ਚੰਡੀਗੜ੍ਹ: ਪੰਜਾਬ ਦੀਆਂ ਸਿਆਸੀ ਧਿਰਾਂ ਨੇ ਪੰਥਕ ਮੁੱਦਿਆਂ ਉਤੇ ਮੱਲਾਂ ਮਾਰਨ ਲਈ ਭੱਜ ਨੱਠ ਸ਼ੁਰੂ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਅਕਾਲੀ ਦਲ (ਬਾਦਲ) ਵੀ ਸਰਗਰਮ ਹੋ ਗਿਆ ਹੈ। ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਪਿੱਛੋਂ ਬਾਦਲਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਫੁਰਤੀ ਦਿਖਾਈ ਹੈ, ਉਸ ਤੋਂ ਜਾਪ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਗਾਮੀ ਲੋਕ ਸਭਾ ਚੋਣਾਂ ਵਿਚ ਪੰਥਕ ਮਸਲਿਆਂ ਆਸਰੇ ਬੇੜੀ ਪਾਰ ਲਾਉਣ ਦੀ ਤਿਆਰੀ ਵਿਚ ਹੈ।
ਰਾਜੋਆਣਾ ਨੇ ਪਿਛਲੇ ਵਰ੍ਹੇ ਵੀ ਆਪਣੀ ਸਜ਼ਾ ਬਾਰੇ ਅਪੀਲ ਉਤੇ ਸੁਣਵਾਈ ਨਾ ਹੋਣ ਕਾਰਨ ਭੁੱਖ ਹੜਤਾਲ ਕੀਤੀ ਸੀ। ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਕੇਂਦਰ ਕੋਲ ਪਹੁੰਚ ਕਰਨ ਦਾ ਭਰੋਸਾ ਦੇ ਕੇ ਭੁੱਖ ਹੜਤਾਲ ਖਤਮ ਕਰਵਾਈ ਸੀ ਪਰ ਪੌਣੇ ਦੋ ਸਾਲਾਂ ਵਿਚ ਇਸ ਬਾਰੇ ਚੁੱਪ ਹੀ ਧਾਰੀ ਰੱਖੀ। ਹੁਣ ਰਾਜੋਆਣਾ ਵੱਲੋਂ ਮੁੜ ਭੁੱਖ ਹੜਤਾਲ ਸ਼ੁਰੂ ਕਰਨ ਪਿੱਛੋਂ ਅਕਾਲੀ ਆਗੂ ਅਗਲੇ ਹੀ ਦਿਨ ਗ੍ਰਹਿ ਮੰਤਰੀ ਨੂੰ ਜਾ ਮਿਲੇ ਅਤੇ ਮਸਲਾ ਹੱਲ ਹੋਣ ਦਾ ਦਾਅਵਾ ਕਰ ਰਹੇ ਹਨ। ਇਹੀ ਨਹੀਂ, ਪੰਥਕ ਪਛਾਣ ਮੁੜ ਕਾਇਮ ਕਰਨ ਲਈ ਪਾਰਟੀ ਹਾਈ ਕਮਾਂਡ ਨੇ ਜ਼ਿਲ੍ਹਾ ਜਥੇਦਾਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਆਪੋ-ਆਪਣੇ ਇਲਾਕਿਆਂ ਵਿਚ ਉਨ੍ਹਾਂ ਮਸਲਿਆਂ ਨੂੰ ਤਰਜੀਹ ਦੇਣ ਜਿਹੜੇ ਸਿੱਧੇ ਤੌਰ ਉਤੇ ਸਿੱਖ ਧਰਮ ਨਾਲ ਜੁੜੇ ਹੋਏ ਹਨ। ਜਲੰਧਰ ਛਾਉਣੀ ਹਲਕੇ ਦੇ ਕਲਗੀਧਰ ਐਵੇਨਿਊ ਵਿਚ ਪੈਂਦੇ ਇਕ ਗੁਰਦੁਆਰੇ ‘ਚੋਂ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਚੁੱਕ ਕੇ ਕਿਸੇ ਦੂਜੇ ਗੁਰੂ ਘਰ ਲਿਜਾਣ ਨੂੰ ਜ਼ਿਲ੍ਹਾ ਅਕਾਲੀ ਦਲ ਨੇ ਇਕ ਵੱਡੇ ਮੁੱਦੇ ਵਜੋਂ ਉਭਾਰਨ ਦਾ ਯਤਨ ਆਰੰਭ ਦਿੱਤਾ ਹੈ। ਇਸ ਬਾਰੇ ਬਾਕਾਇਦਾ ਗੁਰਦੁਆਰਾ ਸੈਂਟਰਲ ਟਾਊਨ ਵਿਚ ਮੀਟਿੰਗ ਸੱਦੀ ਗਈ ਸੀ ਜਿਸ ਦੀ ਪ੍ਰਧਾਨਗੀ ਨਵੇਂ ਥਾਪੇ ਗਏ ਜ਼ਿਲ੍ਹਾ ਪ੍ਰਧਾਨ ਵਿਧਾਇਕ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕੀਤੀ। ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਹਾਜ਼ਰ ਰਹਿਣ ਦੀਆਂ ਹਦਾਇਤਾਂ ਵੀ ਕੀਤੀਆਂ ਗਈਆਂ ਸਨ।
ਦੱਸ ਦਈਏ ਕਿ ਹੁਣ ਤੱਕ ਪੰਥਕ ਮਸਲਿਆਂ ਦੇ ਨਾਂ ਉਤੇ ਸਿਆਸਤ ਚਮਕਾਉਣ ਵਾਲੇ ਅਕਾਲੀ ਦਲ (ਬਾਦਲ) ਨੇ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾ ਵਿਚ ਆਪਣਾ ਪੈਂਤੜਾ ਬਦਲਿਆ ਸੀ। ਡੇਰਾ ਸਿਰਸਾ ਮੁਖੀ ਨੂੰ ਮੁਆਫੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਉਠੇ ਰੋਹ ਪਿੱਛੋਂ ਬਾਦਲਾਂ ਨੇ ਪੰਥਕ ਮਸਲਿਆਂ ਦੀ ਥਾਂ ‘ਵਿਕਾਸ’ ਨੂੰ ਅੱਗੇ ਰੱਖ ਚੋਣਾਂ ਲੜੀਆਂ ਸਨ ਪਰ ਨਮੋਸ਼ੀ ਵਾਲੀ ਹਾਰ ਪਿੱਛੋਂ ਅਕਾਲੀ ਦਲ ਮੁੜ ਪੰਥਕ ਮਸਲਿਆਂ ਆਸਰੇ ਉਠਣ ਦੀ ਤਿਆਰੀ ਵਿਚ ਜੁਟ ਗਿਆ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਪਾਸੇ ਕਾਫੀ ਸਰਗਰਮੀ ਦਿਖਾ ਰਹੇ ਹਨ। ਪਿਛਲੇ ਹਫਤੇ ਕੈਪਟਨ ਨੇ ਚੰਡੀਗੜ੍ਹ ਵਿਚ ਪੰਜਾਬ ਦੇ ਕਾਡਰ ਦੀ ਸੁਰੱਖਿਆ ਕਰਨ ਅਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਲਈ ਸਬੰਧਤ ਸੂਬਾ ਸਰਕਾਰਾਂ ਤੱਕ ਪਹੁੰਚ ਕੀਤੀ ਗਈ ਹੈ। ਜੋਧਪੁਰ ਦੇ ਨਜ਼ਰਬੰਦਾਂ ਨੂੰ ਪੰਜਾਬ ਸਰਕਾਰ ਵੱਲੋਂ ਇਕਤਰਫਾ ਮੁਆਵਜ਼ਾ ਦਿੱਤਾ ਗਿਆ ਤੇ ਹੁਣ ਫਿਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦੇ ਅਗਲੇ ਵਰ੍ਹੇ ਮਨਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਦੀ ਤਿਆਰੀ ਲਈ 100 ਕਰੋੜ ਰੁਪਏ ਡੇਢ ਸਾਲ ਪਹਿਲਾਂ ਜਾਰੀ ਕਰ ਦਿੱਤੇ ਗਏ ਹਨ।
ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਾਰੇ ਦੋਸ਼ੀ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਰਕਾਰ ਕੋਲ ਆ ਚੁੱਕੀ ਹੈ। ਦੱਸ ਦਈਏ ਕਿ ਮੁਤਵਾਜ਼ੀ ਜਥੇਦਾਰਾਂ ਨੇ ਬਰਗਾੜੀ ਵਿਚ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਸਮੇਤ ਹੋਰ ਮਸਲਿਆਂ ਦੇ ਹੱਲ ਲਈ ਮੋਰਚਾ ਲਾਇਆ ਹੋਇਆ ਹੈ। ਕੈਪਟਨ ਸਰਕਾਰ ਕਈ ਵਾਰ ਇਨ੍ਹਾਂ ਆਗੂਆਂ ਤੱਕ ਪਹੁੰਚ ਕਰ ਚੁੱਕੀ ਹੈ। ਅਕਾਲੀ ਦਲ ਬਾਦਲ ਵੀ ਕਦੇ ਇਸ ਮੋਰਚੇ ਖਿਲਾਫ ਖੁੱਲ੍ਹ ਕੇ ਨਹੀਂ ਬੋਲਿਆ। ਹੁਣ ਇਹ ਵੀ ਤੱਥ ਸਾਹਮਣੇ ਆਏ ਹਨ ਕਿ ਇਸ ਮੋਰਚੇ ਲਈ ਕੁਝ ਆਗੂ ਪੈਸਾ ਵੀ ਦੇ ਰਹੇ ਹਨ। ਖੁਫੀਆ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ।