ਅਫਸਰਾਂ ਖਿਲਾਫ ਕਾਰਵਾਈ ਤੋਂ ਪੰਜਾਬ ਦਾ ਪੁਲਿਸ ਮੁਖੀ ਔਖਾ

ਚੰਡੀਗੜ੍ਹ: ਪੁਲਿਸ ਤੇ ਨਸ਼ਾ ਸਮਗਲਰਾਂ ਦੇ ਗੱਠਜੋੜ ਬਾਰੇ ਚੱਲ ਰਹੀ ਚਰਚਾ ਦੌਰਾਨ ਪੰਜਾਬ ਦੇ ਡੀæਜੀæਪੀæ ਸੁਰੇਸ਼ ਅਰੋੜਾ ਨੇ ਆਪਣੀ ਖਾਮੋਸ਼ੀ ਤੋੜਦਿਆਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਅਜਿਹੇ ਤਿੰਨ ਡੀæਜੀæਪੀਜ਼æ ਦੇ ਨਾਂ ਗਿਣਾਏ ਜਿਨ੍ਹਾਂ ਨੂੰ ਅਦਾਲਤ ਨੇ ਗਲਤ ਠਹਿਰਾਇਆ ਹੋਵੇ।

ਪੰਜਾਬ ਪੁਲਿਸ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕਾਰਨ ਮੂੰਹ ਖੋਲ੍ਹਣਾ ਪਿਆ ਕਿਉਂਕਿ ਮਾਮਲਾ ਅਦਾਲਤ ਦੇ ਜ਼ੇਰ-ਏ-ਗੌਰ ਹੋਣ ਦੇ ਬਾਵਜੂਦ ਮੀਡੀਆ ਵਿਚ ‘ਬਹੁਤ ਵੱਡੇ ਵੱਡੇ ਇਲਜ਼ਾਮ’ ਲਾਏ ਜਾ ਰਹੇ ਹਨ ਜਿਸ ਕਾਰਨ ਪੁਲਿਸ ਫੋਰਸ ਦਾ ਹੌਸਲਾ ਡਿੱਗ ਰਿਹਾ ਹੈ। ਇਕ ਦੋਸ਼ ਇਹ ਹੈ ਕਿ ਉਨ੍ਹਾਂ (ਸ੍ਰੀ ਅਰੋੜਾ) ਵੱਲੋਂ ਨਸ਼ਾ ਤਸਕਰੀ ਕੇਸਾਂ ਵਿਚ ਐਸ਼ਐਸ਼ਪੀæ ਰਾਜਜੀਤ ਸਿੰਘ ਦਾ ਬਚਾਅ ਕੀਤਾ ਜਾ ਰਿਹਾ ਹੈ। ਰਾਜਜੀਤ ਸਿੰਘ ਉਤੇ ਬਰਤਰਫ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਬਚਾਉਣ ਦੇ ਦੋਸ਼ ਹਨ। ਦੱਸਣਯੋਗ ਹੈ ਕਿ ਡੀæਜੀæਪੀæ-ਪੀæਐਸ਼ਪੀæਸੀæਐਲ਼ ਸਿਧਾਰਥ ਚੱਟੋਪਾਧਿਆਏ ਨੇ ਆਪਣੇ-ਆਪ ਨੂੰ ਸਨਅਤਕਾਰ ਇੰਦਰਪ੍ਰੀਤ ਚੱਢਾ ਦੇ ਖੁਦਕੁਸ਼ੀ ਮਾਮਲੇ ਵਿਚ ਨਾਮਜ਼ਦ ਕੀਤੇ ਜਾਣ ਕਾਰਨ ਨਿੱਜੀ ਹੈਸੀਅਤ ਵਿਚ ਇਕ ਹਲਫ਼ਨਾਮੇ ਰਾਹੀਂ ਸ੍ਰੀ ਅਰੋੜਾ ਉਤੇ ਇਹ ਦੋਸ਼ ਲਾਏ ਸਨ। ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਸਾਰੇ ਮਾਮਲੇ ਵਿਚ ਵਿਵਾਦ ਦਾ ਕੇਂਦਰ ਡੀæਜੀæਪੀæ-ਪੰਜਾਬ ਦਾ ਅਹੁਦਾ ਹੈ ਜੋ 30 ਸਤੰਬਰ ਨੂੰ ਸ੍ਰੀ ਅਰੋੜਾ ਦੀ ਸੇਵਾ ਮੁਕਤੀ ਉਤੇ ਖਾਲੀ ਹੋਣ ਵਾਲਾ ਹੈ।
ਸ੍ਰੀ ਚੱਟੋਪਾਧਿਆਏ ਅਤੇ ਡੀæਜੀæਪੀæ-ਇੰਟੈਲੀਜੈਂਸ ਦਿਨਕਰ ਗੁਪਤਾ ਇਸ ਅਹੁਦੇ ਲਈ ਦਾਅਵੇਦਾਰ ਹਨ। ਸ੍ਰੀ ਅਰੋੜਾ ਦਾ ਸੇਵਾਕਾਲ ਵਧਾਏ ਜਾਣ ਦੀ ਵੀ ਚਰਚਾ ਹੈ, ਪਰ ਉਨ੍ਹਾਂ ਇਸ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ 36 ਸਾਲਾਂ ਦੇ ਕਰੀਅਰ ਦੌਰਾਨ ਕਿਸੇ ਗ਼ਲਤ ਪੁਲਿਸ ਮੁਲਾਜ਼ਮ ਜਾਂ ਵਿਅਕਤੀ ਦਾ ਪੱਖ ਨਹੀਂ ਲਿਆ। ਇਹ ਸਾਰੇ ਇਲਜ਼ਾਮ ਮੇਰੇ ਕਰੀਅਰ ਦੇ ਐਨ ਅਖੀਰ ਉਤੇ ਕਿਸੇ ਖਾਸ ਮਕਸਦ ਲਈ ਲਾਏ ਜਾ ਰਹੇ ਹਨ। ਖਾਸਤੌਰ ਉਤੇ ਰਾਜਜੀਤ ਸਿੰਘ ਬਾਰੇ ਪੁੱਛੇ ਜਾਣ ਉਤੇ ਸ੍ਰੀ ਅਰੋੜਾ ਨੇ ਕਿਹਾ ਕਿ ਉਸ ਨਾਲ ਉਨ੍ਹਾਂ ਕਦੇ ਕੰਮ ਨਹੀਂ ਕੀਤਾ। ਉਨ੍ਹਾਂ ਮੁਤਾਬਕ ਇਹ ਮਾਮਲਾ 2013 ਦਾ ਹੈ ਜਦੋਂ ਉਹ ਡੀæਜੀæਪੀæ ਨਹੀਂ ਸਨ। ਉਨ੍ਹਾਂ ਕਿਹਾ ਕਿ ਉਤੋਂ ਵਿਜੀਲੈਂਸ ਨੇ ਇੰਦਰਜੀਤ ਸਿੰਘ ਖਿਲਾਫ਼ ਉਦੋਂ 2015 ਵਿਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ ਜਦੋਂ ਮੈਂ ਵਿਜੀਲੈਂਸ ਦਾ ਮੁਖੀ ਸੀ। ਉਨ੍ਹਾਂ ਕਿਹਾ ਕਿ ਇੰਜ ਉਨ੍ਹਾਂ ਦੀ 35 ਸਾਲਾਂ ਦੀ ‘ਮਿਹਨਤ ਤੇ ਦਿਆਨਤਦਾਰੀ’ ਉਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।