆਂ ਨੂੰ ਸਾਂਝਾ ਬਾਟਾ ਅੰਮ੍ਰਿਤ ਦਾ ਛਕਾਇਆ। ਅਸੀਂ ਅੱਜ ਕਲ੍ਹ ਦੇ ਸਿੱਖ ਉਨ੍ਹਾਂ ਦੇ ਉਪਦੇਸ਼ ਬਾਣੀ ਤੋਂ ਮੁਨਕਰ ਕਿਉਂ ਹੁੰਦੇ ਜਾਨੇ ਆਂ?”
ਨੌਜੁਆਨ ਕੁਝ ਪ੍ਰੇਰਿਤ ਜਿਹਾ ਹੋ ਕੇ ਬੋਲਿਆ, “ਸਿੱਖੀ ਵਿਚ ਪੂਰਾ ਕੌਣ ਹੈ? ਅਸਲੀ ਸਿੱਖੀ ਕਿਰਤ ਕਰਨਾ ਦਸਦੀ ਹੈ। ਸਿੱਖ ਕਿਰਤੀ ਨੂੰ ਕਮੀਣ ਕਹਿੰਦੇ ਹਨ, ਉਨ੍ਹਾਂ ਦੀ ਨਿਰਾਦਰੀ ਕਰਦੇ ਹਨ। ਜ਼ਿਮੀਂਦਾਰਾਂ ਦੀਆਂ ਜੇ ਬੁਤੀਆਂ ਨਾ ਸਾਰਨ, ਤਾਂ ਉਨ੍ਹਾਂ ਲਈ ਜੰਗਲ ਪਾਣੀ ਜਾਣਾ ਮੁਸ਼ਕਿਲ ਕਰ ਦਿੰਦੇ ਹਨ। ਇਹ ਵਾਹਿਗੁਰੂ ਦੇ ਬੰਦੇ ਵਾਹਿਗੁਰੂ ਦੇ ਬੱਚਿਆਂ ਦਾ ਜਿਉਣਾ ਹਰਾਮ ਕਰ ਦਿੰਦੇ ਹਨ। ਉਨ੍ਹਾਂ ਦੀਆਂ ਬੇਪਤੀਆਂ ਕਰ ਕੇ ਧਰਮ ਦੇ ਆਗੂ ਬਣੇ ਰਹਿੰਦੇ ਹਨ। ਹਿੰਦ ਦੀ ਆਜ਼ਾਦੀ ਲਈ ਕਿਰਤੀਆਂ ਦਾ ਅੰਦੋਲਨ ਕਿਸਾਨਾਂ ਦੇ ਅੰਦੋਲਨ ਤੋਂ ਬਹੁਤਾ ਜ਼ਰੂਰੀ ਹੈ। ਜੱਟ ਜ਼ਿਮੀਂਦਾਰ, ਮਲਕੀਅਤ ਵਾਲਾ ਕਿਸਾਨ-ਸਭ ਸਰਮਾਏਦਾਰ ਹਨ। ਜਦ ਇਹ ਆਪਣੀ ਅੱਡੀ ਥੱਲੇ ਅੱਧੇ ਹਿੰਦੋਸਤਾਨ ਨੂੰ ਦਬਾਈ ਰੱਖਣਾ ਚਾਹੁੰਦੇ ਹਨ, ਤਾਂ ਇਨ੍ਹਾਂ ਨੂੰ ਅਜ਼ਾਦੀ ਕਿਵੇਂ ਮਿਲ ਸਕਦੀ ਹੈ?”
“ਕੀ ਤੂੰ ਸੋਸ਼ਲਿਸਟ ਹੈਂ?” ਪੈਂਚ ਨੇ ਗੁੱਸੇ ਨਾਲ ਪੁਛਿਆ।
“ਨਹੀਂ, ਮੈਂ ਸਿੱਖ ਹਾਂ। ਗੁਰੂ ਨਾਨਕ ਦੇਵ ਜਗਤ ਗੁਰੂ ਨੇ ਭਾਈਚਾਰਕਵਾਦ ਨੂੰ ਜਨਮ ਦਿੱਤਾ ਸੀ। ਦੁਨੀਆਂ ਦੇ ਲੋਕ ਇਕ ਵੱਡੇ ਭਾਈਚਾਰੇ ਦੇ ਮੈਂਬਰ ਥਾਪੇ। ਭਾਈ ਬਾਲਾ, ਭਾਈ ਮਰਦਾਨਾ ਹੀ ਨਹੀਂ, ਭਾਈ ਸੰਤਾ ਸਿੰਘ ਵੀ ਹੈ ਤੇ ਕਿਰਤ ਕੋਈ ਨਫਰਤ ਕਰਨ ਵਾਲੀ ਸ਼ੈ ਨਹੀਂ।”
ਇੰਨੇ ਨੂੰ ਢੋਇਆ ਬੂਹਾ ਖੋਲ੍ਹ ਕੇ ਨਾਮੋ ਨੈਣ ਅੰਦਰ ਆ ਗਈ ਤੇ ਆਖਣ ਲੱਗੀ, “ਜਗੀਰੋ ਕੁੜੇ ਤੁਹਾਡੇ ਸਪਿਰਟ ਹੋਣੀ ਐਂ, ਮੁੰਡਾ ਕੌਡੀ ਖੇਡਦਾ ਰੋੜੀ ‘ਚੋਂ ਰਗੜਾਂ ਲਾ ਲਿਆਇਆ।”
ਜਗੀਰੋ ਦੀਵਾ ਲੈ ਕੇ ਅੰਦਰ ਗਈ ਤੇ ਇਕ ਤੂੰਬਾ ਟਿੰਚਰ ਦਾ ਲਿਆ ਕੇ ਨਾਮੋ ਨੂੰ ਆਖਣ ਲੱਗੀ, “ਭਾਬੀ ਰਗੜਾਂ ਤੇ ਲੱਗੂ ਸਹੀ, ਪਰ ਰਾਮ ਕਰ ਦਊ ਜ਼ਰੂਰ।”
ਪ੍ਰਾਹੁਣੇ ਵਲ ਤਾੜ ਤਾੜ ਕੇ ਵੇਖਦੀ ਉਹ ਵਾਪਸ ਚਲੀ ਗਈ ਤੇ ਜਗੀਰੋ ਬਾਹਰਲਾ ਬੂਹਾ ਬੰਦ ਕਰ ਆਈ।
ਸੰਤਾ ਸਿੰਘ ਨੇ ਜ਼ੋਰ ਦੇ ਕੇ ਪੁਛਿਆ, “ਕਾਕਾ ਤੂੰ ਹੈਂ ਕੌਣ?”
“ਮੈਂ ਆਦਮੀ ਹਾਂ, ਸਿੱਖ।”
“ਇਹ ਤੇ ਮੈਨੂੰ ਵੀ ਦਿਸਦਾ ਹੈ ਪਰ ਜਾਤ ਕੀ ਹੈ?”
“ਸਿੱਖ।”
“ਸਿੱਖ ਕੌਣ?”
“ਤੁਸਾਂ ਵੀ ਓਹੋ ਗੱਲ ਕੀਤੀ।”
ਪੈਂਚ ਸ਼ਰਮਿੰਦਾ ਜਿਹਾ ਹੋ ਕੇ ਚੁੱਪ ਕਰ ਰਿਹਾ। ਕੁੜੀ ਨੇ ਪਤੀਲੇ ਵਿਚ ਵੜੀਆਂ ਪਾ ਦਿੱਤੀਆਂ।
“ਮੇਰੇ ਮਾਂ-ਪਿਉ ਖੱਤਰੀ ਹਨ।” ਨੌਜੁਆਨ ਨੇ ਗੱਲ ਸਾਫ ਕਰਨ ਲਈ ਆਖਿਆ।
“ਤੁਸੀਂ ਕੁਝ ਪੜ੍ਹੇ ਹੋਏ ਓ?”
“ਬੀ. ਏ.।”
“ਲਗਦੇ ਤੇ ਨਹੀਂ, ਬੀ. ਆ. ਪਾਸ ਤੇ ਬੰਦੇ ਹੀ ਹੋਰ ਤਰ੍ਹਾਂ ਦੇ ਹੁੰਦੇ ਨੇ।”
“ਅਸਾਂ ਸਭ ਕੁਝ ਕਰਕੇ ਵੇਖ ਲਿਆ, ਸਰਦਾਰ ਜੀ। ਸਾਡਾ ਦੇਸ਼ ਨੰਗ-ਭੁਖ ਦੇ ਦੁਖੋਂ ਮਰੇ, ਇੱਜਤਾਂ ਵੇਚੇ ਤੇ ਅਸੀਂ ਬਦੇਸ਼ੀਆਂ ਦੀਆਂ ਬਾਂਦਰ ਨਕਲਾਂ ਕਰੀਏ। ਇਹ ਮੈਥੋਂ ਹੋ ਨਹੀਂ ਸਕਦਾ?”
“ਤੁਸੀਂ ਕੰਮ ਕੀ ਕਰਦੇ ਹੋ?”
“ਫਿਰਨਾ ਤੁਰਨਾ, ਪ੍ਰਾਹੁਣੇ ਬਣਨਾ ਤੇ ਗੱਲਾਂ ਕਰਨੀਆਂ।”
“ਖਾਂਦੇ ਕਿੱਥੋਂ ਹੋ?”
“ਤੁਮ੍ਹਾਤੜਾਂ ਦੇ ਲੰਗਰਾਂ ‘ਚੋਂ।”
ਜਗੀਰੋ ਨੇ ਗੱਲਾਂ ਦਾ ਸਿਲਸਲਾ ਤੋੜਦਿਆਂ ਕਿਹਾ, “ਬਾਪੂ ਜੀ! ਤੁਸੀਂ ਕਿਹੜੀਆਂ ਗੱਲਾਂ ਵਿਚ ਪੈ ਗਏ? ਛੱਡੋ ਵੀ ਪਰੇ, ਆਲੂ ਤਿਆਰ ਨੇ, ਮੈਂ ਫੁਲਕਾ ਲਾਹੁਣ ਲੱਗੀ ਆਂ।”
ਪਤੀਲਾ ਪਛੋਲੇ ‘ਤੇ ਰੱਖ ਉਸ ਤਵਾ ਸੁਟਿਆ ਤੇ ਤੌਣ ਮੁੜ ਸਵਾਰ ਕੇ ਫੁਲਕੇ ਲਾਹੁਣੇ ਸ਼ੁਰੂ ਕੀਤੇ। ਨਿੱਕੇ ਨਿੱਕੇ ਫੁਲਕੇ ਕੋਲਿਆਂ ‘ਤੇ ਫੁਲਾ ਕੇ ਆਪਣਾ ਨਾਂ ਸੱਚ ਕਰੀ ਜਾ ਰਹੇ ਸਨ।
ਥਾਲੀਆਂ ਲੱਗ ਕੇ ਸਾਹਮਣੇ ਆ ਗਈਆਂ। ਬਿਨ ਤੜਕੀ ਦਾਲ ਵਿਚੋਂ ਵੀ ਅਜ ਉਸ ਨੂੰ ਸੁਆਦ ਆ ਰਿਹਾ ਸੀ। ਆਪਣੇ ਤਿੰਨਾਂ ਸਾਲਾਂ ਦੇ ਅਤਿਥੀ ਜੀਵਨ ਵਿਚ ਉਸ ਭਾਂਤ ਭਾਂਤ ਦੇ ਖਾਣੇ ਖਾਧੇ ਸਨ, ਪਰ ਜਗੀਰੋ ਦੀਆਂ ਵੜੀਆਂ ਤੇ ਮੱਖਣ ਨਾਲ ਚੋਪੜੇ ਫੁਲਕਿਆਂ ਨਾਲੋਂ ਸਭ ਮਾਤ ਸਨ। ਖਬਰੇ ਉਹ ਸੁਆਦ ਜਗੀਰੋ ਦੀ ਛੋਹ ਨੇ ਦਿੱਤਾ ਸੀ ਜਾਂ ਉਹ ਆਪਣੇ ਅੰਦਰੋਂ ਕੱਢ ਰਿਹਾ ਸੀ।
ਰੋਟੀ ਖਾ ਚੁੱਕਣ ਮਗਰੋਂ ਵੀ ਕੁੜੀ ਰੋਟੀਆਂ ਪਕਾਉਂਦੀ ਰਹੀ। ਪੈਂਚ ਨੇ ਦਲਾਨ ਵਿਚ ਮੰਜੇ ਡਾਹ ਕੇ ਨਿੱਘੇ ਬਿਸਤਰੇ ਵਿਛਾ ਦਿਤੇ ਤੇ ਪ੍ਰਾਹੁਣੇ ਨੂੰ ਅੰਦਰ ਆ ਜਾਣ ਵਾਸਤੇ ਕਿਹਾ। ਬਿਸਤਰਿਆਂ ਵਿਚ ਦੋਵੇਂ ਬੈਠੇ ਹੀ ਸਨ ਕਿ ਬਾਹਰ ਦਾ ਬੂਹਾ ਖੜਕਿਆ। ਪੈਂਚ ਨੇ ਬੂਹਾ ਖੋਲ੍ਹਿਆ। ਬਾਹਰ ਨਿੱਕਾ ਚੌਕੀਦਾਰ ਸੀ। ਪੁੱਛਣ ਲੱਗਾ, “ਅਜ ਤੁਹਾਡੇ ਕੋਈ ਬੰਦਾ ਆਇਆ?”
ਸੰਤਾ ਸਿੰਘ ਨੇ ਪੁੱਛਿਆ, “ਕਿਉਂ?”
“ਸੁੱਖ”, ਚੌਕੀਦਾਰ ਨੇ ਕਿਹਾ, “ਮੇਰਾ ਤੇ ਫਰਜ਼ ਹੈ ਨਾ, ਆਏ ਗਏ ਦਾ ਖਿਆਲ ਰੱਖਣਾ। ਕਲ੍ਹ ਨੂੰ ਕੋਈ ਚੋਰੀ ਹੋ ਜਾਏ।”
“ਨਹੀਂ ਓਇ ਭਾਈਆ। ਕੋਈ ਫਿਕਰ ਨਾ ਕਰ ਤੂੰ।” ਪੈਂਚ ਨੇ ਕਿਹਾ।
ਬੂਹਾ ਮਾਰ ਕੇ ਆਉਂਦਿਆਂ ਧੀ ਨੂੰ ਰੋਟੀ ਖਾਂਦਿਆਂ ਦੇਖ ਕੇ ਉਸ ਕਿਹਾ, “ਵਲਟੋਹੀ ਵਾਲਾ ਦੁੱਧ ਤੱਤਾ ਕਰ ਲਈਂ, ਮੁੰਨੋ!”
ਅੰਦਰ ਜਾ ਕੇ ਫੇਰ ਸੰਤਾ ਸਿੰਘ ਨਿੱਘਾ ਹੋ ਕੇ ਬਹਿ ਗਿਆ। ਪ੍ਰਾਹੁਣੇ ਨੇ ਪੁੱਛਿਆ, “ਕੌਣ, ਚੌਕੀਦਾਰ ਸੀ?”
ਪੈਂਚ ਸੁਆਲ ਸੁਣ ਕੇ ਹੈਰਾਨ ਸੀ, ਜਦ ਉਸ ਫਿਰ ਕਿਹਾ, “ਹਰ ਇਕ ਨੇ ਆਪੋ ਆਪਣਾ ਕੰਮ ਕਰਨਾ ਹੈ। ਉਸ ਆਪਣਾ, ਤੁਸੀਂ ਆਪਣਾ ਤੇ ਮੈਂ ਆਪਣਾ, ਪਰ ਸਭ ਤੋਂ ਚੰਗਾ ਕੰਮ ਉਹ ਹੈ ਜੋ ਦੇਸ਼ ਤੇ ਕੌਮ ਦੇ ਮਨੁੱਖਾਂ ਦੇ ਭਲੇ ਲਈ ਹੋਵੇ।”
ਸੰਤਾ ਸਿੰਘ ਦਾ ਸ਼ੱਕ ਜਾਂਦਾ ਰਿਹਾ।
ਨੌਜੁਆਨ ਬੋਲਿਆ, “ਧੀ ਤੁਹਾਡੀ ਸਿਆਣੀ ਹੈ। ਇਸ ਨੂੰ ਹੋਰ ਪੜ੍ਹਾਓ। ਮੇਰਾ ਮਤਬਲ ਹੈ, ਹੋਰ ਕਿਤਾਬਾਂ ਪੜ੍ਹਨ ਨੂੰ ਦਿਓ। ਮੇਰੇ ਕੋਲ ਕੁਝ ਪੰਜਾਬੀ ਦੀਆਂ ਕਿਤਾਬਾਂ ਨੇ। ਇਹ ਆਪ ਪੜ੍ਹਨਗੇ ਤੇ ਤੁਹਾਨੂੰ ਸੁਣਾਉਣਗੇ। ਮੁੱਕ ਜਾਣਗੀਆਂ ਤੇ ਕੋਈ ਆ ਕੇ ਲੈ ਜਾਵੇਗਾ। ਹੋਰ ਦੇ ਜਾਵੇਗਾ।”
“ਇਨ੍ਹਾਂ ਕਿਤਾਬਾਂ ਵਿਚ ਕੀ ਹੈ?”
“ਕਹਾਣੀਆਂ, ਕਵਿਤਾਵਾਂ, ਲੇਖ; ਜਿਵੇਂ ਦਸਮ ਗੁਰੂ ਦੇ ਪੰਜ ਪਿਆਰੇ, ਸਿੱਖ ਭਾਈਚਾਰਾ ਤੇ ਸਮਾਜਵਾਦ, ਬਦੇਸ਼ੀ ਰਾਜ ਦੇ ਔਗੁਣ, ਰੱਬ ਦੀਆਂ ਦਾਤਾਂ ਤੇ ਬੰਦਿਆਂ ਦੀ ਕਾਣੀ ਵੰਡ ਆਦਿ।”
“ਨਹੀਂ, ਸਾਨੂੰ ਇਨ੍ਹਾਂ ਦੀ ਲੋੜ ਨਹੀਂ।”
“ਬਾਪੂ ਜੀ! ਲੈ ਲਵੋ, ਮੈਂ ਪੜ੍ਹਿਆ ਕਰਾਂਗੀ। ਪੜ੍ਹਿਆਂ ਚੰਗੇ ਖਿਆਲਾਂ ਦਾ ਅਸਰ ਹੁੰਦਾ ਹੈ, ਬੁਰਿਆਂ ਦਾ ਨਹੀਂ।” ਜਗੀਰੋ ਨੇ ਬਾਹਰੋਂ ਕਿਹਾ।
ਪੈਂਚ ਚੁੱਪ ਰਿਹਾ ਤੇ ਨੌਜੁਆਨ ਨੇ ਦੋ ਚਾਰ ਕਿਤਾਬਾਂ ਉਸ ਨੂੰ ਫੜ੍ਹਾ ਦਿੱਤੀਆਂ। ਬਾਹਰ ਦੁੱਧ ਗਰਮ ਹੋ ਗਿਆ ਸੀ ਤੇ ਕੁੜੀ ਨੇ ਭਾਂਡੇ ਮਾਂਜਣੇ ਸ਼ੁਰੂ ਕੀਤੇ ਹੋਏ ਸਨ।
ਬਾਪੂ ਨੇ ਆਵਾਜ਼ ਦਿੱਤੀ, “ਪੁੱਤਰ, ਪ੍ਰਾਹੁਣੇ ਦੇ ਦੁੱਧ ਵਿਚ ਖੰਡ ਪਾਈਂ, ਕਿਤੇ ਕੱਚਾ ਮਿੱਠਾ ਨਾ ਪਾ ਲਿਆਈਂ।”
“ਨਹੀਂ ਬਾਪੂ ਜੀ, ਮੈਂ ਤੇ ਤੁਹਾਡੇ ਦੁੱਧ ਵਿਚ ਵੀ ਖੰਡ ਹੀ ਪਾਈ ਹੈ।”
ਨੌਜੁਆਨ ਨੇ ਕਿਹਾ, “ਦੁੱਧ ਦੀ ਖੇਚਲ ਨਾ ਕਰੋ, ਮੈਂ ਦੁੱਧ ਬਹੁਤ ਘੱਟ ਪੀਂਦਾ ਹਾਂ।”
“ਕਿਉਂ, ਚਾਹ ਪੀਂਦੇ ਹੋ, ਬਣਵਾ ਦੇਈਏ?”
“ਨਹੀਂ, ਚਾਹ ਦੇ ਤੇ ਮੈਂ ਲਾਗੇ ਵੀ ਨਹੀਂ ਜਾਂਦਾ। ਉਂਜ ਮੈਂ ਸੋਚਦਾ ਹਾਂ, ਜੇ ਸਾਰੇ ਹਿੰਦੁਸਤਾਨੀ ਦੁੱਧ ਪੀਣ ਤਾਂ ਮਸੀਂ ਸਾਰਿਆਂ ਨੂੰ ਇਕ ਇਕ ਚਮਚਾ ਹਿੱਸੇ ਆਏ। ਜਿੱਦਣ ਅਸੀਂ ਛੰਨਾ ਭਰ ਕੇ ਪੀ ਜਾਂਦੇ ਹਾਂ, ਤਾਂ ਖਬਰੇ ਕਿੰਨੇ ਗਰੀਬਾਂ ਦਾ ਹਿੱਸਾ ਪੀ ਜਾਂਦੇ ਹਾਂ। ਸਾਡੇ ਭਰਾ ਭੁੱਖੇ ਮਰਦੇ ਹਨ। ਸਾਡੇ ਮਾਮਲਿਆਂ ਤੇ ਟੈਕਸਾਂ ‘ਤੇ ਵਿਹਲੜ ਦਸਤਖਤ ਕਰਨ ਵਾਲੇ ਬਦੇਸ਼ੀ ਹੁਕਮਰਾਨ ਪਲਦੇ ਹਨ। ਸਾਡਾ ਮੱਖਣ ਉਨ੍ਹਾਂ ਦੇ ਬਦਚਲਣ ਕੈਦੀਆਂ ਨੂੰ ਮਿਲ ਸਕਦਾ ਹੈ, ਭਲੇਮਾਣਸ ਹਿੰਦੁਸਤਾਨੀ ਨੂੰ ਨਹੀਂ। ਜਿਥੇ ਆਪਣੀਆਂ ਹਕੂਮਤਾਂ ਨੇ, ਉਥੇ ਕੋਈ ਭੁੱਖਾ ਨਹੀਂ ਮਰਦਾ। ਵਿਦਿਆ ਤੇ ਕਿਤਾਬਾਂ ਮੁਫਤ ਮਿਲਦੀਆਂ ਹਨ। ਉਥੋਂ ਦੇ ਜੋੜੇ ਸੁਖੀ ਹਨ, ਬੱਚੇ ਖੁਸ਼ ਹਨ…।” ਕੁੜੀ ਦੁੱਧ ਦਾ ਗਲਾਸ ਲੈ ਕੇ ਪ੍ਰਾਹੁਣੇ ਦੇ ਲਾਗੇ ਆ ਖਲੋਤੀ। ਬਾਪੂ ਨੇ ਕਿਹਾ, “ਕਾਕਾ! ਦੁੱਧ ਪੀ ਲੈ, ਫੇਰ ਗੱਲਾਂ ਕਰਾਂਗੇ।”
ਨੌਜੁਆਨ ਖਬਰੇ ਨਾਂਹ ਕਰ ਦਿੰਦਾ, ਪਰ ਕੁੜੀ ਦੀ ਨੀਵੀਂ ਤੱਕਣੀ ਸ਼ਾਇਦ ਕਹਿ ਰਹੀ ਸੀ, “ਮੇਰੇ ਹੱਥੋਂ ਅੱਜ ਤੇ ਪੀ ਲਵੋ, ਫੇਰ ਖਬਰੇ ਕਿਤੇ ਕੁਦਰਤ ਨਾਲ ਮੇਲੇ ਹੋਣ।”
ਨੌਜੁਆਨ ਨੇ ਆਖਿਆ, “ਪਹਿਲਾਂ ਬਾਪੂ ਜੀ ਨੂੰ ਦਿਓ।”
“ਮੈਂ ਪੀ ਲੈਣਾ, ਤੁਸੀਂ ਲਵੋ ਪਹਿਲਾਂ।”
ਦੂਸਰਾ ਗਲਾਸ ਬਾਪੂ ਵਾਸਤੇ ਆ ਗਿਆ। ਕੁੜੀ ਨੇ ਕੁਝ ਚਿਰ ਮਗਰੋਂ ਕੰਮ ਖਤਮ ਕੀਤਾ ਤੇ ਮਹੀਂ ਨੂੰ ਡਿਉਢੀ ਵਿਚ ਬੰਨ੍ਹ ਕੇ ਆਪ ਕੋਠੜੀ ਵਿਚ ਮੰਜੀ ਡਾਹ ਕੇ ਦੀਵਾ ਬੁਝਾ ਦਿੱਤਾ ਤੇ ਅਰਾਮ ਨਾਲ ਲੇਟ ਗਈ। ਗੱਲਾਂ ਸ਼ੁਰੂ ਰਹੀਆਂ। ਬਾਪ ਸੁਣਦਾ ਸੌਂ ਜਾਂਦਾ ਤਾਂ ਕਦੇ ਕਦੇ ਕੋਠੜੀ ਵਿਚੋਂ ਨੌਜੁਆਨ ਨੂੰ ਹੁੰਗਾਰਾ ਮਿਲ ਜਾਂਦਾ।
ਅੱਧੀ ਕੁ ਰਾਤ ਨੂੰ ਪੈਂਚ ਨੇ ਆਖਿਆ, “ਹੁਣ ਸੌਂ ਜਾਈਏ, ਤੁਹਾਡੀਆਂ ਗੱਲਾਂ ਸੱਚੀਆਂ ਨੇ, ਬਾਕੀ ਸਵੇਰੇ ਸਹੀ।”
ਸਾਰੇ ਚੁੱਪ ਹੋ ਗਏ। ਬਾਪੂ ਦੇ ਘੁਰਾੜੇ ਛੇਤੀ ਹੀ ਛੁੱਟਣ ਲੱਗ ਪਏ। ਜਗੀਰੋ ਸ਼ਾਇਦ ਸਾਰਿਆਂ ਤੋਂ ਮਗਰੋਂ ਸੁੱਤੀ, ਉਸ ਦੇ ਸੁਪਨਿਆਂ ਦੀ ਕੌਣ ਜਾਣੇ।
ਸਵੇਰੇ ਉਹ ਦੁੱਧ ਰਿੜਕਣ ਕੁਝ ਚਿਰਕੀ ਉਠੀ। ਜਦੋਂ ਉਹ ਮੱਖਣ ਕੱਢ ਰਹੀ ਸੀ, ਬਾਹਰੋਂ ਬਾਪ ਨੂੰ ਆਵਾਜ਼ਾਂ ਪੈਣੀਆਂ ਸ਼ੁਰੂ ਹੋਈਆਂ। ਵਾਹਿਗੁਰੂ ਵਾਹਿਗੁਰੂ ਕਰਦਾ ਪੈਂਚ ਬਾਹਰ ਗਿਆ। ਬਾਹਰ ਨੰਬਰਦਾਰ, ਜ਼ੈਲਦਾਰ, ਚੌਕੀਦਾਰ ਤੇ ਪੰਜਾਂ ਸੱਤਾਂ ਸਿਪਾਹੀਆਂ ਨਾਲ ਥਾਣੇਦਾਰ ਖੜ੍ਹਾ ਸੀ।
ਥਾਣੇਦਾਰ ਨੇ ਪੁੱਛਿਆ, “ਕਿਉਂ ਓਇ ਝੀਊਰਾ, ਤੇਰੇ ਘਰ ਕੋਈ ਪ੍ਰਾਹੁਣਾ ਆਇਆ ਰਾਤੀਂ?”
“ਜੀ ਹਜ਼ੂਰ ਅੰਦਰ ਹੈ, ਭਲਾ ਲੋਕ।”
ਥਾਣੇਦਾਰ ਇਕ ਬਿੱਲੇ ਵਾਲੇ ਸਿਪਾਹੀ ਨੂੰ ਦੇਖ ਕੇ ਕਹਿਣ ਲੱਗਾ, “ਆਲੇ ਦੁਆਲੇ ਠੀਕ ਹੈ ਸਭ?”
“ਜੀ ਹਾਂ।”
“ਚੰਗਾ ਅੰਦਰ ਚਲ ਕੇ ਗ੍ਰਿਫਤਾਰ ਕਰੋ ਉਸ ਨੂੰ।”
ਪ੍ਰਾਹੁਣਾ ਬੂਹੇ ਵਿਚ ਆ ਗਿਆ। ਦਿਨ ਚੜ੍ਹ ਰਿਹਾ ਸੀ। ਅਸਮਾਨ ਲਾਲੋ ਲਾਲ ਹੋ ਰਿਹਾ ਸੀ। ਫੀਰੂ ਲੁਹਾਰ ਦੇ ਹਥੌੜੇ ਦੀ ਆਵਾਜ਼ ਸਭ ਨੂੰ ਸੁਣਾਈ ਦੇ ਰਹੀ ਸੀ, ਖਬਰੇ ਕਿਸੇ ਕੰਮੀ ਦੀ ਦਾਤੀ ਬਣ ਰਹੀ ਹੋਵੇ।
“ਮੈਂ ਹਾਜ਼ਰ ਹੋ ਗਿਆ, ਥਾਣੇਦਾਰ ਸਾਹਿਬ!”
“ਪਰਮਜੀਤ ਸਿੰਘ ਤੁਸੀਂ!” ਹੈਰਾਨੀ ਨਾਲ ਥਾਣੇਦਾਰ ਬੋਲਿਆ ਤੇ ਜ਼ੈਲਦਾਰ ਵਲ ਤਕ ਕੇ, “ਸਰਦਾਰ ਬਹਾਦਰ ਮਿਹਰ ਸਿੰਘ, ਲਾਇਲਪੁਰ ਦੇ ਸਾਹਿਬਜ਼ਾਦੇ; ਪਰ ਸਾਨੂੰ ਆਪਣੀ ਕਾਰਵਾਈ ਕਰਨੀ ਪਵੇਗੀ। ਇਨ੍ਹਾਂ ਤੁਹਾਡੇ ਪਿੰਡ ਬਾਗੀਆਨਾ ਤਕਰੀਰ ਕੀਤੀ ਹੈ ਤੇ…।”
“ਜੀ ਹਾਂ।” ਨੰਬਰਦਾਰ ਨੇ ਕਿਹਾ।
“ਮੈਂ ਤਕਰੀਰ ਤੋਂ ਕਿਤੇ ਵੱਧ ਕੰਮ ਕਰਦਾ ਹਾਂ, ਚੌਧਰੀ ਸਾਹਿਬ।” ਪਰਮਜੀਤ ਸਿੰਘ ਨੇ ਕਿਹਾ।
“ਕੋਈ ਪੈਂਫਲਿਟ ਵੰਡੇ ਜੇ?”
“ਇਹ ਤੇ ਮੇਰਾ ਪਹਿਲਾ ਕੰਮ ਹੈ।”
“ਕਿਉਂ ਓਇ ਸੰਤੂ! ਕੁਝ ਹੈ ਅੰਦਰ?”
ਨੌਜੁਆਨ ਗੁੱਸੇ ਵਿਚ ਬੋਲਿਆ, “ਕੁਝ ਅਦਬ ਨਾਲ ਬੋਲੋ, ਚੌਧਰੀ ਸਾਹਿਬ। ਤੁਸੀਂ ਤੇ ਪੜ੍ਹੇ ਲਿਖੇ ਥਾਣੇਦਾਰ ਹੋ।”
“ਲਿਆ ਬਈ, ਸਰਦਾਰ ਸੰਤਾ ਸਿੰਘਾ, ਫੇਰ ਉਹ ਕਿਤਾਬਾਂ ਅੰਦਰੋਂ।” ਥਾਣੇਦਾਰ ਨੇ ਵਿਅੰਗ ਨਾਲ ਕਿਹਾ। ਸੰਤਾ ਸਿੰਘ ਅੰਦਰ ਗਿਆ, ਪਰ ਕਿਤਾਬਾਂ ਨਾ ਲੱਭੀਆਂ। ਪੁਲਿਸ ਵਾਲਿਆਂ ਵੀ ਲੱਭਣ ਵਿਚ ਉਸ ਦੀ ਮਦਦ ਕੀਤੀ, ਕਿਤੇ ਨਹੀਂ ਸਨ।
ਥਾਣੇਦਾਰ ਸਾਹਿਬ ਆਪਣੇ ਪ੍ਰਾਹੁਣੇ ਨੂੰ ਲੈ ਤੁਰੇ।