ਪਟਿਆਲਾ: ਭਾਰਤ ਦੇ ਹਰ ਖੇਤਰ ਵਿਚ ਸਮੇਂ ਦੇ ਨਾਲ ਵਿਕਾਸ ਤੇ ਬਦਲਾਅ ਹੋਣ ਦੇ ਬਾਵਜੂਦ ਦੇਸ਼ ਭਰ ਦੀਆਂ ਔਰਤਾਂ ਨੂੰ ਸੁਰੱਖਿਆ ਅਤੇ ਸਨਮਾਨ ਦੇਣ ਦੇ ਪੱਧਰ ‘ਚ ਕੋਈ ਬਹੁਤੀ ਤਬਦੀਲੀ ਆਉਂਦੀ ਨਜ਼ਰ ਨਹੀਂ ਆ ਰਹੀ। ਇਸ ਦਾ ਸਬੂਤ ਭਾਰਤ ਦੇ ਵੱਖ-ਵੱਖ ਹਿੱਸਿਆ ਵਿਚ ਹਰ ਦਿਨ ਔਰਤਾਂ ਨਾਲ ਵਾਪਰਦੀਆਂ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਤੋਂ ਮਿਲਦਾ ਹੈ।
ਹਿੰਦੁਸਤਾਨ ਵਿਚ ਔਰਤਾਂ ਕਿੰਨੀਆਂ ਕੁ ਸੁਰੱਖਿਅਤ ਹਨ, ਇਸ ਦੀ ਪੁਸ਼ਟੀ ਰਾਜ ਸਭਾ ‘ਚ 14 ਮਾਰਚ 2018 ਨੂੰ ਮਨਿਸਟਰੀ ਆਫ ਹੋਮ ਅਫੇਅਰਜ਼ ਵੱਲੋਂ ਔਰਤਾਂ ਖਿਲਾਫ਼ ਹੋਏ ਅਪਰਾਧਾਂ ਸਬੰਧੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਦੇ ਆਧਾਰ ਉਤੇ ਪੇਸ਼ ਕੀਤੇ ਰਿਪੋਰਟ ਕਰਦੀ ਹੈ।
ਰਿਪੋਰਟ ‘ਚ ਦੱਸਿਆ ਗਿਆ ਸੀ ਕਿ ਸਾਲ 2014 ਤੋਂ 2016 ਤੱਕ 10 ਲੱਖ 7 ਹਜ਼ਾਰ ਤੋਂ ਵੱਧ ਵੱਖ-ਵੱਖ ਅਪਰਾਧਿਕ ਘਟਨਾਵਾਂ ਦੇਸ਼ ਵਿਚ ਔਰਤਾਂ ਨਾਲ ਵਾਪਰੀਆਂ ਸਨ। ਰਿਪੋਰਟ ਵਿਚ ਔਰਤਾਂ ਨਾਲ ਅਤਿਆਚਾਰ, ਛੇੜਛਾੜ, ਜਬਰ ਜਨਾਹ, ਪਿੱਛਾ ਕਰਨਾ, ਪਰੇਸ਼ਾਨ ਕਰਨ ਤੋਂ ਇਲਾਵਾ ਉਹ ਅਪਰਾਧ ਵੀ ਸ਼ਾਮਲ ਹਨ, ਜਿਨ੍ਹਾਂ ਨਾਲ ਮਾਨਸਿਕ ਅਤੇ ਸਰੀਰਕ ਤੌਰ ਉਤੇ ਭਾਰਤੀ ਨਾਰੀਆਂ ਨੂੰ ਨੁਕਸਾਨ ਪਹੁੰਚਦਾ ਹੈ। ਰਿਪੋਰਟ ਅਨੁਸਾਰ ਸਾਲ 2016 ਵਿਚ 3 ਲੱਖ 38 ਹਜ਼ਾਰ 954 ਔਰਤਾਂ ਵੱਖ-ਵੱਖ ਅਪਰਾਧਾਂ ਤੋਂ ਪੀੜਤ ਹੋਈਆਂ। ਇਹ ਅੰਕੜਾ 2015 ‘ਚ 3 ਲੱਖ 29 ਹਜ਼ਾਰ 243 ਅਤੇ 2014 ਵਿਚ 3 ਲੱਖ 39 ਹਜ਼ਾਰ 457 ਸੀ। ਰਿਪੋਰਟ ਮੁਤਾਬਕ ਉਤਰ ਪ੍ਰਦੇਸ਼ ‘ਚ ਸਭ ਤੋਂ ਵੱਧ ਔਰਤਾਂ ਨਾਲ ਅਪਰਾਧਿਕ ਘਟਨਾਵਾਂ ਵਾਪਰੀਆਂ, ਸਾਲ 2016 ਵਿਚ 49 ਹਜ਼ਾਰ 262 ਔਰਤਾਂ ਜੁਰਮ ਦਾ ਸ਼ਿਕਾਰ ਹੋਈਆਂ ਸੀ। ਦੂਜੇ ਨੰਬਰ ਉਤੇ ਪੱਛਮੀ ਬੰਗਾਲ ‘ਚ 32 ਹਜ਼ਾਰ 513, ਤੀਜੇ ਸਥਾਨ ‘ਤੇ ਮਹਾਰਾਸ਼ਟਰ ‘ਚ 31 ਹਜ਼ਾਰ 338 ਔਰਤਾਂ ਨਾਲ ਅਪਰਾਧਿਕ ਘਟਨਾਵਾਂ ਵਾਪਰੀਆਂ।
27 ਹਜ਼ਾਰ 422 ਔਰਤਾਂ ਸਬੰਧੀ ਅਪਰਾਧਾਂ ਨਾਲ ਰਾਜਸਥਾਨ ਚੌਥੇ ਸਥਾਨ ਉਤੇ ਸੀ। ਪੰਜਵੇਂ ਨੰਬਰ ਉਤੇ ਮੱਧ ਪ੍ਰਦੇਸ ‘ਚ 26 ਹਜ਼ਾਰ 604 ਘਟਨਾਵਾਂ ਵਾਪਰੀਆਂ। ਆਸਾਮ ‘ਚ 20869, ਉੜੀਸਾ ਵਿਚ 17837, ਆਂਧਰਾ ਪ੍ਰਦੇਸ ‘ਚ 16362, ਤੇਲਗਾਨਾ ‘ਚ 15374, ਦਿੱਲੀ 15310, ਕਰਨਾਟਕਾ ‘ਚ 14131, ਬਿਹਾਰ ‘ਚ 13400, ਕੇਰਲਾ ਵਿਚ 10034, ਹਰਿਆਣਾ ‘ਚ 9839, ਗੁਜਰਾਤ ‘ਚ 8532, ਛੱਤੀਸਗੜ੍ਹ ਵਿਚ 5947, ਝਾਰਖੰਡ ‘ਚ 5453, ਪੰਜਾਬ ‘ਚ 5105, ਤਾਮਿਲਨਾਡੂ ‘ਚ 4463, ਜੰਮੂ ਕਸ਼ਮੀਰ ‘ਚ 2850, ਉਤਰਾਖੰਡ ਵਿਚ 1588, ਹਿਮਾਚਲ ਪ੍ਰਦੇਸ ‘ਚ 1222, ਤਿਰਪੁਰਾ ‘ਚ 1013, ਚੰਡੀਗੜ੍ਹ ਵਿਚ 414, ਮੇਘਾਲਿਆ ਵਿਚ 372, ਗੋਆ ਵਿਚ 371, ਅਰੁਣਾਚਲ ਪ੍ਰਦੇਸ ਵਿਚ 367, ਮਨੀਪੁਰ ‘ਚ 253, ਸਿੱਕਮ ‘ਚ 153, ਮਿਜ਼ੋਰਮ ‘ਚ 120, ਅੰਡੋਮਾਨ ਨਿਕੋਬਾਰ ‘ਚ 108, ਨਾਗਾਲੈਂਡ ‘ਚ 105, ਪੁੱਡੂਚਰੀ ਵਿਚ 95, ਦਮਨ ਅਤੇ ਦਿਓ ‘ਚ 41, ਡੀ ਐਂਡ ਐਨ ਹਵੇਲੀ ਵਿਚ 28 ਅਤੇ ਲਕਸ਼ਦੀਪ ਔਰਤਾਂ ਖਿਲਾਫ਼ 9 ਅਪਰਾਧਿਕ ਮਾਮਲੇ ਸਾਹਮਣੇ ਆਏ ਸਨ।