ਭਾਜਪਾ ਦਾ ਰਾਹ ਡੱਕਣ ਲਈ ਹੋਵੇਗਾ ‘ਆਪ’ ਤੇ ਕਾਂਗਰਸ ਦਾ ਗੱਠਜੋੜ!

ਨਵੀਂ ਦਿੱਲੀ: ਬੀæਜੇæਪੀæ ਨੂੰ ਹਰਾਉਣ ਲਈ ‘ਆਪ’ ਤੇ ਕਾਂਗਰਸ ਦਾ ਗੱਠਜੋੜ ਹੋ ਸਕਦਾ ਹੈ। ਇਹ ਸੰਕੇਤ ਪਿਛਲੇ ਦਿਨਾਂ ਦੌਰਾਨ ਦੋਵਾਂ ਧਿਰਾਂ ਵੱਲੋਂ ਆਏ ਬਿਆਨਾਂ ਤੋਂ ਮਿਲ ਰਿਹਾ ਹੈ। ਪੰਜਾਬ ਵਿਚ ਵੀ ‘ਆਪ’ ਤੇ ਕਾਂਗਰਸ ਹੱਥ ਮਿਲਾ ਸਕਦੇ ਹਨ। ਇਸ ਦਾ ਸੰਕੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਵੀ ਮਿਲਦਾ ਹੈ।
ਕੈਪਟਨ ਨੇ ਆਮ ਆਦਮੀ ਪਾਰਟੀ ਸਮੇਤ ਕਿਸੇ ਵੀ ਹੋਰ ਸਿਆਸੀ ਪਾਰਟੀ ਨਾਲ ਗੱਠਜੋੜ ਉਤੇ ਕਿਹਾ ਕਿ ਇਹ ਪਾਰਟੀ ਹਾਈ ਕਮਾਨ ਨੇ ਤੈਅ ਕਰਨਾ ਹੈ।

ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਬਤੌਰ ਮੌਜੂਦਾ ਮੁੱਖ ਮੰਤਰੀ ਵਜੋਂ ਸ਼ਾਮਲ ਹੋਏ ਸਨ। ਕੈਪਟਨ ਨੇ ਕਿਹਾ ਕਿ ਕਿਸੇ ਸਿਆਸੀ ਪਾਰਟੀ ਨਾਲ ਸਾਂਝ ਪਾਉਣੀ ਇਹ ਪਾਰਟੀ ਦੇ ਮੁਖੀ ਦਾ ਅਧਿਕਾਰ ਹੈ, ਨਾ ਕਿ ਸਾਡਾ। ਉਨ੍ਹਾਂ ਕਿਹਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਸਾਨੂੰ ਜਿਸ ਦਾ ਸਾਥ ਦੇਣ ਨੂੰ ਕਹੇਗੀ, ਉਸ ਨਾਲ ਹੀ ਗਠਜੋੜ ਹੋਵੇਗਾ। ਹਾਲਾਂਕਿ, ਇਸ ਤੋਂ ਪਹਿਲਾਂ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦਕਿ ਕੈਪਟਨ ਦੇ ਬਿਆਨ ਤੋਂ ਜਾਪਦਾ ਹੈ ਕਿ ਗੱਠਜੋੜ ਦੀਆਂ ਸੰਭਾਵਨਾਵਾਂ ਮੌਜੂਦ ਹਨ।
ਇਸ ਤੋਂ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਉਂਦੀਆਂ ਚੋਣਾਂ ਵਿਚ ਬੀæਜੇæਪੀæ ਨੂੰ ਹਰਾਉਣ ਲਈ ਗਠਬੰਧਨ ਬਣਾਉਣ ਲਈ ਮੌਜੂਦਾ ਪ੍ਰਧਾਨ ਰਾਹੁਲ ਗਾਂਧੀ ਮੁਤਾਬਕ ਕੰਮ ਕਰਨ ਲਈ ਸਹਿਮਤੀ ਦਿੱਤੀ ਸੀ। ਕੈਪਟਨ ਦਾ ਬਿਆਨ ਸੋਨੀਆ ਗਾਂਧੀ ਦੇ ਬਿਆਨ ਤੋਂ ਬਾਅਦ ਸਾਹਮਣੇ ਆਇਆ ਹੈ। ਕਾਂਗਰਸ ਦੇ ਕਿਸੇ ਵੱਡੇ ਲੀਡਰ ਨੇ ਲੰਮੇ ਸਮੇਂ ਬਾਅਦ ਆਮ ਆਦਮੀ ਪਾਰਟੀ ਲਈ ਫਰਾਖ਼ਦਿਲੀ ਵਿਖਾਈ ਹੈ, ਜੋ ਹੁਣ ਤੱਕ ਅਲੱਗ-ਥਲੱਗ ਪਈ ਸੀ। ਜ਼ਿਕਰਯੋਗ ਹੈ ਕਿ ਲੋਕ ਸਭਾ ਵਿਚ ਬੇਵਿਸਾਹੀ ਮਤੇ ਦੌਰਾਨ ਵਿਰੋਧੀ ਧਿਰ ਦੇ ਹੱਕ ਵਿਚ ਵੋਟ ਕੀਤਾ ਸੀ। ਹਾਲਾਂਕਿ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚæਐਸ਼ ਫੂਲਕਾ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਜੇਕਰ ਕਾਂਗਰਸ ਨਾਲ ਗੱਠਜੋੜ ਹੁੰਦਾ ਹੈ ਤਾਂ ਉਹ ‘ਆਪ’ ਵਿਚ ਨਹੀਂ ਰਹਿਣਗੇ।
_______________________________
ਕਾਂਗਰਸ ਵਰਕਿੰਗ ਕਮੇਟੀ ਦੇ ਗਠਨ ‘ਚ ਪੰਜਾਬ ਅਣਗੌਲਿਆ
ਚੰਡੀਗੜ੍ਹ: ਸਰਬਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਵਡ-ਆਕਾਰੀ ਗਠਤ ਕੀਤੀ ਗਈ ਵਰਕਿੰਗ ਕਮੇਟੀ ਵਿਚ ਜਿਥੇ ਹਰਿਆਣਾ ਨੂੰ ਜ਼ਬਰਦਸਤ ਪ੍ਰਤੀਨਿਧਤਾ ਦਿੱਤੀ ਹੈ, ਉਥੇ ਪੰਜਾਬ ਨੂੰ ਲਗਭਗ ਅੱਖੋਂ ਓਹਲੇ ਹੀ ਕਰ ਦਿੱਤਾ ਹੈ। ਹਰਿਆਣਾ ਜਿਥੇ ਅਗਲੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਲੋਕ ਸਭਾ ਦੇ ਨਾਲ ਹਰਿਆਣਾ ਵਿਧਾਨ ਸਭਾ ਦੀਆਂ ਇਕੱਠੀਆਂ ਚੋਣਾਂ ਹੋ ਸਕਦੀਆਂ ਹਨ, ਤੋਂ 4 ਕਾਂਗਰਸੀਆਂ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਜਾਂ ਖਾਸ ਮਹਿਮਾਨ ਦੇ ਤੌਰ ਉਤੇ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਵਿਚ ਕੁਮਾਰੀ ਸੈਲਜਾ, ਰਣਦੀਪ ਸਿੰਘ ਸੂਰਜੇਵਾਲਾ, ਦੀਪਿੰਦਰ ਹੁੱਡਾ ਤੇ ਕੁਲਦੀਪ ਬਿਸ਼ਨੋਈ ਸ਼ਾਮਲ ਹਨ, ਪਰ ਪੰਜਾਬ ਵਿਚੋਂ ਸਿਰਫ ਅੰਬਿਕਾ ਸੋਨੀ ਨੂੰ ਲਿਆ ਗਿਆ ਹੈ, ਜੋ ਇਸ ਰਾਜ ਦੀ ਰਾਜਨੀਤੀ ਵਿਚ ਘੱਟ ਵੱਧ ਹੀ ਦਿਲਚਸਪੀ ਲੈਂਦੇ ਹਨ। ਉਹ ਪਹਿਲਾਂ ਵੀ ਸਰਬਹਿੰਦ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਰਹਿ ਚੁੱਕੇ ਹਨ। ਦਿਲਚਸਪ ਗੱਲ ਇਹ ਹੈ ਕਿ ਰਾਹੁਲ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੀ ਵਰਕਿੰਗ ਕਮੇਟੀ ਤੋਂ ਬਾਹਰ ਰੱਖਿਆ ਹਾਲਾਂਕਿ ਕੈਪਟਨ ਪਹਿਲਾਂ ਖਾਸ ਮਹਿਮਾਨ ਰਹਿ ਚੁੱਕੇ ਹਨ।
ਪੰਜਾਬ ਦੇ ਕਾਂਗਰਸੀ ਮਹਿਸੂਸ ਕਰਦੇ ਹਨ ਕਿ ਉਤਰੀ ਭਾਰਤ ‘ਚ ਇਸ ਸਮੇਂ ਸਿਰਫ ਪੰਜਾਬ ਹੀ ਇਕੋ-ਇਕ ਰਾਜ ਹੈ, ਜਿਥੇ ਕੈਪਟਨ ਅਮਰਿੰਦਰ ਸਿੰਘ ਲਗਾਤਾਰ 10 ਸਾਲਾਂ ਦੇ ਸੰਘਰਸ਼ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਨੂੰ ਲੱਕ ਤੋੜਵੀਂ ਹਾਰ ਦੇਣ ਪਿੱਛੋਂ ਦੁਬਾਰਾ ਸੱਤਾ ‘ਚ ਆਏ ਹਨ। ਹੋਰ ਤਾਂ ਹੋਰ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ 2 ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਤੇ ਰਾਜਾ ਵੀਰਭੱਦਰ ਸਿੰਘ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਪਰ ਆਸ਼ਾ ਕੁਮਾਰੀ ਜੋ ਹਿਮਾਚਲ ਪ੍ਰਦੇਸ਼ ਦੇ ਵਾਸੀ ਹਨ ਪਰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਨ, ਨੂੰ ਜ਼ਰੂਰ ਨਵੀਂ ਵਰਕਿੰਗ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ।