ਰਵਿੰਦਰ ਲਾਲਪੁਰੀ
ਨੂਰਪੁਰ ਬੇਦੀ (ਰੋਪੜ)
ਫੋਨ: 91-94634-52261
ਭਾਰਤ ਲੰਮਾ ਅਰਸਾ ਅੰਗਰੇਜ਼ ਹਕੂਮਤ ਦਾ ਗੁਲਾਮ ਰਿਹਾ ਹੈ। ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਲੱਖਾਂ ਭਾਰਤੀ ਸੂਰਵੀਰ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਬਹੁਤ ਸਾਰੇ ਸ਼ਹੀਦ ਅਜਿਹੇ ਵੀ ਹਨ ਜਿਨ੍ਹਾਂ ਦਾ ਨਾਂ ਇਤਿਹਾਸ ਦੇ ਪੰਨਿਆਂ ‘ਤੇ ਦਰਜ ਹੀ ਨਹੀਂ ਹੋ ਸਕਿਆ। ਆਜ਼ਾਦੀ ਦੇ ਇਸ ਘੋਲ ਵਿਚ ਪੰਜਾਬੀਆਂ ਦਾ ਵੀ ਉਚੇਚਾ ਯੋਗਦਾਨ ਰਿਹਾ ਹੈ। ਇਨ੍ਹਾਂ ਹੀ ਸਿਰਲੱਥ ਸੂਰਮਿਆਂ ਵਿਚੋਂ ਹੀ ਇਕ ਨਾਂ ਸ਼ਹੀਦ ਊਧਮ ਸਿੰਘ ਦਾ ਹੈ।
ਜਦੋਂ ਕਦੀ ਜੱਲਿਆਂ ਵਾਲੇ ਖੂਨੀ ਸਾਕੇ ਦਾ ਜ਼ਿਕਰ ਹੁੰਦਾ ਹੈ ਤਾਂ ਸਹਿਜੇ ਹੀ ਊਧਮ ਸਿੰਘ ਦਾ ਨਾਂ ਯਾਦ ਆ ਜਾਂਦਾ ਹੈ, ਜਿਸ ਨੇ 21 ਸਾਲਾਂ ਬਾਅਦ 1919 ਦੀ ਵਿਸਾਖੀ ਨੂੰ ਅੰਮ੍ਰਿਤਸਰ ਦੇ ਜੱਲਿਆਂ ਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਜਨਰਲ ਡਾਇਰ ਨੂੰ ਮਾਰ ਕੇ ਲਿਆ। ਸ਼ ਊਧਮ ਸਿੰਘ ਦਾ ਸਾਰਾ ਜੀਵਨ ਸੰਘਰਸ਼ ਨਾਲ ਭਰਿਆ ਹੋਇਆ ਹੈ। ਉਨ੍ਹਾਂ ਦੀ ਜੀਵਨੀ ਪੜ੍ਹ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੀ ਪ੍ਰੇਰਣਾ ਮਿਲਦੀ ਹੈ।
ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਜਿਲਾ ਸੰਗਰੂਰ ‘ਚ ਸ਼ ਟਹਿਲ ਸਿੰਘ ਦੇ ਘਰ ਹੋਇਆ ਜੋ ਪਿੰਡ ਉਪਲੀ ਵਿਚ ਰੇਲਵੇ ਕਰਾਸਿੰਗ ‘ਤੇ ਚੌਕੀਦਾਰ ਸਨ। ਊਧਮ ਸਿੰਘ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ। ਊਧਮ ਸਿੰਘ ਅਜੇ 7 ਸਾਲ ਦਾ ਸੀ ਕਿ ਮਾਤਾ ਪਿਤਾ ਚਲ ਵਸੇ, ਜਿਸ ਕਰ ਕੇ ਉਸ ਨੂੰ ਕੇਂਦਰੀ ਖਾਲਸਾ ਯਤੀਮਖਾਨਾ, ਅੰਮ੍ਰਿਤਸਰ ਦਾਖਲ ਕਰਵਾਇਆ ਗਿਆ, ਜਿਥੇ ਉਹ ਸਿੱਖੀ ਗੁਣਾਂ ਵਿਚ ਢਲ ਗਿਆ ਤੇ ਇਥੇ ਹੀ ਉਸ ਨੂੰ ਊਧਮ ਸਿੰਘ ਦਾ ਨਾਂ ਦਿੱਤਾ ਗਿਆ ਅਤੇ ਉਸ ਦੇ ਭਰਾ ਮੁਕਤਾ ਸਿੰਘ ਨੂੰ ਸਾਧੂ ਸਿੰਘ ਨਾਂ ਮਿਲਿਆ।
1917 ਵਿਚ ਵੱਡੇ ਭਰਾ ਦਾ ਦਿਹਾਂਤ ਹੋ ਗਿਆ ਤੇ ਊਧਮ ਸਿੰਘ ‘ਕੱਲੇ ਰਹਿ ਗਏ। 1918 ਵਿਚ ਦਸਵੀਂ ਜਮਾਤ ਕਰਨ ਪਿੱਛੋਂ ਉਨ੍ਹਾਂ ਨੇ ਯਤੀਮਖਾਨਾ ਛੱਡ ਦਿੱਤਾ। ਜਦੋਂ 13 ਅਪਰੈਲ 1919 ਦਾ ਜੱਲਿਆਂ ਵਾਲਾ ਖੂਨੀ ਸਾਕਾ ਵਾਪਰਿਆ ਤਾਂ ਊਧਮ ਸਿੰਘ ਉਥੇ ਹੀ ਮੌਜੂਦ ਸਨ ਤੇ ਆਪਣੇ ਸਾਥੀਆਂ ਸਮੇਤ ਭੀੜ ਨੂੰ ਪਾਣੀ ਪਿਲਾ ਰਹੇ ਸਨ। ਇਸ ਖੂਨੀ ਕਾਂਡ ਨੇ ਊਧਮ ਸਿੰਘ ਦੇ ਮਨ ‘ਤੇ ਇੰਨਾ ਡੂੰਘਾ ਅਸਰ ਕੀਤਾ ਕਿ ਉਨ੍ਹਾਂ ਨੇ ਇਸ ਖੂਨੀ ਹਾਦਸੇ ਦੇ ਜਿੰਮੇਵਾਰ ਅਫਸਰਾਂ ਤੋਂ ਬਦਲਾ ਲੈਣ ਦਾ ਪ੍ਰਣ ਲੈ ਲਿਆ।
ਇਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ ਤੇ ਜਦੋਂ ਉਨ੍ਹਾਂ ਨੂੰ ਬੱਬਰ ਅਕਾਲੀ ਲਹਿਰ ਬਾਰੇ ਪਤਾ ਲੱਗਾ ਤਾਂ ਵਾਪਸ ਭਾਰਤ ਆ ਗਏ। ਉਹ ਆਪਣੇ ਨਾਲ ਪਿਸਤੌਲ ਲੈ ਕੇ ਆਏ ਜਿਸ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਤੇ ਗੈਰ-ਕਾਨੂੰਨੀ ਅਸਲਾ ਤੇ ਗਦਰ ਪਾਰਟੀ ਨਾਲ ਸਬੰਧ ਰੱਖਣ ਦੇ ਦੋਸ਼ ਵਿਚ ਚਾਰ ਸਾਲ ਜੇਲ੍ਹ ਅੰਦਰ ਰੱਖਿਆ ਗਿਆ।
1931 ਵਿਚ ਜੇਲ੍ਹ ਤੋਂ ਰਿਹਾਈ ਪਿੱਛੋਂ ਉਹ ਸੁਨਾਮ ਆ ਗਏ ਜਿਥੇ ਪੁਲਿਸ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕਰਦੀ ਰਹੀ। ਅਸਲ ਵਿਚ ਊਧਮ ਸਿੰਘ ‘ਤੇ ਸ਼ਹੀਦ ਭਗਤ ਸਿੰਘ ਦੀ ਸ਼ਖਸੀਅਤ ਦਾ ਇੰਨਾ ਪ੍ਰਭਾਵ ਸੀ ਕਿ ਅੰਗਰੇਜ਼ ਉਨ੍ਹਾਂ ਨੂੰ ਭਗਤ ਸਿੰਘ ਦਾ ਸਾਥੀ ਸਮਝਦੇ ਸਨ। ਇਸ ਦੌਰਾਨ ਹੀ ਉਨ੍ਹਾਂ ਨੇ ਅੰਮ੍ਰਿਤਸਰ ਵਿਚ ਇਕ ਦੁਕਾਨ ਖੋਲ੍ਹੀ ਜਿਸ ‘ਤੇ ਇਕ ਪੇਂਟਰ ਦਾ ਬੋਰਡ ਲਾਇਆ ਤੇ ਨਾਂ ਲਿਖਿਆ-ਰਾਮ ਮੁਹੰਮਦ ਸਿੰਘ ਆਜ਼ਾਦ। ਅਸਲ ਵਿਚ ਇਹ ਨਾਂ ਸਾਰੇ ਧਰਮਾਂ ਨੂੰ ਦਰਸਾਉਂਦਾ ਸੀ।
ਇਸ ਤੋਂ ਬਾਅਦ ਉਹ ਕਸ਼ਮੀਰ ਚਲੇ ਗਏ। ਪੁਲਿਸ ਲਗਾਤਾਰ ਉਨ੍ਹਾਂ ‘ਤੇ ਨਜ਼ਰ ਰੱਖ ਰਹੀ ਸੀ। ਪਰ ਕਿਸੇ ਤਰ੍ਹਾਂ ਪੁਲਿਸ ਨੂੰ ਚਕਮਾ ਦੇ ਕੇ ਉਹ ਜਰਮਨੀ ਪਹੁੰਚ ਗਏ। ਇਸ ਤੋਂ ਬਾਅਦ ਉਹ 1934 ਵਿਚ ਲੰਡਨ ਪਹੁੰਚੇ ਜਿਥੇ ਉਹ ਆਪਣਾ ਟੀਚਾ ਪ੍ਰਾਪਤ ਕਰਨ ਲਈ ਯੋਜਨਾ ਬਣਾਉਣ ਲੱਗੇ। ਅੰਤ 13 ਮਾਰਚ 1940 ਨੂੰ ਉਹ ਦਿਨ ਆ ਗਿਆ ਜਦੋਂ ਲੰਡਨ ਦੇ ਕਿੰਗਸਟਨ ਹਾਲ ਵਿਚ ਈਸਟ ਇੰਡੀਆ ਕੰਪਨੀ ਤੇ ਕੇਂਦਰੀ ਏਸ਼ੀਅਨ ਸੁਸਾਇਟੀ ਦੀ ਸਾਂਝੀ ਮੀਟਿੰਗ ਹੋ ਰਹੀ ਸੀ ਜਿਸ ਵਿਚ ਜੱਲਿਆਂ ਵਾਲੇ ਬਾਗ ਦੇ ਖੂਨੀ ਕਾਂਡ ਦੇ ਮੁੱਖ ਦੋਸ਼ੀ ਜਨਰਲ ਓਡਵਾਇਰ ਨੇ ਭਾਸ਼ਣ ਦੇਣਾ ਸੀ। ਸ਼ਾਮ ਦਾ ਸਮਾਂ ਸੀ। ਊਧਮ ਸਿੰਘ ਹਾਲ ਵਿਚ ਦਾਖਲ ਹੋਣ ਸਮੇਂ ਆਪਣਾ ਰਿਵਾਲਵਰ ਕਿਤਾਬ ਵਿਚ ਲੁਕਾ ਕੇ ਲੈ ਗਏ ਸਨ।
ਜਿਵੇਂ ਹੀ ਓਡਵਾਇਰ ਦਾ ਭਾਸ਼ਣ ਖਤਮ ਹੋਇਆ, ਊਧਮ ਸਿੰਘ ਨੇ ਆਪਣੇ ਓਵਰ ਕੋਟ ਦੀ ਜੇਬ ਵਿਚੋਂ ਰਿਵਾਲਵਰ ਕੱਢ ਕੇ ਪਹਿਲੀਆਂ ਦੋ ਗੋਲੀਆਂ ਮਾਰਕੁਅਸ ਆਫ ਜੈਟਲੈਂਡ (ਸੈਕਰੇਟਰੀ ਫਾਰ ਇੰਡੀਆ ਸਟੇਟ) ਦੇ ਮਾਰੀਆਂ, ਜਿਸ ਨਾਲ ਉਹ ਜਖਮੀ ਹੋ ਕੇ ਆਪਣੀ ਕੁਰਸੀ ‘ਤੇ ਡਿਗ ਪਿਆ, ਉਸ ਤੋਂ ਬਾਅਦ ਦੋ ਗੋਲੀਆਂ ਮਾਈਕਲ ਓਡਵਾਇਰ ਦੇ ਮਾਰੀਆਂ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਊਧਮ ਸਿੰਘ ਨੇ ਲੁਈਸ ਡੇਨ (ਸਾਬਕਾ ਗਵਰਨਰ ਬੰਬੇ), ਲਾਰਡ ਲੈਮਿੰਗਟਨ (ਸਾਬਕਾ ਗਵਰਨਰ ਪੰਜਾਬ), ਜੋ ਪਹਿਲੀ ਕਤਾਰ ਵਿਚ ਬੈਠੇ ਸਨ, ਦੇ ਵੀ ਗੋਲੀਆਂ ਮਾਰੀਆਂ। ਭਾਵੇਂ ਇਹ ਗੋਰੇ ਜੱਲਿਆਂ ਵਾਲੇ ਖੂਨੀ ਕਾਂਡ ਨਾਲ ਸਬੰਧਿਤ ਨਹੀਂ ਸਨ ਪਰ ਇਨ੍ਹਾਂ ਜ਼ਾਲਮਾਂ ਨੇ ਵੀ ਭਾਰਤੀ ਲੋਕਾਂ ਤੇ ਕ੍ਰਾਂਤੀਕਾਰੀਆਂ ‘ਤੇ ਬਹੁਤ ਤਸ਼ੱਦਦ ਕੀਤਾ ਸੀ।
ਇਸ ਤਰ੍ਹਾਂ 21 ਸਾਲਾਂ ਬਾਅਦ ਊਧਮ ਸਿੰਘ ਨੇ ਜੱਲਿਆਂ ਵਾਲੇ ਖੂਨੀ ਸਾਕੇ ਦਾ ਬਦਲਾ ਲੰਡਨ ਵਿਚ ਲਿਆ। ਜਾਲਮ ਓਡਵਾਇਰ ਨੂੰ ਖਤਮ ਕਰਨ ਤੋਂ ਬਾਅਦ ਉਹ ਉਥੋਂ ਭੱਜੇ ਨਹੀਂ ਸਗੋਂ ਗ੍ਰਿਫਤਾਰੀ ਦੇ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ‘ਤੇ ਕਤਲ ਦਾ ਮੁਕੱਦਮਾ ਚਲਾਇਆ ਗਿਆ।
ਪਹਿਲੀ ਅਪਰੈਲ 1940 ਨੂੰ ਉਨ੍ਹਾਂ ਨੂੰ ਓਡਵਾਇਰ ਦਾ ਕਾਤਲ ਕਰਾਰ ਦੇ ਦਿੱਤਾ ਗਿਆ। ਟਰਾਇਲ ਕੋਰਟ ਤੋਂ ਬਾਅਦ ਉਨ੍ਹਾਂ ਨੂੰ ਸੈਂਟਰਲ ਕ੍ਰਿਮਿਨਲ ਕੋਰਟ ਵਿਚ ਪੁੱਛ-ਗਿੱਛ ਲਈ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਰਾਣੀ ਬੇਲੀ ਜੇਲ੍ਹ ਵਿਚ ਰੱਖਿਆ ਗਿਆ। ਹਾਲਾਂਕਿ ਜਸਟਿਸ ਐਟਕਿਨਸਨ ਨੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ, ਜਿਸ ਨੂੰ ਰੱਦ ਕਰਵਾਉਣ ਲਈ 15 ਜੁਲਾਈ 1940 ਨੂੰ ਇਕ ਪਟੀਸ਼ਨ ਦਾਇਰ ਕੀਤੀ ਗਈ, ਜੋ ਖਾਰਜ ਕਰ ਦਿੱਤੀ ਗਈ। ਅੰਤ 31 ਜੁਲਾਈ 1940 ਨੂੰ ਪੈਂਟਵੇਲੀ ਜੇਲ੍ਹ ਵਿਚ ਇਸ ਸਿਰਲੱਥ ਸੂਰਮੇ ਨੂੰ ਫਾਂਸੀ ‘ਤੇ ਲਟਕਾ ਦਿੱਤਾ ਗਿਆ।
ਊਧਮ ਸਿੰਘ ਦੀ ਜੀਵਨੀ ਪੜ੍ਹ ਕੇ ਜਿੱਥੇ ਪੰਜਾਬੀ ਹੋਣ ‘ਤੇ ਮਾਣ ਮਹਿਸੂਸ ਹੁੰਦਾ ਹੈ, ਉਥੇ ਆਪਣੇ ਅੰਦਰ ਟੀਚਾ ਹਾਸਲ ਕਰਨ ਦਾ ਜ਼ਜਬਾ ਜਗਾਉਣ ਦੀ ਪ੍ਰੇਰਣਾ ਵੀ ਮਿਲਦੀ ਹੈ। ਸ਼ਹੀਦ ਊਧਮ ਸਿੰਘ ਦੀ ਇਸ ਕੁਰਬਾਨੀ ਨੂੰ ਭਾਰਤਵਾਸੀ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਗੇ।