ਕੁਲਭੂਸ਼ਨ ਨੇ 1950 ਵਿਚ ਆਪਣੀ ਨਿੱਜੀ ਜ਼ਿੰਦਗੀ ਤੋਂ ਫੁਰਸਤ ਲੈ ਕੇ ਫ਼ਿਲਮੀ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣਾ ਨਾਂ ਕੁਲਭੂਸ਼ਨ ਤੋਂ ਬਦਲ ਕੇ ਰਾਜ ਕੁਮਾਰ ਰੱਖ ਲਿਆ ਤੇ ਪੁਲਿਸ ਇੰਸਪੈਕਟਰ ਦੀ ਨੌਕਰੀ ਛੱਡ ਕੇ ਐਕਟਿੰਗ ਨੂੰ ਆਪਣਾ ਲਿਆ। ਉਹ 1952 ਵਿਚ ਆਪਣੀ ਪਹਿਲੀ ਫ਼ਿਲਮ ‘ਰੰਗੀਲੀ’ ਨਾਲ ਫ਼ਿਲਮੀ ਪਰਦੇ ‘ਤੇ ਉਤਰੇ।
ਇਸ ਮਗਰੋਂ ਪੰਜ ਸਾਲ ਬਾਅਦ 1957 ਨੂੰ ਮਹਿਬੂਬ ਖ਼ਾਨ ਦੀ ਫ਼ਿਲਮ ‘ਮਦਰ ਇੰਡੀਆ’ ਵਿਚ ਨਜ਼ਰ ਆਏ। ਰਾਜ ਕੁਮਾਰ ਨੇ ਕਈ ਫ਼ਿਲਮਾਂ ਕੀਤੀਆਂ ਜਿਨ੍ਹਾਂ ਵਿਚੋਂ ਸ਼ਰਾਰਤ (1959), ਪੈਗ਼ਾਮ (1959), ਦਿਲ ਅਪਨਾ ਔਰ ਪ੍ਰੀਤ ਪਰਾਈ (60), ਘਰਾਨਾ (61), ਦਿਲ ਏਕ ਮੰਦਰ (63), ਵਕਤ (65), ਹਮਰਾਜ਼ (67), ਨੀਲ ਕਮਲ (68), ਲਾਲ ਪੱਥਰ ਤੇ ਹੀਰ ਰਾਂਝਾ (71), ਪਾਕੀਜ਼ਾ (72), ਹਿੰਦੁਸਤਾਨ ਕੀ ਕਸਮ (73), ਏਕ ਸੇ ਬੜ ਕਰ ਏਕ (76), ਕਰਮਯੋਗੀ (78), ਚੰਬਲ ਕੀ ਕਸਮ (80), ਕੁਦਰਤ (81), ਏਕ ਨਈ ਪਹੇਲੀ (84) ਮਰਤੇ ਦਮ ਤੱਕ (87), ਜੰਗਬਾਜ਼ (89) ਤੇ ਪੁਲਿਸ ਪਬਲਿਕ (90) ਸੁਪਰਹਿੱਟ ਰਹੀਆਂ।
ਇਸ ਤੋਂ ਬਾਅਦ 1991 ਵਿਚ ਰਾਜ ਕੁਮਾਰ ਨੂੰ ਦਿਲੀਪ ਕੁਮਾਰ ਦੇ ਨਾਲ ਫ਼ਿਲਮ ‘ਸੌਦਾਗਾਰ’ ਵਿਚ ਵੇਖਿਆ ਗਿਆ ਜੋ ਲੋਕਾਂ ਨੇ ਕਾਫੀ ਪਸੰਦ ਕੀਤੀ ਤੇ ਹਿੱਟ ਰਹੀ। ਰਾਜ ਕੁਮਾਰ ਨੂੰ ਉਸ ਦੇ ਅਸਲੀ ਨਾਂ ਨਾਲ ਘੱਟ ਪਰ ਜਾਨੀ ਨਾਂ ਨਾਲ ਜ਼ਿਆਦਾ ਜਾਣਿਆ ਜਾਂਦਾ ਹੈ। ਉਸ ਦੀ ਹਰ ਫ਼ਿਲਮ ਦੇ ਕਈ ਡਾਇਲਾਗਾਂ ਵਿਚ ਜਾਨੀ ਸ਼ਬਦ ਅਕਸਰ ਵਰਤਿਆ ਜਾਂਦਾ ਸੀ ਤੇ ਹੁਣ ਵੀ ਜਦੋਂ ਕੋਈ ਡਾਇਲਾਗ ਜਾਨੀ ਕਹਿ ਕੇ ਬੋਲਿਆ ਜਾਂਦਾ ਹੈ ਤਾਂ ਸਭ ਦੇ ਕੰਨ ਖੜ੍ਹੇ ਹੋ ਜਾਂਦੇ ਹਨ ਤੇ ਝੱਟ ਪਛਾਣ ਲੈਂਦੇ ਹਨ ਕਿ ਇਹ ਤਾਂ ਰਾਜ ਕੁਮਾਰ ਦਾ ਡਾਇਲਾਗ ਹੈ।
ਵੈਸੇ ਤਾਂ ਰਾਜ ਕੁਮਾਰ ਦੇ ਮੂੰਹੋਂ ਨਿਕਲਿਆ ਹਰ ਡਾਇਲਾਗ ਹਰ ਵਿਅਕਤੀ ਦੇ ਦਿਮਾਗ ਵਿਚ ਬੈਠਦਾ ਹੈ ਪਰ ਕੁਝ ਅਜਿਹੇ ਡਾਇਲਾਗ ਹਨ ਜੋ ਮਸ਼ਹੂਰ ਤਾਂ ਹਨ ਹੀ ਪਰ ਵਿਅਕਤੀ ਉਨ੍ਹਾਂ ਨੂੰ ਸਾਰੀ ਉਮਰ ਨਹੀਂ ਭੁੱਲ ਸਕਦੇ। ਜਿਵੇਂ ਫ਼ਿਲਮ ਸੌਦਾਗਰ ਦਾ ਡਾਇਲਾਗ, ‘ਜਾਨੀ ਹਮ ਤੁਮਹੇਂ ਮਾਰੇਂਗੇ ਔਰ ਜ਼ਰੂਰ ਮਾਰੇਂਗੇ ਪਰ ਬੰਦੂਕ ਭੀ ਹਮਾਰੀ ਹੋਗੀ, ਗੋਲੀ ਭੀ ਹਮਾਰੀ ਹੋਗੀ ਔਰ ਵਕਤ ਭੀ ਹਮਾਰਾ ਹੋਗਾ।’ ਇਸ ਤੋਂ ਇਲਾਵਾ ਉਨ੍ਹਾਂ ਦੀ ਸੁਪਰਹਿੱਟ ਫ਼ਿਲਮ ‘ਵਕਤ’ ਦੇ ਡਾਇਲਾਗ ਵੀ ਕਾਫੀ ਹਿੱਟ ਹੋਏ ਜਿਵੇਂ ‘ਜਿਸਕੇ ਅਪਨੇ ਘਰ ਸ਼ੀਸ਼ੇ ਕੇ ਹੋਂ, ਵੋ ਦੂਸਰੋਂ ਪਰ ਪੱਥਰ ਨਹੀਂ ਫੈਂਕਾ ਕਰਤੇ’।
___________________________________
ਪਰਿਣੀਤੀ ਨੇ ਦਿਨਾਂ ਵਿਚ ਬਾਜ਼ੀ ਮਾਰੀ
ਲੰਦਨ ਤੋਂ ਐਮਬੀਏ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਅਦਾਕਾਰਾ ਵਜੋਂ ਬਾਲੀਵੁੱਡ ਕਰੀਅਰ ਦੀ ਨਵੀਂ ਰਾਹ ਚੁਣਨ ਵਾਲੀ ਪਰਿਣੀਤੀ ਚੋਪੜਾ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਬਾਲੀਵੁੱਡ ਵਿਚ ਆਪਣੀ ਵੱਖਰੀ ਪਛਾਣ ਕਾਇਮ ਕਰ ਲਈ ਹੈ। ਉਂਝ ਪਰਿਣੀਤੀ ਨੇ ਬਾਲੀਵੁੱਡ ਵਿਚ ਕਰੀਅਰ ਬਣਾਉਣ ਦਾ ਕਦਮ ਕਿਸੇ ਕਾਹਲੀ ਵਿਚ ਨਹੀਂ ਚੁੱਕਿਆ ਸਗੋਂ ਐਮਬੀਏ ਕਰਨ ਤੋਂ ਬਾਅਦ ਉਸ ਨੇ ਫਿਲਮਾਂ ਵਿਚ ਸਫਲਤਾ-ਅਸਫਲਤਾ ਦੇ ਗਣਿਤ ਦਾ ਪਹਿਲਾਂ ਹੀ ਪੂਰਾ ਹਿਸਾਬ-ਕਿਤਾਬ ਲਾ ਲਿਆ ਸੀ, ਉਸ ਤੋਂ ਬਾਅਦ ਹੀ ਉਸ ਨੇ ਯਸ਼ਰਾਜ ਫਿਲਮਜ਼ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। ਫਿਲਮ ‘ਲੇਡੀਜ਼ ਵਰਸਿਜ਼ ਰਿਕੀ ਬਹਿਲ’ ਵਿਚ ਪਰਿਣੀਤੀ ਨੇ ਇਕ ਬਬਲੀ ਗਰਲ ਦਾ ਕਿਰਦਾਰ ਨਿਭਾਇਆ ਸੀ ਪਰ ਅਗਲੀ ਫਿਲਮ ‘ਇਸ਼ਕਜ਼ਾਦੇ’ ਵਿਚ ਉਸ ਨੇ ਜ਼ੋਰਦਾਰ ਅਦਾਕਾਰੀ ਨਾਲ ਸਪੱਸ਼ਟ ਸੰਕੇਤ ਦੇ ਦਿੱਤਾ ਕਿ ਫਿਲਮਾਂ ਵਿਚ ਉਹ ਹਰ ਤਰ੍ਹਾਂ ਦੀਆਂ ਦਮਦਾਰ ਭੂਮਿਕਾਵਾਂ ਨਿਭਾਉਣ ਲਈ ਤਿਆਰ ਹੈ। ਇਹੀ ਕਾਰਨ ਹੈ ਕਿ ਉਸ ਕੋਲ ਫਿਲਮਾਂ ਦੀ ਕੋਈ ਕਮੀ ਨਹੀਂ ਹੈ ਤੇ ਨਿਰਮਾਤਾ-ਨਿਰਦੇਸ਼ਕ ਵੀ ਉਸ ਨੂੰ ਹੱਥੋ-ਹੱਥੀਂ ਲੈ ਰਹੇ ਹਨ। ਉਸ ਕੋਲ ਵਿਗਿਆਪਨਾਂ ਦੀ ਵੀ ਕੋਈ ਕਮੀ ਨਹੀਂ ਹੈ ਪਰ ਪਰਿਣੀਤੀ ਦੀ ਮੰਨੀਏ ਤਾਂ ਉਹ ਬਹੁਤ ਇੱਛਾਵਾਦੀ ਤਾਂ ਹੈ ਤੇ ਚੰਗੀਆਂ ਫਿਲਮਾਂ ਵੀ ਕਰਨਾ ਚਾਹੁੰਦੀ ਹੈ ਪਰ ਬਾਲੀਵੁੱਡ ਦੀ ‘ਚੂਹੇ ਦੌੜ’ (ਰੈਟ ਰੇਸ) ਦਾ ਹਿੱਸਾ ਬਣਨ ਵਿਚ ਯਕੀਨ ਨਹੀਂ ਰੱਖਦੀ। ਫਿਲਹਾਲ ਉਹ ਆਪਣੇ ਗੌਡਫਾਦਰ ਮਨੀਸ਼ ਸ਼ਰਮਾ ਦੀ ਇਕ ਫਿਲਮ ਵਿਚ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਫਰਹਾ ਖਾਨ ਨੇ ਵੀ ਪਰਿਣੀਤੀ ਨੂੰ ਆਪਣੀ ਫਿਲਮ ‘ਹੈਪੀ ਨਿਊ ਯੀਅਰ’ ਵਿਚ ਲਿਆ ਹੈ। ਅਨੁਸ਼ਕਾ ਸ਼ਰਮਾ ਸਟਾਰਰ ‘ਬੈਂਡ ਬਾਜਾ ਬਾਰਾਤ’ ਦੇ ਤਾਮਿਲ ਅਡੀਸ਼ਨ ‘ਚ ਵੀ ਪਰਿਣੀਤੀ ਹੀ ਕੰਮ ਕਰਨ ਵਾਲੀ ਹੈ। ਇਹੀ ਨਹੀਂ, ਸਾਊਥ ਦੀ ਇਕ ਸੁਪਰਹਿੱਟ ਫਿਲਮ ‘ਥੁੱਪਕਲੀ’ ਦੇ ਹਿੰਦੀ ਰੀਮੇਕ ਵਿਚ ਪਰਿਣੀਤੀ ਨੂੰ ਅਕਸ਼ੈ ਕੁਮਾਰ ਦੇ ਆਪੋਜ਼ਿਟ ਸਾਈਨ ਕੀਤਾ ਗਿਆ ਹੈ। ਉਂਝ ਇਸ ਫਿਲਮ ਵਿਚ ਪਰਿਣੀਤੀ ਦੀ ਹੀ ਚਚੇਰੀ ਭੈਣ ਪ੍ਰਿਯੰਕਾ ਚੋਪੜਾ ਨੂੰ ਲਿਆ ਜਾਣਾ ਸੀ ਪਰ ਪ੍ਰਿਯੰਕਾ ਤੇ ਅਕਸ਼ੈ ਦੇ ਰੋਮਾਂਸ ਦੀਆਂ ਖ਼ਬਰਾਂ ਕਾਰਨ ਅਕਸ਼ੈ ਦੀ ਪਤਨੀ ਟਵਿੰਕਲ ਨੂੰ ਇਹ ਰਾਸ ਨਹੀਂ ਆਇਆ। ਇਸ ਲਈ ਪ੍ਰਿਯੰਕਾ ਦੇ ਹੱਥੋਂ ਨਿਕਲ ਕੇ ਇਹ ਫਿਲਮ ਪਰਿਣੀਤੀ ਦੀ ਝੋਲੀ ਵਿਚ ਆਣ ਡਿਗੀ। ਉਂਜ ਵੀ ਉਹ ਆਪਣੀਆਂ ਫਿਲਮਾਂ ਬਾਰੇ ਬੜੀ ਸੁਚੇਤ ਰਹਿੰਦੀ ਹੈ। ਆਪਣੀ ਫਿਲਮ ਦੇ ਹੀਰੋ, ਨਿਰਮਾਤਾ ਅਤੇ ਨਿਰਦੇਸ਼ਕ ਬਾਰੇ ਉਹ ਪੂਰੀ ਛਾਣ-ਬੀਣ ਕਰਦੀ ਹੈ। ਇਸ ਦੇ ਨਾਲ ਹੀ ਆਪਣੇ ਸਾਥੀ ਕਲਾਕਾਰਾਂ ਦੀ ਉਹ ਪੁੱਜ ਕੇ ਮੱਦਦ ਕਰਦੀ ਹੈ, ਖਾਸ ਕਰ ਕੇ ਜੂਨੀਅਰ ਕਲਾਕਾਰ ਉਸ ਨੂੰ ਉਸ ਦੇ ਇਹੀ ਸੁਭਾਅ ਅਤੇ ਵਿਹਾਰ ਕਰ ਕੇ ਬੜਾ ਪਸੰਦ ਕਰਦੇ ਹਨ।
_____________________________
ਪੜ੍ਹਨ ਦੀ ਸ਼ੌਕੀਨ ਸੋਨਮ ਕਪੂਰ
ਅਨਿਲ ਕਪੂਰ ਦੀ ਫੈਸ਼ਨਪ੍ਰਸਤ ਅਭਿਨੇਤਰੀ ਬੇਟੀ ਸੋਨਮ ਕਪੂਰ ਕਹਾਣੀਆਂ ਤੇ ਨਾਵਲ ਪੜ੍ਹਨ ਦੀ ਕਾਫੀ ਸ਼ੌਕੀਨ ਹੈ। ਇਹ ਵੀ ਇਤਫ਼ਾਕ ਹੈ ਕਿ ‘ਸਾਂਵਰੀਆ’ ਤੇ ‘ਆਇਸ਼ਾ’ ਸੋਨਮ ਦੀਆਂ ਦੋਵੇਂ ਫ਼ਿਲਮਾਂ ਨਾਵਲਾਂ ‘ਤੇ ਹੀ ਆਧਾਰਤ ਸਨ। ਹੁਣ ਸੋਨਮ ਨੇ ਲੇਖਕਾ ਅਨੁਜਾ ਚੌਹਾਨ ਦੇ ਨਾਵਲ ਦੇ ਅਧਿਕਾਰ ਖਰੀਦ ਲਏ ਹਨ। ਸੋਨਮ ਨੂੰ ਨਾਵਲ ਦਾ ਇਹ ਕੇਂਦਰੀ ਵਿਸ਼ਾ ਬਹੁਤ ਹੀ ਪ੍ਰਭਾਵਿਤ ਕਰ ਗਿਆ ਹੈ ਕਿ ਭਾਰਤੀ ਔਰਤ ਆਧੁਨਿਕ ਦਿਸਣਾ ਤੇ ਵਿਚਰਨਾ ਚਾਹੁੰਦੀ ਹੈ ਪਰ ਪਰਦੇ ‘ਤੇ ਇਸੇ ਔਰਤ ਨੂੰ ਔਰਤ ਦਾ ਆਧੁਨਿਕ ਰੂਪ, ਚਾਲ-ਚਲਣ ਤੇ ਪਹਿਰਾਵਾ ਪਸੰਦ ਨਹੀਂ ਹੈ।
ਫ਼ਿਲਮਾਂ ਵਿਚ ਸੋਨਮ ਛੇ ਸਾਲ ਤੋਂ ਹੈ ਪਰ ‘ਥੈਂਕ ਯੂ’, ‘ਪਲੇਅਰਜ਼’ ਫ਼ਿਲਮਾਂ ਨੇ ਹੀ ਉਸ ਨੂੰ ਕਾਮਯਾਬ ਨਾਇਕਾ ਬਣਾਇਆ ਹੈ। ਅੱਗੇ ਵਧਣ ਲਈ ਸੋਨਮ ਨੇ ਮਰਾਠੀ ਤੇ ਪੰਜਾਬੀ ਵੀ ਸਿੱਖ ਲਈ ਹੈ। ਸੋਨਮ ਕੋਲ ਇਸ ਸਮੇਂ ‘ਰਾਂਝਣਾ’ ਵੱਡੀ ਫ਼ਿਲਮ ਹੈ ਤੇ ਯਸ਼ਰਾਜ ਦੀ ਨਵੀਂ ਫ਼ਿਲਮ ਵਿਚ ਉਹ ਕਾਲਾ ਗਾਊਨ ਪਾ ਕੇ ਵਕੀਲ ਵਜੋਂ ਨਜ਼ਰ ਆਏਗੀ। ਸੋਨਮ ਨੂੰ ਇਹ ਗੱਲ ਇਸ ਫ਼ਿਲਮ ਦੀ ਸੱਚਾਈ ਲੱਗੀ ਹੈ ਕਿ ਲੜਕੀ ਦਾ ਬੈਸਟ ਫਰੈਂਡ ਹੀਰੇ ਹਨ। ਗਹਿਣਿਆਂ ਨਾਲ ਪਿਆਰ ਕਰਨ ਵਾਲੀ ਸੋਨਮ ‘ਰਾਂਝਣਾ’ ਵਿਚ ਧਨੁਸ਼ ਦੇ ਨਾਲ ਹੈ, ਜਦਕਿ ਨਪੂਰ ਅਸਥਾਨਾ ਦੇ ਨਿਰਦੇਸ਼ਨ ਵਿਚ ਉਹ ਅਯੂਸ਼ਮਾਨ ਖੁਰਾਨਾ ਨਾਲ ਨਜ਼ਰ ਆਏਗੀ। ਸੋਨਮ ਚਾਹੁੰਦੀ ਹੈ ਕਿ ਨਾਰੀ ‘ਸੁਜਾਤਾ’ ਤੇ ‘ਬੰਧਨੀ’ ਤਾਂ ਬਣੇ ਪਰ ਜੂਝਣ ਦੀ ਹਿੰਮਤ ਰੱਖ ਝਾਂਸੀ ਦੀ ਰਾਣੀ ਵੀ ਬਣੇ। ਯਸ਼ਰਾਜ ਦੀ ਨਵੀਂ ਫ਼ਿਲਮ ਵਿਚ ਸੋਨਮ ਦਾ ਕਿਰਦਾਰ ਜਯਾ ਭਾਦੜੀ ਦੀ ਫ਼ਿਲਮ ‘ਗੁੱਡੀ’ ਨਾਲ ਮੇਲ ਖਾਂਦਾ ਹੈ।
Leave a Reply