ਅੰਮ੍ਰਿਤਸਰ: ‘ਸਿੱਖਜ਼ ਫਾਰ ਜਸਟਿਸ’ ਵੱਲੋਂ ਕਰਾਏ ਜਾ ਰਹੀ ਰਾਇਸ਼ੁਮਾਰੀ 2020 ਦੇ ਮਾਮਲੇ ਵਿਚ ਦਲ ਖਾਲਸਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਨੇ ਕੁਝ ਖਦਸ਼ੇ ਜਤਾਏ ਹਨ ਤੇ ਸਥਿਤੀ ਸਪਸ਼ਟ ਕਰਨ ਦੀ ਮੰਗ ਕੀਤੀ ਹੈ।
ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖਜ਼ ਫਾਰ ਜਸਟਿਸ ਦੇ ਸੰਚਾਲਕ ਗੁਰਪਤਵੰਤ ਸਿੰਘ ਪੰਨੂ ਨੂੰ ਚਿੱਠੀ ਭੇਜੀ ਗਈ ਹੈ, ਜਿਸ ਵਿਚ ਉਨ੍ਹਾਂ ਕੁਝ ਸ਼ੰਕੇ ਉਭਾਰੇ ਹਨ ਅਤੇ 12 ਅਗਸਤ ਨੂੰ ਲੰਡਨ ਵਿਚ ਇਸ ਸਬੰਧੀ ਹੋਣ ਵਾਲੀ ਕਾਨਫਰੰਸ ਵਿਚ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਇਸ ਪੱਤਰ ਵਿਚ ਉਨ੍ਹਾਂ ਆਖਿਆ ਕਿ ਇਨ੍ਹਾਂ ਖਦਸ਼ਿਆਂ ਅਤੇ ਚਿੰਤਾਵਾਂ ਨੂੰ ਕਾਨਫਰੰਸ ਦਾ ਵਿਰੋਧ ਨਾ ਸਮਝਿਆ ਜਾਵੇ। ਦੋ ਸਫਿਆਂ ਦੇ ਇਸ ਪੱਤਰ ਵਿਚ ਉਨ੍ਹਾਂ 8 ਪ੍ਰਸ਼ਨਾਂ ਦੇ ਉਤਰ ਮੰਗੇ ਹਨ, ਤਾਂ ਜੋ ਸਿੱਖ ਕੌਮ ਅੱਗੇ ਰਾਇਸ਼ੁਮਾਰੀ 2020 ਸਬੰਧੀ ਸਥਿਤੀ ਸਪੱਸ਼ਟ ਹੋ ਸਕੇ।
ਉਨ੍ਹਾਂ ਪੁੱਛਿਆ ਕਿ ਇਹ ਸਪੱਸ਼ਟ ਕੀਤਾ ਜਾਵੇ ਕਿ ਪੰਜਾਬ ਵਿਚ ਇਹ ਰਾਇਸ਼ੁਮਾਰੀ ਕਿਸ ਤਰ੍ਹਾਂ ਹੋਵੇਗੀ ਅਤੇ ਕੌਣ ਕਰਾਵੇਗਾ। ਰਾਇਸ਼ੁਮਾਰੀ ਸੰਯੁਕਤ ਰਾਸ਼ਟਰ ਦੇ ਆਦੇਸ਼ਾਂ ਜਾਂ ਨਿਗਰਾਨੀ ਅਧੀਨ ਹੁੰਦੇ ਹੈ ਜਾਂ ਫਿਰ ਕਾਬਜ਼ ਦੇਸ਼ ਵੱਲੋਂ ਕਰਾਇਆ ਜਾਂਦਾ ਹੈ, ਪਰ ਇਸ ਪ੍ਰਸਤਾਵ ਵਿਚ ਅਜਿਹਾ ਕੁਝ ਵੀ ਸਪੱਸ਼ਟ ਨਹੀਂ ਹੈ। ਕੀ ਇਹ ਰਾਇਸ਼ੁਮਾਰੀ ਸੰਸਾਰ ਭਰ ਵਿਚ ਵਸੇ ਸਿੱਖਾਂ ਲਈ ਸੀਮਤ ਹੋਵੇਗੀ ਜਾਂ ਉਸ ਵਿਚ ਸਾਰੇ ਪੰਜਾਬੀ ਹਿੱਸਾ ਲੈ ਸਕਣਗੇ। ਇਹ ਕਿਵੇਂ ਨਿਸ਼ਚਿਤ ਹੋਵੇਗਾ ਕਿ ਕੌਣ ਪ੍ਰਮਾਣਿਤ ਵੋਟਰ ਹੈ ਅਤੇ ਇਹ ਫੈਸਲਾ ਕਰਨ ਦਾ ਹੱਕ ਕਿਸ ਕੋਲ ਹੋਵੇਗਾ ਕਿ ਕੌਣ ਸਹੀ ਵੋਟਰ ਹੈ।
ਪੰਜਾਬ ਵਿਚ ਇਸ ਅੰਦੋਲਨ ਦੀ ਅਗਵਾਈ ਕੌਣ ਕਰੇਗਾ? ਕੀ ਅਜਿਹੀ ਕਾਰਵਾਈ ਪੰਜਾਬ ਅਤੇ ਭਾਰਤ ਵਿਚ ਸਰਕਾਰੀ ਤਸ਼ੱਦਦ ਨੂੰ ਸੱਦਾ ਦੇਵੇਗੀ ਅਤੇ ਆਮ ਲੋਕਾਂ ਦੀ ਰੱਖਿਆ ਲਈ ਕੌਣ ਜ਼ਿੰਮੇਵਾਰ ਹੋਵੇਗਾ। ਰਾਇਸ਼ੁਮਾਰੀ 2020 ਤੋਂ ਬਾਅਦ ਵੱਖਰਾ ਸਿੱਖ ਰਾਜ ਹੋਂਦ ਵਿਚ ਆਵੇਗਾ, ਕੀ ਅਜਿਹੀ ਧਾਰਨਾ ਨੂੰ ਫੈਲਾਉਣਾ ਲੋਕਾਂ ਨੂੰ ਧੋਖੇ ਵਿਚ ਰੱਖਣਾ ਨਹੀਂ ਹੋਵੇਗਾ। ਦੋਵਾਂ ਸਿੱਖ ਆਗੂਆਂ ਨੇ ਉਮੀਦ ਪ੍ਰਗਟਾਈ ਹੈ ਕਿ ਸਬੰਧਤ ਸਿੱਖ ਆਗੂ ਇਸ ਬਾਰੇ ਲੋਕਾਂ ਨੂੰ ਸਮੁੱਚੀ ਸਥਿਤੀ ਸਪੱਸ਼ਟ ਕਰਨਗੇ। ਪੱਤਰ ਵਿੱਚ ਉਨ੍ਹਾਂ ਲਿਖਿਆ ਕਿ ਦੋਵੇਂ ਸਿੱਖ ਜਥੇਬੰਦੀਆਂ ਪੰਜਾਬ ਵਿਚ ਰਾਇਸ਼ੁਮਾਰੀ ਕਰਾਉਣ ਲਈ ਕਈ ਵਾਰ ਕੌਮੀ ਤੇ ਕੌਮਾਂਤਰੀ ਮੰਚ ‘ਤੇ ਇਹ ਮਾਮਲਾ ਰੱਖ ਚੁੱਕੀਆਂ ਹਨ, ਜਿਸ ਕਾਰਨ ਦੋਵਾਂ ਜਥੇਬੰਦੀਆਂ ਨੂੰ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਨ੍ਹਾਂ ਦੇ ਆਗੂਆਂ ਖ਼ਿਲਾਫ਼ ਕਈ ਕੇਸ ਦਰਜ ਹੋਏ ਹਨ। ਇਸ ਵੇਲੇ ਪੰਜਾਬ ਵਿਚ ਕੋਈ ਵੀ ਪ੍ਰਮੁੱਖ ਸਿਆਸੀ ਧਿਰ ਰਾਇਸ਼ੁਮਾਰੀ ਦੀ ਮੰਗ ਨਹੀਂ ਕਰ ਰਹੀ ਹੈ ਅਤੇ ਅਜਿਹੀ ਕੋਈ ਵਿਵਸਥਾ ਵੀ ਨਹੀਂ ਬਣਾਈ ਗਈ ਹੈ, ਜਿਸ ਰਾਹੀਂ ਸਮੁੱਚੀ ਸਿੱਖ ਕੌਮ ਦੀ ਇਸ ਸਬੰਧੀ ਰਾਇ ਨੂੰ ਯਕੀਨੀ ਬਣਾਇਆ ਜਾ ਸਕੇ।