ਬੇਵਸਾਹੀ ਮਤਾ: ਮੋਦੀ ਸਰਕਾਰ ਅਤੇ ਵਿਰੋਧੀ ਧਿਰ ਦੇ ਖੂਬ ਫਸੇ ਸਿੰਗ

ਨਵੀਂ ਦਿੱਲੀ: ਵਿਰੋਧੀ ਧਿਰ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਐਨæਡੀæਏæ ਸਰਕਾਰ ਖਿਲਾਫ਼ ਲੋਕ ਸਭਾ ਵਿਚ ਪੇਸ਼ ਕੀਤਾ ਬੇਵਸਾਹੀ ਦਾ ਮਤਾ 325 ਦੇ ਮੁਕਾਬਲੇ 126 ਵੋਟਾਂ ਨਾਲ ਡਿੱਗ ਗਿਆ। ਬੀਜੂ ਜਨਤਾ ਦਲ (ਬੀæਜੇæਡੀæ), ਸ਼ਿਵ ਸੈਨਾ ਤੇ ਤਿਲੰਗਾਨਾ ਰਾਸ਼ਟਰ ਸਮਿਤੀ (ਟੀæਆਰæਐਸ਼) ਦੇ ਮੈਂਬਰ ਸਦਨ ਵਿਚੋਂ ਗੈਰਹਾਜ਼ਰ ਰਹੇ। ਮਤੇ ਉਤੇ ਵੋਟਿੰਗ ਸਮੇਂ 451 ਮੈਂਬਰ ਹਾਜ਼ਰ ਸਨ। ਇਨ੍ਹਾਂ ਸਭਨਾਂ ਦੀਆਂ ਵੋਟਾਂ ਸਹੀ ਨਿਕਲੀਆਂ ਤੇ ਕੋਈ ਵੋਟ ਰੱਦ ਨਹੀਂ ਹੋਈ। ਅੰਨਾ ਡੀæਐਮæਕੇæ ਦੇ ਕਈ ਮੈਂਬਰਾਂ ਨੇ ਸਰਕਾਰ ਦਾ ਸਾਥ ਦਿੱਤਾ।

ਪਹਿਲਾਂ ਬੇਵਸਾਹੀ ਮਤੇ ਉਤੇ ਦਸ ਘੰਟੇ ਚੱਲੀ ਬਹਿਸ ਦਾ ਲੰਮਾ ਜੁਆਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ, ਇਸ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਆਗੂਆਂ ਉਤੇ ਤਿੱਖੇ ਵਾਰ ਕੀਤੇ ਅਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਪੂਰੀ ਤਫਸੀਲ ਪੇਸ਼ ਕੀਤੀ। ਉਨ੍ਹਾਂ ਨੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦਿਆਂ ਲੋਕ ਸਭਾ ਵਿਚ ਕਿਹਾ ਕਿ ਉਹ ਆਪਣੀ ਸੀਟ ਤੋਂ ਉੱਠ ਕੇ ਇਸ ਲਈ ਉਨ੍ਹਾਂ ਨੂੰ ਜੱਫੀ ਪਾਉਣ ਆਇਆ, ਕਿਉਂਕਿ ਉੁਸ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬੈਠਣ ਦੀ ਕਾਹਲ ਹੈ, ਇਹ ਉਸ ਦੇ ਘੁਮੰਡ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬੈਠਣ ਦਾ ਫੈਸਲਾ ਦੇਸ਼ ਦੇ 125 ਕਰੋੜ ਲੋਕਾਂ ਦੇ ਹੱਥ ਵਿਚ ਹੈ ਕਿ ਕੌਣ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬੈਠੇਗਾ ਅਤੇ ਕੌਣ ਨਹੀਂ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਭਗਵਾਨ ਇੰਨੀ ਸ਼ਕਤੀ ਦੇਵੇ ਕਿ ਉਹ 2024 ਦੇ ਵਿਚ ਫਿਰ ਬੇਵਸਾਹੀ ਮਤਾ ਪੇਸ਼ ਕਰਨ।
ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ। ਜਦੋਂ ਰਾਹੁਲ ਗਾਂਧੀ ਅਚਾਨਕ ਪ੍ਰਧਾਨ ਮੰਤਰੀ ਕੋਲ ਪੁੱਜ ਗਏ ਤਾਂ ਪਹਿਲਾਂ ਤਾਂ ਉਹ ਥੋੜ੍ਹਾ ਹੱਕਾ ਬੱਕਾ ਰਹਿ ਗਏ ਪਰ ਫਿਰ ਜਲਦੀ ਹੀ ਸੰਭਲ ਗਏ। ਜਦੋਂ ਰਾਹੁਲ ਗਾਧੀ ਮੁੜੇ ਤਾਂ ਉਨ੍ਹਾਂ ਨੇ ਉਸ ਦੀ ਪਿੱਠ ਥਪਥਪਾਈ ਅਤੇ ਬਾਅਦ ਵਿਚ ਉਸ ਦੀ ਕਾਰਵਾਈ ਨੂੰ ਥੋੜ੍ਹਾ ਹੱਸ ਕੇ ਛੁਟਿਆਉਣ ਦੀ ਕੋਸ਼ਿਸ਼ ਵਜੋਂ ਮੁਸਕਰਾਹਟ ਵੀ ਦਿਖਾਈ। ਰਾਹੁਲ ਗਾਂਧੀ ਦੀ ਕਾਰਵਾਈ ਉਤੇ ਪ੍ਰਧਾਨ ਮੰਤਰੀ ਪਿੱਛੇ ਬੈਠੇ ਭਾਜਪਾ ਦੇ ਮੈਂਬਰ ਹੱਕੇ-ਬੱਕੇ ਰਹਿ ਗਏ। ਆਪਣੇ ਭਾਸ਼ਨ ਵਿਚ ਮੋਦੀ ਨੇ ਸਾਰੇ ਲੋਕ ਸਭਾ ਮੈਂਬਰਾਂ ਨੂੰ ਬੇਵਸਾਹੀ ਮਤੇ ਨੂੰ ਡੇਗਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੇ ਘੁਮੰਡ ਦਾ ਪ੍ਰਤੀਕ ਹੈ ਤੇ ਉਸ ਦੇ ਸੰਭਾਵੀ ਭਾਈਵਾਲਾਂ ਦੀ ਪ੍ਰੀਖਿਆ ਹੈ।
ਉਨ੍ਹਾਂ ਕਿਹਾ ਕਿ ਬੇਵਸਾਹੀ ਮਤੇ ਦੇ ਪਿੱਛੇ ਘੁਮੰਡ ਹੈ। ਉਨ੍ਹਾਂ ਕਾਂਗਰਸ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਇਹ ਸਰਕਾਰ ਦੀ ਪ੍ਰੀਖਿਆ ਨਹੀਂ ਹੈ ਸਗੋਂ ਕਾਂਗਰਸ ਅਤੇ ਉਸ ਦੇ ਭਾਈਵਾਲਾਂ ਦੀ ਤਾਕਤ ਦੀ ਪ੍ਰੀਖਿਆ ਹੈ। ਤਿੱਖੇ ਹਮਲਿਆਂ ਦੇ ਨਾਲ ਦਸ ਘੰਟਿਆਂ ਦੀ ਬਹਿਸ ਨੂੰ ਨਿਬੇੜਦਿਆਂ ਅਤੇ ਵਿਰੋਧੀ ਆਗੂਆਂ ਦੇ ਉਤੇ ਮੋੜਵੇਂ ਹੱਲੇ ਕਰਦਿਆਂ ਕਿਹਾ ਕਿ ਕੁਝ ਲੋਕ ਨਾਕਾਰਤਮਿਕ ਬਹਿਸ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਖੁਸ਼ ਕਰਨ ਜਾਂ ਵੋਟ ਬੈਂਕ ਦੀ ਸਿਆਸਤ ਨਹੀਂ ਕਰਦੇ। ਉਹ ਸਭ ਦਾ ਸਾਥ ਤੇ ਸਭ ਦੇ ਵਿਕਾਸ ਦਾ ਮੰਤਰ ਲੈ ਕੇ ਚੱਲ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਦਮ ਚੁੱਕ ਰਹੀ ਹੈ। ਵਿਰੋਧੀ ਧਿਰ ਅਤੇ ਖਾਸ ਤੌਰ ਉਤੇ ਕਾਂਗਰਸ ਨੂੰ ਚੀਫ ਜਸਟਿਸ, ਮੁੱਖ ਚੋਣ ਕਮਿਸ਼ਨਰ ਅਤੇ ਇਲੈਕਟ੍ਰਾਨਿਕ ਮਸ਼ੀਨਾਂ ਉਤੇ ਯਕੀਨ ਨਹੀਂ ਹੈ।
______________________
ਮੋਦੀ ਚੌਕੀਦਾਰ ਨਹੀਂ, ਭ੍ਰਿਸ਼ਟਾਚਾਰ ‘ਚ ਭਾਗੀਦਾਰ: ਰਾਹੁਲ
ਨਵੀਂ ਦਿੱਲੀ: ਭਾਜਪਾ ਦੀ ਅਗਵਾਈ ਵਾਲੀ ਐਨæਡੀæਏæ ਸਰਕਾਰ ਖਿਲਾਫ਼ ਲੋਕ ਸਭਾ ਵਿਚ ਪੇਸ਼ ਬੇਵਸਾਹੀ ਮਤੇ ਉਤੇ ਬੋਲਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭ੍ਰਿਸ਼ਟਾਚਾਰ ਦਾ ‘ਭਾਗੀਦਾਰ’ ਦੱਸ ਕੇ ਤਿੱਖੀਆਂ ਚੋਭਾਂ ਲਾਈਆਂ। ਰਾਹੁਲ ਨੇ ਕਿਹਾ ਕਿ ਲੋਕ ਮੋਦੀ ਦੇ ‘ਜੁਮਲਈ’ ਹਮਲਿਆਂ ਤੋਂ ਪੀੜਤ ਹਨ। ਕਾਂਗਰਸ ਪ੍ਰਧਾਨ ਨੇ ਹਾਲਾਂਕਿ ਇਨ੍ਹਾਂ ਚੁਭਵੇਂ ਹਮਲਿਆਂ ਮਗਰੋਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸੀਟ ‘ਤੇ ਜਾ ਕੇ ਜੱਫੀ ਪਾਈ।
____________________________
ਰਾਹੁਲ ਦੀ ‘ਜਾਦੂ ਦੀ ਜੱਫੀ’ ਸੋਸ਼ਲ ਮੀਡੀਆ ‘ਤੇ ਛਾਈ
ਨਵੀਂ ਦਿੱਲੀ: ਲੋਕ ਸਭਾ ਵਿਚ ਬਹਿਸ ਦੌਰਾਨ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਮਿਲਣ ਤੋਂ ਬਾਅਦ ‘ਜਾਦੂ ਦੀ ਜੱਫੀ’ ਸੋਸ਼ਲ ਮੀਡੀਆ ਉਤੇ ਛਾਅ ਗਈ। ਸੋਸ਼ਲ ਮੀਡੀਆ ਟਵਿਟਰ, ਫੇਸਬੁੱਕ ਉਤੇ ਇਸ ਦੀ ਕਾਫੀ ਚਰਚਾ ਹੋਣ ਲੱਗੀ ਹੈ। ਜਿਥੇ ਕਈ ਲੋਕਾਂ ਨੇ ਰਾਹੁਲ ਦੇ ਇਸ ਅੰਦਾਜ਼ ਦੀ ਖੂਬ ਤਰੀਫ ਕੀਤੀ ਉਥੇ ਇਸ ਉਤੇ ਕਈ ਚੁਟਕਲੇ ਵੀ ਬਣ ਰਹੇ ਹਨ।
ਟਵਿਟਰ ਉਤੇ ‘ਪੱਪੂ ਕੀ ਜੱਫੀ’, ‘ਹੱਗਪਲੋਮੈਂਸੀ’ ਕਰਕੇ ਕਈ ਤਰ੍ਹਾਂ ਕੁਮੈਂਟ ਅਤੇ ਚੁਟਕਲੇ ਪਾਏ ਜਾ ਰਹੇ ਹਨ। ਕਈ ਲੋਕ ‘ਮੁੰਨਾਬਾਈ’ ਨੂੰ ਯਾਦ ਕਰਕੇ ਇਸ ਨੂੰ ਰਾਹੁਲ ਦੀ ਭਲਮਾਣਸੀ ਦੱਸ ਰਹੇ ਹਨ ਅਤੇ ਕੁਝ ਇਸ ਉਤੇ ਚੁਟਕੀਆਂ ਲੈ ਰਹੇ ਹਨ। ਕਿਸੇ ਨੇ ਕਿਹਾ ਕਿ ‘ਪੱਪੂ ਹੁਣ ਮੁੰਨਾਬਾਈ’ ਬਣ ਗਿਆ ਹੈ। ਕਿਸੇ ਨੇ ਕਿਹਾ ‘ਮੁੰਨਾ ਬਾਈ ਦੀ ਪੱਪੀ-ਜੱਫੀ’। ਕਿਸੇ ਨੇ ਕਿਹਾ ‘ਪੱਪੂ ਕੀ ਜੱਫੀ’। ਕਿਸੇ ਨੇ ਟਵੀਟ ਕੀਤਾ ਕਿ ‘ਪੱਪੂ ਪ੍ਰੀਆ ਤੋਂ ਸਿਖਲਾਈ ਲੈ ਰਿਹਾ ਹੈ।’
ਸ਼ਿਵ ਸੈਨਾ ਨੇ ਲੋਕ ਸਭਾ ‘ਚ ਰਾਹੁਲ ਗਾਂਧੀ ਦੇ ਭਾਸ਼ਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਹੁਲ ਨੇ ਹੁਣ ਸਿਆਸਤ ਦੇ ਅਸਲੀ ਸਕੂਲ ‘ਚ ਗਰੈਜੂਏਸ਼ਨ ਕਰ ਲਈ ਹੈ। ਮਹਾਰਾਸ਼ਟਰ ਸਰਕਾਰ ‘ਚ ਭਾਜਪਾ ਦੀ ਭਾਈਵਾਲ ਪਾਰਟੀ ਸ਼ਿਵ ਸੈਨਾ ਨੇ ਸੰਸਦ ‘ਚ ਵਿਸ਼ਵਾਸ ਮਤ ਤੋਂ ਅਲੱਗ ਰਹਿਣ ਦਾ ਫੈਸਲਾ ਕੀਤਾ ਸੀ। ਸ਼ਿਵ ਸੈਨਾ ਦੇ ਨੇਤਾ ਸੰਜੇ ਰੌਤ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਹੁਣ ਸਿਆਸਤ ਦੇ ਅਸਲੀ ਸਕੂਲ ‘ਚੋਂ ਗਰੈਜੂਏਸ਼ਨ ਕਰ ਲਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਭਾਸ਼ਣ ਖਤਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਮਿਲ ਕੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜੱਫੀ ਨਹੀਂ, ਮੋਦੀ ਲਈ ਝਟਕਾ ਸੀ।