ਇੰਗਲੈਂਡ ਵਿਚ ਸਿੱਖਾਂ ਨੂੰ ਮਿਲੇਗਾ ਵੱਖਰੀ ਕੌਮ ਦਾ ਦਰਜਾ

ਲੰਡਨ: ਇੰਗਲੈਂਡ ਵਿਚ ਰਹਿੰਦੇ ਸਿੱਖਾਂ ਨੂੰ ਸਾਲ 2021 ਦੀ ਮਰਦਮਸ਼ੁਮਾਰੀ ਵਿਚ ਇਕ ਵੱਖਰੀ ਜਾਤੀ (ਨਸਲ) ਵਜੋਂ ਦਰਜ ਕੀਤਾ ਜਾਵੇਗਾ। ਇਸ ਵੇਲੇ ਇਸ ਦੇਸ਼ ਵਿਚ Ḕਸਿੱਖ’ ਸਿਰਫ ਇਕ ਧਰਮ ਮੰਨਿਆ ਜਾਂਦਾ ਹੈ, ਜਾਤੀ/ਨਸਲ ਨਹੀਂ। ਇਹ ਇਕ ਬਹੁਤ ਵੱਡਾ ਕਦਮ ਹੋਵੇਗਾ ਤੇ ਉਸ ਤੋਂ ਬਾਅਦ ਸਿੱਖਾਂ ਨੂੰ ਇਸ ਦੇਸ਼ ਦੀਆਂ ਸਾਰੀਆਂ ਜਨਤਕ ਸੇਵਾਵਾਂ ਆਸਾਨੀ ਨਾਲ ਉਪਲਬਧ ਹੋ ਸਕਣਗੀਆਂ।

ਪਿਛਲੇ ਵਰ੍ਹੇ ਇੰਗਲੈਂਡ ਦੇ 100 ਐਮæਪੀਜ਼æ, ਜਿਨ੍ਹਾਂ ਵਿਚ ਭਾਰਤੀ ਮੂਲ ਦੇ ਸੰਸਦ ਮੈਂਬਰ ਵੀ ਸਨ, ਨੇ ਅਥਾਰਟੀ ਨੂੰ ਕਿਹਾ ਸੀ ਕਿ ਸਾਲ 2021 ਦੀ ਮਰਦਮਸ਼ੁਮਾਰੀ (ਜਨਗਣਨਾ) ਵੇਲੇ ਸਿੱਖਾਂ ਲਈ ਇਕ ਵੱਖਰੀ ਜਾਤੀ ਦਾ ਬਾਕਸ ਰੱਖਿਆ ਜਾਵੇ।
ਨੈਸ਼ਨਲ ਸਟੈਟਿਸਟਿਕਸ ਆਫਸ (ਰਾਸ਼ਟਰੀ ਅੰਕੜਾ ਦਫਤਰ) ਵੱਲੋਂ ਹੁਣ ਸਾਲ 2021 ਦੀ ਮਰਦਮਸ਼ੁਮਾਰੀ ਦੇ ਫਾਰਮ ਵਿਚ Ḕਸਿੱਖਇਜ਼ਮ’ ਨੂੰ ਇਕ ਜਾਤੀ (ਨਸਲ) ਵਜੋਂ ਸ਼ਾਮਲ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਪਰ ਹਾਲੇ ਇਸ ਮਾਮਲੇ ਨੂੰ ਲੈ ਕੇ ਕੁਝ ਸ਼ੰਕੇ ਵੀ ਪਾਏ ਜਾ ਰਹੇ ਹਨ ਕਿ ਪਤਾ ਨਹੀਂ ਸਾਰੇ 4æ30 ਲੱਖ ਸਿੱਖ ਇਸ ਨੂੰ ਪ੍ਰਵਾਨ ਕਰਨਗੇ ਜਾਂ ਨਹੀਂ। ਬ੍ਰਿਟਿਸ਼ ਸਿੱਖਾਂ ਦੇ ਸਰਬ-ਪਾਰਟੀ ਸੰਸਦੀ ਸਮੂਹ ਨੇ ਵੀ ਇਸ ਮਾਮਲੇ ਉਤੇ ਜਨਤਕ ਸਲਾਹ-ਮਸ਼ਵਰੇ ਲਈ ਗੁਰਦੁਆਰਾ ਸਾਹਿਬਾਨ ਤੋਂ ਮਦਦ ਮੰਗੀ ਹੈ।
ਇੰਗਲੈਂਡ ਦੇ ਨਸਲ ਸਬੰਧਾਂ ਬਾਰੇ ਕਾਨੂੰਨ 1976 ਅਧੀਨ ਸਿੱਖਾਂ ਨੂੰ ਕਾਨੂੰਨੀ ਤੌਰ ਉਤੇ ਇਕ ਜਾਤੀ ਸਮੂਹ ਵਜੋਂ ਮਾਨਤਾ ਹਾਸਲ ਹੈ। ਉਂਜ ਸਿੱਖਾਂ ਨੂੰ 2001 ਦੀ ਮਰਦਮਸ਼ੁਮਾਰੀ ਤੋਂ ਇਕ ਵੈਕਲਪਿਕ ਧਾਰਮਿਕ ਪ੍ਰਸ਼ਨ ਦੇ ਅੰਦਰ ਇਕ ਵੱਖਰੇ ਧਰਮ ਵਜੋਂ ਵੀ ਮਾਨਤਾ ਹਾਸਲ ਹੈ।
__________________________
ਖੁਦ ਨੂੰ ਭਾਰਤੀ ਦੱਸਣ ਤੋਂ ਝਿਜਕਦੇ ਨੇ ਬਹੁਤੇ ਸਿੱਖ
ਸਾਲ 2011 ਦੀ ਮਰਦਮਸ਼ੁਮਾਰੀ ਵਿਚ 83,000 ਤੋਂ ਵੱਧ ਸਿੱਖਾਂ ਨੇ ਜਾਤੀ ਦੇ ਸੁਆਲ ਉਤੇ ਕਿਸੇ ਵੀ ਵਿਕਲਪ ਉਤੇ ਸਹੀ ਦਾ ਨਿਸ਼ਾਨ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਂਜ ਮਰਦਮਸ਼ੁਮਾਰੀ ਵਾਲੇ ਫਾਰਮ ਵਿਚ Ḕਭਾਰਤੀ’ ਦਾ ਵਿਕਲਪ ਸੀ ਪਰ ਉਨ੍ਹਾਂ ਨੇ ਉਸ ਉਤੇ ਸਹੀ ਦਾ ਨਿਸ਼ਾਨ ਨਹੀਂ ਲਾਇਆ ਸੀ। ਹੁਣ ਯੂਕੇ ਦੇ ਨਸਲ ਸਬੰਧੀ ਐਕਟ, 1976 ਤਹਿਤ ਸਿੱਖ ਖੁਦ ਨੂੰ ਕਾਨੂੰਨੀ ਤੌਰ ‘ਤੇ ਭਾਰਤੀ ਜਾਂ ਬਰਤਾਨਵੀ ਭਾਰਤੀ ਦਰਸਾਉਂਦੇ ਹਨ। ਸਾਲ 2001 ਦੀ ਮਰਦਮਸ਼ੁਮਾਰੀ ਤੋਂ ਹੀ ਸਿੱਖ ਧਰਮ ਨੂੰ ਵੱਖਰਾ ਧਰਮ ਮੰਨਿਆ ਜਾ ਰਿਹਾ ਹੈ। ਸਾਲ 2017 ਵਿਚ ਓæਐਨæਐਸ਼ ਨੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਪਛਾਣ ਦੇਣ ਲਈ ਇੰਗਲੈਂਡ ਦੇ ਸੰਘਣੀ ਸਿੱਖ ਵਸੋਂ ਵਾਲੇ ਖਿੱਤਿਆਂ ਵਿਚ ਆਨ ਲਾਈਨ ਸਰਵੇਖਣ ਕਰਵਾਇਆ ਸੀ ਤਾਂ ਉਨ੍ਹਾਂ ਵਿਚੋਂ ਤਿੰਨ ਚੌਥਾਈ ਨੇ ਆਪਣਾ ਧਰਮ ਤੇ ਕੌਮ ਨੂੰ ਵੱਖੋ-ਵੱਖ ਤੌਰ ਉਤੇ ਸਿੱਖ ਹੀ ਦੱਸਿਆ ਸੀ।