ਬਲਜੀਤ ਬਾਸੀ
ਇੱਕ ਚੁਟਕਲੇ ਤੋਂ ਗੱਲ ਸ਼ੁਰੂ ਕਰਦੇ ਹਾਂ। ਇੱਕ ਜਣੇ ਨੇ ਦੂਸਰੇ ਨੂੰ ਗੰਭੀਰਤਾ ਸਹਿਤ ਪੁੱਛਿਆ, “ਚਾਬੀ ਨੂੰ ਅੰਗਰੇਜ਼ੀ ਵਿਚ ਕੀ ਕਹਿੰਦੇ ਹਨ?” ਦੂਸਰੇ ਨੇ ਤੁਰਤ ਜਵਾਬ ਦਿੱਤਾ, “ਯਾਰ ਕੀ ਕਹਿੰਦੇ ਹਨ।” ਪਹਿਲੇ ਨੇ ਸਮਝਿਆ ਕਿ ਉਹ ਜਾਣ-ਬੁਝ ਕੇ ਇਮਤਿਹਾਨ ਲੈ ਰਿਹਾ ਹੈ, ਇਸ ਲਈ ਉਸ ਨੇ ਫਿਰ ਕੁਝ ਗੁੱਸੇ ਵਿਚ ਆ ਕੇ ਆਪਣਾ ਸਵਾਲ ਦੁਹਰਾਇਆ, “ਮੈਂ ਪੁੱਛਦਾਂ ਚਾਬੀ ਨੂੰ ਅੰਗਰੇਜ਼ੀ ਵਿਚ ਕੀ ਕਹਿੰਦੇ ਹਨ, ਤੂੰ ਉਲਟਾ ਮੈਨੂੰ ਹੀ ਪੁੱਛਣ ਡਿਹਾ ਏਂ। ਮੈਨੂੰ ਨਹੀਂ ਪਤਾ ਤਾਂ ਹੀ ਤਾਂ ਪੁੱਛ ਰਿਹਾਂ।” ਦੂਸਰਾ ਬੋਲਿਆ, “ਮੈਂ ਵੀ ਤਾਂ ਤੈਨੂੰ ਜਵਾਬ ਦੇ ਰਿਹਾ ਹਾਂ ਕਿ ਇਸ ਨੂੰ ਕੀ ਕਹਿੰਦੇ ਹਨ।” ਗੱਲ ਕੀ, ਉਨ੍ਹਾਂ ਦਾ ਕਾਂਟਾ ਉਦੋਂ ਤੱਕ ‘ਕੀ’ ‘ਤੇ ਫਸਿਆ ਰਿਹਾ ਜਦੋਂ ਤੱਕ ਕਿਸੇ ਹੋਰ ਨੇ ਆ ਕੇ ਉਨ੍ਹਾਂ ਨੂੰ ਵਿਚਲੀ ਗੱਲ ਖਏ ਦੱਸ ਕੇ ਛੁਡਾਇਆ ਨਹੀਂ।
ਮੁਢਲੇ ਤੌਰ ‘ਤੇ ਚਾਬੀ ਜਿੰਦਾ ਖੋਲ੍ਹਣ ਜਾਂ ਬੰਦ ਕਰਨ ਵਾਲਾ ਯੰਤਰ ਹੈ, ਜਦ ਕਿ ਕੁਝ ਕੋਸ਼ ਸਿਰਫ ਖੋਲ੍ਹਣ ਵਾਲਾ ਜੁਗਾੜ ਦੱਸ ਰਹੇ ਹਨ। ਭਲਾ ਦੱਸੋ! ਪਹਿਲਾਂ ਜਿੰਦੇ ਨੂੰ ਬੰਦ ਕਾਸ ਨਾਲ ਕੀਤਾ ਜਾਵੇਗਾ? ਕੋਸ਼ ਵਿਚ ਸ਼ਬਦ ਦੀ ਪਰਿਭਾਸ਼ਾ ਐਸੀ ਹੋਣੀ ਚਾਹੀਦੀ ਹੈ ਕਿ ਇਹ ਸਭ ਪੱਖਾਂ ਨੂੰ ਸਮੇਟ ਲਏ। ਖੈਰ, ਇਹ ਵੱਖਰੀ ਗੱਲ ਹੈ ਕਿ ਕੁਝ ਜਿੰਦੇ ਘੁੱਟ ਕੇ ਵੀ ਬੰਦ ਕੀਤੇ ਜਾਂਦੇ ਹਨ ਤੇ ਚੋਰ ਸਾਹਮਣੇ ਤਾਂ ਜਿੰਦਾ ਆਪੇ ਖੁੱਲ੍ਹ ਜਾਂਦਾ ਹੈ।…ਜਿੰਦਾ ਹੈ, ਤਾਂ ਚਾਬੀ ਹੈ। ਪਰ ਇੱਥੇ ‘ਕੁਕੜੀ ਪਹਿਲਾਂ ਆਈ ਕਿ ਆਂਡਾ’ ਜਿਹਾ ਸਵਾਲ ਨਹੀਂ ਪੁੱਛਿਆ ਜਾ ਸਕਦਾ। ਸ਼ਾਇਦ ਪਹਿਲਾਂ ਪਹਿਲਾਂ ਜੰਦਰਾ ਤੇ ਚਾਬੀ ਇਕੋ ਜੁਗਾੜ ਸੀ। ਸਮਝੋ ਕੁੰਡਾ/ਕੁੰਡੀ ਹੀ ਜੰਦਰਾ ਸੀ, ਜਿਸ ਨੂੰ ਹੱਥ ਨਾਲ ਹੀ ਖੋਲ੍ਹਿਆ ਜਾ ਸਕਦਾ ਹੈ। ਇੰਜ ਹੱਥ ਇਕ ਤਰ੍ਹਾਂ ਚਾਬੀ ਦਾ ਕੰਮ ਦਿੰਦਾ ਸੀ।
ਮਾਲ ਮੱਤੇ ਦੀ ਵਧੇਰੇ ਸੁਰੱਖਿਆ ਲਈ ਜੰਦਰਾ ਤੇ ਚਾਬੀ ਅਲੱਗ ਅਲੱਗ ਹੋ ਗਏ, ਹਰ ਜਿੰਦਰੇ ਦੀ ਆਪਣੀ ਨਿਵੇਕਲੀ ਚਾਬੀ ਬਣ ਗਈ। ਅਮੀਰ ਰੋਮਨ ਆਪਣੇ ਕੀਮਤੀ ਸਮਾਨ ਨੂੰ ਡੱਬਿਆਂ ਵਿਚ ਰੱਖਦੇ ਸਨ ਤੇ ਜੰਦਰੇ ਮਾਰ ਕੇ ਚਾਬੀਆਂ ਛੱਲੇ ਵਾਂਗ ਉਂਗਲਾਂ ਵਿਚ ਪਾ ਕੇ ਅਤੇ ਘੁਮਾ ਕੇ ਆਮ ਲੋਕਾਂ ਵਿਚ ਆਪਣੀ ਅਮੀਰੀ ਦਾ ਵਿਖਾਵਾ ਕਰਦੇ ਸਨ। ਕੁਝ ਇਸ ਤਰ੍ਹਾਂ ਜਿਵੇਂ ਸਲਵਾਰ ਦਾ ਘੁੰਗਰੂਆਂ ਵਾਲਾ ਨਾਲਾ ਲਮਕਾਇਆ ਅਤੇ ਦਿਖਾਇਆ ਜਾਂਦਾ ਹੈ। ਧਿਆਨ ਦਿਉ, ਨਾਲਾ ਸਲਵਾਰ ਦਾ ਜੰਦਰਾ ਵੀ ਹੈ ਤੇ ਕੁੰਜੀ ਵੀ!
ਖੋਲ੍ਹਣ ਬੰਦ ਕਰਨ ਦੇ ਇਸ ਜੁਗਾੜ ਲਈ ਪੰਜਾਬੀ ਵਿਚ ਹੋਰ ਪ੍ਰਚਲਿਤ ਸ਼ਬਦ ਕੁੰਜੀ ਹੈ। ਹਿੰਦੀਨੁਮਾ ਪੰਜਾਬੀ ਜਾਂ ਹਿੰਦੀ ਵਿਚ ਇਸ ਨੂੰ ਤਾਲੀ ਵੀ ਕਹਿੰਦੇ ਹਨ। ਪਰ ਮੇਰਾ ਪ੍ਰਭਾਵ ਹੈ ਕਿ ਪੰਜਾਬੀ ਜਗਤ ਵਿਚ ਹੁਣ ਚਾਬੀ ਸ਼ਬਦ ਹੀ ਵਧੇਰੇ ਪ੍ਰਚਲਿਤ ਹੋ ਰਿਹਾ ਹੈ। ਸਮਾਨਰਥਕ ਸ਼ਬਦ ਕਈ ਪ੍ਰਸੰਗਾਂ ਵਿਚ ਇੱਕ ਦੂਜੇ ਦੇ ਪਰਥਾਏ ਵਰਤੇ ਜਾ ਸਕਦੇ ਹਨ, ਹਰ ਪ੍ਰਸੰਗ ਵਿਚ ਨਹੀਂ। ਮਸਲਨ ਅਸੀਂ ਸਫਲਤਾ ਦੀ ਕੁੰਜੀ ਕਹਿ ਲੈਂਦੇ ਹਾਂ, ਸਫਲਤਾ ਦੀ ਚਾਬੀ ਨਹੀਂ; ਚਾਬੀ ਦੇਣਾ ਕਹਿ ਦਈਦਾ ਹੈ, ਕੁੰਜੀ ਦੇਣਾ ਨਹੀਂ। ਚਾਬੀ ਦੇ ਖਿਡੌਣੇ ਹੁੰਦੇ ਹਨ, ਕੁੰਜੀ ਦੇ ਨਹੀਂ। ਕਿਹਾ ਜਾ ਸਕਦਾ ਹੈ ਕਿ ਚਾਬੀ ਸ਼ਬਦ ਇਕ ਤਰ੍ਹਾਂ ਕਿਸੇ ਮਕਾਨਕੀ ਗਤੀ ਦੇ ਚਾਲਕ ਪੁਰਜੇ ਲਈ ਵੀ ਵਰਤਿਆ ਜਾਂਦਾ ਹੈ।
ਚਾਬੀ ਜੰਦਰੇ ਤੋਂ ਬਿਨਾ ਕਿਸੇ ਹੋਰ ਚੀਜ਼ ਨੂੰ ਖੋਲ੍ਹਣ ਵਾਲੀ ਸ਼ੈਅ ਵੀ ਹੈ ਜਿਵੇਂ ਬੋਤਲ ਆਦਿ ਦਾ ਡੱਟ। ਇਸ ਨੂੰ ਅੰਗਰੇਜ਼ੀ ਵਿਚ ਓਪਨਰ ਕਹਿੰਦੇ ਹਨ। ਇਹ ਚਾਬੀ ਡੱਟ ਨਾਲ ਬੰਦ ਬੋਤਲ ਨੂੰ ਖੋਲ੍ਹ ਤਾਂ ਸਕਦੀ ਹੈ, ਬੰਦ ਨਹੀਂ ਕਰ ਸਕਦੀ। ਸਪਰਿੰਗ ਵਾਲੀ ਘੜੀ ਨੂੰ ਚਾਲੂ ਰੱਖਣ ਲਈ ਵੀ ਚਾਬੀ ਦੇਣੀ ਪੇਂਦੀ ਹੈ ਜਦ ਕਿ ਘੁਮਾਉਣ ਵਾਲੇ ਪੁਰਜੇ ਨੂੰ ਚਾਬੀ ਨਹੀਂ ਕਹਿੰਦੇ। ਰੈਂਚ ਨੂੰ ਵੀ ਚਾਬੀ ਕਿਹਾ ਜਾਂਦਾ ਹੈ। ਚਾਬੀ ਦੇਣ ਨਾਲ ਘੜੀ ਜਾਂ ਖਿਡੌਣੇ ਚੱਲਣ ਲਗਦੇ ਹਨ, ਇਸ ਲਈ ‘ਚਾਬੀ ਦੇਣਾ’ ਮੁਹਾਵਰੇ ਦਾ ਅਰਥ ਬਣਿਆ-ਕਿਸੇ ਨੂੰ ਪੱਟੀ ਪੜ੍ਹਾ ਕੇ ਉਹੀ ਕਰਵਾਉਣਾ। ਚਾਬੀ ਮਰੋੜਨਾ ਹੁੰਦਾ ਹੈ-ਇੱਕ ਵਾਰੀ ਕਿਸੇ ਨੂੰ ਗੱਲੀਂ ਲਾ ਦੇਣਾ ਤਾਂ ਜੁ ਫਿਰ ਉਹ ਆਪ ਹੀ ਗੱਲਾਂ ਕਰਦਾ ਫਿਰੇ।
ਪੰਜਾਬੀ ਵਿਚ ਕੁੰਜੀ ਸ਼ਬਦ ਢੇਰ ਪੁਰਾਣਾ ਹੈ। ਤੀਜੇ ਗੁਰੂ ਸਾਹਿਬ ਨੇ ਇਹ ਸ਼ਬਦ ਵਰਤਿਆ ਹੈ। ਪਰ ਚਾਬੀ ਸਾਡੇ ਕੋਲ ਬਹੁਤ ਪਿਛੋਂ ਜਾ ਕੇ ਆਈ ਲਗਦੀ ਹੈ। ਪੁਰਾਣੀਆਂ ਲਿਖਤਾਂ ਵਿਚ ਇਸ ਦੀ ਰੜਕ ਨਹੀਂ ਪੈਂਦੀ। ਸੋ, ਪ੍ਰਸ਼ਨ ਹੈ ਕਿ ਜੇ ਕੁੰਜੀ ਨਾਲ ਜਿੰਦੇ ਖੁਲ੍ਹ ਜਾਂਦੇ ਸਨ ਤਾਂ ਚਾਬੀ ਦੀ ਕੀ ਲੋੜ ਪੈ ਗਈ ਸੀ? ਕਿਸੇ ਵਿਦੇਸ਼ੀ ਤਾਕਤ ਦਾ ਦੂਜੇ ਦੇਸ਼ ‘ਤੇ ਗਲਬਾ ਹੋ ਜਾਣ ਕਾਰਨ ਜਿੱਥੇ ਉਸ ਵਿਦੇਸ਼ੀ ਤਾਕਤ ਦੇ ਤੌਰ ਤਰੀਕੇ, ਰਹਿਣ ਸਹਿਣ, ਧਰਮ ਆਦਿ ਦਾ ਦੂਜੇ ਦੇਸ਼ ‘ਤੇ ਅਸਰ ਪੈਂਦਾ ਹੈ, ਉਥੇ ਵਿਦੇਸ਼ੀ ਭਾਸ਼ਾ ਵੀ ਜ਼ਰੂਰ ਘੁਸਪੈਠ ਕਰਦੀ ਹੈ। ਪੰਜਾਬੀ ਵਿਚ ਕਿੰਨੇ ਹੀ ਸ਼ਬਦ ਅਰਬੀ, ਫਾਰਸੀ ਅਤੇ ਅੰਗਰੇਜ਼ੀ ਵਲੋਂ ਆਏ ਹਨ। 16ਵੀਂ ਸਦੀ ਦੇ ਅਰੰਭ ਵਿਚ ਹੀ ਦੱਖਣੀ ਏਸ਼ੀਆ ਅਤੇ ਭਾਰਤ ਦੇ ਦੱਖਣ ਵਿਚ ਸਮੁੰਦਰ ਵਿਚ ਪੈਂਦੇ ਦੇਸਾਂ-ਪਰਦੇਸਾਂ ਵਿਚ ਪੁਰਤਗਾਲੀਆਂ ਦਾ ਕਬਜ਼ਾ ਹੋ ਗਿਆ ਸੀ। ਇਹ ਭਾਸ਼ਾ ਭਾਰਤ, ਲੰਕਾ, ਪਰਸ਼ੀਆ, ਬਸਰਾ, ਮਲੇਸ਼ੀਆ, ਪੇਗੂ, ਬਰਮਾ, ਸਿਆਮ, ਚੀਨ, ਮੱਕਾ ਆਦਿ ਤੱਕ ਕਈ ਲੋਕਾਂ ਵਿਚ ਬੋਲੀ ਜਾਂ ਸਮਝੀ ਜਾਣ ਲੱਗੀ। ਇਸ ਸਮੇਂ ਦੌਰਾਨ ਹੀ ਪੁਰਤਗਾਲੀ ਦੇ ਕਈ ਸ਼ਬਦ ਸਾਡੀਆਂ ਭਾਸ਼ਾਵਾਂ ਵਿਚ ਆ ਗਏ। ਪੁਰਤਗਾਲੀ ਮਿਸ਼ਨਰੀਆਂ ਨੇ ਇਸ ਨੂੰ ਹੋਰ ਵੀ ਉਤਸ਼ਾਹਿਤ ਕੀਤਾ। ਗਿਰਜਾ, ਪਾਦਰੀ ਸ਼ਬਦ ਮਿਸ਼ਨਰੀਆਂ ਦੀ ਹੀ ਦੇਣ ਹਨ। ਦੱਖਣ ਭਾਰਤ ਦੀਆਂ ਭਾਸ਼ਾਵਾਂ, ਖਾਸ ਤੌਰ ‘ਤੇ ਕੋਂਕਣੀ, ਟੁੱਲੂ, ਗੁਜਰਾਤੀ ਅਤੇ ਮਰਾਠੀ ਵਿਚ ਤਾਂ ਹੋਰ ਅਨੇਕਾਂ ਸ਼ਬਦ ਹਨ। ਅਸੀਂ ਬਾਲਟੀ ਅਤੇ ਅਨਾਨਾਸ ਬਾਰੇ ਪਹਿਲਾਂ ਲਿਖ ਆਏ ਹਾਂ।
ਪੁਰਤਗਾਲੀ ਵਿਚ ਕੁੰਜੀ ਲਈ ‘ਸ਼ਾਵੀ’ ਜਿਹਾ ਸ਼ਬਦ ਹੈ/ਸੀ। ਇਸ ਦੇ ਹੋਰ ਅਰਥ ਸਨ-ਪਾਨਾ, ਰੈਂਚ, ਪੇਚਕੱਸ ਆਦਿ। ਸਾਡੀ ਕੁੰਜੀ ਇਨ੍ਹਾਂ ਅਰਥਾਂ ਵਿਚ ਨਹੀਂ ਸੀ ਵਰਤੀ ਜਾਂਦੀ। ਪੁਰਤਗਾਲੀਆਂ ਦਾ ਸਿੱਕਾ ਬੰਗਾਲ ਤੱਕ ਵੀ ਚਲਦਾ ਸੀ। ਬੱਸ ਇਸ ਸਮੇਂ ਦੌਰਾਨ ਹੀ ਚਾਬੀ ਸ਼ਬਦ ਪੁਰਤਗਾਲੀ ਭਾਸ਼ਾ ਤੋਂ ਢੇਰ ਸਾਰੀਆਂ ਭਾਰਤੀ ਭਾਸ਼ਾਵਾਂ ਜਿਵੇਂ ਕੋਂਕਣੀ, (ਚਾਵੀ), ਗੁਜਰਾਤੀ (ਛਾਵੀ), ਹਿੰਦੁਸਤਾਨੀ (ਚਾਬੀ, ਚਾਭੀ), ਨੈਪਾਲੀ, ਉੜੀਆ, ਬੰਗਾਲੀ, ਆਸਾਮੀ (ਚਬੀ, ਚਾਬੀ, ਸਬੀ), ਤਾਮਿਲ (ਸਵੀ), ਕੰਨੜ, ਟੁੱਲੂ (ਚਵੀ) ਆਦਿ ਵਿਚ ਦਾਖਲ ਹੋ ਗਿਆ ਤੇ ਇਹ ਕੁੰਜੀ ਤੋਂ ਬਿਨਾ ਉਪਰ ਗਿਣਾਏ ਹੋਰ ਅਰਥ ਵੀ ਦੇਣ ਲੱਗ ਪਿਆ। ਕੋਂਕਣੀ ਵਿਚ ਤਾਂ ਚਾਬੀਆਂ ਦੇ ਇੰਚਾਰਜ ਲਈ ‘ਚਾਵਵਯੇਕਾਰ’ ਅਤੇ ਚਾਬੀਆਂ ਦੇ ਗੁੱਛੇ ਲਈ ‘ਚਾਵਰ’ ਜਿਹੇ ਸ਼ਬਦ ਵੀ ਹੋਂਦ ਵਿਚ ਆ ਗਏ। ਪੰਜਾਬੀ ਵਿਚ ਮੈਨੂੰ ਚਾਬੀ ਤੋਂ ਬਣਿਆ ਕੋਈ ਹੋਰ ਸ਼ਬਦ ਨਹੀਂ ਲੱਭਦਾ।
ਪੁਰਤਗਾਲੀ ਦਾ ਸ਼ਾਵੀ ਸ਼ਬਦ ਵੀ ਇਸ ਦਾ ਆਪਣਾ ਨਹੀਂ। ਇਹ ਭਾਰੋਪੀ ਸਮੱਗਰੀ ਤੋਂ ਬਣਿਆ ਸ਼ਬਦ ਹੈ। ਹੋਰ ਵੀ ਕਈ ਯੂਰਪੀ ਭਾਸ਼ਾਵਾਂ ਵਿਚ ਇਸ ਨਾਲ ਮਿਲਦੇ-ਜੁਲਦੇ ਸ਼ਬਦ ਹਨ, ਜਿਨ੍ਹਾਂ ਦਾ ਅਰਥ ਕੁੰਜੀ ਹੈ। ਕੁਝ ਗਿਣ ਲਈਏ: ਇਤਾਲਵੀ ਛਹਅਿਵe, ਸਪੈਨਿਸ਼ ਛਲਅਵe, ਲਾਤੀਨੀ ਛਲਅਵਸਿ। ਦਰਅਸਲ ਪੁਰਤਗਾਲੀ ਸ਼ਾਵੀ ਪੁਰਾਣੀ ਲਾਤੀਨੀ ਦੇ ਸ਼ਬਦ ਛਲਅਵਸਿ ਤੋਂ ਹੀ ਵਿਉਤਪਤ ਹੋਇਆ ਹੈ। ਲਾਤੀਨੀ ਤੋਂ ਵੀ ਪਹਿਲਾਂ ਪ੍ਰਾਕ-ਇਤਾਲਵੀ ਭਾਸ਼ਾ ਵਿਚ ਇਸ ਦਾ ਰੂਪ ਖਲਅੱਸਿ ਜਿਹਾ ਸੀ ਤੇ ਅਰਥ ਸੀ-ਕੁੰਡਾ, ਜਿੰਦਾ, ਸਲਾਖ ਆਦਿ। ਇਸ ਦਾ ਭਾਰੋਪੀ ਮੂਲ ਹੈ, ਖਲਅੁ, ਜਿਸ ਵਿਚ ਮੁੱਖ ਭਾਵ ਕੁੰਡਾ ਹੈ ਤੇ ਹੋਰ ਭਾਵ ਹਨ-ਕੀਲਾ, ਕੀਲੀ, ਕਿੱਲ, ਮੇਖ, ਪਿੰਨ। ਇਹ ਸਭ ਚੀਜ਼ਾਂ ਕਿਸੇ ਵੇਲੇ ਜੰਦਰੇ ਵਾਂਗ ਵਰਤੀਆਂ ਜਾਂਦੀਆਂ ਸਨ। ਪੁਰਾਣੇ ਜ਼ਮਾਨੇ ਵਿਚ ਦਰਵਾਜਾ ਬੰਦ ਕਰਨ ਲਈ ਕੁੰਡਾ/ਕੁੰਡੀ ਨੂੰ ਫਸਾਉਣਾ ਹੀ ਕਾਫੀ ਹੁੰਦਾ ਸੀ।
ਅੰਗਰੇਜ਼ੀ ਭਾਸ਼ਾ ਵਿਚ ਇਸ ਮੂਲ ਤੋਂ ਪੈਦਾ ਹੋਏ ਹੋਰ ਸ਼ਬਦਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਇਕ ਅਜਿਹੇ ਸ਼ਬਦ ਦੀ ਚਰਚਾ ਕਰ ਲਈਏ ਜੋ ਪੰਜਾਬੀ ਵਿਚ ਖੂਬ ਵਰਤੀਂਦਾ ਹੈ। ਇਹ ਸ਼ਬਦ ਹੈ ‘ਕਾਬਲਾ’ ਜੋ ਇੱਕ ਲੰਮਾ ਪੇਚ ਜਾਂ ਕਿੱਲ ਹੁੰਦਾ ਹੈ, ਜਿਸ ਵਿਚ ਢਿੰਬਰੀ ਕੱਸੀ ਜਾਂਦੀ ਹੈ। ਇਹ ਸ਼ਬਦ ਵੀ ਪੁਰਤਗਾਲੀ ਛਹeਵਲਿਲਅ ਦਾ ਵਿਗੜਿਆ ਰੂਪ ਹੈ। ਪਰ ਸ਼ਾਇਦ ਇਹ ਅਰਬੀ ਰਾਹੀਂ ਆਇਆ ਹੈ। ਹੰਸਲੀ ਅਰਥਾਤ ਮੋਢੇ ਦੀ ਤਿਰਛੀ ਜਿਹੀ ਹੱਡੀ ਨੂੰ ਅੰਗਰੇਜ਼ੀ ਵਿਚ ਛਲਅਵਚਿਲe ਕਹਿੰਦੇ ਹਨ। ਇਹ ਸ਼ਬਦ ਵੀ ਅੰਤਿਮ ਤੌਰ ‘ਤੇ ਲਾਤੀਨੀ ‘ਚੋਂ ਫਰਾਂਸੀਸੀ ਵਿਚ ਦੀ ਹੁੰਦਾ 17ਵੀਂ ਸਦੀ ਵਿਚ ਅੰਗਰੇਜ਼ੀ ਵਿਚ ਆਇਆ। ਲਾਤੀਨੀ ਵਿਚ ਇਹ ਸ਼ਬਦ ਛੋਟੀ ਕੁੰਜੀ, ਕੁੰਡੀ ਲਈ ਵਰਤਿਆ ਜਾਂਦਾ ਸੀ। ਇਹ ਸ਼ਬਦ ਬਣਿਆ ਛਲਅਵਸਿ+ਛੁਲਅ ਤੋਂ। ਇਸ ਵਿਚ ਛੁਲਅ ਲਘੂਤਾ ਸੂਚਕ ਪਿਛੇਤਰ ਹੈ। ਸ਼ਾਇਦ ਇਸ ਵਿਚ ਜੋੜਕ ਦਾ ਭਾਵ ਹੈ, ਹੰਸਲੀ ਹੱਡੀ ਕੁੰਡੇ ਵਾਂਗ ਮੋਢੇ ਅਤੇ ਪਸਲੀਆਂ ਦੀ ਉਪਰਲੀ ਹੱਡੀ ਨੂੰ ਜੋੜਦੀ ਹੈ। ਇੱਕ ਵਿਚਾਰ ਅਨੁਸਾਰ ਕਿਉਂਕਿ ਹੰਸਲੀ ਚਾਬੀ ਵਾਂਗ ਉਪਰ-ਥੱਲੇ ਘੁੰਮ ਸਕਦੀ ਹੈ, ਇਸ ਲਈ ਇਹ ਨਾਂ ਪਿਆ।
ਇਕ ਹੋਰ ਦਿਲਚਸਪ ਅੰਗਰੇਜ਼ੀ ਸ਼ਬਦ ਹੈ, ਛਹeਵਲਿਲe (ਸ਼ੁਹਵੀ), ਇਹ ਛੰਦ-ਸ਼ਾਸਤਰ ਨਾਲ ਸਬੰਧਤ ਪਦ ਹੈ। ਸ਼ੁਹਵੀ ਕਿਸੇ ਤੁਕ ਵਿਚ ਉਸ ਸ਼ਬਦ ਨੂੰ ਆਖਦੇ ਹਨ, ਜੋ ਕਾਵਿਤਾ ਦਾ ਸਿਰਫ ਵਜ਼ਨ ਪੂਰਾ ਕਰਨ ਲਈ ਵਾਧੂ ਘਸੋੜਿਆ ਗਿਆ ਹੋਵੇ, ਹੋਰ ਉਸ ਦੀ ਕੋਈ ਲੋੜ ਨਾ ਹੋਵੇ। ਕਵੀ ਅਤੇ ਕਵਿਤਾ ਦੇ ਰਸੀਏ ਇਸ ਵਰਤਾਰੇ ਬਾਰੇ ਖੂਬ ਜਾਣਦੇ ਹਨ। ਮੈਨੂੰ ਇਸ ਦੇ ਬਰਾਬਰ ਦਾ ਪੰਜਾਬੀ ਸ਼ਬਦ ਨਹੀਂ ਸੁੱਝ ਰਿਹਾ, ਕਾਸ਼ ਕੋਈ ਦੱਸ ਸਕੇ। ਇਹ ਸ਼ਬਦ ਪਿਛੇ ਜ਼ਿਕਰ ਕੀਤੇ ਲਾਤੀਨੀ ਸ਼ਬਦ ਛਲâਵîਚੁਲਅ ਤੋਂ ਹੀ ਬਣਿਆ ਹੈ। ਅਸਲ ਵਿਚ ਫਰਾਂਸੀਸੀ ਵਿਚ ਆ ਕੇ ਇਹ ਸ਼ਬਦ ਗਿੱਟਾ, ਕੀਲੀ, ਬੁੱਜਾ, ਡੱਟ ਆਦਿ ਦੇ ਅਰਥ ਵੀ ਦੇਣ ਲੱਗ ਪਿਆ। ਬੁੱਜਾ ਜਾਂ ਡੱਟ ਖਾਲੀ ਥਾਂ ਭਰਨ ਦੇ ਕੰਮ ਆਉਂਦੇ ਹਨ, ਕੀਲੀ ਜਾਂ ਕੀਲੇ ਨਾਲ ਕੁਝ ਬੰਨ੍ਹਿਆ ਜਾਂਦਾ ਹੈ। ਕਵਿਤਾ ਵਿਚਲਾ ਫਾਲਤੂ ਸ਼ਬਦ ਵੀ ਇੱਕ ਤਰ੍ਹਾਂ ਖਾਨਾ ਪੂਰਤੀ ਹੀ ਕਰਦਾ ਹੈ।
ਸੰਖੇਪ ਵਿਚ ਅੰਗਰੇਜ਼ੀ ਦੇ ਕੁਝ ਹੋਰ ਸ਼ਬਦ ਵਿਚਾਰ ਲਈਏ। ਛਲੋਸe (ਬੰਦ ਕਰਨਾ); ਛਲੋਸeਟ (ਪੜ੍ਹਨ ਆਦਿ ਲਈ ਇੱਕ ਛੋਟਾ ਕਮਰਾ, ਵਗਲੇ ਹੋਏ, ਬੰਦ ਕੀਤੇ ਹੋਏ ਹੋਣ ਦਾ ਭਾਵ); ਛਲੋਵe (ਲੌਂਗ, ਮੇਖ ਜਾਂ ਕਿੱਲ ਵਰਗੀ ਸ਼ਕਲ ਹੋਣ ਤੋਂ); ਛੋਨਚਲੁਦe (ਮੁਢਲਾ ਭਾਵ ਦਲੀਲਬਾਜ਼ੀ ਵਿਚ ਕਿਸੇ ਨੂੰ ਘੇਰ ਲੈਣ, ਖੂੰਜੇ ਲਾ ਦੇਣ ਅਰਥਾਤ ਬੰਦ ਜਿਹਾ ਕਰਨ ਤੋਂ ਹੈ। ਦਲੀਲ ਵਿਚ ਕਿਸੇ ਨੂੰ ਜਿੱਤ ਲਿਆ ਤਾਂ ਗੱਲ ਖਤਮ, ਨਤੀਜੇ ‘ਤੇ ਅੱਪੜ ਗਏ); ੀਨਚਲੁਦe (ਪਹਿਲਾਂ ਬੰਦ ਕਰਨ, ਤਾੜਨ, ਡੱਕਣ ਦਾ ਭਾਵ ਹੀ ਸੀ, ਫਿਰ ‘ਸ਼ਾਮਲ ਕਰਨ’ ਦਾ ਭਾਵ ਆਇਆ)। ਅੰਗਰੇਜ਼ੀ ਤੇ ਹੋਰ ਯੂਰਪੀ ਭਾਸ਼ਾਵਾਂ ਵਿਚ ਹੋਰ ਬਹੁਤ ਸਾਰੇ ਸ਼ਬਦ ਹਨ। ਪੰਜਾਬੀ ਦਾ ਕਿੱਲ, ਕੀਲਾ, ਕੀਲੀ ਸ਼ਬਦ ਧੁਨੀ ਅਤੇ ਅਰਥ ਵਜੋਂ ਉਪਰੋਕਤ ਸ਼ਬਦਾਂ ਨਾਲ ਸਬੰਧਤ ਜਾਪਦੇ ਹਨ। ਕੀਲੀ ਦਾ ਪੰਜਾਬੀ ਤੇ ਹੋਰ ਕਈ ਭਾਸ਼ਾਵਾਂ ਵਿਚ ਇਕ ਅਰਥ ਕੁੰਜੀ ਹੈ। ਪਰ ਵਿਦਵਾਨ ਇਸ ਨਤੀਜੇ ‘ਤੇ ਨਹੀਂ ਪਹੁੰਚੇ।