-ਜਤਿੰਦਰ ਪਨੂੰ
ਲੰਘੇ ਸ਼ੁੱਕਰਵਾਰ ਦੀ ਭਾਰਤ ਦੇ ਲੋਕਾਂ ਨੂੰ ਇਸ ਲਈ ਉਡੀਕ ਸੀ ਕਿ ਉਸ ਦਿਨ ਭਾਜਪਾ ਆਗੂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਖਿਲਾਫ ਬੇਭਰੋਸਗੀ ਮਤਾ ਪੇਸ਼ ਹੋਣ ਵਾਲਾ ਸੀ। ਲੋਕ ਸਭਾ ਵਿਚ ਇਸ ਵਕਤ ਪਾਰਟੀਆਂ ਦੇ ਮੈਂਬਰਾਂ ਦੀ ਗਿਣਤੀ ਦੇ ਜਾਣਕਾਰਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਇਸ ਮਤੇ ਨੇ ਪਾਰ ਨਹੀਂ ਲੱਗਣਾ, ਪਰ ਜਦੋਂ ਸ਼ਿਵ ਸੈਨਾ ਵਾਲਿਆਂ ਨੇ ਕਹਿ ਦਿੱਤਾ ਕਿ ਸਰਕਾਰ ਦੀ ਹਮਾਇਤ ਨਹੀਂ ਕਰਨੀ, ਇਸ ਨਾਲ ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾਣ ਲੱਗ ਪਏ ਕਿ ਸਰਕਾਰ ਖਤਰੇ ਵਿਚ ਪੈ ਸਕਦੀ ਹੈ। ਇਹ ਐਵੇਂ ਵਹਿਮ ਸੀ।
ਸ਼ਿਵ ਸੈਨਾ ਸਰਕਾਰ ਵਿਚ ਸ਼ਾਮਲ ਸੀ ਤੇ ਆਪਣੀ ਸਰਕਾਰ ਵਿਰੁਧ ਵੋਟ ਦੇਣ ਤੋਂ ਪਹਿਲਾਂ ਉਸ ਦੇ ਮੰਤਰੀਆਂ ਨੂੰ ਅਹੁਦੇ ਛੱਡਣੇ ਪੈਣੇ ਸਨ। ਇਹ ਕੰਮ ਸ਼ਿਵ ਸੈਨਾ ਵਾਲਿਆਂ ਨੇ ਅਜੇ ਤੱਕ ਮਹਾਰਾਸ਼ਟਰ ਵਿਚ ਨਹੀਂ ਸੀ ਕੀਤਾ, ਕੇਂਦਰ ਵਿਚ ਵੀ ਨਹੀਂ ਸੀ ਕਰਨਾ। ਉਹ ਸਿਰਫ ਭਾਜਪਾ ਤੋਂ ਫਾਸਲਾ ਦਿਖਾਉਣ ਅਤੇ ਏਨਾ ਕੁ ਵਿਰੋਧ ਕਰ ਕੇ ਭਾਜਪਾ ਲੀਡਰਾਂ ਤੋਂ ਕੁਝ ਮੰਗਾਂ ਮੰਨਵਾਉਣ ਤੱਕ ਸੀਮਤ ਸਨ, ਇਸ ਤੋਂ ਅੱਗੇ ਵਧਣ ਵਾਲੇ ਨਹੀਂ। ਹੋਇਆ ਵੀ ਇਹੋ ਹੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮੁੰਬਈ ਜਾ ਕੇ ਊਧਵ ਠਾਕਰੇ ਦੀ ਮਿੰਨਤ ਕੀਤੀ ਤੇ ਵਿਰੋਧ ਦੀ ਥਾਂ ਉਹ ਬਾਈਕਾਟ ਦਾ ਰਾਹ ਚੁਣ ਕੇ ਪਾਸੇ ਹੋ ਗਏ।
ਕੇਂਦਰ ਸਰਕਾਰ ਖਿਲਾਫ ਬੇਭਰੋਸਗੀ ਮਤਾ ਆਮ ਤੌਰ ‘ਤੇ ਸਭ ਤੋਂ ਵੱਡੀ ਵਿਰੋਧੀ ਪਾਰਟੀ ਜਾਂ ਕਿਸੇ ਏਦਾਂ ਦੀ ਹੋਰ ਧਿਰ ਵੱਲੋਂ ਪੇਸ਼ ਕੀਤਾ ਜਾਂਦਾ ਹੈ, ਪਰ ਨਰਿੰਦਰ ਮੋਦੀ ਸਰਕਾਰ ਵਿਰੁਧ ਮਤਾ ਉਸ ਤੈਲਗੂ ਦੇਸਮ ਨੇ ਪੇਸ਼ ਕੀਤਾ ਸੀ, ਜੋ ਚਾਰ ਸਾਲ ਸਰਕਾਰ ਵਿਚ ਸ਼ਾਮਲ ਰਹਿ ਚੁਕੀ ਸੀ। ਪੰਜਵੇਂ ਸਾਲ ਵਿਚ ਨਾਟਕੀ ਢੰਗ ਨਾਲ ਆਪਣੇ ਰਾਜ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰ ਕੇ ਉਸ ਨੇ ਵਿਰੋਧ ਕਰ ਦਿੱਤਾ ਤੇ ਸਾਰੀ ਲੜਾਈ ਇਸ ਦਰਜੇ ਤੱਕ ਸੀਮਤ ਹੈ। ਫਰਜ਼ ਕਰੋ ਕਿ ਨਾਟਕੀ ਦਾਅ ਖੇਡਣ ਦੇ ਆਪਣੇ ਸੁਭਾਅ ਅਨੁਸਾਰ ਭਲਕ ਨੂੰ ਨਰਿੰਦਰ ਮੋਦੀ ਅਚਾਨਕ ਇਹ ਵਿਸ਼ੇਸ਼ ਦਰਜਾ ਦੇਣ ਦਾ ਐਲਾਨ ਕਰ ਦੇਵੇ, ਤੈਲਗੂ ਦੇਸਮ ਫਿਰ ਉਸ ਨਾਲ ਜੁੜ ਜਾਵੇਗੀ ਤੇ ਚੋਣਾਂ ਮਗਰੋਂ ਫਿਰ ਕੁਝ ਨਾ ਮਿਲੇ ਤਾਂ ਚਾਰ ਕੁ ਸਾਲ ਰਾਜ-ਸੁਖ ਮਾਣ ਕੇ ਇੱਕ ਵਾਰ ਹੋਰ ਪਾਸੇ ਹੋ ਜਾਵੇਗੀ। ਉਸ ਪਾਰਟੀ ਦਾ ਪਹਿਲਾਂ ਵੀ ਇਹੋ ਇਤਿਹਾਸ ਰਿਹਾ ਹੈ। ਕਾਂਗਰਸੀ ਆਗੂ ਉਸ ਦੇ ਪੇਸ਼ ਕੀਤੇ ਮਤੇ ਨਾਲ ਜੁੜ ਕੇ ਐਵੇਂ ਚੋਣਾਂ ਤੋਂ ਪਹਿਲਾਂ ਆਪਣੀ ਬੇਇੱਜਤੀ ਕਰਵਾ ਬੈਠੇ ਹਨ।
ਉਂਜ ਸਭ ਤੋਂ ਵੱਧ ਬੇਇੱਜਤੀ ਕਾਂਗਰਸ ਵਾਲਿਆਂ ਨੂੰ ਆਪਣੇ ਆਗੂ ਰਾਹੁਲ ਗਾਂਧੀ ਦੇ ਗੈਰ-ਗੰਭੀਰ ਵਿਹਾਰ ਕਾਰਨ ਸਹਿਣੀ ਪਈ ਹੈ। ਭਾਸ਼ਣ ਉਸ ਦਾ ਬੜਾ ਚੰਗਾ ਸੀ, ਸਿਰਫ ਰਾਫੇਲ ਹਵਾਈ ਜਹਾਜਾਂ ਦਾ ਮੁੱਦਾ ਉਠਾਉਣ ਲਈ ਉਸ ਨੇ ਗਲਤ ਢੰਗ ਵਰਤਿਆ ਸੀ, ਜਿਸ ਨਾਲ ਉਹ ਖੁਦ ਫਸ ਗਿਆ। ਬਾਕੀ ਸਭ ਕੁਝ ਬੜਾ ਤੋਲਵਾਂ ਜਾਪਦਾ ਸੀ। ਜਿੰਨੀ ਭਾਸ਼ਣ ਦੇ ਨਾਲ ਉਸ ਦੀ ਭੱਲ ਬਣ ਸਕਦੀ ਸੀ, ਉਹ ਉਦੋਂ ਰੁੜ੍ਹ ਗਈ, ਜਦੋਂ ਉਹ ਆਪਣੀ ਸੀਟ ਤੋਂ ਕਾਹਲੇ ਕਦਮੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਗਿਆ ਤੇ ਬਦੋਬਦੀ ਜਵਾਕ ਗੋਦੀ ਬਹਿਣ ਵਾਂਗ ਉਸ ਨੂੰ ਜੱਫੀ ਪਾਉਣ ਪਿੱਛੋਂ ਵਾਪਸ ਆ ਗਿਆ।
ਰਾਹੁਲ ਗਾਂਧੀ ਸਮਝਦਾ ਹੋਵੇਗਾ ਤੇ ਉਸ ਦੇ ਸਲਾਹਕਾਰ ਵੀ ਸੋਚਦੇ ਹੋਣਗੇ ਕਿ ਇਸ ਨਾਲ ਬੜਾ ਵੱਡਾ ਦਾਅ ਖੇਡ ਲਿਆ ਹੈ, ਪਰ ਇਹੋ ਦਾਅ ਉਨ੍ਹਾਂ ਨੂੰ ਪੁੱਠਾ ਪੈ ਗਿਆ। ਨਰਿੰਦਰ ਮੋਦੀ ਨੇ ਇਹ ਕਹਿ ਕੇ ਚਿੜਾਉਣ ਲਈ ਮੌਕਾ ਵਰਤ ਲਿਆ ਕਿ ਉਹ ਮੇਰੇ ਨਾਲ ਮੋਹ ਜਤਾਉਣ ਨਹੀਂ ਆਇਆ, ਰਾਤ ਦਿਨ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਜਿਵੇਂ ਸੁਫਨੇ ਲੈਂਦਾ ਹੈ, ਉਸ ਕਾਰਨ ਉਸ ਕੁਰਸੀ ਨੂੰ ਝਾਤੀ ਮਾਰਨ ਆਇਆ ਸੀ। ਰਾਹੁਲ ਗਾਂਧੀ ਵੱਲੋਂ ਭਾਸ਼ਣ ਵਿਚ ਸਾਥੀ ਮੈਂਬਰਾਂ ਵੱਲ ਅੱਖ ਮਾਰਨ ਦੀ ਹਰਕਤ ਨੇ ਵੀ ਉਸ ਦੀ ਸਥਿਤੀ ਖਰਾਬ ਕੀਤੀ, ਤੇ ਨਾਲ ਉਸ ਦੀ ਪਾਰਟੀ ਦੀ ਵੀ।
ਸਭ ਤੋਂ ਵੱਧ ਮਾਰ ਕਾਂਗਰਸ ਪਾਰਟੀ ਤੇ ਉਸ ਦੇ ਆਗੂ ਨੇ ਰਾਫੇਲ ਜਹਾਜਾਂ ਦਾ ਸੌਦਾ ਚੁੱਕ ਕੇ ਖਾਧੀ। ਰਾਹੁਲ ਗਾਂਧੀ ਨੇ ਇਹ ਗੱਲ ਕਹਿ ਦਿੱਤੀ ਕਿ ਇਸ ਸੌਦੇ ਦੇ ਵੇਰਵੇ ਨਰਿੰਦਰ ਮੋਦੀ ਸਰਕਾਰ ਇਹ ਕਹਿ ਕੇ ਨਹੀਂ ਦਿੰਦੀ ਕਿ ਫਰਾਂਸ ਨਾਲ ਹੋਏ ਸਮਝੌਤੇ ਵਿਚ ਇਹ ਗੱਲ ਲਿਖੀ ਗਈ ਹੈ ਕਿ ਵੇਰਵੇ ਜੱਗ ਜਾਹਰ ਨਹੀਂ ਕਰਨੇ, ਪਰ ਫਰਾਂਸ ਦਾ ਰਾਸ਼ਟਰਪਤੀ ਮੈਨੂੰ ਇਹ ਕਹਿ ਗਿਆ ਹੈ ਕਿ ਏਦਾਂ ਦੀ ਕੋਈ ਗੱਲ ਲਿਖੀ ਹੋਈ ਨਹੀਂ। ਉਸ ਨੇ ਇਹ ਵੀ ਕਿਹਾ ਕਿ ਮੈਂ ਇਸ ਬਾਰੇ ਪੁੱਛਿਆ ਸੀ ਕਿ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਇਹ ਗੱਲ ਦੱਸ ਦਿਆਂ ਤੇ ਫਰਾਂਸ ਦੇ ਰਾਸ਼ਟਰਪਤੀ ਨੇ ਖੁਦ ਕਿਹਾ ਸੀ, ਦੱਸ ਦਿਓ।
ਜਵਾਨੀ ਦੇ ਜੋਸ਼ ਵਿਚ ਰਾਹੁਲ ਗਾਂਧੀ ਇਹ ਪੱਖ ਭੁੱਲ ਗਿਆ ਕਿ ਇਸ ਪੱਧਰ ਦੇ ਲੋਕਾਂ ਵਿਚਾਲੇ ਹੋਈਆਂ ਗੱਲਾਂ ਦਾ ਏਦਾਂ ਜ਼ਿਕਰ ਨਹੀਂ ਕਰੀਦਾ ਤੇ ਜਦੋਂ ਕਰਨਾ ਹੋਵੇ ਤਾਂ ਇਸ ਦੇ ਸਬੂਤ ਹੱਥ ਵਿਚ ਰੱਖਣੇ ਹੁੰਦੇ ਹਨ। ਮਸਾਂ ਅੱਧੇ ਘੰਟੇ ਪਿੱਛੋਂ ਫਰਾਂਸ ਦੀ ਸਰਕਾਰ ਦਾ ਬਿਆਨ ਆ ਗਿਆ ਕਿ ਪਿਛਲੀ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਜਦੋਂ ਸਮਝੌਤਾ ਸ਼ੁਰੂ ਹੋਇਆ ਸੀ, ਇਹ ਗੱਲ ਉਸੇ ਵੇਲੇ ਮੰਨੀ ਗਈ ਸੀ ਕਿ ਇਹ ਵੇਰਵੇ ਗੁਪਤ ਰੱਖੇ ਜਾਣਗੇ। ਰਾਹੁਲ ਗਾਂਧੀ ਨੇ ਇਸ ਭਾਸ਼ਣ ਤੋਂ ਪਹਿਲਾਂ ਕੁਝ ਹੋਮ-ਵਰਕ ਕੀਤਾ ਹੁੰਦਾ ਤੇ ਉਸ ਦੇ ਸਲਾਹ ਦੇਣ ਵਾਲਿਆਂ ਦੀ ਮੰਡਲੀ ਕੁਝ ਸਿਆਣੀ ਹੁੰਦੀ ਤਾਂ ਇਸ ਬੇਇੱਜਤੀ ਤੋਂ ਉਹ ਬਚ ਸਕਦਾ ਸੀ।
ਫਰਾਂਸ ਦੇ ਰਾਸ਼ਟਰਪਤੀ ਨੇ ‘ਇੰਡੀਆ ਟੂਡੇ’ ਗਰੁਪ ਨੂੰ ਇੰਟਰਵਿਊ ਦੇਣ ਸਮੇਂ ਇਹ ਗੱਲ ਪਹਿਲਾਂ ਹੀ ਸਪੱਸ਼ਟ ਕੀਤੀ ਹੋਈ ਸੀ। ਉਸ ਨੂੰ ਕਿਹਾ ਗਿਆ ਸੀ ਕਿ ਤੁਸੀਂ ਇਹ ਵੇਰਵੇ ਜੱਗ ਜਾਹਰ ਕਰ ਦਿਓ ਤਾਂ ਭਾਰਤ ਵਿਚ ਚੱਲਦੀ ਚਰਚਾ ਰੁਕ ਸਕਦੀ ਹੈ ਤੇ ਉਸ ਨੇ ਕਿਹਾ ਸੀ ਕਿ ਭਾਰਤ ਵਿਚ ਚਰਚਾ ਦੇ ਜਿੰਮੇਵਾਰ ਅਸੀਂ ਨਹੀਂ, ਅਸੀਂ ਇਹ ਵੇਰਵੇ ਇਸ ਲਈ ਜਾਰੀ ਨਹੀਂ ਕਰ ਸਕਦੇ ਕਿ ਜਹਾਜ ਬਣਾਉਣ ਦੀ ਸਾਡੀ ਇਕੱਲੀ ਕੰਪਨੀ ਨਹੀਂ, ਦੁਨੀਆਂ ਦੇ ਹੋਰ ਕੁਝ ਦੇਸ਼ਾਂ ਦੀਆਂ ਕੰਪਨੀਆਂ ਵੀ ਬਣਾਉਂਦੀਆਂ ਹਨ। ਇਸ ਕੰਮ ਲਈ ਆਪੋ ਵਿਚ ਮੁਕਾਬਲੇਬਾਜ਼ੀ ਹੁੰਦੀ ਹੈ ਤੇ ਜੇ ਅਸੀਂ ਵੇਰਵੇ ਜਾਰੀ ਕਰ ਦੇਈਏ ਤਾਂ ਸਾਡੀਆਂ ਮੁਕਾਬਲੇਬਾਜ਼ ਕੰਪਨੀਆਂ ਤੱਕ ਵੀ ਗੱਲ ਚਲੀ ਜਾਵੇਗੀ ਤੇ ਅਗਲੀ ਵਾਰੀ ਭਾਰਤ ਨੂੰ ਮਾਲ ਵੇਚਣ ਸਾਥੋਂ ਪਹਿਲਾਂ ਉਹ ਆ ਜਾਣਗੇ।
ਸਿਰਫ ਮਾਲ ਵੇਚਣ ਵਾਲਿਆਂ ਦੀ ਮੁਕਾਬਲੇਬਾਜ਼ੀ ਨਹੀਂ ਹੁੰਦੀ, ਮਾਲ ਲੈਣ ਵਾਲੇ ਲੋਕਾਂ ਨਾਲ ਵੀ ਕਈ ਕੁਝ ਤੈਅ ਕੀਤਾ ਜਾਂਦਾ ਹੈ ਤੇ ਜਦੋਂ ਹੋਰ ਦੇਸ਼ਾਂ ਤੱਕ ਇਹ ਗੱਲ ਪਹੁੰਚੀ ਕਿ ਭਾਰਤ ਨਾਲ ਆਹ ਰੇਟ ਕੀਤਾ ਸੀ ਤਾਂ ਉਹ ਆਪਣੇ ਲਈ ਇਹ ਹੀ ਛੋਟ ਮੰਗਣਗੇ। ਕਾਰੋਬਾਰ ਦੇ ਖੇਤਰ ਵਿਚ ਇਹ ਗੱਲਾਂ ਭੇਦ ਰੱਖਣੀਆਂ ਪੈਂਦੀਆਂ ਹਨ। ਉਸ ਦੀ ਇੰਟਰਵਿਊ ਅੱਜ ਤੱਕ ਇੰਟਰਨੈਟ ‘ਤੇ ਮਿਲ ਸਕਦੀ ਹੈ। ਰਾਹੁਲ ਗਾਂਧੀ ਤੇ ਉਸ ਦੀ ਟੀਮ ਨੂੰ ਸੁਣ ਲੈਣੀ ਚਾਹੀਦੀ ਸੀ। ਆਪਣੀ ਇਸ ਭੁੱਲ ਨਾਲ ਉਹ ਫਰਾਂਸ ਦੀ ਸਰਕਾਰ ਤੇ ਰਾਸ਼ਟਰਪਤੀ ਕੋਲ ਵੀ ਬੁਰੇ ਬਣ ਗਏ ਹਨ, ਜਿਸ ਦਾ ਭਵਿੱਖ ਵਿਚ ਨੁਕਸਾਨ ਹੋ ਸਕਦਾ ਹੈ। ਉਸ ਨੇ ਮਾਲ ਭਾਰਤ ਸਰਕਾਰ ਨੂੰ ਵੇਚਣਾ ਸੀ, ਜਿਸ ਦਾ ਮੁਖੀ ਨਰਿੰਦਰ ਮੋਦੀ ਹੈ। ਕਾਂਗਰਸ ਨਾਲ ਨੇੜਤਾ ਦੱਸ ਕੇ ਉਹ ਆਪਣੇ ਸੌਦੇ ਨੂੰ ਸਿਰੇ ਚੜ੍ਹਨ ‘ਤੇ ਸਵਾਲੀਆ ਨਿਸ਼ਾਨ ਨਹੀਂ ਸੀ ਲਾ ਸਕਦੇ।
ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਇਹ ਦੁਹਰਾ ਰਹੀ ਹੈ ਕਿ ਜਹਾਜਾਂ ਦਾ ਸੌਦਾ ਸਾਡੇ ਵੇਲੇ ਘੱਟ ਕੀਮਤ ਦਾ ਸੀ ਤੇ ਮੋਦੀ ਸਰਕਾਰ ਨੇ ਕਈ ਗੁਣਾ ਮਹਿੰਗਾ ਕੀਤਾ ਹੈ, ਪਰ ਫਰਾਂਸ ਦੀ ਸਰਕਾਰ ਇਹ ਗੱਲ ਰੱਦ ਨਹੀਂ ਕਰ ਸਕੀ ਕਿ ਭੇਦ ਗੁਪਤ ਰੱਖਣ ਦੀ ਲਾਈਨ ਸਾਲ 2008 ਵਾਲੇ ਮੁਢਲੇ ਸਮਝੌਤੇ ਵਿਚ ਦਰਜ ਸੀ। ਜੇ ਇਹ ਉਦੋਂ ਦਰਜ ਕਰ ਲਈ ਸੀ ਤਾਂ ਕਾਂਗਰਸ ਦੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੋਏ ਸੌਦੇ ਬਾਰੇ ਕਾਂਗਰਸ ਆਗੂਆਂ ਨੂੰ ਪਤਾ ਹੋਣਾ ਚਾਹੀਦਾ ਸੀ। ਉਨ੍ਹਾਂ ਨੂੰ ਆਪਣੇ ਪ੍ਰਧਾਨ ਨੂੰ ਇਸ ਬਾਰੇ ਕਹਿਣਾ ਚਾਹੀਦਾ ਸੀ ਕਿ ਸੰਭਲ ਕੇ ਭਾਸ਼ਣ ਕਰੇ। ਲੱਗਦਾ ਹੈ ਕਿ ਬੀਤੇ ਸਮੇਂ ਵਾਂਗ ਅੱਜ ਵੀ ਇਸ ਪਾਰਟੀ ਵਿਚ ਆਪਣੇ ਪ੍ਰਧਾਨ ਨੂੰ ਟੋਕਣ ਜੋਗਾ ਕੋਈ ਆਗੂ ਨਹੀਂ। ਇਹ ਹੋਰ ਵੀ ਘਾਤਕ ਸਥਿਤੀ ਹੈ।
ਪਾਰਲੀਮੈਂਟ ਚੋਣਾਂ ਮਿੱਥੇ ਸਮੇਂ ‘ਤੇ ਹੋਣ ਤਾਂ ਇਨ੍ਹਾਂ ਦੀ ਸਰਗਰਮੀ ਫਰਵਰੀ ਵਿਚ ਸ਼ੁਰੂ ਹੋ ਜਾਣੀ ਹੈ ਤੇ ਇਸ ਤਰ੍ਹਾਂ ਬਾਕੀ ਮਸਾਂ ਅੱਠ ਮਹੀਨੇ ਬਚੇ ਹਨ। ਇਹ ਵੇਲਾ ਬਹੁਤ ਤੋਲਵੇਂ ਕਦਮ ਚੁੱਕਣ ਵਾਲਾ ਸੀ। ਭਾਜਪਾ ਦਾ ਪ੍ਰਧਾਨ ਮੰਤਰੀ ਉਂਜ ਵੀ ਹਮਲਾਵਰੀ ਦੀ ਸਿਖਰ ਤੱਕ ਪਹੁੰਚਦਾ ਹੈ, ਉਸ ਨੂੰ ਆਪ ਏਦਾਂ ਦਾ ਮੌਕਾ ਪੇਸ਼ ਕਰਨ ਦੀ ਕਾਂਗਰਸ ਆਗੂ ਨੇ ਜੋ ਭੁੱਲ ਕੀਤੀ ਹੈ, ਉਹ ਕੱਲ੍ਹ ਨੂੰ ਮਹਿੰਗੀ ਪਵੇਗੀ। ਗੁਜਰਾਤ ਵਿਚ ਸਿਰੇ ਚੜ੍ਹੀ ਚੋਣ ਮੁਹਿੰਮ ਅਖੀਰਲੇ ਹਫਤੇ ਵਿਚ ਕਾਂਗਰਸੀ ਆਗੂਆਂ ਦੇ ਪਾਕਿਸਤਾਨੀ ਰਾਜਦੂਤ ਨਾਲ ਰਾਤ ਦੇ ਖਾਣੇ ਨੇ ਗਰਕ ਕਰ ਦਿੱਤੀ ਸੀ ਤੇ ਖਾਣੇ ਦਾ ਪ੍ਰਬੰਧ ਜਿਸ ਮਣੀ ਸ਼ੰਕਰ ਅਈਅਰ ਨੇ ਕੀਤਾ ਸੀ, ਉਸ ਨੇ ਨਰਿੰਦਰ ਮੋਦੀ ਬਾਰੇ ਇੱਕ ਭੱਦੀ ਟਿੱਪਣੀ ਕਰ ਕੇ ਰਹੀ ਕਸਰ ਕੱਢ ਦਿੱਤੀ ਸੀ। ਨਰਿੰਦਰ ਮੋਦੀ ਨੇ ਪਾਕਿਸਤਾਨੀ ਰਾਜਦੂਤ ਨਾਲ ਕਾਂਗਰਸੀ ਆਗੂਆਂ ਦੇ ਡਿਨਰ ਤੇ ਇਸ ਟਿੱਪਣੀ ਨੂੰ ਲੈ ਕੇ ਕਾਂਗਰਸ ਨੂੰ ਛੱਜ ਵਿਚ ਪਾ ਕੇ ਛੱਟਿਆ ਸੀ। ਇਹ ਪਾਰਟੀ ਆਪਣੀਆਂ ਗਲਤੀਆਂ ਤੋਂ ਅਜੇ ਵੀ ਸਿੱਖਣਾ ਨਹੀਂ ਚਾਹੁੰਦੀ ਜਾਪਦੀ।