ਮੁਹਾਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਗੰਨਮੈਨਾਂ ਨੇ ਸੱਤਾ ਖੁੱਸਣ ਤੋਂ ਬਾਅਦ ਗੁਰਦੁਆਰੇ ਦੀ ਸਰਾਂ ਦੇ ਕਮਰੇ ਮੱਲ ਲਏ ਹਨ। ਇਥੋਂ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਸਰਾਂ ਵਿਚ ਬਾਦਲਾਂ ਦੇ 20 ਤੋਂ ਵੱਧ ਗੰਨਮੈਨਾਂ ਵੱਲੋਂ ਪੰਜ ਕਮਰਿਆਂ ਨੂੰ ਆਪਣੇ ਰਹਿਣ-ਸਹਿਣ ਲਈ ਵਰਤਿਆ ਜਾ ਰਿਹਾ ਹੈ।
ਗੁਰਦੁਆਰੇ ਦੀ ਸਰਾਂ ਵਿਚ ਪੰਜ ਕਮਰਿਆਂ ਵਿਚ ਬਾਦਲਾਂ ਦੇ ਗੰਨਮੈਨ ਰਹਿੰਦੇ ਹਨ। ਉਂਜ ਇਨ੍ਹਾਂ ਵਿਚੋਂ ਇਕ ਕਮਰਾ ਛੋਟੇ ਬਾਦਲ ਦੇ ਪੀਏ ਅਤੇ ਇਕ ਸਾਬਕਾ ਅਕਾਲੀ ਮੰਤਰੀ ਦੇ ਨਾਂ ਬੋਲਦਾ ਹੈ। ਸੇਵਾਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਮਰਿਆਂ ਵਿਚ ਇਨ੍ਹਾਂ ਆਗੂਆਂ ਦੇ ਗੰਨਮੈਨ ਰਹਿੰਦੇ ਹਨ ਅਤੇ ਵਾਪਸ ਜਾਣ ਵੇਲੇ ਗੰਨਮੈਨ ਆਪਣੀ ਰਿਹਾਇਸ਼ ਵਾਲੇ ਕਮਰਿਆਂ ਨੂੰ ਜਿੰਦਰਾ ਮਾਰ ਜਾਂਦੇ ਹਨ, ਜਿਸ ਕਾਰਨ ਲੋੜ ਪੈਣ ਉਤੇ ਉਹ ਕਿਸੇ ਹੋਰ ਲੋੜਵੰਦ ਯਾਤਰੀ ਨੂੰ ਕਮਰੇ ਨਹੀਂ ਦੇ ਸਕਦੇ ਹਨ। ਪੁਲਿਸ ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਅਕਾਲੀ ਸਰਕਾਰ ਵੇਲੇ ਇਹ ਗੰਨਮੈਨ ਕਿਸਾਨ ਭਵਨ ਵਿਚ ਵੱਡੇ ਏਸੀ ਹਾਲ ਕਮਰਿਆਂ ਵਿਚ ਰਹਿੰਦੇ ਰਹੇ ਹਨ। ਇਸ ਤੋਂ ਪਹਿਲਾਂ ਵੀ ਹੋਰ ਅਕਾਲੀ ਆਗੂਆਂ ਦੇ ਗੰਨਮੈਨ ਗੁਰਦੁਆਰੇ ਦੀ ਸਰਾਂ ਵਿਚ ਠਹਿਰਦੇ ਰਹੇ ਹਨ। ਇਕ ਸੇਵਾਦਾਰ ਨੇ ਦੱਸਿਆ ਕਿ ਗੰਨਮੈਨਾਂ ਨੂੰ ਸਰਾਂ ਵਿਚ ਕਮਰੇ ਦੇਣ ਲਈ ਸੁਖਬੀਰ ਬਾਦਲ ਦੇ ਇਕ ਓæਐਸ਼ਡੀæ ਵੱਲੋਂ ਫੋਨ ਕੀਤਾ ਜਾਂਦਾ ਹੈ।
ਸ਼੍ਰੋਮਣੀ ਕਮੇਟੀ ਦੇ ਆਜ਼ਾਦ ਮੈਂਬਰ ਭਾਈ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰੇ ਦੀਆਂ ਸਰਾਵਾਂ ਦੇ ਕਮਰੇ ਸਾਰੀ ਸੰਗਤ ਲਈ ਹੁੰਦੇ ਹਨ ਤੇ ਅਜਿਹੀਆਂ ਥਾਵਾਂ ਦਾ ਰਾਜਨੀਤਕ ਤੌਰ ਉਤੇ ਲਾਹਾ ਲੈਣਾ ਮਾੜੀ ਗੱਲ ਹੈ। ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ, ਪਰ ਜਾਣ ਵੇਲੇ ਕਮਰਿਆਂ ਨੂੰ ਜਿੰਦਰਾ ਮਾਰਨ ਬਾਰੇ ਉਹ ਪ੍ਰਧਾਨ ਨਾਲ ਜ਼ਰੂਰ ਗੱਲ ਕਰਨਗੇ।
ਉਧਰ, Ḕਆਪ’ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਤੇ ਪੰਚਾਇਤ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਹਰਵਿੰਦਰ ਸਿੰਘ ਮਾਵੀ ਨੇ ਪੰਜਾਬ ਸਰਕਾਰ, ਡੀæਜੀæਪੀæ ਤੇ ਗ੍ਰਹਿ ਵਿਭਾਗ ਤੋਂ ਮੰਗ ਕੀਤੀ ਕਿ ਬਾਦਲਾਂ ਸਮੇਤ ਹੋਰ ਸਿਆਸੀ ਆਗੂਆਂ ਤੋਂ ਗੰਨਮੈਨ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਰਾਜਸੀ ਆਗੂਆਂ ਨੇ ਅਧਿਕਾਰੀਆਂ ਅਤੇ ਲੋਕਾਂ ਉਤੇ ਰੋਹਬ ਪਾਉਣ ਲਈ ਗੰਨਮੈਨ ਰੱਖੇ ਹੋਏ ਹਨ, ਜਦੋਂਕਿ ਸੂਬੇ ਦੇ ਕਈ ਥਾਣਿਆਂ ਵਿਚ ਪੁਲਿਸ ਨਫਰੀ ਦੀ ਘਾਟ ਹੈ।
ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਗੁਰਦੁਆਰੇ ਵਿਚ ਰਹਿਣ ਲਈ ਕਦੇ ਕਦਾਈਂ ਹੀ ਗੰਨਮੈਨ ਆਉਂਦੇ ਹਨ ਤੇ ਉਨ੍ਹਾਂ ਨੂੰ ਕਮਰੇ ਦਿੱਤੇ ਜਾਂਦੇ ਹਨ, ਪਰ ਕਿਸੇ ਗੰਨਮੈਨ ਨੂੰ ਪੱਕੇ ਤੌਰ ਉਤੇ ਕੋਈ ਕਮਰਾ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਓæਐਸ਼ਡੀæ ਨੇ ਫੋਨ ਕਰ ਕੇ ਗੰਨਮੈਨਾਂ ਨੂੰ ਕਮਰਾ ਦੇਣ ਲਈ ਆਖਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ, ਇਸ ਸਬੰਧੀ ਪ੍ਰਬੰਧਕਾਂ ਨਾਲ ਗੱਲ ਕਰ ਕੇ ਪਤਾ ਕੀਤਾ ਜਾਵੇਗਾ।