ਖਾਲਿਸਤਾਨ, ਹਲੇਮੀ ਰਾਜ, ਬੇਗਮਪੁਰਾ ਸਮਾਜ

ਇਸ ਲੇਖ ਵਿਚ ਵਿਚਾਰਵਾਨ ਗੁਰਬਚਨ ਸਿੰਘ ਨੇ ਚੰਡੀਗੜ੍ਹ ਤੋਂ ਛਪਦੇ ਅਖਬਾਰ ਦ ਟ੍ਰਿਬਿਊਨ ਅਤੇ ਪੰਜਾਬੀ ਟ੍ਰਿਬਿਊਨ ਵਿਚ ਛਪੇ ਕੇ. ਸੀ. ਸਿੰਘ ਦੇ ਇਕ ਲੇਖ ਦੇ ਹਵਾਲੇ ਨਾਲ ਖਾਲਿਸਤਾਨ ਦੇ ਮੁੱਦੇ ਉਤੇ ਚਰਚਾ ਛੇੜਦਿਆਂ ਕਿਹਾ ਹੈ ਕਿ ਕੁਝ ਸੁਆਰਥੀ ਸਿਆਸੀ ਧਿਰਾਂ ਦੀ ਤੰਗਨਜ਼ਰੀ ਕਰਕੇ ‘ਖਾਲਿਸਤਾਨ’ ਸ਼ਬਦ ਨੂੰ ਇਕ ਹਊਆ ਬਣਾ ਕੇ ਪੇਸ਼ ਕੀਤਾ ਗਿਆ ਹੈ ਪਰ ਜੇ

‘ਬਸਤੀਵਾਦੀ ਕਾਨੂੰਨਾਂ’ ਦੇ ਘੇਰੇ ਵਿਚੋਂ ਬਾਹਰ ਨਿਕਲ ਕੇ ‘ਖਾਲਿਸਤਾਨ’ ਦੇ ਗੁਰਮਤਿ ਸੰਕਲਪ ਬਾਰੇ ਖੁੱਲ੍ਹ ਕੇ ਚਰਚਾ ਹੋ ਲੈਣ ਦਿੱਤੀ ਜਾਵੇ ਤਾਂ ਸ਼ਾਇਦ ਪੰਜਾਬ ਵਿਚ ਰਹਿੰਦੇ ਗੈਰ-ਸਿੱਖ ਮਨਾਂ ਵਿਚ ਇਸ ਸ਼ਬਦ ਬਾਰੇ ਬਣਿਆ ਹਊਆ ਖਤਮ ਹੋ ਸਕੇ। ਉਹ ਸਪਸ਼ਟ ਕਰਦੇ ਹਨ ਕਿ ਖਾਲਸਾ ਹਰ ਤਰ੍ਹਾਂ ਦੀਆਂ ਵੰਡੀਆਂ ਮਿਟਾ ਕੇ ਇਸ ਸੱਚ ਨੂੰ ਸਥਾਪਤ ਕਰਨਾ ਚਾਹੁੰਦਾ ਹੈ। ਇਸ ਸੱਚ ਤੋਂ ਹੀ ਸਦੀਵੀ ਰਹਿਣ ਵਾਲੇ ਅਕਾਲ ਤਖਤ ਦੀ ਹਸਤੀ ਪ੍ਰਗਟ ਹੁੰਦੀ ਹੈ। -ਸੰਪਾਦਕ

ਗੁਰਬਚਨ ਸਿੰਘ
ਫੋਨ: 91-98156-98451

ਕੁਝ ਸੁਆਰਥੀ ਸਿਆਸੀ ਧਿਰਾਂ ਦੀ ਤੰਗਨਜ਼ਰੀ ਕਰਕੇ ‘ਖਾਲਿਸਤਾਨ’ ਸ਼ਬਦ ਨੂੰ ਜਿਵੇਂ ਇਕ ਹਊਆ ਬਣਾ ਕੇ ਪੇਸ਼ ਕੀਤਾ ਗਿਆ ਹੈ, ਇਸ ਨੇ ਬਹੁਤੇ ਗੈਰ ਸਿੱਖਾਂ ਤੋਂ ਇਲਾਵਾ ਸਿੱਖ ਮਨਾਂ ਵਿਚ ਵੀ ਇਕ ਭੰਬਲਭੂਸੇ ਵਾਲੀ ਹਾਲਤ ਪੈਦਾ ਕੀਤੀ ਹੈ। ਬੜੀ ਤੇਜ਼ੀ ਨਾਲ ਬਦਲ ਰਹੀ ਸੰਸਾਰ ਹਾਲਤ ਨੂੰ ਧਿਆਨ ਵਿਚ ਰੱਖ ਕੇ ਤੇ ‘ਬਸਤੀਵਾਦੀ ਕਾਨੂੰਨਾਂ’ ਦੇ ਘੇਰੇ ਵਿਚੋਂ ਬਾਹਰ ਨਿਕਲ ਕੇ ਜੇ ‘ਖਾਲਿਸਤਾਨ’ ਦੇ ਗੁਰਮਤਿ ਸੰਕਲਪ ਬਾਰੇ ਖੁੱਲ੍ਹ ਕੇ ਚਰਚਾ ਹੋ ਲੈਣ ਦਿੱਤੀ ਜਾਵੇ ਤਾਂ ਸ਼ਾਇਦ ਪੰਜਾਬ ਵਿਚ ਰਹਿੰਦੇ ਗੈਰ-ਸਿੱਖ ਮਨਾਂ ਵਿਚ ਇਸ ਸ਼ਬਦ ਬਾਰੇ ਬਣਿਆ ਹਊਆ ਖਤਮ ਹੋ ਸਕੇ। ਇਸ ਚਰਚਾ ਨਾਲ ਸ਼ਾਇਦ ਸਿੱਖ ਮਨਾਂ ਵਿਚ ਬਣੀ ਇਹ ਦੁਬਿਧਾ ਵੀ ਖਤਮ ਹੋ ਸਕੇ ਕਿ ਧਾਰਮਿਕ, ਸਮਾਜੀ ਤੇ ਰਾਜਸੀ ਪੱਖੋਂ ਕੀ ਸਿੱਖ ਇਕ ਨਿਵੇਕਲਾ ਭਾਈਚਾਰਾ ਹਨ ਅਤੇ ਇਕ ‘ਕੌਮ’ ਬਣਦੇ ਹਨ ਜਾਂ ਮੌਜੂਦਾ ਭਾਰਤੀ ਰਾਜਸੀ ਤਾਣੇ-ਬਾਣੇ ਵਿਚ ਇਕ ਧਾਰਮਿਕ ਘੱਟ ਗਿਣਤੀ ਹਨ।
ਇਸ ਚਰਚਾ ਦੀ ਸ਼ੁਰੂਆਤ 16 ਜੁਲਾਈ ਨੂੰ ਪੰਜਾਬੀ ਤੇ ਅੰਗਰੇਜ਼ੀ ਟ੍ਰਿਬਿਊਨ ਵਿਚ ਸਾਬਕਾ ਵਿਦੇਸ਼ ਸਕੱਤਰ ਸ਼ ਕੇ. ਸੀ. ਸਿੰਘ ਦੀ ਖਾਲਿਸਤਾਨ ਬਾਰੇ ਛਪੀ ਇਕ ਲਿਖਤ ਤੋਂ ਹੋ ਸਕਦੀ ਹੈ। ਪੰਜਾਬੀ ਟ੍ਰਿਬਿਊਨ ਵਿਚ ਛਪੀ ਲਿਖਤ ਦਾ ਸਿਰਲੇਖ ਹੈ, ‘ਖਾਲਿਸਤਾਨ ਦਾ ਮਸਲਾ ਅਤੇ ਪੰਜਾਬ ਦੇ ਮੌਜੂਦਾ ਹਾਲਾਤ’, ਜਦੋਂ ਕਿ ਅੰਗਰੇਜ਼ੀ ਟ੍ਰਿਬਿਊਨ ਵਿਚ ਛਪੀ ਲਿਖਤ ਦਾ ਸਿਰਲੇਖ ਹੈ, ‘ਖਾਲਿਸਤਾਨ ਦਾ ਨੁਕਸਦਾਰ ਵਿਚਾਰ’। ਉਂਜ ਪੰਜਾਬੀ ਟ੍ਰਿਬਿਊਨ ਵਿਚ ਛਪੀ ਲਿਖਤ ਅੰਗਰੇਜ਼ੀ ਟ੍ਰਿਬਿਊਨ ਵਿਚ ਛਪੀ ਲਿਖਤ ਦਾ ਅਨੁਵਾਦ ਹੀ ਹੈ। ਇਸ ਲਿਖਤ ਵਿਚ ਲੇਖਕ ਨੇ ਆਪੇ ਹੀ ਸੁਆਲ ਕਰਕੇ ‘ਖਾਲਿਸਤਾਨ ਕੀ ਹੈ?’ ਫਿਰ ਆਪ ਹੀ ਇਸ ਦਾ ਜੁਆਬ ਦਿੱਤਾ ਹੈ, ‘‘ਇੱਕ ਨਿੱਕਾ ਜਿਹਾ ਚੰਹੁ ਪਾਸਿਓਂ ਧਰਤੀ ਨਾਲ ਘਿਰਿਆ ਹੋਇਆ ਭੂਗੋਲਿਕ ਖੇਤਰ, ਜਿਸ ਦੇ ਇਕ ਪਾਸੇ ਮੁਖਾਲਿਫ ਭਾਰਤ ਅਤੇ ਦੂਜੇ ਪਾਸੇ ਲੁਟੇਰਾ ਤੇ ਗੈਰ-ਭਰੋਸੇਯੋਗ ਪਾਕਿਸਤਾਨ ਹੈ। ਜੋ ਪੁਜਾਰੀਆਂ ਤੇ ਕੱਟੜ ਆਗੂਆਂ ਦੇ ਹੱਥਾਂ ਵਿਚ ਹੋਵੇਗਾ।’’
ਇਸ ਦੇ ਬਦਲਵੇਂ ਰੂਪ ਵਜੋਂ ਲੇਖਕ ਦਾ ਸੁਝਾਅ ਹੈ, ‘‘ਇਸ ਦੇ ਮੁਕਾਬਲੇ ਇਹ ਇਕ ਚਿਰ ਸਥਾਈ ਸੰਤੁਲਿਤ ਜ਼ੱਰਈ-ਸਨਅਤੀ ਵਿਕਾਸ ਨਾਲ ਭਾਰਤ ਦੇ ਕੈਲੀਫੋਰਨੀਆ ਬਣ ਰਹੇ ਪੰਜਾਬ ਦੀ ਪੁਨਰ ਸਿਰਜਣਾ ਵੀ ਹੋ ਸਕਦੀ ਹੈ। ਬਸ਼ਰਤੇ ਸਰਕਾਰ ਤੇ ਸਿੱਖ ਧਰਮ ਦਾ ਰਿਸ਼ਤਾ ਇਰਾਨ ਦੇ ਇਮਾਮ ਖੁਮੀਨੀ ਦੇ ਕਹਿਣ ਵਾਂਗ ਇਨਸਾਫ ਦੇ ਕਾਨੂੰਨੀ ਰਖਵਾਲਿਆਂ ਦਾ ਹੋਵੇ। ਅਜਿਹੇ ਖਾਲਿਸਤਾਨ ਦੀ ਗੁਰੂ ਸਾਹਿਬਾਨ ਵਾਂਗ ਸਮੁੱਚੇ ਭਾਰਤ ਵਿਚ ਇੱਜਤ ਹੋਵੇਗੀ ਤੇ ਇਸ ਦਾ ਪ੍ਰਭਾਵ ਪਵੇਗਾ।’’
ਹਾਲ ਦੀ ਘੜੀ ਖਾਲਿਸਤਾਨ ਨਾਲ ਜੁੜੀ ਬਾਕੀ ਸਾਰੀ ਚਰਚਾ ਨੂੰ ਲਾਂਭੇ ਛੱਡਦਿਆਂ ਇਥੇ ਇਸ ਧਾਰਨਾ ਦਾ ਖੰਡਨ ਕਰਨਾ ਬਹੁਤ ਜਰੂਰੀ ਹੈ ਕਿ ਖਾਲਿਸਤਾਨ ‘‘ਇਕ ਨਿੱਕਾ ਜਿਹਾ ਚੰਹੁ ਪਾਸਿਓਂ ਧਰਤੀ ਨਾਲ ਘਿਰਿਆ ਹੋਇਆ ਭੂਗੋਲਿਕ ਖੇਤਰ ਹੋਵੇਗਾ।’’ ਬੇਸ਼ਕ ਦੁਨੀਆਂ ਭਰ ਵਿਚ ਸੈਂਕੜੇ ਦੇਸ਼ ਇਹੋ ਜਿਹੇ ਹਨ, ਜਿਨ੍ਹਾਂ ਨਾਲ ਸਮੁੰਦਰ ਨਹੀਂ ਲਗਦਾ ਅਤੇ ਉਹ ਬੜੀ ਸਫਲਤਾ ਨਾਲ ਆਪਣਾ ਕਾਰਜ ਕਰ ਰਹੇ ਹਨ। ਪਰ ਖਾਲਿਸਤਾਨ ਗੁਰਮਤਿ ਫਿਲਾਸਫੀ ਉਤੇ ਆਧਾਰਤ ਇਕ ਰਾਜ ਦਾ ਸੰਕਲਪ ਹੈ, ਜਿਸ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿਚ ‘ਹਲੇਮੀ ਰਾਜ’ ਤੇ ‘ਬੇਗਮਪੁਰਾ’ ਸਮਾਜ ਦੇ ਰੂਪ ਵਿਚ ਕੀਤੀ ਗਈ ਹੈ। ਦੁਨੀਆਂ ਭਰ ਵਿਚ ਰਹਿੰਦੇ ਸਿੱਖ ਹਰ ਰੋਜ ਸਵੇਰ-ਸ਼ਾਮ ਦੋ ਵਾਰ ਆਪਣੀ ਅਰਦਾਸ ਤੋਂ ਬਾਅਦ ‘ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ’ ਦੇ ਰੂਪ ਵਿਚ ਇਸੇ ਸੰਕਲਪ ਨੂੰ ਦੁਹਰਾਉਂਦੇ ਹਨ।
ਸਪਸ਼ਟ ਕਰਨ ਵਾਲਾ ਨੁਕਤਾ ਸਿਰਫ ਏਨਾ ਹੈ ਕਿ ਇਥੇ ਜਦੋਂ ਆਕੀ ਹੋਣ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਸ ਦਾ ਭਾਵ ਖਾਲਸਾ ਰਾਜ ਤੋਂ ਆਕੀ ਹੋਣਾ ਨਹੀਂ ਸਗੋਂ ਕੁਦਰਤੀ ਨੇਮਾਂ ਭਾਵ ‘ਹੁਕਮੁ’ ਤੋਂ ਆਕੀ ਹੋਣਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਸ ਨੁਕਤੇ ਨੂੰ ਸਪਸ਼ਟ ਕੀਤਾ ਗਿਆ ਹੈ:
ਬ੍ਰਹਮਾ ਬਿਸਨੁ ਰਿਖੀ ਮੁਨੀ
ਸੰਕਰੁ ਇਦੁੰ ਤਪੈ ਭੇਖਾਰੀ॥
ਮਾਨੈ ਹੁਕਮੁ ਸੋਹੈ ਦਰ ਸਾਚੈ
ਆਕੀ ਮਰਹਿ ਅਫਾਰੀ॥ (ਪੰਨਾ 992)
ਭਾਵ ਉਸ ਸਿਰਜਣਹਾਰ ਕਰਤਾ ਦੇ ਦਰਬਾਰ ਵਿਚ ਬ੍ਰਹਮਾ, ਵਿਸ਼ਨੂੰ, ਸ਼ਿਵਜੀ ਤੇ ਇੰਦਰ ਸਮੇਤ ਸਾਰੇ ਰਿਖੀ-ਮੁਨੀ-ਤਪੀ ਭਿਖਾਰੀ ਹਨ। ਉਸ ਦੇ ਦਰਬਾਰ ਵਿਚ ਸਿਰਫ ਉਹੀ ਸ਼ੋਭਦੇ ਹਨ, ਜੋ ਉਸ ਦੇ ਹੁਕਮੁ (ਦਸਤੂਰ) ਨੂੰ ਮੰਨਦੇ ਹਨ ਤੇ ਉਸ ਦੇ ਹੁਕਮੁ ਤੋਂ ਆਕੀ ਸਾਰੇ ਲੋਕ ਆਪਣੇ ਅਫਰੇਵੇਂ (ਹਉਮੈ) ਨਾਲ ਹੀ ਮਰ ਜਾਂਦੇ ਹਨ।
ਜਦੋਂ ਸ਼ ਕੇ. ਸੀ. ਸਿੰਘ ‘ਚਿਰ ਸਥਾਈ ਸੰਤੁਲਿਤ ਵਿਕਾਸ ਨਾਲ ਨਵੇਂ ਪੰਜਾਬ ਦੀ ਪੁਨਰ ਸਿਰਜਣਾ’ ਦੀ ਗੱਲ ਕਰਦੇ ਹਨ ਤਾਂ ਉਹ ਇਸੇ ਸੰਕਲਪ ਨਾਲ ਸਪਸ਼ਟ ਹੋ ਸਕਦੀ ਹੈ। ਅੱਜ ਦੁਨੀਆਂ ਭਰ ਵਿਚ ਇਹੀ ਚਰਚਾ ਚੱਲ ਰਹੀ ਹੈ ਕਿ ਸਮੁੱਚੀ ਮਨੁੱਖਤਾ ਚਿਰ ਸਥਾਈ ਅਤੇ ਸੰਤੁਲਿਤ ਵਿਕਾਸ ਵੱਲ ਅੱਗੇ ਕਿਵੇਂ ਵਧ ਸਕਦੀ ਹੈ? ਸੰਖੇਪ ਵਿਚ ਇਸ ਚਰਚਾ ਦਾ ਤੱਤ ਇਹੀ ਹੈ ਕਿ ਮਨੁੱਖ ਕੁਦਰਤ ਨਾਲ ਇਕਸੁਰ ਰਹਿ ਕੇ ਤੇ ਕੁਦਰਤੀ ਨੇਮਾਂ ਅਧੀਨ ਜ਼ਿੰਦਗੀ ਜਿਉਣ ਦੀ ਜਾਚ ਸਿੱਖ ਕੇ ਹੀ, ਭਾਵ ਆਪਣਾ ਆਤਮਕ ਤੇ ਮਾਨਸਿਕ ਵਿਕਾਸ ਰਾਹੀਂ ਹੀ ਚਿਰ ਸਥਾਈ ਤੇ ਸੰਤੁਲਿਤ ਵਿਕਾਸ ਕਰ ਸਕਦਾ ਹੈ। ਪੰਜਾਬ ਨੂੰ ਅੱਜ ਸਾਮਰਾਜੀ ਪੂੰਜੀਵਾਦੀ ਵਿਕਾਸ ਦੇ ਦੁਸ਼ਟ ਚੱਕਰ ਵਿਚੋਂ ਬਾਹਰ ਨਿਕਲ ਕੇ ਇਸੇ ਵਿਕਾਸ ਮਾਰਗ ਵੱਲ ਤੋਰਨ ਦੀ ਲੋੜ ਹੈ। ਗੁਰਮਤਿ ਇਸ ਵਿਕਾਸ ਮਾਰਗ ਦੀ ਪੁਸ਼ਟੀ ਕਰਦੀ ਹੈ।
ਪੂੰਜੀਵਾਦ ਦੇ ਸਾਮਰਾਜੀ ਦੌਰ ਵਿਚ ਆ ਕੇ ਸਿਰਫ ‘ਪੈਸੇ’ ਦੇ ਰਿਸ਼ਤਿਆਂ ਤਕ ਸਿਮਟਿਆ ਮਨੁੱਖ ਆਪਣੀ ਜਜ਼ਬਾਤੀ ਹੋਂਦ ਦਾ ਪ੍ਰਗਟਾਵਾ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਅੱਜ ਜਜ਼ਬਾਤ ਵਿਹੂਣਾ ਮਨੁੱਖ ਸਾਮਰਾਜੀ ਪੈਦਾਵਾਰੀ ਮਸ਼ੀਨ ਦਾ ਇਕ ਪੁਰਜਾ ਮਾਤਰ ਬਣ ਕੇ ਰਹਿ ਗਿਆ ਹੈ ਅਤੇ ਅੰਤਾਂ ਦਾ ਇਕਲਾਪਾ ਭੋਗ ਰਿਹਾ ਹੈ, ਜਿਸ ਕਰਕੇ ਉਹ ਲਗਾਤਾਰ ਨਿਰਾਸ਼ਾ ਦਾ ਸ਼ਿਕਾਰ ਹੈ। ਸੰਸਾਰ ਸਿਹਤ ਸਭਾ ਦੀ ਇਕ ਰਿਪੋਰਟ ਮੁਤਾਬਕ ਇਕੱਲੇ ਅਮਰੀਕਾ ਅਤੇ ਬਰਤਾਨੀਆ ਵਿਚ ਮਾਨਸਿਕ ਰੋਗਾਂ ਕਾਰਨ ਇਕ ਹਜਾਰ ਅਰਬ ਡਾਲਰ ਦੀ ਪੈਦਾਵਾਰੀ ਸ਼ਕਤੀ ਦਾ ਨੁਕਸਾਨ ਹੋ ਰਿਹਾ ਹੈ। ਇਲਾਜ ਉਤੇ ਕੀਤਾ ਜਾ ਰਿਹਾ ਖਰਚ ਇਸ ਤੋਂ ਵੱਖਰਾ ਹੈ। ਸਾਮਰਾਜੀ ਖਪਤਕਾਰੀ ਦਾ ਭਟਕਾਇਆ ਅਜੋਕਾ ਮਨੁੱਖ ਆਪਣੇ ਆਪ ਨੂੰ ਕੁਦਰਤੀ ਨੇਮਾਂ ਅਨੁਸਾਰ ਢਾਲਣ ਦੀ ਥਾਂ ਆਪਣੇ ਦਿਮਾਗ ਵਿਚ ਬਣੇ ਸੰਕਲਪਾਂ ਦੇ ਆਧਾਰ ‘ਤੇ ਕੁਦਰਤ ਨੂੰ ਆਪਣੀਆਂ ਇੱਛਾਵਾਂ ਅਨੁਸਾਰ ਢਾਲਣਾ ਚਾਹੁੰਦਾ ਹੈ, ਜੋ ਬਾਹਰਮੁਖੀ ਠੋਸ ਹਕੀਕਤ ਨਾਲ ਟਕਰਾਉਂਦਾ ਹੈ।
ਸਿੱਖ ਧਰਮ ਦਾ ਮੰਤਵ ਆਤਮਕ ਗਿਆਨ ਦੀ ਰੌਸ਼ਨੀ ਵਿਚ ਮਨੁੱਖ ਦਾ ਆਤਮਕ ਤੇ ਮਾਨਸਿਕ ਵਿਕਾਸ ਕਰਕੇ ਮਨੁੱਖ ਨੂੰ ਉਸ ਦੀ ਕੁਦਰਤੀ ਹੋਂਦ ਤੋਂ ਜਾਣੂ ਕਰਵਾਉਣਾ ਹੈ। ਇਨਕਲਾਬ ਅਤੇ ਤਬਦੀਲੀ ਵਿਚ ਵੱਡਾ ਫਰਕ ਇਹੀ ਹੈ ਕਿ ਤਬਦੀਲੀ ਆਪਣੇ ਮਾਨਸਿਕ ਵਿਹਾਰ ਨੂੰ ਬਦਲੇ ਬਿਨਾ ਦੂਜਿਆਂ ‘ਤੇ ਠੋਸੀ ਜਾਂਦੀ ਹੈ, ਜਦੋਂ ਕਿ ਇਨਕਲਾਬ ਆਪਣਾ ਆਤਮਕ ਤੇ ਮਾਨਸਿਕ ਵਿਕਾਸ ਕਰਦਿਆਂ ਆਪਣੇ ਆਲੇ-ਦੁਆਲੇ ਦੇ ਸਮਾਜ ਨੂੰ ਬਦਲਣ ਦੇ ਰਾਹ ਪੈਣ ਦਾ ਸੰਕਲਪ ਹੈ। ਮਨੁੱਖ ਨੂੰ ਕੁਦਰਤ ਦੇ ਨੇਮਾਂ ਵਿਚ ਰਹਿ ਕੇ ਜ਼ਿੰਦਗੀ ਜਿਉਣ ਦੀ ਜੁਗਤ ਦਾ ਗਿਆਨ ਹੋਣਾ ਅਤੇ ਇਸ ਨੂੰ ਅਮਲ ਵਿਚ ਲਾਗੂ ਕਰਨ ਲਈ ਸੰਘਰਸ਼ ਕਰਨਾ, ਇਹੀ ਮਾਰਕਸ ਦਾ ਕਮਿਊਨਿਸਟ ਇਨਕਲਾਬ ਹੈ, ਭਾਵ ਸਰਬ-ਸਾਂਝੀਵਾਲਤਾ ਦੇ ਆਧਾਰ ਉਤੇ ਨਵੇਂ ਸਮਾਜ ਦੀ ਸਥਾਪਤੀ। ਪਰ ਕਮਿਊਨਿਸਟ ਲਹਿਰ ਇਸ ਰਾਹ ਤੋਂ ਭਟਕ ਗਈ ਹੈ। ਉਹ ਸੁਚੇਤ ਤੌਰ ‘ਤੇ ਚੇਤੰਨ ਹੋ ਕੇ ਆਤਮਕ-ਗਿਆਨ ਭਾਵ ਭੌਤਿਕਵਾਦੀ ਫਿਲਾਸਫੀ ਨਾਲ ਆਪਣਾ ਆਤਮਕ ਤੇ ਮਾਨਸਿਕ ਵਿਕਾਸ ਕੀਤੇ ਬਿਨਾ ਹੀ ਸਮਾਜ ਨੂੰ ਬਦਲਣ ਦਾ ਭਰਮ ਪਾਲ ਰਹੀ ਹੈ, ਜਿਸ ਕਰਕੇ ਉਸ ਦਾ ਆਪਣਾ ਹੀ ਮਨ ਸਾਮਰਾਜੀ ਪੂੰਜੀਵਾਦੀ ਹਉਮੈ (ਕੁਦਰਤ ਤੋਂ ਟੁੱਟੀ ਹੋਈ ਆਪਣੀ ਝੂਠੀ ਹੋਂਦ) ਅਤੇ ਤ੍ਰਿਸ਼ਨਾ (ਗੈਰ-ਕੁਦਰਤੀ ਇੱਛਾਵਾਂ) ਦਾ ਗੁਲਾਮ ਬਣ ਕੇ ਸਾਮਰਾਜੀ ਖਪਤਕਾਰੀ ਸਭਿਆਚਾਰ ਦਾ ਸ਼ਿਕਾਰ ਹੋ ਗਿਆ ਹੈ ਜਿਸ ਕਰਕੇ ਮਾਰਕਸ ਦੇ ਚਿਤਵੇ ਕਮਿਊਨਿਸਟ ਸਮਾਜ ਦੀ ਸਿਰਜਣਾ ਨਹੀਂ ਹੋ ਸਕੀ।
ਗੁਰੂ ਗੋਬਿੰਦ ਸਿੰਘ ਨੇ ‘ਜਾਪ’ ਸਾਹਿਬ ਵਿਚ ਖਾਲਸੇ ਦਾ ਸਰੂਪ ਬੜੇ ਕਮਾਲ ਦੇ ਢੰਗ ਨਾਲ ਪੇਸ਼ ਕੀਤਾ ਹੈ। ਖਾਲਸਾ ਉਸ ਸੱਚ ਦਾ ਉਪਾਸ਼ਕ ਅਤੇ ਕਰਮਠ ਹੈ, ਜਿਸ ਵਿਚ ਚਕਰ ਚਿਹਨ, ਬਰਨ, ਜਾਤਿ, ਰੂਪ, ਰੰਗ ਅਤੇ ਰੇਖ-ਭੇਖ ਦਾ ਕੋਈ ਵਿਤਕਰਾ ਨਹੀਂ। ਖਾਲਸਾ ਉਸ ਸੱਚ ਦਾ ਉਪਾਸ਼ਕ ਹੈ, ਜੋ ਅਚਲ ਮੂਰਤ ਹੈ, ਅਨਭਉ ਪ੍ਰਕਾਸ ਹੈ, ਅਮਿਤੋਜ ਹੈ ਅਤੇ ਤ੍ਰਿਭਵਣ ਮਹੀਪ ਹੈ। ਖਾਲਸਾ ਉਸ ਮਨੁੱਖ ਅਤੇ ਉਸ ਰੱਬੀ (ਆਤਮਕ) ਰਾਜ ਦੀ ਸਿਰਜਣਾ ਵਿਚ ਲੱਗਾ ਹੋਇਆ ਹੈ, ਜਿਥੇ ਚਿਹਨ ਦੀ ਭਿੰਨਤਾ ਕਰਕੇ, ਬਰਨ ਜਾਤਿ ਦੀ ਭਿੰਨਤਾ ਕਰਕੇ, ‘ਰੂਪ ਰੰਗ’ ਅਤੇ ‘ਰੇਖ ਭੇਖ’ ਦੀ ਭਿੰਨਤਾ ਕਰਕੇ ਮਨੁੱਖ, ਮਨੁੱਖ ਦਾ ਵੈਰੀ ਨਹੀਂ। ਚਕਰ ਚਿਹਨ ਰੂਪ ਰੰਗ ਰੇਖ ਭੇਖ ਸੰਸਾਰ ਦੀਆਂ ਬੇਅੰਤ ਕੌਮਾਂ, ਦੇਸ਼ਾਂ ਅਤੇ ਧਰਮਾਂ ਦੇ ਵੱਖੋ-ਵੱਖਰੇ ਹਨ, ਪਰ ਸਾਰੀ ਮਨੁੱਖਤਾ ਇਕ ਹੈ। ਸਾਰਾ ਸੰਸਾਰ ਤੇ ਬ੍ਰਹਿਮੰਡ ਇਕ ਹੈ। ਖਾਲਸਾ ਉਸ ਏਕਤਾ (ਬ੍ਰਹਿਮੰਡ) ਦਾ ਕੁਦਰਤੀ (ਹਲੇਮੀ) ਰਾਜ ਸਥਾਪਤ ਕਰਨ ਵਾਲੀ ਫੌਜ ਹੈ। ਖਾਲਸਾ ਉਹ ਰੱਬੀ (ਕੁਦਰਤੀ ਨੇਮਾਂ ਅਨੁਸਾਰ ਭਾਵ ਹੁਕਮ ਵਿਚ ਚਲਣ ਵਾਲਾ) ਰਾਜ ਸਥਾਪਤ ਕਰਨਾ ਚਾਹੁੰਦਾ ਹੈ, ਜੋ ਸਦੀਵੀ ਅਟੱਲ ਸੁੰਦਰਤਾ ਅਤੇ ਸਦਾ ਪ੍ਰਕਾਸ਼ਮਾਨ ਰਹਿ ਸਕਣ ਵਾਲੇ ਨਿਰੰਤਰ ਪ੍ਰਕਾਸ਼ ਅਤੇ ਅਸੀਮ ਸੱਚ ਦਾ ਲਖਾਇਕ ਹੈ। ਸੱਚ ਦੀ ਅਚਲ ਮੂਰਤ ਹੈ। ਸੱਚ ਦਾ ਪ੍ਰਕਾਸ਼ ਹੀ ਅਨਭਉ ਪ੍ਰਕਾਸ਼ ਹੈ ਅਤੇ ਕੇਵਲ ਸੱਚ ਹੀ ਅਸੀਮ ਹੈ। ਖਾਲਸਾ ਹਰ ਤਰ੍ਹਾਂ ਦੀਆਂ ਵੰਡੀਆਂ ਮਿਟਾ ਕੇ ਇਸ ਸੱਚ ਨੂੰ ਸਥਾਪਤ ਕਰਨਾ ਚਾਹੁੰਦਾ ਹੈ। ਇਸ ਸੱਚ ਤੋਂ ਹੀ ਸਦੀਵੀ ਰਹਿਣ ਵਾਲੇ ਅਕਾਲ ਤਖਤ ਦੀ ਹਸਤੀ ਪ੍ਰਗਟ ਹੁੰਦੀ ਹੈ। ਇਸ ਸੱਚ ਤੋਂ ਹੀ ਪੰਥ ਦੀ ਰਾਜਨੀਤੀ ਦਾ ਅਰੰਭ ਹੁੰਦਾ ਹੈ। ਸਿੱਖ ਪੰਥ ਦਾ ਆਧਾਰ ਸ੍ਰਿਸ਼ਟੀ-ਧਰਮ ਦੇ ਗਿਆਨ ਖੰਡ ਵਿਚੋਂ ਲਗਾਤਾਰ ਵਿਗਸਦਾ ਕਰਮ ਹੈ। ਇਹੀ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦਾ ਸੰਕਲਪ ਹੈ। ਇਹੀ ਖਾਲਿਸਤਾਨ ਦਾ ਸਿਧਾਂਤਕ ਆਧਾਰ ਹੈ। ਹਾਂ, ਇਸ ਦੀ ਸ਼ੁਰੂਆਤ ਪੰਜਾਬ ਤੋਂ ਹੀ ਹੋ ਸਕਦੀ ਹੈ ਕਿਉਂਕਿ ਪੰਜਾਬ ਪੰਥ ਖਾਲਸੇ ਦੀ ਜਨਮ ਭੂਮੀ ਹੈ। ‘ਚਿਰ ਸਥਾਈ ਸੰਤੁਲਿਤ ਵਿਕਾਸ ਨਾਲ ਨਵੇਂ ਪੰਜਾਬ ਦੀ ਪੁਨਰ ਸਿਰਜਣਾ’ ਦਾ ਸਿਰਫ ਇਹੀ ਰਾਹ ਹੈ।