ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਹਫਤੇ ਕੁ ਪਿਛੋਂ ਮੈਨੂੰ ਕਿਸੇ ਕਾਰਨ ਚੰਡੀਗੜ੍ਹ ਜਾਣਾ ਪਿਆ। ਬੱਸ ਸਟੈਂਡ ਜਾਣ ਲਈ ਮੈਂ ਘਰ ਪੰਜਾਬੀ ਬਾਗ ਤੋਂ ਸਾਈਕਲ ‘ਤੇ ਨਿਕਲਿਆ। ਸਟੇਟ ਕਾਲਜ ਦੇ ਸਾਹਮਣੇ ਆ ਕੇ ਇਕ ਸਕੂਟਰ ਸਵਾਰ ਮੇਰੇ ਕੋਲੋਂ ਦੀ ਲੰਘਿਆ। ਮੈਨੂੰ ਦੇਖ ਕੇ ਉਸ ਨੇ ਹਾਰਨ ਮਾਰਿਆ ਤੇ ਥੋੜੀ ਦੂਰ ਜਾ ਕੇ ਪਿੱਛੇ ਮੁੜ ਆਇਆ। ਮੇਰੇ ਅੱਗੇ ਸਕੂਟਰ ਲਾ ਕੇ ਮੈਨੂੰ ਹੱਥ ਦੇ ਇਸਾਰੇ ਨਾਲ ਰੋਕ ਕੇ ਕਹਿਣ ਲੱਗਾ, “ਮੈਂ ਬੈਂਕ ਤੋਂ ਆਂ, ਤੁਹਾਡੀ ਟਰੈਕਟਰ ਦੇ ਕਰਜੇ ਦੀ ਕਿਸ਼ਤ ਨਹੀਂ ਪਹੁੰਚੀ। ਇੰਨੀ ਵਾਰ ਤੁਹਾਡੇ ਕੋਲ ਬੰਦੇ ਭੇਜ ਚੁਕੇ ਆਂ, ਤੁਸੀਂ ਭਰੀ ਨਹੀਂ। ਛੇਤੀ ਜਮ੍ਹਾ ਕਰਵਾਓ, ਨਹੀਂ ਤਾਂ ਤੁਹਾਡਾ ਨਾਂ ਡਿਫਾਲਟਰਾਂ ਵਿਚ ਪੈ ਜਾਣਾ ਐ।”
ਉਸ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਮੈਂ ਸਹਿਮ ਗਿਆ ਕਿ ਪਤਾ ਨਹੀਂ ਇਸ ਸ਼ਹਿਰ ਵਿਚ ਕਿੰਨੇ ਕੁ ਲੋਕਾਂ ਨੂੰ ਪਤਾ ਹੈ ਕਿ ਮੈਂ ਬੈਂਕ ਦਾ ਕਰਜ਼ਦਾਰ ਹਾਂ ਤੇ ਕਿੰਨੇ ਬੰਦੇ ਉਗਰਾਹੀ ਲਈ ਮੇਰੇ ਪਿੱਛੇ ਪਏ ਹੋਏ ਹਨ। ਮੈਨੂੰ ਅਫਸੋਸ ਹੋਣ ਲੱਗਾ ਕਿ ਮੇਰਾ ਵਾਹ ਅਜਿਹੇ ਅਕਲ ਤੋਂ ਕੋਰੇ ਲੋਕਾਂ ਨਾਲ ਪਿਆ ਹੋਇਆ ਹੈ ਜਿਨ੍ਹਾਂ ਕੋਲ ਨਾ ਕਿਸੇ ਚਿੱਠੀ ਪੱਤਰ ਦਾ ਦਸਤੂਰ ਹੈ ਤੇ ਨਾ ਕੋਈ ਕਾਇਦਾ ਕਾਨੂੰਨ। ਇਨ੍ਹਾਂ ਦਾ ਸਭਿਅਤਾ ਨਾਲ ਕੋਈ ਲੈਣਾ-ਦੇਣਾ ਨਹੀਂ, ਵਰਨਾ ਸਵੇਰੇ ਸਾਢੇ ਸੱਤ ਵਜੇ ਕਿਸੇ ਨੂੰ ਸੜਕ ‘ਤੇ ਘੇਰ ਕੇ ਲੋਨ ਦੀ ਕਿਸ਼ਤ ਬਾਬਤ ਕਿਉਂ ਪੁੱਛਣ? ਮੈਂ ਉਸ ਨੂੰ ਉਸੇ ਦੇ ਲਹਿਜੇ ਵਿਚ ਜਵਾਬ ਦਿੱਤਾ, “ਸਰਦਾਰ ਜੀ, ਸਵੇਰੇ ਸਵੇਰੇ ਕਿਉਂ ਦਮ ਚੜ੍ਹਾਇਆ ਹੋਇਆ ਐ? ਤੁਸੀਂ ਸਿਆਣੇ ਬਿਆਣੇ ਓਂ, ਇੱਦਾਂ ਸੜਕ ‘ਤੇ ਭੁਗਤਾਨ ਹੋਇਆ ਕਰਦੇ ਐ?”
ਉਹ ਸਪਸ਼ਟੀਕਰਣ ਦਿੰਦਾ ਬੋਲਿਆ, “ਘੇਰਨ ਦੀ ਗੱਲ ਨਹੀਂ ਜੀ, ਮੈਂ ਤਾਂ ਤੁਹਾਨੂੰ ਇਤਲਾਹ ਦਿੱਤੀ ਹੈ। ਹੁਣ ਤਾਂ ਛੋਟੀ ਜੀ ਗੱਲ ਐ, ਫਿਰ ਵਧ ਜਾਣੀ ਐ।”
ਮੈਂ ਉਸ ਨੂੰ ਵੰਗਾਰ ਕੇ ਬੋਲਿਆ, “ਜਿੰਨੀ ਕੁ ਵਧ ਜਾਣੀ ਐ ਮੈਨੂੰ ਪਤਾ ਐ। ਜਮੀਨ ‘ਤੇ ਲੋਨ ਲਿਐ, ਮੁਫਤ ਨ੍ਹੀਂ ਲਿਆ। ਜਾ ਕੇ ਬਣਦੀ ਕਾਰਵਾਈ ਕਰੋ, ਮੇਰੇ ਗੇੜੇ ਨਾ ਮਾਰੋ।” ਮੈਨੂੰ ਪਤਾ ਸੀ ਕਿ ਇਹ ਕਿਸ਼ਤ ਦੀ ਮਿਆਦ ਤੋਂ ਪਹਿਲਾਂ ਕੁਝ ਨਹੀਂ ਕਰ ਸਕਦੇ, ਦਬਕੇ ਮਾਰ ਕੇ ਕਰਜਦਾਰਾਂ ਨੂੰ ਜਲੀਲ ਕਰਦੇ ਹਨ।
ਉਹ ਖਸਿਆ ਕੇ ਬੋਲਿਆ, “ਗੇੜੇ ਵਾਲੀ ਕੋਈ ਗੱਲ ਨ੍ਹੀਂ। ਮੈਂ ਤਾਂ ਬਸ ਇੱਧਰ ਆਂਡੇ ਲੈਣ ਨਿਕਲਿਆ ਸੀ, ਤੁਸੀਂ ਅਚਾਨਕ ਮਿਲ ਗਏ। ਸੋਚਿਆ ਬੈਂਕ ਦਾ ਸੁਨੇਹਾ ਦੇ ਦੇਵਾਂ, ਨਹੀਂ ਦਿਨੇ ਲੱਭਣਾ ਪੈਣਾ ਐ। ਤੁਸੀਂ ਭਾਰ ਲਾਹੋਗੇ ਥੋਡਾ ਈ ਫੈਦਾ ਐ।”
ਮੈਂ ਕਿਹਾ, “ਅਵੱਸ਼ ਲਾਹਾਂਗਾ, ਸਮਾਂ ਆਉਣ ਦਿਓ।” ਇਹ ਸੁਣਾ ਕੇ ਮੈਂ ਸਾਈਕਲ ਨੂੰ ਪੈਡਲ ਮਾਰਿਆ ਤੇ ਉਸ ਨੇ ਸਕੂਟਰ ਨੂੰ ਕਿੱਕ। ਮੈਂ ਸੋਚਿਆ ਛੇਤੀ ਪਿੱਛਾ ਛੱਡ ਗਿਆ, ਨਹੀਂ ਤਾਂ ਬੱਸ ਤੋਂ ਲੇਟ ਕਰਵਾ ਦੇਣਾ ਸੀ।
ਅਗਲੇ ਦਿਨ ਮੈਂ ਖਾਲੀ ਪੀਰੀਅਡ ਵਿਚ ਆੜ੍ਹਤੀ ਕੋਲ ਗਿਆ। ਉਦੋਂ ਅਨਾਜ ਮੰਡੀ ਸਨੌਰੀ ਗੇਟ ਵਲ ਨਦੀ ਦਾ ਪੁਲ ਉਤਰ ਕੇ ਮਹਿੰਦਰਾ ਕਾਲਜ ਤੋਂ ਕੇਵਲ ਦਸ ਮਿੰਟ ਦੀ ਵਾਟ ‘ਤੇ ਹੀ ਸੀ। ਆੜ੍ਹਤੀ ਕਈ ਕਿਸਾਨਾਂ ਦੇ ਝੁਰਮਟ ਵਿਚ ਬੈਠਾ ਉਨ੍ਹਾਂ ‘ਚੋਂ ਇਕ ਨਾਲ ਗੱਲ ਕਰ ਰਿਹਾ ਸੀ। ਮੈਂ ਬਿਨਾ ਉਡੀਕੇ ਉਸ ਕੋਲ ਜਾ ਕੇ ਕਿਹਾ, “ਸੇਠ ਸਾਹਿਬ ਮੇਰਾ ਹਿਸਾਬ?” ਉਸ ਨੇ ਫਿਰ ਉਹੀ ਪੁਰਾਣਾ ਜਵਾਬ ਦਿੱਤਾ, “ਸਾਡੇ ਤਾਂ ਕੋਈ ਦੇਰ ਨੀ। ਪੈਸੇ ਪਿੱਛੇ ‘ਤੇ ਈ ਨੀ ਆਏ।”
ਮੇਰੇ ਮਨ ਵਿਚ ਆਇਆ ਕਿ ਕਿਤੇ ਅਮਰੇ ਦੇ ਕਹਿਣ ਵਾਂਗ ਮੇਰੇ ਬਾਪੂ ਜਾਂ ਭਰਾਵਾਂ ਨੇ ਹੀ ਤਾਂ ਇਸ ਦੇ ਕੰਨ ਵਿਚ ਫੂਕ ਨਹੀਂ ਮਾਰ ਰੱਖੀ। ਸੰਝ ਨੂੰ ਪਿੰਡ ਜਾ ਕੇ ਅਮਰੇ ਨਾਲ ਗੱਲ ਕੀਤੀ। ਉਸ ਨੇ ਖਬਰ ਇਕੱਠੀ ਕਰ ਕੇ ਦਿੱਤੀ ਕਿ ਆੜ੍ਹਤੀ ਨੇ ਕਈ ਖਾਸ ਆਦਮੀਆਂ ਦਾ ਹਿਸਾਬ ਕਰ ਦਿੱਤਾ ਹੈ ਤੇ ਬਾਕੀਆਂ ਦਾ ਰਹਿੰਦਾ ਹੈ। ਹੁਣ ਮੈਨੂੰ ਆੜ੍ਹਤੀ ਦੇ ਕਿਰਦਾਰ ‘ਤੇ ਵੀ ਸ਼ੱਕ ਪਿਆ।
ਹਫਤਾ ਭਰ ਕਣਕ ਦੀ ਬਿਜਾਈ ਦਾ ਕੰਮ ਚਲਦਾ ਰਿਹਾ ਤੇ ਮੈਂ ਕਿਤੇ ਨਾ ਜਾ ਸਕਿਆ। ਕਾਲਜ ਵਿਚੋਂ ਵੀ ਦੋ ਦਿਨ ਦੀ ਛੁੱਟੀ ਮਾਰਨੀ ਪਈ। ਬਿਜਾਈ ਕਰਦਿਆਂ ਸਾਡੀ ਮਸ਼ੀਨ ਵਿਚ ਖਰਾਬੀ ਆ ਗਈ। ਕੰਮ ਰੁਕ ਗਿਆ। ਅਮਰੇ ਨੂੰ ਕਿਹਾ ਕਿ ਜਾ ਕੇ ਅਮਰੇ ਲੁਹਾਰ ਨੂੰ ਬੁਲਾ ਲਿਆਵੇ। ਸਾਡੇ ਪਿੰਡ ਦੇ ਲੁਹਾਰ ਦਾ ਨਾਂ ਵੀ ਅਮਰਾ ਹੀ ਸੀ। ਬੱਸ ਇਨ੍ਹਾਂ ਦੇ ਨਾਂਵਾਂ ਪਿੱਛੇ ਇਨ੍ਹਾਂ ਦੀ ਜਾਤ ਲਾ ਕੇ ਹੀ ਲੋਕ ਫਰਕ ਕਰ ਲੈਂਦੇ ਸਨ। ਅਮਰੇ ਲੁਹਾਰ ਨੇ ਮੇਰੇ ਨੌਕਰ ਨੂੰ ਆਉਣ ਤੋਂ ਟਕੇ ਵਰਗਾ ਜਵਾਬ ਦੇ ਦਿੱਤਾ। ਅਮਰਾ ਲੁਹਾਰ ਉਮਰ ਵਿਚ ਮੇਰੇ ਨਾਲੋਂ ਦਸ ਕੁ ਸਾਲ ਵੱਡਾ ਮਿਲਣਸਾਰ ਬੰਦਾ ਸੀ। ਬਚਪਨ ਵਿਚ ਜਦੋਂ ਮੇਰੇ ਪਿਤਾ ਜੀ ਹਲ ਦੀ ਫਾਲੀ ਤਿੱਖੀ ਕਰਵਾਉਣ ਜਾਂ ਕੋਈ ਖੁਰਪਾ ਕਹੀ ਚੰਡਵਾਉਣ ਉਸ ਦੇ ‘ਕਾਰਖਾਨੇ’ ਜਾਂਦੇ ਤਾਂ ਮੈਂ ਉਨ੍ਹਾਂ ਦੇ ਨਾਲ ਚਲਾ ਜਾਂਦਾ ਸਾਂ। ਬੱਚਾ ਹੋਣ ‘ਤੇ ਵੀ ਉਹ ਮੈਨੂੰ ਬੜੀ ਇੱਜਤ ਨਾਲ ਪੇਸ਼ ਆਉਂਦਾ। ਵੱਡਾ ਹੋ ਕੇ ਜਦੋਂ ਵੀ ਮੈਂ ਉਸ ਦੇ ਕਾਰਖਾਨੇ ਅੱਗਿਓਂ ਲੰਘਦਾ, ਹਰ ਵਾਰ ਉਸ ਨੂੰ ਰਾਮ ਰਾਮ ਕਰ ਕੇ ਲੰਘਦਾ। ਮੈਨੂੰ ਉਮੀਦ ਨਹੀਂ ਸੀ ਕਿ ਉਹ ਦੋਸਤਾਂ ਵਾਂਗ ਨਿਭਣ ਵਾਲਾ ਨੇਕ ਬੰਦਾ ਮੈਨੂੰ ਇੱਦਾਂ ਜਵਾਬ ਦੇ ਦੇਵੇਗਾ। ਪੁੱਛਣ ‘ਤੇ ਪਤਾ ਲੱਗਾ ਕਿ ਉਹ ਕੇਵਲ ਉਨ੍ਹਾਂ ਹੀ ਘਰਾਂ ਦਾ ਕੰਮ ਕਰਦਾ ਸੀ ਜੋ ਉਸ ਨਾਲ ਪੁਰਾਣੇ ਜੁੜੇ ਹੋਏ ਸਨ। ਇਹ ਪੱਕੇ ਗਾਹਕ ਇਸ ਨੂੰ ਹਰ ਛਿਮਾਹੀ ਕੰਮ ਅਨੁਸਾਰ ਬੰਨ੍ਹਿਆ ਅਨਾਜ ਤੇ ਤੂੜੀ ਦਿੰਦੇ ਸਨ ਤੇ ਤਿੱਥ ਤਿਉਹਾਰਾਂ ਨੂੰ ਰੋਟੀ ਪਾਉਂਦੇ ਸਨ।
ਹੁਣ ਲੋਹੇ ਦੇ ਹਲ ਤੇ ਟਰੈਕਟਰ ਆ ਜਾਣ ਕਰਕੇ ਅਮਰੇ ਲੁਹਾਰ ਦਾ ਕੰਮ ਬਹੁਤ ਘਟ ਗਿਆ ਸੀ। ਉਹ ਕੰਮ ਨਾ ਕਰਨ ਦਾ ਡਰਾਵਾ ਦੇ ਕੇ ਗਾਹਕ ਟੁੱਟਣ ਤੋਂ ਬਚਾਈ ਰੱਖਦਾ। ਮੈਂ ਤਾਂ ਨਾ ਪਿੰਡ ਰਹਿੰਦਾ ਸਾਂ ਤੇ ਨਾ ਉਸ ਨੂੰ ਛਿਮਾਹੀ ਦਿੰਦਾ ਸਾਂ। ਗੱਲ ਮੇਰੀ ਸਮਝ ਵਿਚ ਆ ਗਈ। ਮੈਂ ਅਮਰੇ ਨੂੰ ਫਿਰ ਇਹ ਕਹਿ ਕੇ ਭੇਜਿਆ ਕਿ ਲਿਹਾਜੀ ਕੰਮ ਨਹੀਂ ਕਰਵਾਉਣਾ, ਕੰਮ ਦੇ ਪੈਸੇ ਦਿਆਂਗੇ। ਪਰ ਉਸ ਨੇ ‘ਮਜ਼ਦੂਰੀ’ ਲੈ ਕੇ ਕੰਮ ਕਰਨ ਤੋਂ ਸਾਫ ਨਾਂਹ ਕਰ ਦਿੱਤੀ। ਸੋਚਿਆ, ਇਹ ਦਕੀਆਨੂਸੀ ਪੁਰਸ਼ ਹੈ। ਆਪਣੇ ਬੂਹੇ ‘ਤੇ ਪੂੰਜੀਵਾਦ ਦੀ ਦਸਤਕ ਨਹੀਂ ਪਛਾਣ ਰਿਹਾ, ਸਮੇਂ ਨਾਲ ਨਾ ਬਦਲ ਕੇ ਅੜ ਰਿਹਾ ਹੈ, ਜਲਦੀ ਹੀ ਝੜ ਜਾਵੇਗਾ। ਜੇ ਇਸ ਨੇ ਡਾਰਵਿਨ ਪੜ੍ਹਿਆ ਹੁੰਦਾ ਤਾਂ ਇੱਦਾਂ ਨਾ ਕਰਦਾ। ਥੋੜੇ ਚਿਰ ਪਿਛੋਂ ਉਹ ਤੇ ਉਸ ਦਾ ਤਰਖਾਣ ਭਰਾ ਜਗਨਾ-ਦੋਵੇਂ ਮਰ ਗਏ ਤੇ ਉਨ੍ਹਾਂ ਦੇ ਮੁੰਡੇ ਰੋਜ ਦੇ ਦਿਹਾੜੀਦਾਰ ਰਾਜ ਮਿਸਤਰੀ ਬਣ ਗਏ।
ਅਮਰੇ ਨੇ ਦੱਸ ਪਾਈ ਕਿ ਪਾਲੀ ਬਾਹਮਣ ਨੇ ਕਣਕ ਬੀਜ ਲਈ ਹੈ ਤੇ ਉਸ ਦੀ ਮਸ਼ੀਨ ਵਿਹਲੀ ਹੋ ਗਈ ਹੈ। ਉਸ ਨੇ ਉਸ ਦੀ ਮਸ਼ੀਨ ਮੰਗ ਕੇ ਆਪਣੀ ਬਿਜਾਈ ਪੂਰੀ ਕਰਨ ਦੀ ਸਲਾਹ ਦਿੱਤੀ। ਮੈਨੂੰ ਸੁਝਾਓ ਚੰਗਾ ਲੱਗਾ। ਪਾਲੀ ਬਾਹਮਣ ਵੀ ਮੈਥੋਂ ਕੁਝ ਸਾਲ ਵੱਡਾ ਪਤਲਾ ਜਿਹਾ ਮਧਰੇ ਕੱਦ ਦਾ ਹਸਮੁੱਖ ਨੌਜਵਾਨ ਸੀ। ਉਸ ਦੇ ਵੱਡੇ ਵਡੇਰੇ ਯੂ. ਪੀ. ਤੋਂ ਆ ਕੇ ਸਾਡੇ ਪਿੰਡ ਵਸੇ ਸਨ ਤੇ ਜਜਮਾਨਾਂ ਤੋਂ ਖੇਤ ਦਾਨ ਲੈ ਲੈ ਕੇ ਖੇਤੀ ਕਰਨ ਲੱਗ ਪਏ ਸਨ। ਫਿਰ ਉਨ੍ਹਾਂ ਨੇ ਕੁਝ ਜਮੀਨ ਆਪ ਖਰੀਦ ਕੇ ਚੰਗੀ ਕਾਸ਼ਤ ਬਣਾ ਲਈ ਸੀ। ਹੁਣ ਉਨ੍ਹਾਂ ਨੇ ਪੰਡਤਾਈ ਪੇਸ਼ਾ ਤਾਂ ਛੱਡ ਦਿੱਤਾ ਸੀ ਪਰ ਸ਼ਰਾਧਾਂ ਵੇਲੇ ਲੋਕ ਉਨ੍ਹਾਂ ਨੂੰ ਖੀਰ ਖੁਆਉਣ ਲਈ ਹਾਲੇ ਵੀ ਸੱਦਦੇ ਸਨ। ਉਨ੍ਹਾਂ ਨੇ ਹਿੰਦੀ ਦੀ ਥਾਂ ਸਾਡੇ ਪਿੰਡ ਦੀ ‘ਪੰਜਾਬੀ’ ਬੋਲਣੀ ਸ਼ੁਰੂ ਕਰ ਦਿੱਤੀ ਸੀ ਤੇ ਆਪਣੇ ਆਪ ਨੂੰ ਪੰਜਾਬੀ ਸਭਿਆਚਾਰ ਦੇ ਰੰਗ ਵਿਚ ਢਾਲ ਲਿਆ ਸੀ। ਮੈਂ ਉਸ ਨੂੰ ਬਚਪਨ ਤੋਂ ਜਾਣਦਾ ਸਾਂ।
ਇੰਨਾ ਹੀ ਨਹੀਂ, ਆਜ਼ਾਦੀ ਪਿਛੋਂ ਸਾਡੇ ਪਿੰਡ ਵਿਚ ਇਕ ਗ੍ਰੰਥੀ ਸੰਤ ਨੇ ਇਕ ਗੁਰਮੁਖੀ ਸਕੂਲ ਚਾਲੂ ਕੀਤਾ ਸੀ ਜਿੱਥੇ ਉਹ ਬੱਚਿਆਂ ਨੂੰ ਪੜ੍ਹਾ ਕੇ ਪੰਜ ਗ੍ਰੰਥੀ, ਦਸਮ ਗ੍ਰੰਥੀ ਤੇ ਗੁਰੂ ਗ੍ਰੰਥ ਸਾਹਿਬ ਪੜ੍ਹਨ ਦੇ ਕਾਬਲ ਬਣਾਉਂਦਾ ਸੀ। ਦੇਖਾ ਦੇਖੀ ਪਿੰਡ ਦੇ ਸਾਰੇ ਬੱਚੇ ਇਸ ਸਕੂਲ ਵਿਚ ਦਾਖਲ ਹੋ ਗਏ। ਮੇਰੇ ਪਿਤਾ ਜੀ ਮੈਨੂੰ ਵੀ ਸਵਾ ਰੁਪਿਆ ਚੜ੍ਹਾ ਕੇ ਉਸ ਕੋਲ ਦਾਖਲ ਕਰਾ ਆਏ। ਮੈਨੂੰ ਯਾਦ ਹੈ, ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਵੇਲੇ ਮੇਰੇ ਪਿਤਾ ਜੀ ਨੇ ਮੇਰੇ ਨੰਗੇ ਜੂੜੇ ਨੂੰ ਹੱਥ ਨਾਲ ਢਕ ਲਿਆ ਸੀ। ਅਗਲੇ ਸਾਲ ਪਿੰਡ ਵਿਚ ਸਰਕਾਰੀ ਸਕੂਲ ਖੁੱਲ੍ਹ ਜਾਣ ਕਾਰਨ ਸੰਤ ਜੀ ਨੇ ਆਪਣੇ ਸਾਰੇ ਵਿਦਿਆਰਥੀਆਂ ਨੂੰ ਉਥੇ ਜਾ ਕੇ ਦਾਖਲ ਹੋਣ ਦਾ ਹੁਕਮ ਦੇ ਦਿੱਤਾ ਸੀ ਤੇ ਅਸੀਂ ਸਭ ਉਥੇ ਪਹਿਲੀ ਜਮਾਤ ਵਿਚ ਦਾਖਲ ਕਰ ਲਏ ਗਏ ਸਾਂ। ਪਾਲੀ ਬਾਹਮਣ ਪੰਡਿਤ ਹੋਣ ਕਰਕੇ ਗੁਰਮਤਿ ਦੀ ਪੜ੍ਹਾਈ ਵਾਲੇ ਸਕੂਲ ਵਿਚ ਨਾ ਪਾਇਆ ਗਿਆ, ਸੋ ਅਨਪੜ੍ਹ ਰਹਿ ਗਿਆ।
1956 ਵਿਚ ਜਦੋਂ ਪਿੰਡ ਵਿਚ ਰਾਤ ਨੂੰ ਲੱਗਣ ਵਾਲਾ ਇਕ ਪ੍ਰੌੜ ਸਕੂਲ ਖੁੱਲ੍ਹਾ ਤਾਂ ਉਸ ਦੇ ਅਧਿਆਪਕ ਨੇ ਦੂਜੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਾਰੇ ਅਨਪੜ੍ਹ ਪੜ੍ਹਨੇ ਪਾ ਲਏ। ਇਨ੍ਹਾਂ ਵਿਚ ਇਕ ਪਾਲੀ ਬਾਹਮਣ ਵੀ ਸੀ ਜਿਸ ਦਾ ਸਬਕ ਕਈ ਵਾਰ ਮੈਂ ਹੀ ਸੁਣਦਾ ਸਾਂ। ਕੁਝ ਹੀ ਮਹੀਨਿਆਂ ਵਿਚ ਉਹ ਕਿੱਸੇ-ਕਾਵਿ ਪੜ੍ਹਨੇ ਸਿੱਖ ਗਿਆ ਤੇ ਆਪ ਵੀ ਤੁਕ-ਬੰਦੀ ਕਰ ਕੇ ਕਵਿਤਾਵਾਂ ਘੜ੍ਹਨ ਵਿਚ ਮਾਹਿਰ ਹੋ ਗਿਆ। ਫਿਰ ਉਹ ਜਦੋਂ ਵੀ ਮਿਲਦਾ, ਉਸ ਦੇ ਵਿਹਾਰ ਵਿਚੋਂ ਉਹੀ ਸ਼ਿੱਸ਼ ਵਾਲਾ ਸਤਿਕਾਰ ਝਲਕਦਾ।
ਮੈਂ ਸੋਚਿਆ, ਜੇ ਪਾਲੀ ਦੀ ਮਸ਼ੀਨ ਖਾਲੀ ਪਈ ਹੈ, ਫਿਰ ਤਾਂ ਗੱਲ ਬਣ ਗਈ। ਮੈਂ ਅਮਰੇ ਨੂੰ ਉਨ੍ਹੀਂ ਪੈਰੀਂ ਭੇਜਿਆ ਕਿ ਪੰਡਤ ਨੂੰ ਮਿਲ ਕੇ ਮਸ਼ੀਨ ਮੰਗ ਲਿਆਵੇ। ਪਰ ਅਮਰੇ ਨੇ ਆ ਕੇ ਅਜੀਬ ਗੱਲ ਦੱਸੀ, “ਉਸ ਗਾ ਮਸ਼ੀਨ ਮੰਗਮੀ ਦੇਣੇ ਦੇ ਤੋ ਸਾਫ ਜਵਾਬ ਐ ਲਾਣੇਦਾਰ। ਔਹ ਕਹਾ ਜੇ ਬਜੌਣੀ ਹੈ ਤਾਂ ਔਹ ਆਪ ਆਪਣੇ ਟਰੈਕਟਰ ਗੈਲ ਤੀਹ ਰਪਈਏ ਕਿੱਲੇ ਗੇ ਹਿਸਾਬ ਬੀਜੇਗਾ। ਕੱਲੀ ਮਸ਼ੀਨ ਗਾ ਰੇਟ ਪੰਦਰਾਂ ਰਪਈਏ ਕਿੱਲਾ ਬਤਾਇਆ ਉਸ ਨੈ।”
ਸੁਣ ਕੇ ਮੈਂ ਹੱਕਾ ਬੱਕਾ ਰਹਿ ਗਿਆ। ਪਿੰਡ ਵਿਚ ਕੁਝ ਵੀ ਪਹਿਲਾਂ ਵਾਂਗ ਨਹੀਂ ਸੀ ਰਹਿ ਗਿਆ। ਮਿਸਤਰੀ ਪੁਰਾਣੇ ਢਾਂਚੇ ਨਾਲ ਖੜ੍ਹਾ ਸੀ ਤੇ ਪੰਡਿਤ ਨਵੇਂ ਵਿਚ ਪੈਰ ਧਰ ਰਿਹਾ ਸੀ। ਕੁਝ ਹੀ ਸਮੇਂ ਵਿਚ ਸਭ ਭਰਾਤਰੀ ਕਦਰਾਂ-ਕੀਮਤਾਂ ਪੂੰਜੀਵਾਦ ਦੇ ਚੜ੍ਹਦੇ ਸੈਲਾਬ ਵਿਚ ਹੜ੍ਹ ਗਈਆਂ ਸਨ। ਉਹ ਸੈਲਾਬ ਜਿਸ ਨੂੰ ਮੈਂ ਦੂਰੋਂ ਦੂਜਿਆਂ ਦੇ ਘਰ ਵੜਦਾ ਦੇਖਦਾ ਸਾਂ, ਅੱਜ ਮੇਰੀ ਦਹਿਲੀਜ਼ ਵੀ ਟੱਪ ਆਇਆ ਸੀ। ਮੈਨੂੰ ਮਾਰਕਸ ਦੇ ਉਸ ਕਥਨ ਦੀ ਯਾਦ ਆਈ ਜਿਸ ਵਿਚ ਉਸ ਨੇ ਲਿਖਿਆ ਸੀ, “ਪਿਛਲੇ ਹਜ਼ਾਰਾਂ ਸਾਲਾਂ ਤੋਂ ਭਾਰਤ ਦਾ ਕੋਈ ਇਤਿਹਾਸ ਨਹੀਂ ਹੈ। ਇੱਥੇ ਲੋਕ ਅੱਜ ਵੀ ਉਸੇ ਸਵੈ-ਨਿਰਭਰ ਪੇਂਡੂ ਭਾਈਚਾਰੇ ਵਿਚ ਨਰੜੇ ਉਨ੍ਹਾਂ ਹੀ ਪੁਰਾਣੇ ਉਤਪਾਦਨ ਢੰਗਾਂ ਨਾਲ ਕਿਰਤ ਕਰਦੇ ਆ ਰਹੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਪੂਰਵਜ ਸਦੀਆਂ ਪਹਿਲਾਂ ਕਰਦੇ ਹੁੰਦੇ ਸਨ।” ਪਰ ਹੁਣ ਪ੍ਰਤੱਖ ਸੀ ਕਿ ਉਤਪਾਦਨ ਢੰਗ ਬਦਲ ਰਿਹਾ ਸੀ, ਪੁਰਾਤਨ ਭਾਈਚਾਰਾ ਵੀ ਟੁੱਟ ਰਿਹਾ ਸੀ ਤੇ ਇਕ ਨਵਾਂ ਇਤਿਹਾਸ ਬਣਨਾ ਸ਼ੁਰੂ ਹੋ ਰਿਹਾ ਸੀ।
ਪੂਜੀਵਾਦ ਦੇ ਪਸਾਰ ਦਾ ਪ੍ਰਭਾਵ ਇੱਥੇ ਹੀ ਨਹੀਂ, ਹਰ ਪਾਸੇ ਪਿਆ ਦਿਸਦਾ ਸੀ। ਪਟਿਆਲੇ ਸ਼ਹਿਰ ਦਾ ਉਹ ਬਾਜ਼ਾਰ ਜਿੱਥੇ ਪਹਿਲਾਂ ਦੂਰ ਦੂਰ ਤਕ ਬਲਦਾਂ ਦੇ ਰੱਸੇ, ਨੱਥਾਂ, ਲਾਟੀਆਂ, ਘੁੰਗਰੂ, ਮਖੇਰਨੇ, ਟੱਲੀਆਂ, ਛਾਂਟੇ, ਪ੍ਰੈਣੀਆਂ, ਖਰਖਰੇ, ਖੁਰੀਆਂ ਤੇ ਝੁੱਲ ਆਦਿ ਟੰਗੇ ਨਜ਼ਰ ਆਉਂਦੇ ਸਨ ਉਥੇ ਹੁਣ ਦਾਜ ਬਰੀ ਦੇ ਕੱਪੜੇ, ਸਟੀਲ ਦੇ ਭਾਂਡੇ, ਕਾਲੇ-ਚਿੱਟੇ ਟੀ. ਵੀ. ਸੈਟ, ਮਿਕਸੀਆਂ, ਮਧਾਣੀਆਂ, ਪਟੇ, ਪਾਈਪ, ਮਸ਼ੀਨਾਂ, ਪੀਟਰ ਇੰਜਣਾਂ ਦਾ ਸਾਮਾਨ ਤੇ ਕਈ ਤਰ੍ਹਾਂ ਦੇ ਔਜ਼ਾਰ ਪਏ ਦਿਸਦੇ ਸਨ। ਕਈ ਦੁਕਾਨਾਂ ਵਿਚ ਲਾਲ ਨੀਲੀਆਂ ਰਬੜ ਦੀਆਂ ਨਲਕੀਆਂ, ਮੱਗ, ਬਘੋਨੇ, ਬਹੁ-ਸੁਰਾਖੀ ਤਸਲੇ, ਕੀਫਾਂ, ਮਰਤਬਾਨ ਤੇ ਅਣਡਿੱਠੇ ਆਕਾਰਾਂ ਦੇ ਬਰਤਨਾਂ ਸਮੇਤ ਸ਼ਰਾਬ ਕੱਢਣ ਦਾ ਹਰ ਸਾਮਾਨ ਲਟਕਦਾ ਨਜ਼ਰ ਆਉਂਦਾ ਸੀ। ਇਸ ਬਾਰੇ ਨਾ ਕੋਈ ਖੁਲ੍ਹ ਕੇ ਦੱਸਦਾ ਸੀ, ਨਾ ਪੁੱਛਦਾ ਸੀ, ਬਸ ਖਰੀਦਦਾਰੀ ਹੁੰਦੀ ਰਹਿੰਦੀ ਸੀ। ਪਰ ਕਿਸ ਨੂੰ ਪਤਾ ਸੀ ਕਿ ਇਸ ਤਬਦੀਲੀ ਪਿੱਛੇ ਪੰਜਾਬ ਦਾ ਨਿਘਾਰ ਛੁਪਿਆ ਹੋਇਆ ਸੀ। ਉਗਣ ‘ਤੇ ਹੀ ਪਤਾ ਲੱਗਣਾ ਕਿ ਇਹ ਕਿਸ ਦਰਖਤ ਦਾ ਬੀਜ ਸੀ। ਪਰ ਇਤਿਹਾਸਕ ਪਦਾਰਥਵਾਦ ਦੇ ਸਿਧਾਂਤ ਅਨੁਸਾਰ ਇਸ ਦੀ ਅਗਲੀ ਰੂਪ-ਰੇਖਾ ਸਪਸ਼ਟ ਸੀ। ਪੱਛੜੇ ਪੂੰਜੀਵਾਦ ਨੇ ਪ੍ਰੌੜ ਪੂੰਜੀਵਾਦ ਦੀ ਭੱਦੀ ਤੇ ਬੌਣੀ ਨਕਲ ਹੀ ਹੋਣਾ ਸੀ। ਮੈਂ ਸੋਚਿਆ, ਟਰੈਕਟਰ ਮਸ਼ੀਨਾਂ ਤਾਂ ਖਿਡੌਣੇ ਸਨ, ਜੋ ਕੋਈ ਵੀ ਖਰੀਦ ਸਕਦਾ ਸੀ ਤੇ ਖਰਾਬ ਹੋਣ ‘ਤੇ ਠੀਕ ਵੀ ਕਰਵਾ ਸਕਦਾ ਸੀ। ਪਰ ਇਤਿਹਾਸਕ ਪਦਾਰਥਵਾਦ ਦਾ ਬੋਧ ਅਤਿਅੰਤ ਦੁਰਲੱਭ ਪ੍ਰਾਪਤੀ ਸੀ ਜਿਸ ਤੋਂ ਬਿਨਾ ਸਮਾਜਕ ਸਮਝ ਦਾ ਕੋਈ ਤਾਲਾ ਨਹੀਂ ਸੀ ਖੁਲ੍ਹ ਸਕਦਾ। ਮੈਨੂੰ ਆਪਣੀ ਇਸ ਟੁੱਟੀ ਫੁੱਟੀ ਸਮਝ ‘ਤੇ ਮਾਣ ਹੋਣ ਲੱਗਾ। ਖੈਰ, ਅਸੀਂ ਮਸ਼ੀਨ ਦਾ ਉਹ ਪੁਰਜ਼ਾ ਪਟਿਆਲਿਓਂ ਮੁਰੰਮਤ ਕਰਵਾ ਲਿਆਏ ਤੇ ਬਿਜਾਈ ਪੂਰੀ ਕਰ ਲਈ।
ਮੌਸਮ ਵਿਚ ਠੰਡ ਉਤਰ ਆਈ ਸੀ। ਦੀਵਾਲੀ ਲੰਘੀ ਨੂੰ ਮਹੀਨਾ ਹੋ ਗਿਆ ਸੀ ਤੇ ਆੜ੍ਹਤੀ ਕੋਲ ਜੀਰੀ ਸੁੱਟੀ ਨੂੰ ਇਸ ਤੋਂ ਵੀ ਵੱਧ। ਪਰ ਕਈ ਗੇੜਿਆਂ ਪਿਛੋਂ ਵੀ ਉਹ ਭੁਗਤਾਨ ਕਰਨ ਵਿਚ ਨਹੀਂ ਸੀ ਆ ਰਿਹਾ। ਮੈਂ ਅਮਰੇ ਨੂੰ ਬੁਲਾ ਕੇ ਪੁੱਛਿਆ, “ਹੋਰ ਕੌਣ ਕੌਣ ਗੇਰਾਂ ਰੈ ਇਸ ਆੜ੍ਹਤੀ ਪਾ ਜੀਰੀ?” ਉਸ ਨੇ ਕਈਆਂ ਦੇ ਨਾਂ ਗਿਣਾਏ ਜਿਨ੍ਹਾਂ ਵਿਚ ਦੋ ਮੇਰੇ ਭਾਈਆਂ ਦੇ ਵੀ ਸਨ। ਮੈਂ ਕਿਹਾ, “ਤੌਂਹ ਇਨ੍ਹਾਂ ਨੂੰ ਛੱਡ, ਹੋਰਾਂ ਨੂੰ ਪੁੱਛ ਗੈ ਆ ਕਿਸ ਕਿਸ ਗੇ ਪੈਸੇ ਮਿਲਗੇ, ਕਿਸ ਕਿਸ ਗੇ ਰਹਾਂ।” ਉਸ ਨੇ ਆ ਕੇ ਦੱਸਿਆ, “ਜਿਨ੍ਹਾਂ ਨੈ ਦੁਆਲੀ ਦੇ ਪੈਹਲਾਂ ਗੇਰੀ ਤੀ ਉਨ੍ਹਾਂ ਗੇ ਤੋ ਸਭ ਗੇ ਮਿਲਗੇ। ਬਾਕੀਆਂ ਗੇ ਰਹਾਂ।”
ਮੈਂ ਸੋਚਿਆ, ਮੈਂ ਤਾਂ ਜੀਰੀ ਦਿਵਾਲੀ ਤੋਂ ਕਈ ਦਿਨ ਪਹਿਲਾਂ ਸੁੱਟੀ ਸੀ, ਮੇਰੇ ਪੈਸੇ ਕਿਉਂ ਨਹੀਂ ਦਿੱਤੇ? ਮੇਰੀ ਹਾਲਤ ਦਿਨੋਂ ਦਿਨ ਪਤਲੀ ਹੋ ਰਹੀ ਸੀ। ਅਮਰਾ ਆਪਣੇ ਬੱਚਿਆਂ ਨੂੰ ਸਿਆਲ ਦੇ ਕੱਪੜੇ ਬਣਾਉਣ ਲਈ 200 ਰੁਪਈਆਂ ਲਈ ਸਿਰ ਖਾ ਰਿਹਾ ਸੀ। ਅੰਮ੍ਰਿਤਸਰ ਤੋਂ ਮੇਰਾ ਪੱਕਾ ਮਿੱਤਰ ਆਪਣੇ ਘਰ ਦੇ ਫਰਸ਼ ਪੁਆਉਣ ਲਈ ਹਜਾਰ ਰੁਪਈਆ ਮੰਗ ਰਿਹਾ ਸੀ। ਮੈਂ ਆਪ ਵੀ ‘ਹੀਰੋ-ਪੁੱਖ’ ਨਾਮਕ ਛੋਟੀ ਸਕੂਟਰੀ ਵਰਤਦਾ ਸਾਂ ਜਿਸ ਤੋਂ ਮੇਰੇ ਘਰ ਦਿਆਂ ਨੂੰ, ਖਾਸ ਕਰਕੇ ਬੱਚਿਆਂ ਨੂੰ, ਸਖਤ ਚਿੜ ਸੀ। ਇਸ ਤੋਂ ਬਿਨਾ ਖੇਤੀ, ਪੜ੍ਹਾਈ ਤੇ ਘਰ ਦੇ ਅਣਗਿਣਤ ਖਰਚੇ, ਤੇ ਸਭ ਤੋਂ ਉਪਰ ਟਰੈਕਟਰ ਦੀ ਕਿਸ਼ਤ। ਮੇਰਾ ਨੱਕ ਵਿਚ ਦਮ ਆ ਚੁਕਾ ਸੀ। ਹਰ ਖਾਂਦੇ ਪੀਂਦੇ ਆਦਮੀ ਨੂੰ ਦੇਖ ਕੇ ਮੈਨੂੰ ਆਪਣੇ ਆਪ ‘ਤੇ ਤ੍ਰਿਸਕਾਰ ਹੋਣ ਲੱਗ ਪਿਆ ਸੀ।
ਅਗਲੇ ਦਿਨ ਮੈਂ ਅਮਰੇ ਨੂੰ ਸਕੂਟਰੀ ‘ਤੇ ਬਿਠਾ ਪਟਿਆਲੇ ਅਨਾਜ ਮੰਡੀ ਨੇੜੇ ਛੱਡ ਦਿੱਤਾ। ਮੈਂ ਉਸ ਨੂੰ ਕਿਹਾ ਕਿ ਆੜ੍ਹਤੀ ਕੋਲ ਜਾ ਕੇ ਕਹੇ ਕਿ ਉਹ ਪ੍ਰੋਫੈਸਰ ਦਾ ਨੌਕਰ ਹੈ ਤੇ ਘਰ ਦੇ ਖਰਚੇ ਲਈ ਤੰਗ ਹੈ। ਇਸ ਲਈ ਉਹ ਉਸ ਦੇ ਪੈਸਿਆਂ ਦਾ ਜਲਦੀ ਇੰਤਜ਼ਾਮ ਕਰੇ ਤਾਂ ਜੋ ਉਹ ਅੱਗੇ ਉਸ ਨੂੰ ਦੇ ਸਕੇ। ਉਸ ਨੇ ਆੜ੍ਹਤੀ ਕੋਲ ਜਾ ਕੇ ਇਵੇਂ ਹੀ ਕਿਹਾ। ਪਰ ਆੜ੍ਹਤੀ ਨੇ ਚਲਾਵਾਂ ਜਵਾਬ ਦਿੱਤਾ, “ਪ੍ਰੋਫੈਸਰ ਕੋਲ ਪੈਸਿਆਂ ਦੀ ਕਮੀ ਹੈ। ਸਰਕਾਰੀ ਤੋਸੇਖਾਨੇ ਨੂੰ ਉਸ ਦਾ ਹੱਥ ਪਿਆ ਹੋਇਆ ਹੈ।”
ਜਦੋਂ ਉਸ ਨੇ ਮੈਨੂੰ ਆ ਕੇ ਇਹ ਗੱਲ ਦੱਸੀ, ਮੈਂ ਉਸ ਨੂੰ ਚਿੜਾ ਕੇ ਕਿਹਾ, “ਕੇ ਬਾਤ ਰੈ ਉਸ ਨੈ ਤੋ ਤੇਰੀ ਬੀ ਨੀ ਸੁਣੀ?” ਉਹ ਬੋਲਿਆ, “ਲਾਣੇਦਾਰ ਉਸ ਪਾ ਤੋ ਤਿੰਨ ਰਪਈਏ ਨੂੰ ਲੇਣੇ ਆਲੇ ਦਸ ਜਿਮੀਂਦਾਰ ਬੈਠੇ ਤੇ ਅੱਜ। ਆਪਣਾ ਬਿਆਜ ਬੰਦ ਕਰਗੈ ਔਹ ਤੰਨੂੰ ਮੰਨੂੰ ਕਿਉਂ ਦੇਹਗਾ ਭਲਾ?” ਅਮਰੇ ਨੇ ਮੇਰੇ ਕਈ ਸਵਾਲ ਪੱਧਰੇ ਕਰ ਦਿੱਤੇ। ਸਮਝ ਵਿਚ ਆ ਗਿਆ ਕਿ ਉਹ ਮੇਰੇ ਜਿਹਿਆਂ ਦਾ ਪੈਸਾ ਰੋਕ ਕੇ ਦੂਜੇ ਕਿਸਾਨਾਂ ਨੂੰ 3% ਮਹੀਨਾ ਵਿਆਜ ‘ਤੇ ਚੜ੍ਹਾਉਂਦਾ ਹੈ, ਇਸੇ ਲਈ ਟਾਲ ਮਟੋਲ ਕਰਦਾ ਹੈ।
ਉਂਜ ਉਸ ਦੀ ਗੱਲ ਸੁਣ ਕੇ ਮੇਰਾ ਮਨ ਝੰਜੋੜਿਆ ਗਿਆ। ਮੇਰੇ ਕੋਲ ਤਾਂ ਤਨਖਾਹ ਦੇ ਦੋ ਕੁ ਹਜਾਰ ਰੁਪੈ ਮਹੀਨਾ ਆ ਜਾਂਦੇ ਸਨ ਜਿਨ੍ਹਾਂ ਨਾਲ ਘਰ ਦੇ ਖਰਚੇ ਚਲਦੇ ਰਹਿੰਦੇ ਸਨ। ਪਰ ਉਨ੍ਹਾਂ ਕਿਸਾਨਾਂ ਦਾ ਕੀ ਹਾਲ ਹੋਵੇਗਾ, ਜਿਨ੍ਹਾਂ ਕੋਲ ਖੇਤੀ ਤੋਂ ਬਿਨਾ ਕੋਈ ਆਮਦਨ ਨਹੀਂ ਸੀ? ਬੱਚਿਆਂ ਦੀਆਂ ਫੀਸਾਂ, ਕੱਪੜੇ, ਸਕੂਟਰ ਦੇ ਪੈਟਰੌਲ, ਮਸ਼ੀਨਰੀ ਦੀ ਮੁਰੰਮਤ ਅਤੇ ਫਸਲ ਦੇ ਖਰਚੇ ਕਿਥੋਂ ਪੂਰੇ ਹੁੰਦੇ ਹੋਣਗੇ? ਮੈਂ ਤਾਂ ਲੋੜ ਪੈਣ ‘ਤੇ ਬੈਂਕ ‘ਚੋਂ ਕਢਾ ਲਿਆਉਂਦਾ ਸਾਂ ਪਰ ਉਨ੍ਹਾਂ ਦੇ ਤਾਂ ਬੈਂਕ ਵੀ ਆੜ੍ਹਤੀਏ ਹੀ ਸਨ। ਜਿੰਨੇ ਕੁ ਜਾ ਕੇ ਮੰਗਦੇ ਸਨ, ਉਸ ਦਾ ਮਸੀਂ ਤੀਜਾ ਹਿੱਸਾ ਦਿੰਦੇ ਸਨ। ਨਖਰੇ ਅੱਡ ਤੇ ਤਿੰਨ ਰੁਪਏ ਸੈਂਕੜਾ ਮਿਸ਼ਰਤ ਵਿਆਜ ਅਲੱਗ। ਉਪਰੋਂ ਉਨ੍ਹਾਂ ਦੀ ਜਮੀਨ ਆਡ ਰਹਿਣ ਵੱਖਰੀ। ਇਨ੍ਹਾਂ ਦੀ ਹਾਲਤ ਤਾਂ ਇੰਨੀ ਪਤਲੀ ਹੋ ਚੁਕੀ ਸੀ ਕਿ ਡੀਜ਼ਲ ਦਾ ਇਕ ਢੋਲ ਭਰਵਾਉਣ ਲਈ ਜਾਂ ਹਫਤੇ ਭਰ ਦਾ ਚਾਹ, ਪੱਤੀ, ਗੁੜ, ਲੂਣ, ਤੇਲ ਆਦਿ ਖਰੀਦਣ ਲਈ ਬਾਜ਼ਾਰ ਜਾਣ ਤੋਂ ਪਹਿਲਾਂ ਇਹ ਆੜ੍ਹਤੀ ਕੋਲ ਜਾ ਕੇ ਸੂਦ ਤੇ ਸੌ, ਦੋ ਸੌ ਫੜ੍ਹ ਕੇ ਲਿਆਉਂਦੇ ਸਨ। ਵਿਆਹ-ਸ਼ਾਦੀਆਂ ਤੇ ਹੋਰ ਸਮਾਜਕ ਕਾਰਜਾਂ ਵੇਲੇ ਦੀ ਲੁੱਟ ਦਾ ਤਾਂ ਹਿਸਾਬ ਲਾਉਣਾ ਵੀ ਔਖਾ ਸੀ।
ਜਦੋਂ ਕਿਸੇ ਨੇ ਵਿਸ਼ਵ-ਪ੍ਰਸਿੱਧ ਵਿਗਿਆਨੀ ਆਈਨਸਟਾਈਨ ਨੂੰ ਪੁੱਛਿਆ ਕਿ ਦੁਨੀਆਂ ਦੀ ਸਭ ਤੋਂ ਅਜੀਬ ਚੀਜ਼ ਕੀ ਹੈ ਤਾਂ ਉਸ ਨੇ ਪੁਲਾੜ, ਪ੍ਰਕਾਸ਼, ਐਂਟੀ-ਮੈਟਰ, ਬਲੈਕ-ਹੋਲਜ਼, ਗਲੈਕਸੀਆਂ ਤੇ ਰੈਲੇਟਿਵਿਟੀ ਦੇ ਸਿਧਾਂਤ ਦਾ ਨਾਂ ਨਹੀਂ ਸੀ ਲਿਆ। ਕਿਹਾ ਸੀ, “ਕੰਪਾਉਂਡ ਇੰਟਰੈਸਟ” ਭਾਵ ਮਿਸ਼ਰਤ ਵਿਆਜ! ਜੋ ਇਸ ਵਿਆਜ ਦੇ ਚੱਕਰ ਵਿਚ ਫਸ ਗਿਆ, ਉਸ ਦੀ ਹਾਲਤ ਹਮੇਸ਼ਾ ਅਮਰਵੇਲ ਹੇਠ ਦਬੇ ਦਰਖਤ ਜਿਹੀ ਰਹਿੰਦੀ ਹੈ। ਮੈਂ ਸੋਚਿਆ ਜੇ ਪਿਛਲੇ ਦਸ ਪੰਦਰਾਂ ਸਾਲਾਂ ਵਿਚ ਕਿਸਾਨਾਂ ਦਾ ਇਹ ਹਾਲ ਹੋ ਗਿਆ ਹੈ ਤਾਂ ਅਗਲੇ ਵੀਹ-ਤੀਹ ਸਾਲਾਂ ਵਿਚ ਕੀ ਹੋਵੇਗਾ? ਸੋਚ ਕੇ ਮੇਰਾ ਸਿਰ ਘੁੰਮ ਗਿਆ।
ਅੱਜ ਪੈਂਤੀ ਚਾਲੀ ਸਾਲਾਂ ਬਾਅਦ ਅਸੀਂ ਦੇਖਦੇ ਹਾਂ ਕਿ ਸਾਡਾ ਸਮਾਜ ਉਦੋਂ ਤੋਂ ਹੀ ਕਿਸਾਨਾਂ ਨੂੰ ਕੰਪਾਉਂਡ ਇੰਟਰੈਸਟ ਦੇ ਚੱਕਰ-ਵਿਊਹ ਵਲ ਧੱਕ ਕੇ ਰਾਜਨੀਤੀ ਕਰਦਾ ਆ ਰਿਹਾ ਹੈ। ਇਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਪਾ ਕੇ ਪੁੱਛਦਾ ਹੈ ਕਿ ਕਿਸਾਨ ਫਾਹਾ ਕਿਉਂ ਲੈਂਦੇ ਹਨ? ਸਹੀ ਉਤਰ ਵੱਲ ਕੋਈ ਨਹੀਂ ਜਾਂਦਾ ਕਿਉਂਕਿ ਨੀਤੀਆਂ ਘੜ੍ਹਨ ਵਾਲੇ ਨੇਤਾਵਾਂ ਤੇ ਉਨ੍ਹਾਂ ਦੇ ਸਲਾਹਕਾਰ ਅਰਥਸ਼ਾਸ਼ਤਰੀਆਂ ਤੋ ਲੈ ਕੇ, ਬਹਿਸਾਂ ਦੇ ਕੇਂਦਰ ਸੈਮੀਨਾਰਾਂ ਵਿਚ ਉਲਰਦੇ ਪ੍ਰਵਕਤਾਵਾਂ ਸਮੇਤ ਸਾਰੇ ਭੱਦਰ ਪੁਰਸ਼ ਮੌਜੂਦਾ ਪ੍ਰਣਾਲੀ ਦੇ ਬੰਧੇਜ ਵਿਚ ਰਹਿ ਕੇ ਹੀ ਸੋਚਦੇ ਹਨ।
ਇਹੀ ਕਾਰਨ ਹੈ ਕਿ ਇੰਨੀ ਤੰਗੀ ਦੇ ਬਾਵਜੂਦ ਕਿਸਾਨ ਆਪ ਵੀ ਢਾਂਚੇ ਦੀ ਤਬਦੀਲੀ ਲਈ ਹੱਥ ਪੈਰ ਨਹੀਂ ਮਾਰਦੇ। ਆਪਣੇ ਪ੍ਰਤੀ-ਦਵੰਦੀ ਆੜ੍ਹਤੀਆਂ ਨੂੰ ਉਹ ਆਪਣੇ ਮਾਈ ਬਾਪ ਸਮਝਦੇ ਹਨ। ਜਦੋਂ ਵੇਖੋ ਆੜ੍ਹਤੀਆਂ ਦੀਆਂ ਦੁਕਾਨਾਂ ਵਿਚ ਮਧੂ-ਮੱਖੀਆਂ ਬਣ ਕੇ ਬੈਠੇ ਹੁੰਦੇ ਹਨ। ਆੜ੍ਹਤੀ ਇੱਕਲਾ ਬੈਠਿਆ ਦੇਖਿਆ ਨਹੀਂ, ਉਦੋਂ ਹੀ ਉਸ ਦੇ ਕੰਨ ਕੋਲ ਜਾ ਕੁਝ ਬੇਨਤੀ ਜਿਹੀ ਕਰਦੇ ਹਨ। ਕੁਝ ਇਸ਼ਾਰੇ ਜਿਹੇ ਕਰਦੇ ਬੜੇ ਧਿਆਨ ਨਾਲ ਉਸ ਦੇ ਚਿਹਰੇ ਦੇ ਹਾਵ ਭਾਵ ਵਾਚਦੇ ਹਨ। ਜਦੋਂ ਤੀਕ ਉਹ ਹਾਮੀ ਭਰ ਕੇ ਮੁਨੀਮ ਦੇ ਕੰਨ ਵਿਚ ਕੁਝ ਕਹਿ ਨਾ ਦੇਵੇ, ਉਸ ਦਾ ਖਹਿੜਾ ਨਹੀਂ ਛੱਡਦੇ। ਤੇ ਫਿਰ ਵੱਡੀ ਜਿੱਤ ਦੇ ਅੰਦਾਜ਼ ਵਿਚ ਮੁਸਕਰਾਉਂਦੇ ਉਠਦੇ ਹਨ। ਪਿੱਛੇ ਮੁੜ ਸੇਠ ਪ੍ਰਤੀ ਕ੍ਰਿਤਿਗਤਾ ਦਾ ਇਜ਼ਹਾਰ ਕਰਦੇ ਬਾਹਰ ਨੂੰ ਸਿਰਕਦੇ ਹਨ। ਫਿਰ ਬਾਹਰ ਆ ਕੇ ਕੁਝ ਜਰੂਰੀ ਖਰਚਾਂ, ਕੁਝ ਫਜ਼ੂਲ ਖਰਚਾਂ ਤੇ ਕੁਝ ਬਦ ਖਰਚਾਂ ਕਰ ਕੇ ਦੀਵਾਲੀਏ ਹੋ ਜਾਂਦੇ ਹਨ। ਅੰਤ ਵਿਚ ਕਰਜਿਆਂ ਦੀ ਪੰਡ ਨਾ ਮੋੜ ਸਕਣ ਕਾਰਨ ਕਿਸੇ ਪੱਖੇ ਜਾਂ ਦਰਖਤ ਤੋਂ ਲਟਕ ਕੇ ਸੁਆਹ ਦੀ ਪੰਡ ਬਣ ਜਾਂਦੇ ਹਨ। ਫਿਰ ਸਮਾਜ ਦੇ ਸਭ ਦਾਨਿਸ਼ਮੰਦ ਇਸ ਤਰ੍ਹਾਂ ‘ਚੀਂ ਚੀਂ’ ਦਾ ਰਾਗ ਅਲਾਪਦੇ ਹਨ, ਜਿਵੇਂ ਇਕ ਬਿੱਲੇ ਦੇ ਕਿਸੇ ਪੰਛੀ ਨੂੰ ਖਾ ਜਾਣ ਉਪਰੰਤ ਦੁਆਲੇ ਬੈਠੇ ਜਨੌਰ ਅਲਾਪਦੇ ਹਨ। ਮਸਲੇ ਦਾ ਸਹੀ ਇਲਾਜ ਭੁੱਲ ਕੇ ਭੋਗਾਂ ‘ਤੇ ਹਮਦਰਦ ਬਣਦੇ ਹਨ।
ਗੱਲ ਕੀ, ਸਰਕਾਰੀ ਬਖਸੀਸ਼ ਨਾਲ ਪਰਿਵਾਰ ਦੇ ਹੰਝੂ ਪੂੰਝਣ ਵਲ ਹੀ ਸਾਰੀ ਸ਼ਕਤੀ ਲਾ ਦਿੰਦੇ ਹਨ। ਜਾਣ ਕੇ ਅਣਜਾਣ ਬਣਦੇ ਹਨ। ਬੜੇ ਸਚਿਆਰ ਬਣਦੇ ਹਨ ਪਰ ਇਹ ਨਹੀਂ ਜਾਣਦੇ ਕਿ ਕਿਸਾਨੀ ਸਮੱਸਿਆਵਾਂ ਪੈਦਾਵਾਰੀ ਢਾਂਚੇ ਨਾਲ ਜੁੜੀਆਂ ਹੋਈਆਂ ਹਨ, ਇਸ ਲਈ ਇਹ ਢਾਂਚਾ ਬਦਲਣ ਨਾਲ ਹੀ ਜਾਣਗੀਆਂ, ਕਿਸੇ ਦੀ ਹਮਦਰਦੀ ਨਾਲ ਨਹੀਂ।
ਉਦੋਂ ਕੁਝ ਬੁੱਧੀਜੀਵੀ ਅਕਸਰ ਕਹਿੰਦੇ ਸਨ ਕਿ ਜੇ ਮੁਲਕ ਦੀ ਰਾਜਸੀ ਤਾਕਤ ਕੁਝ ਕੁ ਸਮਾਂ ਉਨ੍ਹਾਂ ਨੂੰ ਮਿਲ ਜਾਵੇ ਤਾਂ ਉਹ ਸਭ ਦੀ ਧਰਨ ਠਿਕਾਣੇ ਲਿਆ ਦੇਣ। ਹੋ ਸਕਦਾ ਹੈ “ਆਖਹਿ ਸਿ ਭਿ ਕੇਈ ਕੇਇ” ਦੇ ਮਹਾਂਵਾਕ ਅਨੁਸਾਰ ਅਜਿਹੀ ਸੋਚ ਕਈ ਹੋਰ ਲੋਕਾਂ ਦੀ ਵੀ ਹੋਵੇ। ਪਰ ਅੱਜ ਦਿੱਲੀ ਵਿਚ ਕੇਜਰੀਵਾਲ ਦਾ ਹਾਲ ਦੇਖਣ ਪਿਛੋਂ ਕੋਈ ਵੀ ਅਜਿਹਾ ਦਾਈਆ ਨਹੀਂ ਕਰ ਸਕਦਾ। ਸਮੇਂ ਨੇ ਸਭ ਨੂੰ ਸਮਝਾ ਦਿੱਤਾ ਹੈ ਕਿ ਸਿਸਟਮ ਨੂੰ ਬਦਲਨਾ ਇਕ ਬੰਦੇ ਦਾ ਕੰਮ ਨਹੀਂ ਸਗੋਂ ਲੋਕ ਲਹਿਰ ਵਿਚ ਉਠੀ ਜਨਤਾ ਦਾ ਕਾਰਜ ਹੈ। ਇਸ ਲਈ ਪੁਰਾਣੀ ਸੋਚ ਵਾਲੇ ਉਹ ਲੋਕ ਸ਼ਾਇਦ ਹੁਣ ਕਿਸਾਨਾਂ ਨਾਲ ਰਲ ਕੇ ਕਿਸੇ ਅਜਿਹੀ ਜਨਤਕ ਮੁਹਿੰਮ ਦਾ ਮਾਹੌਲ ਪੈਦਾ ਕਰਨ।
(ਚਲਦਾ)