ਉਸ ਦੀ ਤਲਾਸ਼ ਵਿਚ

ਹਰਪਾਲ ਸਿੰਘ ਪੰਨੂ
ਸਵੇਰ ਸਾਰ ਖੁਮਾਰ ਆ ਕੇ ਬੋਲਿਆ, “ਨਾਗਸੈਨ ਨੇ ਦੱਸਿਆ ਹੈ, ਦੱਖਣ ਤੋਂ ਕੋਈ ਮਹਾਤਮਾ ਆਇਆ ਹੈ…ਉਸਨੂੰ ਮਿਲਣਾ ਹੈ। ਨਾਲੇ ਦਿਨ ਵੀ ਬਹੁਤ ਹੋ ਗਏ ਹਨ, ਉਸ ਦੇ ਡੇਰੇ ‘ਤੇ ਗਿਆਂ। ਚੱਲੀਏ?”

ਜਾਣ ਦਾ ਇਛੁੱਕ ਹੋਣ ਤੇ ਬਾਵਜੂਦ ਮੈਂ ਕਿਹਾ, “ਤੂੰ ਸਾਧਾਂ ਅਤੇ ਉਨ੍ਹਾਂ ਦੇ ਡੇਰਿਆਂ ਦੇ ਖਿਲਾਫ ਹੈਂ। ਨਾਗਸੈਨ ਜੋ ਦੱਸਦਾ ਹੈ, ਉਸ ਨੂੰ ਮੰਨਦਾ ਨਹੀਂ। ਫਿਰ ਉਥੇ ਜਾਣ ਦੀ ਕੀ ਤੁਕ? ਵੈਸੇ ਵੀ ਉਥੇ ਜਾ ਕੇ ਤੂੰ ਊਟ ਪਟਾਂਗ ਕਿਸਮ ਦੇ ਸਵਾਲ ਕਰਦਾ ਹੈਂ। ਸਾਧਾਂ ਦੇ ਟਿੱਲੇ ਬਹਿਸ-ਮੁਬਾਹਸਿਆਂ ਦੇ ਕੇਂਦਰ ਨਹੀਂ ਹੁੰਦੇ…ਉਥੇ ਚੁੰਝ-ਚਰਚਾ ਪਸੰਦ ਨਹੀਂ ਕੀਤੀ ਜਾਂਦੀ। ਟਿੱਲਿਆਂ ਉਤੇ ਲੋਕ ਕੇਵਲ ਮੁਰਾਦਾਂ ਮੰਗਣ ਜਾਂਦੇ ਹਨ। ਤੂੰ ਕਿਉਂਕਿ ਨਾਗਸੈਨ ਦਾ ਮੁਰੀਦ ਨਹੀਂ, ਕੀ ਕਰੇਂਗਾ ਜਾ ਕੇ?”
ਖੁਮਾਰ ਕਹਿਣ ਲੱਗਾ, “ਉਹ ਟਿੱਲਾ ਕੀ ਹੋਇਆ ਜਿਥੇ ਚਿੰਤਨ ਦੇ ਜਵਾਲਾਮੁਖੀ ਨਹੀਂ ਖੌਲਦੇ…ਜਿਥੇ ਲੋਹਾ ਰੂੰ ਵਾਂਗ ਨਹੀਂ ਉਡਦਾ…ਜਿਥੇ ਅਸਮਾਨੀ ਖਹਿੰਦੇ ਪਰਬਤ ਨਾਚ ਨਹੀਂ ਕਰਦੇ। ਮੈਂ ਉਨ੍ਹਾਂ ਸਾਧਾਂ ਦੇ ਖਿਲਾਫ ਹਾਂ ਜੋ ਪ੍ਰਸ਼ਨਾਂ ਨੂੰ ਦੁਰਕਾਰਦੇ ਹਨ। ਰਹੀ ਗੱਲ ਮੁਰਾਦਾਂ ਮੰਗਣ ਦੀ, ਸਾਧਾਂ ਦੇ ਡੇਰੇ ਭਿੱਖ ਮੰਗਿਆਂ ਦੇ ਜਮਘਟੇ ਨਹੀਂ ਹੁੰਦੇ। ਉਥੇ ਕੁਝ ਲੈਣਾ, ਕੁਝ ਦੇਣਾ-ਦੋਵੇਂ ਵਰਤਾਰੇ ਹੁੰਦੇ ਹਨ। ਹਰ ਸ਼ਖਸ ਇਕੋ ਵਕਤ ਮੰਗਤਾ ਵੀ ਹੈ, ਦਾਤਾ ਵੀ। ਉਮੀਦਾਂ ਲੈ ਕੇ ਜਾਂਦੇ ਹਨ ਲੋਕ ਅਤੇ ਭਰੋਸਾ ਲੈ ਕੇ ਪਰਤਦੇ ਹਨ। ਕੁਦਰਤ ਦਾ ਵੀ ਇਹੋ ਅਸੂਲ ਹੈ। ਵੈਸੇ ਵੀ ਨਾਗਸੈਨ ਸੇਕ ਮਾਰਦਾ ਮਾਰੂ ਤਪੱਸਵੀ ਨਹੀਂ। ਉਹ ਮਿੱਤਰ ਪ੍ਰਤੀਤ ਹੁੰਦਾ ਹੈ ਸਭ ਨੂੰ…ਮੈਂ ਤਾਂ ਚੱਲਿਆਂ। ਸੋਚਿਆ ਸੀ, ਤੂੰ ਚੱਲੇਂਗਾ…।”
ਮੈਂ ਤਿਆਰ ਹੋ ਗਿਆ ਤੇ ਅਸੀਂ ਪਿੰਡ ਦੇ ਬਾਹਰ ਡੇਰੇ ਵੱਲ ਤੁਰ ਪਏ। ਮੈਂ ਪੁੱਛਿਆ, “ਕੀ ਵਜ੍ਹਾ ਹੈ ਖੁਮਾਰ, ਨਾਗਸੈਨ ਨਾਸਤਿਕ ਹੋਣ ਦੇ ਬਾਵਜੂਦ ਸਤਿਕਾਰਿਆ ਜਾਂਦਾ ਮਹਾਤਮਾ ਹੈ?”
ਖੁਮਾਰ ਨੇ ਕਿਹਾ, “ਕਦੀ ਕਦੀ ਤੂੰ ਦਿਲਚਸਪ ਪਰ ਮੂਰਖਤਾ ਪੂਰਨ ਗੱਲਾਂ ਕਰਦਾ ਹੈਂ। ਇਹ ਆਸਤਿਕ-ਨਾਸਤਿਕ ਸ਼ਬਦ ਅਲਪ ਬੁੱਧ ਲੋਕ ਵਰਤਦੇ ਹਨ। ਉਹ ਬੋਧੀ ਹੈ, ਤੇਰੀਆਂ ਮਾਨਤਾਵਾਂ ਅਨੁਸਾਰ ਨਾਸਤਿਕ। ਇਉਂ ਤਾਂ ਉਸ ਦੀਆਂ ਮਾਨਤਾਵਾਂ ਮੁਤਾਬਕ ਤੂੰ ਨਾਸਤਿਕ ਐਂ। ਮੁੱਖ ਮੁੱਦਾ ਇਹ ਮਾਨਤਾਵਾਂ, ਧਾਰਨਾਵਾਂ ਨਹੀਂ। ਦੇਖਣਾ ਇਹ ਹੈ ਕਿ ਕੋਈ ਸ਼ਖਸ ਪਿਆਰ ਦਾ ਸੋਮਾ ਹੈ ਕਿ ਨਹੀਂ। ਭੱਠੀ ਵਿਚ ਝੁਲਸੇ ਲੋਕ ਇਹ ਨਹੀਂ ਪੁੱਛਦੇ ਕਿ ਮਿੱਠੇ ਪਾਣੀ ਦਾ ਸਰੋਤ ਕੀ ਹੈ, ਉਹ ਚਸ਼ਮੇ ਨੂੰ ਡੀਕ ਲਾ ਲੈਂਦੇ ਹਨ। ਕੋਈ ਦਰਜਾ-ਬਦਰਜਾ ਵੀ ਨਹੀਂ ਹੁੰਦਾ ਇਥੇ। ਕੀੜੀਆਂ, ਮੱਖੀਆਂ, ਕੁੱਤਿਆਂ ਦਾ ਸੁਭਾਅ ਤੇ ਨਸਲ ਵੱਖ ਵੱਖ ਹੈ, ਪਰ ਮਿਠਾਸ ਸਭਨਾਂ ਨੂੰ ਪਸੰਦ ਹੈ, ਇਨ੍ਹਾਂ ਨੂੰ।”
ਗੱਲਾਂ ਕਰਦੇ ਕਰਾਂਦੇ ਡੇਰੇ ਅੰਦਰ ਲੰਘ ਗਏ ਤਾਂ ਦੇਖਿਆ, ਨਾਗਸੈਨ ਬੂਟਿਆਂ ਨੂੰ ਪਾਣੀ ਦੇ ਰਿਹਾ ਸੀ। ਉਹ ਮੁਸਕਰਾਇਆ ਤੇ ਬੈਠਣ ਲਈ ਇਸ਼ਾਰਾ ਕਰਕੇ ਕਹਿਣ ਲੱਗਾ, “ਬੱਸ ਕੰਮ ਮੁਕਾ ਲਿਆ ਹੈ। ਚਾਰ ਕੁ ਬੂਟੇ ਰਹਿ ਗਏ ਹਨ, ਆਇਆ।”
ਬੈਠਣ ਦੀ ਥਾਂ ਅਸੀਂ ਨਾਗਸੈਨ ਪਾਸ ਚਲੇ ਗਏ। ਖੁਮਾਰ ਨੇ ਕਿਹਾ, “ਸੰਗਤ ਸੇਵਾ ਲਈ ਤਿਆਰ ਰਹਿੰਦੀ ਹੈ ਬਾਬਿਓ, ਫਿਰ ਖੁਦ ਕਿਉਂ ਬਾਲਟੀਆਂ ਖੜਕਾਉਂਦੇ ਫਿਰਦੇ ਹੋ?”
ਉਸ ਨੇ ਕਿਹਾ, “ਪਾਣੀ ਕੋਈ ਵੀ ਦੇ ਲਏ ਠੀਕ ਹੈ, ਪਰ ਇਹ ਬੂਟੇ ਮੈਂ ਲਾਏ ਸਨ, ਇਸ ਕਰਕੇ ਕਦੀ ਕਦੀ ਵਹਿਮ ਹੋ ਜਾਂਦਾ ਹੈ ਮੈਨੂੰ ਕਿ ਆਪ ਇਨ੍ਹਾਂ ਨੂੰ ਪਾਣੀ ਨਾ ਦਿਆਂ ਤਾਂ ਉਦਾਸ ਹੋ ਜਾਣਗੇ ਇਹ। ਅਹਿ ਸਾਹਮਣੇ ਕੁੱਤਾ ਬੈਠਾ ਹੈ, ਮੇਰੇ ਬਗੈਰ ਕਿਸੇ ਦੇ ਹੱਥੋਂ ਰੋਟੀ ਨਹੀਂ ਖਾਂਦਾ। ਚਾਹੁੰਦਾ ਹੈ ਕਿ ਦਿਨ ਵਿਚ ਇਕ ਵਾਰ ਇਸ ਦੇ ਸਿਰ ‘ਤੇ ਹੱਥ ਫੇਰਾਂ। ਜਦੋਂ ਕਦੀ ਮੈਂ ਅਜਿਹਾ ਕਰਨਾ ਭੁੱਲ ਜਾਵਾਂ ਤਾਂ ਪਰਵਾਹ ਨਹੀਂ ਕਰਦਾ ਕਿ ਬੰਦਗੀ ਵਿਚ ਬੈਠਾ ਹਾਂ, ਗੋਡੇ ਉਪਰ ਸਿਰ ਰੱਖ ਕੇ ਆਰਾਮ ਨਾਲ ਅੱਖਾਂ ਬੰਦ ਕਰਕੇ ਬੈਠ ਜਾਂਦਾ ਹੈ, ਚੁੱਪ ਚਾਪ। ਪਸੂ ਤੇ ਬੂਟੇ ਚਾਹੁੰਦੇ ਹਨ, ਕੋਈ ਉਨ੍ਹਾਂ ਨਾਲ ਗੱਲਾਂ ਕਰੇ। ਇਹ ਸਭਨਾਂ ਦੀਆਂ ਬੋਲੀਆਂ ਦੇ ਜਾਣੂ ਹਨ। ਕੇਵਲ ਬੰਦਾ ਹੈ, ਜਿਸ ਨੂੰ ਬੰਦੇ ਦੀ ਬੋਲੀ ਸਮਝ ਨਹੀਂ ਆਉਂਦੀ। ਇਥੇ ਇਹੋ ਜਿਹੇ ਅਭਾਗੇ ਬੰਦੇ ਵੀ ਆ ਜਾਂਦੇ ਹਨ ਡੇਰੇ ਵਿਚ, ਜੋ ਕਹਿੰਦੇ ਹਨ ਕਿ ਉਹ ਬਜੁਰਗ ਮਾਪਿਆਂ ਦਾ ਸਤਿਕਾਰ ਕਰਦੇ ਹਨ ਕਿਉਂਕਿ ਉਹ ਮਾਪਿਆਂ ਨੂੰ ਰੋਟੀ ਜੁ ਦਿੰਦੇ ਹਨ।”
ਨਾਗਸੈਨ ਨੇ ਗੱਲ ਜਾਰੀ ਰੱਖੀ, “ਕੱਲ੍ਹ ਨਰਸਰੀ ਵਿਚ ਗਿਆ ਸਾਂ। ਮਾਲੀ ਬੂਟਿਆਂ ਨੂੰ ਪਿਉਂਦ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਤੇਜ਼ ਧਾਰ ਬਲੇਡ ਇਸ ਤਰ੍ਹਾਂ ਚਲਾਉਣਾ ਹੈ ਕਿ ਕੇਵਲ ਛਿਲਕੇ ਵਿਚ ਖੁੱਭੇ, ਜੇ ਲੱਕੜੀ ਕੱਟੀ ਗਈ ਤਾਂ ਵਾਇਰਸ ਹੱਲਾ ਬੋਲ ਦਿੰਦੇ ਹਨ। ਮਾਲੀ ਨੇ ਬੂਟਿਆਂ ਦੇ ਮਹੀਨ ਸੁਭਾਅ ਦੀਆਂ ਅਜਿਹੀਆਂ ਕਈ ਗੱਲਾਂ ਦੱਸੀਆਂ ਤਾਂ ਮੈਂ ਕਹਿ ਦਿੱਤਾ, ‘ਬੱਚਿਆਂ ਵਾਂਗ ਕੋਮਲ ਹੋਏ ਇਹ ਤਾਂ, ਕੋਈ ਫਰਕ ਨਹੀਂ ਹੈ ਬੂਟਿਆਂ ਵਿਚ ਤੇ ਬੱਚਿਆਂ ਵਿਚ।’ ਮਾਲੀ ਨੇ ਕਿਹਾ, ਨਹੀਂ ਜੀ ਬੱਚਿਆਂ ਵਰਗੇ ਕਿਥੇ ਹਨ ਇਹ? ਬੱਚੇ ਜੇ ਰੁੱਸ ਜਾਣ ਤਾਂ ਮੰਨ ਜਾਂਦੇ ਹਨ। ਬੂਟੇ ਰੁੱਸ ਜਾਣ, ਮੰਨਦੇ ਨਹੀਂ। ਨਾ ਕੋਈ ਇਤਰਾਜ, ਨਾ ਸਰਾਪ, ਨਾ ਫਰਿਆਦ-ਸਦਾ ਲਈ ਤੁਰ ਜਾਂਦੇ ਹਨ, ਚੁਪ ਚਾਪ।”
ਇਹ ਗੱਲਾਂ ਹੋ ਰਹੀਆਂ ਸਨ ਤਾਂ ਗੇਰੂਏ ਵਸਤਰ ਪਹਿਨੀਂ ਇਕ ਮਹਾਤਮਾ ਬਾਹਰੋਂ ਡੰਡੀ ਡੰਡੀ ਡੇਰੇ ਵੱਲ ਆਉਂਦਾ ਦਿੱਸਿਆ। ਨਾਗਸੈਨ ਨੇ ਦੱਸਿਆ, “ਇਹ ਕੇਰਲਾ ਦੇ ਸਵਾਮੀ ਨਿਤਯ ਚੈਤੰਨਯ ਯਤੀ ਹਨ। ਇਨ੍ਹਾਂ ਦਾ ਡੇਰਾ ਊਟੀ ਵਿਚ ਹੈ। ਉਤਰੀ ਭਾਰਤ ਵੱਲ ਫੇਰੀ ਪਾਉਣ ਤਾਂ ਸਾਡੇ ਪਾਸ ਰੁਕਦੇ ਹਨ।” ਸਵਾਮੀ ਦੀ ਉਮਰ ਅੱਸੀਆਂ ਤੋਂ ਉਪਰ ਹੋਵੇਗੀ ਪਰ ਨਜ਼ਰ ਅਤੇ ਕਦਮਾਂ ਵਿਚ ਪੂਰੀ ਤਾਕਤ ਸੀ।
ਨਾਗਸੈਨ ਨੇ ਕਿਹਾ, “ਸਵਾਮੀ, ਇਹ ਖੁਮਾਰ ਹੈ। ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਵਿਚ ਮਨੋ-ਵਿਗਿਆਨ ਦਾ ਪ੍ਰੋਫੈਸਰ ਤੇ ਬੁਲੰਦ ਸ਼ਾਇਰ ਹੈ। ਉਰਦੂ ਗਜ਼ਲ ਦਾ ਉਸਤਾਦ। ਹਰ ਵਕਤ ਸਵਾਲਾਂ ਦੀ ਪੰਡ ਚੁਕੀ ਫਿਰਦਾ ਰਹਿੰਦਾ ਹੈ। ਤੁਹਾਨੂੰ ਮਿਲਣ ਦੀ ਇੱਛਾ ਸੀ, ਆ ਗਏ।”
ਸੁਆਮੀ ਦੇ ਵਰਤਾਰੇ ਵਿਚ ਧੀਰਜ ਸੀ। ਤਖਤਪੋਸ਼ ਵੱਲ ਤੁਰਦਾ ਗਿਆ। ਅਸੀਂ ਨਾਲ ਨਾਲ ਤੁਰ ਪਏ। ਖੜਾਵਾਂ ਲਾਹ ਕੇ ਜਦੋਂ ਬੈਠ ਗਿਆ ਤਾਂ ਕਹਿਣ ਲੱਗਾ, “ਸ਼ਾਇਰ ਅੱਛਾ ਆਦਮੀ ਹੁੰਦਾ ਹੈ, ਪਰ ਭਰੋਸੇਯੋਗ ਨਹੀਂ ਹੁੰਦਾ, ਪਲ ਪਲ ਬਦਲਦਾ ਹੈ, ਚੁਮਾਸੇ ਦੀਆਂ ਹਵਾਵਾਂ ਵਾਂਗ। ਪਰ ਕੀ ਕਰੀਏ ਤੇ ਕਹੀਏ ਵੀ ਕੀ? ਜੇ ਪਲ ਪਲ ਬਦਲੇ ਨਾ ਤਾਂ ਸ਼ਾਇਰ, ਸ਼ਾਇਰ ਨਹੀਂ ਰਹਿੰਦਾ। ਜੇ ਬਦਲਦਾ ਰਹੇ ਫਿਰ ਇਤਬਾਰੀ ਨਹੀਂ। ਖੈਰ, ਦੱਸੋ ਮਹਾਂ-ਕਵੀ ਠੀਕ ਹਾਂ ਮੈਂ?”
ਖੁਮਾਰ ਬੋਲਿਆ, “ਬਦਲ ਸਾਰਾ ਜਹਾਨ ਰਿਹਾ ਹੈ, ਪਲ ਪਲ। ਕੇਵਲ ਕਵੀ ਹੈ ਜਿਸ ਨੂੰ ਇਸ ਦਾ ਬਾਖੂਬੀ ਪਤਾ ਹੈ। ਤੁਹਾਨੂੰ ਜਾਣਨ ਦੀ ਜਿਗਿਆਸਾ ਲੈ ਕੇ ਹਾਜ਼ਰ ਹੋਏ ਹਾਂ ਸੁਆਮੀ।”
ਸੁਆਮੀ ਨੇ ਕਿਹਾ, “ਮੇਰੇ ਬਾਬਤ ਨਾਗਸੈਨ ਦੱਸ ਦਏਗਾ। ਲੰਮਾ ਸਮਾਂ ਇਕੱਠੇ ਰਹੇ ਅਸੀਂ।”
ਨਾਗਸੈਨ ਨੇ ਕਿਹਾ, “ਮਹਾਰਾਜ, ਆਪਣੇ ਬਾਰੇ ਆਪ ਦੱਸੋ। ਕੋਈ ਬੰਦਾ ਜਦੋਂ ਚੰਦ-ਤਾਰਿਆਂ ਦੀਆਂ ਗੱਲਾਂ ਸੁਣਾਉਂਦਾ ਹੈ, ਮੈਂ ਧਿਆਨ ਨਾਲ ਸੁਣਦਾ ਹਾਂ। ਚੰਦ ਤਾਰਿਆਂ ਦਾ ਫਿਰ ਵੀ ਮੈਨੂੰ ਕੁਝ ਪਤਾ ਨਹੀਂ ਲਗਦਾ, ਪਰ ਜੋ ਬੰਦਾ ਤਾਰਿਆਂ ਬਾਬਤ ਦੱਸ ਰਿਹਾ ਹੁੰਦਾ ਹੈ, ਉਸ ਬਾਰੇ ਪਤਾ ਲੱਗ ਜਾਂਦਾ ਹੈ ਕਿ ਉਹ ਆਪ ਕੀ ਹੈ? ਤੁਹਾਡੇ ਬਾਰੇ ਕੁਝ ਦੱਸਾਂਗਾ ਤਾਂ ਆਪਣੇ ਆਪ ਬਾਰੇ ਬੋਲ ਰਿਹਾ ਹੋਵਾਂਗਾ। ਤੁਸੀਂ ਆਪ ਕੁਝ ਕਹੋ।”
ਸੁਆਮੀ ਨੇ ਕਿਹਾ, “ਠੀਕ ਹੈ, ਜੋ ਹੁਕਮ। ਪਰ ਕਿਥੋਂ ਸ਼ੁਰੂ ਕਰੀਏ? ਮੈਂ ਤੁਹਾਡੇ ਲਈ, ਤੁਸੀਂ ਮੇਰੇ ਲਈ ਅਜਨਬੀ ਹੋ। ਫਿਰ ਵੀ, ਕੀ ਸੁਣਨਾ ਚਾਹੋਗੇ?”
ਖੁਮਾਰ ਬੋਲਿਆ, “ਸੁਆਮੀ, ਇਹ ਦੱਸੋ ਕਿ ਪਿਆਰ ਕੀਤਾ ਕਦੀ?”
ਸੁਆਮੀ ਹੱਸ ਪਿਆ। ਕਹਿਣ ਲੱਗਾ, “ਪਿਆਰ ਕੋਈ ਕਰਨ ਵਾਲੀ ਚੀਜ਼ ਹੁੰਦੀ ਹੈ? ਕੀ ਸਾਹ ਤੁਸੀਂ ਲੈ ਰਹੇ ਹੋ? ਇਕ ਸਿਲਸਿਲਾ ਹੈ ਬੱਸ, ਜੋ ਚੱਲ ਰਿਹਾ ਹੈ ਲਗਾਤਾਰ-ਅਮਰ ਪਰ ਬੇਖਬਰ। ਖੂਨ ਦਾ ਦਰਿਆ ਲਗਾਤਾਰ ਦੌੜ ਰਿਹਾ ਹੈ, ਰਗਾਂ ਵਿਚ, ਤੇ ਦਿਲ ਸੌ ਸੌ ਸਾਲ ਨਿਰੰਤਰ ਇਸ ਬਗੀਚੇ ਨੂੰ ਸਿੰਜਦਾ ਥੱਕਦਾ ਨਹੀਂ। ਦਿਲ ਦੇ ਜਾਂ ਫੇਫੜਿਆਂ ਦੇ, ਅਸੀਂ ਅਹਿਸਾਨਮੰਦ ਨਹੀਂ ਹੁੰਦੇ, ਕੋਈ ਲੋੜ ਨਹੀਂ। ਆਸ਼ਕ ਨਾ ਗਰਜਮੰਦ ਹੁੰਦੇ ਹਨ, ਨਾ ਅਹਿਸਾਨਮੰਦ। ਮੈਂ ਰੱਬ ਦਾ ਕਦੀ ਸ਼ੁਕਰਾਨਾ ਨਹੀਂ ਕੀਤਾ। ਸ਼ੁਕਰਾਨਾ ਉਹ ਕਰਨ ਜੋ ਉਸ ਨੂੰ ਪਿਆਰ ਨਹੀਂ ਕਰਦੇ। ਅਸੀਂ ਕਰਜੇ ਦੇ ਘੁਣ ਨੇ ਥੋਥੇ ਨਹੀਂ ਕੀਤੇ ਹੋਏ, ਅਸੀਂ ਤਾਂ ਮਾਲਾਮਾਲ ਹੋਏ ਫਿਰ ਰਹੇ ਹਾਂ।”
ਖੁਮਾਰ ਨੇ ਕਿਹਾ, “ਫਲਸਫਾ ਸੁਣਨ ਦੀ ਇੱਛਾ ਨਹੀਂ ਹੈ, ਅੱਜ ਸੁਆਮੀ। ਸਿੱਧੀ ਗੱਲ ਕਰਨੀ ਹੈ। ਇਹ ਦੱਸੋ ਕਿ ਕੀ ਕਿਸੇ ਕੁੜੀ ਨੂੰ ਪਿਆਰ ਕੀਤਾ ਕਦੀ?”
ਮੈਨੂੰ ਖੁਮਾਰ ਦੀ ਬੇਬਾਕੀ ਪਸੰਦ ਨਾ ਆਈ। ਪਹਿਲੀ ਵਾਰ ਬਜੁਰਗ ਸਾਧੂ ਨੂੰ ਮਿਲੇ ਹਾਂ, ਜੋ ਹੈ ਵੀ ਛੜਾ ਛੜਾਂਗ। ਅਜਿਹੇ ਪ੍ਰਸ਼ਨ ਨਹੀਂ ਪੁੱਛਣੇ ਚਾਹੀਦੇ ਖੁਮਾਰ ਨੂੰ, ਮੈਂ ਸੋਚਿਆ। ਪਰ ਸੁਆਮੀ ਨੇ ਮੱਥੇ ਵੱਟ ਨਹੀਂ ਪਾਇਆ। ਚੁੱਪ ਰਿਹਾ ਕੁਝ ਦੇਰ। ਫਿਰ ਉਸ ਦੇ ਹੋਠਾਂ ਉਤੇ ਹਲਕੀ ਜਿਹੀ ਮੁਸਕਾਨ ਆਈ ਤੇ ਬੋਲਿਆ, “ਹਾਂ ਹੋਇਆ ਸੀ ਕੁਝ ਇਹੋ ਜਿਹਾ ਇਕ ਵਾਰ, ਬਹੁਤ ਦੇਰ ਪਹਿਲਾਂ। ਪੈਂਹਠ ਸੱਤਰ ਸਾਲ ਹੋ ਗਏ ਹੋਣਗੇ। ਪੰਦਰਾਂ ਕੁ ਸਾਲ ਦਾ ਹੋਵਾਂਗਾ, ਉਦੋਂ ਮੈਂ। ਘਟਨਾ ਤਾਂ ਮਾਮੂਲੀ ਜਿਹੀ ਸੀ ਪਰ ਇਸ ਦਾ ਸਿਲਸਿਲਾ ਕੁਝ ਲੰਬਾ ਹੋ ਗਿਆ। ਇਹ ਇਸ਼ਕ ਸੀ ਕਿ ਪਾਗਲਪਨ, ਕਿ ਕੁਝ ਨਹੀਂ ਸੀ, ਕਿ ਸਭ ਕੁਝ ਹੀ ਸੀ-ਕੋਈ ਪਤਾ ਨਹੀਂ ਹੁਣ ਤੱਕ ਲੱਗਿਆ। ਦਸਵੀਂ ਜਮਾਤ ਵਿਚ ਪੜ੍ਹਦਾ ਸਾਂ। ਇਕ ਜਮਾਤੀ, ਮੇਰਾ ਬੜਾ ਪਿਆਰਾ ਮਿੱਤਰ ਬਣ ਗਿਆ। ਉਹ ਅਕਸਰ ਮੈਨੂੰ ਉਨ੍ਹਾਂ ਦੇ ਗਵਾਂਢ ਰਹਿੰਦੀ ਕੁੜੀ ਬਾਰੇ ਦੱਸਦਾ ਰਹਿੰਦਾ। ਉਹਦੇ ਸੁਹੱਪਣ ਦੀਆਂ ਗੱਲਾਂ, ਉਹਦੀ ਸਿਆਣਪ ਦੀਆਂ ਗੱਲਾਂ ਕਰਦਾ ਥਕਦਾ ਨਹੀਂ ਸੀ ਉਹ ਘੰਟਿਆਂ ਬੱਧੀ। ਸ਼ੁਰੂ ਸ਼ੁਰੂ ਵਿਚ ਮੈਨੂੰ ਉਸ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ ਪਰ ਹੌਲੀ ਹੌਲੀ ਲੱਗਣ ਲੱਗਾ ਜਿਵੇਂ ਕੋਈ ਕ੍ਰਿਸ਼ਮਾ ਹੀ ਹੋਵੇਗੀ, ਉਹ ਕੋਈ। ਉਸ ਦਾ ਨਾਮ ਫਰਜ਼ ਕਰ ਲਉ, ਤਰੰਨੁਮ ਸੀ। ਮੇਰੇ ਹੀ ਸ਼ਹਿਰ ਵਿਚ ਬੇਮਿਸਾਲ ਸੁੰਦਰਤਾ ਦੀ ਮਾਲਕ ਇਕ ਕੁੜੀ ਰਹਿ ਰਹੀ ਹੋਵੇ ਤੇ ਮੈਂ ਦੇਖੀ ਤਕ ਨਾ ਹੋਵੇ-ਲਾਹਨਤ ਹੈ ਮੇਰੇ ‘ਤੇ। ਮੈਂ ਆਪਣੇ ਦੋਸਤ ਨੂੰ ਝਿਜਕਦਿਆਂ ਝਿਜਕਦਿਆਂ ਇਕ ਦਿਨ ਆਖ ਹੀ ਦਿੱਤਾ, ਕਦੀ ਦਿਖਾ ਦਏਂਗਾ ਮੈਨੂੰ ਵੀ ਤਰੰਨੁਮ ਨੂੰ ਤੂੰ? ਉਸ ਨੇ ਕਿਹਾ, ਕਿਉਂ ਨਹੀਂ? ਕਦੀ ਘਰ ਆਈਂ ਸਾਡੇ।
ਮਿਥੇ ਅਨੁਸਾਰ ਐਤਵਾਰ ਦੇ ਦਿਨ ਉਸ ਦੇ ਘਰ ਚਲਾ ਗਿਆ ਮੈਂ। ਬੈਠਕ ਵਿਚ ਜਾ ਕੇ ਕਿਤਾਬ ਫੋਲਣ ਲੱਗ ਪਿਆ ਤੇ ਦੋਸਤ ਤਰੰਨੁਮ ਨੂੰ ਬੁਲਾਉਣ ਉਸ ਦੇ ਘਰ ਚਲਾ ਗਿਆ। ਥੋੜ੍ਹੀ ਦੇਰ ਬਾਅਦ ਉਸ ਨੇ ਮੈਨੂੰ ਅਵਾਜ਼ ਦਿੱਤੀ, ‘ਬਾਹਰ ਆ, ਤਰੰਨੁਮ ਆਈ ਹੈ।’ ਮੇਰੀ ਰਗ-ਰਗ ਵਿਚ ਬਿਜਲੀ ਵਰਗੀ, ਚਕਾਚੌਂਧ ਕਰ ਦੇਣ ਵਾਲੀ ਇਕ ਤੇਜ਼ ਰੌਅ ਦੌੜ ਪਈ। ਕੁਲ ਸੰਸਾਰ ਦੀ ਉਹ ਖੂਬਸੂਰਤੀ, ਜੋ ਦੇਖੀ ਨਹੀਂ ਗਈ ਅੱਜ ਤੱਕ, ਇਥੇ ਨੇੜੇ ਬਾਹਰ ਵਿਹੜੇ ਵਿਚ ਆ ਖਲੋਤੀ ਹੈ। ਹੁਣੇ ਬਾਹਰ ਜਾਵਾਂਗਾ ਤਾਂ ਸੰਸਾਰ ਦਾ ਸਰਬੋਤਮ ਖਜਾਨਾ ਮੇਰੀਆਂ ਅੱਖਾਂ ਸਾਹਮਣੇ ਹੋਵੇਗਾ, ਸਾਖਿਆਤ। ਕੁਝ ਪਲ ਮੇਰੀਆਂ ਅੱਖਾਂ ਮੁੰਦ ਗਈਆਂ। ਮੈਂ ਪਰਦੇ ਵੱਲ ਹੱਥ ਵਧਾਇਆ ਕਿ ਬਾਹਰ ਨਿਕਲਾਂ। ਉਦੋਂ ਹੀ ਆਕਾਸ਼ ਵਿਚੋਂ ਇਕ ਆਵਾਜ਼ ਆਈ, ਚੌਂਕਾ ਦੇਣ ਵਾਲੀ ਆਵਾਜ਼। ਮੈਂ ਸੁਣਿਆ, ‘ਓ ਪਾਗਲ, ਤੇਰੀਆਂ ਅੱਖਾਂ ਅਤੇ ਅਨੰਤ ਸੁੰਦਰਤਾ ਵਿਚਕਾਰ ਕੁਦਰਤ ਨੇ ਇਹ ਜੋ ਪਰਦਾ ਤਾਣਿਆ ਹੈ, ਇਸ ਨੂੰ ਨਾ ਹਟਾ, ਇਹ ਗਲਤੀ ਨਾ ਕਰ।’ ਮੈਂ ਡਰ ਕੇ ਪਿਛੇ ਹਟ ਗਿਆ। ਅਜੇ ਸੁੰਨ ਬਣਿਆ ਖਲੋਤਾ ਸਾਂ ਕਿ ਮੇਰੇ ਜਮਾਤੀ ਨੇ ਫਿਰ ‘ਵਾਜ ਮਾਰ ਲਈ। ਮੈਂ ਪਰਦਾ ਪਰੇ ਕੀਤਾ ਤੇ ਬਾਹਰ ਨਿਕਲ ਆਇਆ। ਰੁੱਖ ਹੇਠ ਇਕ ਕੁੜੀ ਬੈਠੀ ਸੀ, ਸਿੱਧੀ ਸਾਦੀ, ਜਿਹੋ ਜਿਹੀਆਂ ਆਮ ਕੁੜੀਆਂ ਹੁੰਦੀਆਂ ਹਨ। ਏਧਰ ਓਧਰ ਦੇਖ ਕੇ ਪੁੱਛਿਆ, ਤਰੰਨੁਮ ਕਿਥੇ ਹੈ? ਉਹ ਦੋਵੇਂ ਹੱਸ ਪਏ। ਮਿੱਤਰ ਕਹਿਣ ਲੱਗਾ, ਕਮਲਾ ਤਾਂ ਨਹੀਂ ਹੋ ਗਿਆ ਕਿਤੇ? ਕਿਤੇ ਇਹਨੂੰ ਤੱਕ ਕੇ ਅੱਖਾਂ ਅੱਗੇ ਹਨੇਰਾ ਤਾਂ ਨਹੀਂ ਛਾ ਗਿਆ? ਮੈਂ ਚੁੱਪ ਰਿਹਾ। ਪਤਾ ਨਾ ਲੱਗੇ ਕੀ ਕਹਾਂ, ਕੀ ਕਰਾਂ। ਖੈਰ, ਇਹ ਤਰੰਨੁਮ ਨਹੀਂ ਹੋ ਸਕਦੀ। ਮੈਂ ਬਿਨਾ ਕੁਝ ਦੱਸੇ-ਪੁੱਛੇ ਗੇਟ ਤੋਂ ਬਾਹਰ ਨਿਕਲ ਆਪਣੇ ਘਰ ਵਲ ਨੂੰ ਹੋ ਤੁਰਿਆ। ਪਿਛੋਂ ਉਨ੍ਹਾਂ ਦੇ ਹੱਸਣ ਦੀ ਆਵਾਜ਼ ਆਈ ਤਾਂ ਮੈਂ ਤੇਜ਼ੀ ਨਾਲ ਦੌੜਿਆ। ਮੇਰੇ ਘਰ ਦੇ ਰਾਹ ਵਿਚ ਰੇਲਵੇ ਸਟੇਸ਼ਨ ਪੈਂਦਾ ਸੀ। ਇਕ ਗੱਡੀ ਕਿਸੇ ਪਾਸੇ ਜਾਣ ਲਈ ਸਰਕ ਰਹੀ ਸੀ। ਜਾਣਾ ਮੈਂ ਘਰ ਸੀ ਪਰ ਤੇਜ਼ ਦੌੜ ਕੇ ਇਸ ਗੱਡੀ ਵਿਚ ਸਵਾਰ ਹੋ ਗਿਆ। ਮੇਰੇ ਦਿਮਾਗ ਵਿਚ ਇਕ ਹੌਲਨਾਕ ਤੁਫਾਨ ਉਠ ਚੁਕਾ ਸੀ। ਮੈਂ ਤਰੰਨੁਮ ਦੇਖਣੀ ਹੈ, ਭਾਵੇਂ ਕਿਤੇ ਵੀ ਹੋਵੇ। ਕਿਸੇ ਨੂੰ ਨਹੀਂ ਪੁਛਿਆ ਗੱਡੀ ਕਿੱਧਰ ਜਾ ਰਹੀ ਹੈ! ਕਿਧਰੇ ਵੀ ਜਾਂਦੀ ਹੋਵੇ, ਇਸ ਨਾਲ ਮੈਨੂੰ ਕੀ ਫਰਕ ਪੈਂਦਾ ਸੀ? ਤਰੰਨੁਮ ਕਿਧਰੇ ਵੀ ਹੋ ਸਕਦੀ ਸੀ। ਮੈਂ ਸੋਚਦਾ ਰਿਹਾ, ਹੋ ਸਕਦਾ ਹੈ ਉਹ ਵਿਹੜੇ ਵਿਚ ਆਈ ਹੋਵੇ ਪਰ ਦੋਸਤ ਨੇ ਮੈਨੂੰ ਉਸ ਨੂੰ ਮਿਲਾਉਣ ਦਾ ਇਰਾਦਾ ਬਦਲ ਲਿਆ ਹੋਵੇ ਜਾਂ ਹੋ ਸਕਦਾ ਹੈ, ਉਹ ਆਈ ਹੋਵੇ ਪਰ ਮੈਂ ਬਾਹਰ ਆਉਣ ਵਿਚ ਵਧੇਰੇ ਦੇਰ ਕਰ ਦਿੱਤੀ। ਇੰਨੀ ਦੇਰ ਥੋੜਾ ਉਡੀਕ ਸਕਦੀ ਸੀ ਉਹ, ਚਲੀ ਗਈ ਹੋਵੇਗੀ। ਉਹਨੇ ਤਾਂ ਪਲ ਦੇ ਪਲ ਆਪਣੀ ਇਕ ਝਲਕ ਦਿਖਾਉਣੀ ਸੀ ਤੇ ਫਿਰ ਲੋਪ ਹੋ ਜਾਣਾ ਸੀ। ਹਾਏ ਰੱਬਾ, ਮੈਂ ਦੇਰ ਕਿਉਂ ਕਰ ਦਿੱਤੀ ਏਨੀ?
ਗੱਡੀ ਦੀ ਸੀਟ ‘ਤੇ ਬੈਠਾ ਇਉਂ ਸੋਚਾਂ ਸੋਚਦਾ ਮੈਂ ਸੌਂ ਗਿਆ। ਜਦ ਅੱਖ ਖੁੱਲ੍ਹੀ, ਰਾਤ ਪੈ ਚੁਕੀ ਸੀ। ਮੇਰੇ ਨਾਲ ਬੈਠੇ ਇਕ ਬਜੁਰਗ ਨੇ ਪਿਆਰ ਨਾਲ ਮੇਰੇ ਸਿਰ ‘ਤੇ ਹੱਥ ਫੇਰਿਆ ਤੇ ਪੁੱਛਿਆ, ‘ਘਰੋਂ ਰੁੱਸ ਕੇ ਆਇਐਂ ਪੁੱਤਰਾ? ਲੜਿਐਂ ਕਿਸੇ ਨਾਲ?’
ਮੈਂ ਕਿਹਾ, ਨਹੀਂ ਜੀ। ਨਹੀਂ ਲੜਿਆ ਕਿਸੇ ਨਾਲ ਵੀ। ਨਾ ਰੁੱਸਿਆ ਹਾਂ।
ਬਜੁਰਗ ਨੇ ਕਿਹਾ, ਤੂੰ ਦੱਸਣਾ ਨਹੀਂ, ਪਰ ਕੋਈ ਗੱਲ ਬੁਰੀ ਹੋਈ ਹੈ। ਤੂੰ ਸੁੱਤਾ ਹੋਇਆ ਸੈਂ ਨਾ, ਤਾਂ ਹਉਕੇ ਲੈ ਰਿਹਾ ਸੈਂ। ਮੈਂ ਨੇੜੇ ਹੋ ਕੇ ਦੇਖਿਆ, ਰੋ ਰਿਹਾ ਸੈਂ ਤੂੰ। ਤੂੰ ਕਿਸੇ ਤਰੰਨੁਮ ਦਾ ਨਾਂ ਵੀ ਲੈ ਰਿਹਾ ਸੈਂ। ਆਖ ਰਿਹਾ ਸੈਂ, ‘ਤਰੰਨੁਮ ਆਈ ਹੋਵੇਗੀ…ਬਾਹਰ ਆਉਂਦਿਆਂ ਦੇਰ ਕਰ ਦਿੱਤੀ ਮੈਂ।’ ਕੌਣ ਐ ਇਹ ਤਰੰਨੁਮ, ਬੱਚਿਆ? ਕਿੱਥੋਂ ਆਇਐਂ ਤੂੰ? ਕਿਥੇ ਜਾ ਰਿਹੈਂ?
ਮੈਂ ਕੀ ਦੱਸਦਾ? ਬਸ ਚੁੱਪ। ਬਾਬੇ ਨੇ ਡੱਬਾ ਖੋਲ੍ਹਿਆ, ‘ਭੁੱਖ ਲੱਗੀ ਹੋਣੀ ਏ, ਆ ਆਪਾਂ ਰੋਟੀ ਖਾਈਏ ਪਹਿਲੋਂ, ਗੱਲਾਂ ਫੇਰ ਕਰਾਂਗੇ।’
ਵਾਕੱਈ ਭੁੱਖ ਲੱਗੀ ਹੋਈ ਸੀ। ਰੋਟੀ ਖਾਂਦਿਆਂ ਖਾਂਦਿਆਂ ਕੋਈ ਸਟੇਸ਼ਨ ਆ ਗਿਆ। ਪਾਣੀ ਪੀਣ ਦੇ ਬਹਾਨੇ ਮੈਂ ਗੱਡੀਓ ਉਤਰਿਆ ਤੇ ਦੂਜੀ ਕਿਸੇ ਹੋਰ ਗੱਡੀ ਵਿਚ ਜਾ ਬੈਠਿਆ। ਕੌਣ ਭਲਾ ਬਾਬੇ ਦੇ ਸਵਾਲਾਂ ਦਾ ਝੂਠਾ ਜਵਾਬ ਦਏ? ਮੇਰੇ ਕੋਲ ਦੱਸਣਯੋਗ ਹੈ ਹੀ ਨਹੀਂ ਸੀ ਕੁਝ। ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਚੱਲ ਸੋ ਚੱਲ। ਘਰ ਇਕ ਖਤ ਜਰੂਰ ਪਾ ਦਿੱਤਾ ਸੀ ਕਿ ਮੈਂ ਰੁੱਸ ਕੇ ਨਹੀਂ ਗਿਆ, ਕਿ ਮੈਂ ਮਰਾਂਗਾ ਨਹੀਂ, ਕਿ ਮੈਂ ਘਰ ਨਹੀਂ ਪਰਤਾਂਗਾ, ਕਿ ਮੇਰੀ ਤਲਾਸ਼ ਨਾ ਕਰਨਾ।
ਨਾ ਪੈਸਾ, ਨਾ ਵਿਦਿਆ, ਨਾ ਅਕਲ। ਅਜਨਬੀ ਸੰਸਾਰ ਵਿਚ ਮੈਂ ਤਰੰਨੁਮ ਦੀ ਤਲਾਸ਼ ਵਿਚ ਨਿਕਲ ਤੁਰਿਆ। ਪਿੰਡ ਦੇਖੇ, ਸ਼ਹਿਰ ਦੇਖੇ, ਦੇਸ਼ ਦੇਖੇ, ਪਰਦੇਸ ਦੇਖੇ ਪਰ ਤਰੰਨੁਮ ਨਾ ਦਿੱਸੀ। ਜੋਗੀਆਂ ਤੋਂ, ਨਜੂਮੀਆਂ ਤੋਂ ਉਸ ਦਾ ਅਤਾ-ਪਤਾ ਪੁੱਛਦਿਆਂ ਸਗਲ ਸੰਸਾਰ ਗਾਹਿਆ ਪਰ ਤਰੰਨੁਮ ਕਿਤੇ ਨਹੀਂ ਸੀ। ਬੜੀਆਂ ਸੁਹਣੀਆਂ ਸਿਆਣੀਆਂ ਕੁੜੀਆਂ ਏਸ ਅਨੰਤ ਸਫਰ ਵਿਚ ਦੇਖੀਆਂ, ਕਈਆਂ ਨਾਲ ਗੱਲਾਂ ਕੀਤੀਆਂ।
ਨਾਗਸੈਨ ਦੱਸਦਾ ਹੁੰਦਾ ਹੈ ਮੇਰੀ ਸ਼ਕਲ ਠੀਕ ਹੈ। ਨਾਗਸੈਨ ਹੀ ਸ਼ੀਸ਼ਾ ਹੈ ਮੇਰਾ। ਉਦੋਂ ਮੈਂ ਸ਼ੂਕਦਾ ਵੇਗਮੱਤਾ ਦਰਿਆ ਸਾਂ ਜੋ ਅੱਗੇ ਵਧਦਾ ਸਿੰਜਦਾ ਘੱਟ ਪਰ ਤਬਾਹੀ ਵਧੀਕ ਮਚਾਉਂਦਾ ਹੋਵੇ। ਤੇਜ਼ ਚਾਲ ਚੱਲ ਰਿਹਾ ਸਾਂ ਤਾਂ ਕਿ ਸ਼ੇਸ਼ਨਾਗ ਦੇ ਸਿਰ ਉਪਰਲੀ ਮਣੀ ਦੇਖ ਸਕਾਂ। ਰੱਬ ਦਾ ਜਾਂ ਧਰਮ ਦਾ ਮੈਨੂੰ ਹੁਣ ਤਕ ਪਤਾ ਨਹੀਂ ਲੱਗਾ, ਉਦੋਂ ਤਾਂ ਕੀ ਲੱਗਣਾ ਸੀ! ਗੇਰੂਏ ਕੱਪੜੇ ਇਸ ਕਰਕੇ ਪਾ ਲਏ ਸਨ ਤਾਂ ਕਿ ਮੰਦਿਰਾਂ, ਡੇਰਿਆਂ, ਸਰਾਵਾਂ ਵਿਚ ਰਾਤ ਕੱਟ ਸਕਾਂ, ਰੋਟੀ ਖਾ ਸਕਾਂ, ਜਿਸ ਨਾਲ ਮਰਜੀ ਗੱਲ ਕਰ ਸਕਾਂ।
ਇਕ ਬੜੀ ਸੁਹਣੀ ਤੇ ਸਮਝਦਾਰ ਕੁੜੀ ਨੇ ਮੈਨੂੰ ਇਕ ਵਾਰ ਦੱਸਿਆ, ਬਾਵਾ ਤੂੰ ਪਰਛਾਵਿਆਂ ਮਗਰ ਦੌੜ ਰਿਹਾ ਹੈਂ। ਅਸਲੀਅਤ ਤੇਰੇ ਨੇੜੇ ਹੀ ਹੈ ਪਰ ਤੂੰ ਹੰਕਾਰਿਆ ਹੋਇਆ ਹੈਂ ਤੇ ਹੰਕਾਰ ਵਿਚ ਆਏ ਬੰਦੇ ਨੂੰ ਨਾ ਪਹਾੜ ਦਿਸਦਾ ਹੈ, ਨਾ ਆਕਾਸ਼-ਤਰੰਨੁਮ ਕਿਥੇ ਦਿਸਣੀ ਹੈ?
ਇਹ ਗੱਲ ਸੁਣੀ ਤਾਂ ਮੇਰੀਆਂ ਅੱਖਾਂ ਡੁੱਬ ਡੁਬਾ ਗਈਆਂ। ਮੈਂ ਉਥੋਂ ਉਠ ਕੇ ਤੇਜ਼ ਕਦਮੀਂ ਤੁਰਿਆ ਤੇ ਦਰਿਆ ਦੇ ਕਿਨਾਰੇ ਬੈਠ ਗਿਆ। ਸੋਚਣ ਲੱਗਾ, ਹੰਕਾਰ? ਉਚੀਆਂ ਨਿਗਾਹਾਂ? ਇਹ ਕੀ ਸੁਣਿਆ ਮੈਂ? ਖਾਕ ਬਣਨਾ ਚਾਹੁੰਨਾਂ ਮੈਂ ਤਰੰਨੁਮ ਦੇ ਕਦਮਾਂ ਦੀ। ਨੰਗੇ ਪੈਰੀਂ ਸੰਸਾਰ ਛਾਣ ਮਾਰਿਆ ਤੇ ਹੁਣ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਹੰਕਾਰਿਆ ਫਿਰ ਰਿਹਾ ਹਾਂ ਮੈਂ…। ਮੇਰੀਆਂ ਅੱਖਾਂ ਨੇ ਝੜੀਆਂ ਲਾ ਦਿੱਤੀਆਂ ਫਿਰ। ਬਾਕੀ ਇਥੇ ਬੈਠੇ ਲੋਕ ਤਾਂ ਮੰਨਣਗੇ ਨਹੀਂ ਪਰ ਖੁਮਾਰ ਸ਼ਾਇਰ ਹੈ, ਮੰਨ ਜਾਏਗਾ ਕਿ ਦਰਿਆ ਦੇ ਪਾਣੀ ਦਾ ਤਲ ਉਪਰ ਉਠ ਗਿਆ ਸੀ, ਮੇਰੇ ਹੰਝੂਆਂ ਨਾਲ, ਪੂਰਾ ਹੜ੍ਹ ਆਇਆ ਸੀ ਉਸ ਦਿਨ। ਬਾਰਸ਼ ਕਿੰਨਾ ਚਿਰ ਹੁੰਦੀ ਰਹੀ ਪਤਾ ਨਹੀਂ, ਪਰ ਆਖਰ ਜਦੋਂ ਦਰਿਆ ਵਿਚੋਂ ਬੁੱਕ ਭਰ ਕੇ ਮੂੰਹ ਧੋਤਾ ਤਾਂ ਦੇਖਿਆ, ਅਸਮਾਨ ਪੂਰਾ ਨਿਖਰ ਗਿਆ। ਥੋੜ੍ਹੇ ਸਮੇਂ ਲਈ ਧੂੜ ਗੁਬਾਰ ਨੇ ਧਰਤੀ ਘੇਰ ਲਈ ਸੀ। ਜਮ ਕੇ ਬਾਰਸ਼ ਹੋਈ ਤਾਂ ਚਾਰੇ ਪਾਸੇ ਫਿਰ ਨਿਰਮਲਤਾ ਫੈਲ ਗਈ। ਮੈਂ ਫਿਰ ਉਸ ਦੀ ਭਾਲ ਵਿਚ ਤੁਰ ਪਿਆ।
ਚਾਰੇ ਕੂੰਟਾਂ ਅਤੇ ਦਸੇ ਦਿਸ਼ਾਵਾਂ ਗਾਹੀਆਂ। ਚਲੋ ਚਲ, ਭੌਂਦਾ ਫਿਰ ਰਿਹਾ ਸਾਂ ਤਾਂ ਇਕ ਰਾਹਗੀਰ ਮਿਲਿਆ। ਉਹ ਮੇਰੇ ਨਾਲ ਗੱਲੀਂ ਲੱਗ ਗਿਆ। ਮੇਰੇ ਮੱਤ ਬਾਰੇ, ਮੇਰੇ ਮਿਸ਼ਨ ਬਾਰੇ ਪੁੱਛਣ ਲੱਗਾ। ਨਾ ਮੇਰਾ ਕੋਈ ਗੁਰੂ, ਨਾ ਧਰਮ। ਮੈਂ ਉਸ ਨੂੰ ਦੱਸਿਆ ਕਿ ਮੈਂ ਤਰੰਨੁਮ ਨੂੰ ਲੱਭਦਾ ਫਿਰ ਰਿਹਾ ਹਾਂ। ਉਸ ਨੇ ਪੂਰੀ ਗੱਲ ਸੁਣ ਕੇ ਕਿਹਾ, ਓ ਭਲਿਆ ਲੋਕਾ! ਇਹ ਤੂੰ ਕੀ ਕਰਦਾ ਫਿਰ ਰਿਹਾ ਹੈਂ? ਜਿਸ ਤਰੰਨੁਮ ਦੀ ਤੂੰ ਤਲਾਸ਼ ਕਰ ਰਿਹਾ ਹੈਂ, ਉਹ ਦੇਸਾਂ-ਪਰਦੇਸਾਂ ਦੇ ਪਿੰਡਾਂ-ਸ਼ਹਿਰਾਂ ਵਿਚ ਥੋੜ੍ਹੀ ਹੈ? ਲਾਇਬਰੇਰੀਆਂ ਵਿਚ ਹੁੰਦੀ ਹੈ, ਉਹ-ਮਹਾਨ ਗ੍ਰੰਥਾਂ ਵਿਚ, ਕਲਾਸਕੀ ਸਾਹਿਤ ਵਿਚ। ਉਥੇ ਜਾਹ, ਕਿਤਾਬਾਂ ਫੋਲ, ਮਿਲੇਗੀ, ਅਵੱਸ਼ ਮਿਲੇਗੀ ਤੈਨੂੰ ਉਹ।
ਉਦੋਂ ਮੇਰੀ ਉਮਰ ਚਾਲੀ-ਪੰਤਾਲੀ ਸਾਲ ਦੀ ਹੋਏਗੀ ਜਦੋਂ ਮੈਂ ਲਾਇਬਰੇਰੀ ਦਾ ਰਾਹ ਫੜ੍ਹਿਆ। ਅਗਲੇ ਤੀਹ-ਚਾਲੀ ਸਾਲ ਮੈਂ ਦੁਨੀਆਂ ਦੀਆਂ ਵੱਡੀਆਂ ਲਾਇਬਰੇਰੀਆਂ ਵਿਚ ਬਿਤਾਏ। ਮੈਂ ਉਹ ਪਾਠਕ ਨਹੀਂ ਜਿਸ ਨੂੰ ਪੰਜ-ਚਾਰ ਘੰਟੇ ਪੜ੍ਹ ਲੈਣ ਤੋਂ ਬਾਅਦ ਉਬਾਸੀਆਂ ਆਉਣ ਲੱਗ ਜਾਣ। ਜੇਠ ਮਹੀਨੇ ਜਿਵੇਂ ਅੱਗ ਦੀ ਲਾਟ ਸੁੱਕੇ ਪੱਤਿਆਂ ਨੂੰ ਚੱਟਦੀ ਭੱਜਦੀ ਤੁਰੀ ਜਾਂਦੀ ਹੈ, ਰੁਕਦੀ ਨਹੀਂ, ਪੱਤੇ ਮੁੱਕਣ ਤਕ। ਇਸ ਤਰ੍ਹਾਂ ਕਿਤਾਬਾਂ ਦਾ ਪਾਠ ਕੀਤਾ ਮੈਂ। ਸਾਹਿਤ, ਕਲਾ, ਦਰਸ਼ਨ, ਇਤਿਹਾਸ, ਗਿਆਨ-ਵਿਗਿਆਨ, ਮੇਰੇ ਸਾਹਮਣੇ ਕਿਹੜਾ ਕੋਈ ਆਪਸ਼ਨ ਸੀ? ਤਰੰਨੁਮ, ਤਰੰਨੁਮ ਹੈ ਆਖਰ-ਕੀ ਪਤਾ ਕਿਸ ਗ੍ਰੰਥ ਵਿਚ ਹੋਏ? ਸੋ, ਚੱਲ ਸੋ ਚੱਲ। ਅੱਸੀ ਸਾਲ ਦੀ ਉਮਰ ਤਕ ਪੜ੍ਹਦਾ ਰਿਹਾ ਮੈਂ।
ਵਿਸ਼ਵ ਸਾਹਿਤ ਦੀਆਂ ਅਮਰ ਨਾਇਕਾਵਾਂ ਦੇਖੀਆਂ। ਧਰਮ ਗ੍ਰੰਥਾਂ ਦੀਆਂ ਦੇਵੀਆਂ, ਬਹਿਸ਼ਤ ਦੀਆਂ ਹੂਰਾਂ, ਇੰਦਰ ਦੀਆਂ ਉਹ ਅਪਸਰਾਵਾਂ ਜੋ ਮਹਾਂਰਿਸ਼ੀਆਂ ਦੀ ਸਮਾਧੀ ਵਿਚ ਵਿਘਨ ਪਾ ਸਕਦੀਆਂ ਸਨ, ਯੂਨਾਨ ਤੇ ਰੋਮ ਦੀਆਂ ਦੁੱਖ ਝੱਲਦੀਆਂ ਅਤੇ ਦੁੱਖ ਦਿੰਦੀਆਂ ਔਰਤਾਂ, ਉਹ ਰਾਜਕੁਮਾਰੀਆਂ ਅਤੇ ਮਹਾਰਾਣੀਆਂ ਜਿਨ੍ਹਾਂ ਕਰਕੇ ਫੌਜਾਂ ਟਕਰਾਈਆਂ, ਹਕੂਮਤਾਂ ਉਲਟ ਗਈਆਂ ਸਨ। ਪਰ ਤਰੰਨੁਮ ਨਹੀਂ ਸੀ ਕਿਤੇ। ਉਸ ਦੇ ਪੈਰਾਂ ਦਾ ਧੋਣ ਵੀ ਨਹੀਂ ਇਹ ਔਰਤਾਂ।
ਸੰਸਾਰ ਪਹਿਲੋਂ ਦੇਖ ਲਿਆ ਸੀ, ਸਾਹਿਤ ਹੁਣ ਦੇਖ ਲਿਆ। ਇਹ ਸਭ ਦੇਖਣ ਪਿਛੋਂ ਮੈਂ ਇਸ ਨਤੀਜੇ ‘ਤੇ ਪੁੱਜਿਆ ਕਿ ਮਨੁੱਖ ਦੀ ਆਤਮਿਕ ਤੇ ਬੌਧਿਕ ਉਡਾਣ ਅਨੰਤ ਵੀ ਹੈ, ਅਨੂਪਮ ਵੀ। ਪਰ ਕਿਤੇ ਕੁਝ ਗੁੰਮ ਸੀ। ਕੋਈ ਆਖਦਾ ਸੀ, ਸਦਾਚਾਰ ਗਾਇਬ ਹੋ ਗਿਆ ਹੈ। ਕੋਈ ਆਖਦਾ ਸੀ, ਰੂਹਾਨੀਅਤ ਛੁਪ ਗਈ ਹੈ ਕਿਧਰੇ, ਕੋਈ ਕਲਾ ਦੀ, ਕੋਈ ਹੁਨਰ ਦੀ ਤਲਾਸ਼ ਵਿਚ ਸੀ। ਕੋਈ ਆਖਦਾ ਸੀ ਸਭ ਕੁਝ ਸਹੀ ਹੈ, ਮਨੁੱਖ ਆਪ ਗੁੰਮ ਹੋ ਗਿਆ ਹੈ ਅਤੇ ਕੋਈ ਕਹਿ ਰਿਹਾ ਸੀ, ਨਹੀਂ ਮਨੁੱਖ ਤੋਂ ਉਸ ਦਾ ਹੀਰੋ ਗੁੰਮ ਹੋ ਗਿਆ ਹੈ। ਲੱਖਾਂ ਜਿਗਿਆਸੂ ਰੱਬ ਦੀ ਤਲਾਸ਼ ਵਿਚ ਇਉਂ ਫਿਰਦੇ ਵੇਖੇ ਜਿਵੇਂ ਸ਼ਾਇਰ ਅਲੰਕਾਰਾਂ ਦੀ ਤਲਾਸ਼ ਕਰ ਰਹੇ ਹੋਣ। ਪਰ, ਸ਼ਾਇਰਾਂ ਨੂੰ ਤਸ਼ਬੀਹਾਂ ਲੱਭਣ ਵਿਚ ਦਿੱਕਤ ਆ ਰਹੀ ਸੀ ਤੇ ਗੁੰਮ ਹੋਇਆ ਰੱਬ ਵੀ ਪਕੜ ਵਿਚ ਨਹੀਂ ਸੀ ਆ ਰਿਹਾ। ਅਜਿਹੇ ਕਰੋੜਾਂ ਬੇਚੈਨ ਲੋਕਾਂ ਵਿਚ ਇਕ ਮੈਂ ਸਾਂ, ਜੋ ਤਰੰਨੁਮ ਦੀ ਤਲਾਸ਼ ਵਿਚ ਸਾਂ। ਕਰੋੜਾਂ ਵਿਚ ਇਕ ਹੋਰ ਬਦਨਸੀਬ ਜਿਗਿਆਸੂ।
ਇਕ ਬੰਦਾ ਲਾਇਬਰੇਰੀ ਵਿਚ ਦੇਖਿਆ। ਉਹ ਵੀ ਤਕੜਾ ਪੜ੍ਹਾਕੂ ਸੀ ਕੋਈ। ਇਕ ਦਿਨ ਮੇਰੇ ਪਾਸ ਆਇਆ ਤੇ ਕਹਿਣ ਲੱਗਾ, ‘ਖੋਜ ਕਰ ਰਹੇ ਹੋ?’ ਮੈਂ ਹਾਂ ਵਿਚ ਸਿਰ ਹਿਲਾਇਆ। ਉਸ ਨੇ ਫਿਰ ਪੁੱਛਿਆ, ‘ਕੀ ਮਜਮੂਨ ਹੈ ਤੁਹਾਡੇ ਪ੍ਰਾਜੈਕਟ ਦਾ?’ ਮੈਂ ਕਿਹਾ, ਤਰੰਨੁਮ ਕੋਈ ਮਜਮੂਨ ਨਹੀਂ ਹੈ ਭਾਈ। ਉਸ ਪ੍ਰਕਾਰ ਦਾ ਖੋਜੀ ਨਹੀਂ ਮੈਂ, ਜਿਵੇਂ ਤੁਸੀਂ ਸਮਝਿਆ। ਮੈਂ ਉਸ ਨੂੰ ਤਰੰਨੁਮ ਦੀ ਗੱਲ ਦਸਦਿਆਂ ਕਿਹਾ ਕਿ ਉਹ ਅਜਿਹਾ ਵਜੂਦ ਹੈ, ਜਿਸ ਵਿਚੋਂ ਲੱਖਾਂ ਮਜਮੂਨ ਪ੍ਰਗਟ ਹੋ ਜਾਂਦੇ ਹਨ ਤੇ ਕਰੋੜਾਂ ਉਸ ਵਿਚ ਗੁੰਮ ਹੋ ਜਾਂਦੇ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਬ੍ਰਹਿਮੰਡ ਵਿਚ ਅਨੇਕ ਤਾਰਿਕਾ ਮੰਡਲਾਂ ਦਾ ਜਨਮ ਤੇ ਮੌਤ ਹੁੰਦੀ ਰਹਿੰਦੀ ਹੈ ਪਰ ਕਿਸੇ ਨੂੰ ਪਤਾ ਨਹੀਂ ਲਗਦਾ।
ਉਸ ਨੇ ਕਿਹਾ, ‘ਇਥੇ ਨਹੀਂ ਹੈ ਫਿਰ ਉਹ। ਜਿਸ ਦੀ ਤੂੰ ਭਾਲ ਕਰ ਰਿਹਾ ਹੈਂ, ਇਥੇ ਕਿਤਾਬਾਂ ਵਿਚ ਨਹੀਂ ਹੈ, ਉਹ।’ ਮੇਰੇ ਦਿਲ ਨੂੰ ਝਟਕਾ ਲੱਗਾ। ਤਾਂ ਕੀ ਏਨੇ ਸਾਲ ਬੇਕਾਰ ਗਏ? ‘ਕਿਥੇ ਹੈ ਫਿਰ ਉਹ?’ ਮੈਂ ਪੁੱਛਿਆ, ‘ਜਿਸ ਨੇ ਮੈਨੂੰ ਉਸ ਦਾ ਸਿਰਨਾਂਵਾਂ ਲਾਇਬਰੇਰੀਆਂ ਦਾ ਦਿੱਤਾ ਸੀ, ਫਿਰ ਠੱਗੀ ਕਰ ਗਿਆ, ਉਹ ਮੇਰੇ ਨਾਲ? ਉਂਜ ਭਲਾ ਬੰਦਾ ਲਗਿਆ ਸੀ, ਉਹ ਕੋਈ।’
ਅਜਨਬੀ ਨੇ ਕਿਹਾ, ਠੀਕ ਸੀ ਉਹ। ਉਸ ਨੇ ਸੱਚ ਦੱਸਿਆ ਸੀ ਤੈਨੂੰ। ਤਰੰਨੁਮ ਇਥੇ ਸੀ ਕਦੀ ਕਿਤਾਬਾਂ ਵਿਚ। ਸ਼ਬਦਾਂ ਦੀਆਂ ਕਤਾਰਾਂ, ਜਿਨ੍ਹਾਂ ਨੂੰ ਵਾਕ ਕਿਹਾ ਜਾਂਦਾ ਹੈ, ਦਰਅਸਲ ਉਸ ਦੀਆਂ ਪਗਡੰਡੀਆਂ ਹਨ। ਸ਼ਬਦ ਉਸ ਦੀਆਂ ਪੈੜਾਂ ਜਾਣ ਤੇ ਵਾਕ ਉਸ ਦੇ ਰਸਤੇ। ਜਿਵੇਂ ਰਾਤ ਨੂੰ ਚਿੜੀ ਆਪਣੇ ਆਲ੍ਹਣੇ ਵਿਚ ਆਰਾਮ ਨਾਲ ਬੈਠੀ ਹੁੰਦੀ ਹੈ, ਇਸ ਤਰ੍ਹਾਂ ਕਿਤਾਬ ਵਿਚ ਨਹੀਂ ਬੈਠਦੀ ਤਰੰਨੁਮ। ਇਸ ਵਿਚੋਂ ਬਸ ਲੰਘ ਜਾਂਦੀ ਹੈ ਉਹ ਅਤੇ ਕਦਮਾਂ ਦੇ ਨਿਸ਼ਾਨ ਛੱਡ ਜਾਂਦੀ ਹੈ ਪਿੱਛੇ। ਸੋ, ਜਾ ਚੁਕੀ ਹੈ ਭਾਈ ਉਹ ਇਥੋਂ। ਤੂੰ ਚਾਰ ਦਹਾਕੇ ਉਸ ਦੀਆਂ ਪੈੜਾਂ ਦੇਖੀਆਂ। ਪੈੜਾਂ ਵੀ ਕਾਹਦੀਆਂ, ਬਚੇ ਖੁਚੇ ਬਾਸੀ ਨਿਸ਼ਾਨ ਦੇਖੇ ਉਸ ਦੇ ਕਦਮਾਂ ਦੇ। ਇਥੇ ਨਹੀਂ ਉਹ।
ਮੈਂ ਪੁੱਛਿਆ, ‘ਅੱਗੇ ਕਿਥੇ ਜਾ ਨਿਕਲਦੇ ਹਨ, ਫਿਰ ਇਹ ਰਸਤੇ?’
ਉਸ ਨੇ ਕਿਹਾ, ਕਿਤਾਬਾਂ ਵਿਚੋਂ ਨਿਕਲ ਕੇ ਇਹ ਪਗਡੰਡੀਆਂ ਸਿੱਧੀਆਂ ਬਾਗਾਂ ਵਿਚ ਜਾ ਨਿਕਲਦੀਆਂ ਹਨ। ਬਾਗਾਂ ਵਿਚ ਜਾਹ। ਫੁੱਲਾਂ ਨੂੰ ਧਿਆਨ ਨਾਲ ਦੇਖੀਂ। ਸਭ ਤੋਂ ਸੁਹਣੇ ਫੁੱਲ ਵਿਚ ਵਾਸਾ ਹੈ, ਉਸ ਦਾ।
ਪਲ ਭਰ ਵੀ ਹੋਰ ਜ਼ਾਇਆ ਕੀਤੇ ਬਗੈਰ ਮੈਂ ਬਾਗਾਂ ਵਿਚ ਨਿਕਲਿਆ। ਕਰੋੜਾਂ ਫੁੱਲ ਦੇਖੇ ਪਰ ਤੁਰਿਆ ਗਿਆ। ਜਾਪਾਨ ਵਿਚ ਇਕ ਬੂਟੇ ਉਤੇ ਝੂਮਦਾ, ਮੁਸਕਰਾਉਂਦਾ, ਮਹਿਕਾਂ ਭਰਿਆ ਇਕ ਵੱਡਾ ਗੁਲਾਬ ਦਾ ਫੁੱਲ ਦੇਖਿਆ। ਦੰਗ ਰਹਿ ਗਿਆ ਮੈਂ, ਤਰੰਨੁਮ ਦਾ ਨਿਵਾਸ ਦੇਖ ਕੇ। ਨਸ਼ਿਆ ਗਿਆ। ਇਸ ਮਹਿਲ ਅੱਗੇ ਵਾਰ ਵਾਰ ਮੱਥਾ ਟੇਕਿਆ, ਸਜਦੇ ਕੀਤੇ, ਜਿਵੇਂ ਕੋਈ ਮੋਮਿਨ ਨਮਾਜ ਅਦਾ ਕਰਦਾ ਹੋਵੇ। ਮੈਂ ਵਾਰ ਵਾਰ ਝੁਕਿਆ। ਇਧਰੋਂ ਉਧਰੋਂ ਲੋਕ ਜਮ੍ਹਾਂ ਹੋਣੇ ਸ਼ੁਰੂ ਹੋ ਗਏ। ਪਰ ਆਪਾਂ ਨੂੰ ਕੀ! ਤਮਾਸ਼ਬੀਨਾਂ ਨੂੰ ਹਰੇਕ ਚੀਜ਼ ਤਮਾਸ਼ਾ ਲਗਦੀ ਹੈ। ਕਾਫੀ ਦੇਰ ਬਾਅਦ ਸਹਿਜੇ ਸਹਿਜੇ ਮੈਂ ਤਰੰਨੁਮ ਦੇ ਇਸ ਮਹੱਲ ਵਲ ਵਧਿਆ, ਨੇੜੇ ਗਿਆ। ਦਸਤਕ ਦੇਣ ਲਈ ਆਪਣੀ ਉਂਗਲ ਫੁੱਲ ਵਲ ਵਧਾਈ ਤਾਂ ਆਕਾਸ਼ ਵਿਚੋਂ ਆਵਾਜ਼ ਆਈ, ਉਹੀ ਆਵਾਜ਼ ਜੋ ਦਸਵੀਂ ਵਿਚ ਪਹਿਲੀ ਵਾਰ ਸੁਣੀ ਸੀ। ਏਨੇ ਸਾਲਾਂ ਬਾਅਦ ਸੁਣੀ ਇਹ ਆਵਾਜ਼ ਉਹੀ ਸੀ, ਬਿਲਕੁਲ ਉਹੀ…। ਖਾਮੋਸ਼, ਹੱਥ ਬੰਨ੍ਹ, ਅੱਖਾਂ ਬੰਦ ਕਰਕੇ ਮੈਂ ਖਲੋ ਗਿਆ। ਕਿਸੇ ਦੇਵਤੇ ਦੀ ਆਵਾਜ਼ ਸੀ ਇਹ। ਉਹ ਆਵਾਜ਼ ਕਹਿ ਰਹੀ ਸੀ, ‘ਮੂਰਖ ਨਾ ਬਣ। ਤਰੰਨੁਮ ਦੇ ਇਹ ਮਹੱਲ ਫੁੱਲਾਂ ਦੇ ਮਹੱਲ ਹਨ। ਇਨ੍ਹਾਂ ਉਤੇ ਦਸਤਕ ਦੇਣ ਦੀ ਕੀ ਤਮੀਜ਼ ਨਹੀਂ ਤੈਨੂੰ? ਏਨੀ ਉਮਰ ਬੀਤ ਗਈ, ਅਜੇ ਅਦਬ ਨਹੀਂ ਸਿੱਖਿਆ? ਪਹਿਲੋਂ ਸਲੀਕਾ ਸਿੱਖ ਬਾਵਾ।’
ਮੇਰੇ ਕਦਮ ਲੜਖੜਾ ਰਹੇ ਸਨ ਪਰ ਕੰਬਦੀ ਆਵਾਜ਼ ਨਾਲ ਪੁੱਛ ਲਿਆ ਮੈਂ, ‘ਫਿਰ ਕਿਵੇਂ ਖਟਖਟਾਵਾਂ ਉਸ ਦਾ ਦੁਆਰ ਮਾਲਕ? ਉਵੇਂ ਕਰਾਂਗਾ ਜਿਵੇਂ ਹੁਕਮ ਕਰੋਗੇ। ਹੁਣ ਮੇਰੀ ਉਮਰ ਦਾ ਉਹ ਸਿਰਾ ਆ ਗਿਆ ਹੈ, ਜਿਥੇ ਅਵੱਗਿਆ ਕਰਨੀ ਗਵਾਰਾ ਨਹੀਂ ਮੇਰੇ ਲਈ। ਦਇਆ ਕਰੋ ਮੇਰੇ ‘ਤੇ। ਦੱਸੋ, ਕਿਵੇਂ ਬੁਲਾਵਾਂ ਉਸ ਨੂੰ?’
ਆਵਾਜ਼ ਆਈ, ‘ਸੁਣ। ਧਿਆਨ ਨਾਲ ਸੁਣ। ਫੁੱਲਾਂ ਦੇ ਮਹਿਲਾਂ ਉਪਰ ਦਸਤਕ ਦੇਣ ਲਈ ਹਵਾ ਦਾ ਪਿਆਰਾ ਜਿਹਾ ਝੋਂਕਾ ਬਣਨਾ ਪੈਂਦਾ ਹੈ, ਇਕ ਸੂਖਮ ਜਿਹਾ ਬੁੱਲਾ। ਇਸ ਮਹੱਲ ‘ਤੇ ਇੰਜ ਦਸਤਕ ਦਿੱਤੀ ਜਾਇਆ ਕਰਦੀ ਹੈ। ਠੀਕ?’
ਠੀਕ ਕਿਹਾ ਆਕਾਸ਼-ਦੇਵ ਨੇ। ਰੁਮਕਦੀ ਪੌਣ ਦਾ ਬੁੱਲਾ ਬਣਨਾ ਪਵੇਗਾ ਮੈਨੂੰ ਹੁਣ। ਉਮਰ ਬੀਤ ਗਈ ਹੈ ਮੇਰੀ। ਪਰ ਕਹਾਣੀ ਖਤਮ ਨਹੀਂ ਹੋਈ। ਇਹ ਨਾਸ਼ਵਾਨ ਸਰੀਰ ਹੁਣ ਹਵਾ ਦਾ ਬੁੱਲਾ ਬਣਨ ਦੀ ਤਿਆਰੀ ਵਿਚ ਹੈ। ਤਿਆਰੀ ਕਰ ਰਿਹਾ ਹਾਂ ਮੈਂ। ਨਜ਼ਦੀਕ ਆ ਰਿਹਾ ਹੈ ਉਹ ਪਲ ਹੁਣ, ਦਿਨ ਬਦਿਨ ਵਧਦੇ ਜਾ ਰਹੇ ਹਨ ਤਰੰਨੁਮ ਦੇ ਮਹੱਲ ਵਲ ਕਦਮ…।”
ਇੰਨੇ ਸ਼ਬਦ ਬੋਲ ਕੇ ਸੁਆਮੀ ਚੁੱਪ ਹੋ ਗਿਆ। ਕੋਈ ਨਾ ਬੋਲਿਆ। ਇਥੋਂ ਤੱਕ ਕਿ ਜਦੋਂ ਬਾਵਾ ਹੌਲੀ ਹੌਲੀ ਕਹਾਣੀ ਸੁਣਾ ਰਿਹਾ ਸੀ ਤਾਂ ਹੁੰਗਾਰਾ ਵੀ ਭਰਨਾ ਬੰਦ ਹੋ ਗਿਆ ਸੀ ਸਾਡਾ। ਡੇਰੇ ਵਿਚ ਦੋ ਬੱਚੇ ਸ਼ਾਸਤਰੀ ਸੰਗੀਤ ਸਿੱਖਣ ਆਇਆ ਕਰਦੇ ਸਨ। ਚੰਚਲ ਉਮਰ ਹੋਣ ਦੇ ਬਾਵਜੂਦ ਉਹ ਦੋਵੇਂ ਅਹਿਲ ਖਾਮੋਸ਼ ਬੈਠੇ ਸਨ। ਇਹ ਚੁੱਪ ਨਾਗਸੈਨ ਤੋੜ ਸਕਦਾ ਸੀ ਕੇਵਲ, ਖੁਮਾਰ ਵੀ ਨਹੀਂ।
ਨਾਗਸੈਨ ਨੇ ਪੁੱਛਿਆ, “ਸੁਆਮੀ, ਇਸ ਸਫਰ ਵਿਚ ਜੇ ਕਿਤੇ ਮਿਲ ਜਾਂਦੀ ਉਹ, ਦਿੱਸ ਪੈਂਦੀ ਜੇ ਕਿਧਰੇ ਤਰੰਨੁਮ, ਫਿਰ ਉਸ ਨੂੰ ਹਾਸਲ ਕਿਵੇਂ ਕਰਦੇ?”
ਸੁਆਮੀ ਦੀਆਂ ਨਮ ਅੱਖਾਂ ਸਭ ਨੇ ਦੇਖੀਆਂ। ਉਸ ਨੇ ਡੂੰਘਾ ਸਾਹ ਲਿਆ ਤੇ ਕਿਹਾ, “ਹਾਸਲ? ਤੁਸੀਂ ਹਾਸਲ ਕਰਨ ਦੀ ਗੱਲ ਕਿਵੇਂ ਛੇੜ ਲਈ? ਹਾਸਲ ਕੌਣ ਕਰ ਸਕਿਆ ਹੈ, ਉਸ ਨੂੰ ਅੱਜ ਤੱਕ? ਵੇਦਾਂ ਦੇ ਰਚਣਹਾਰਿਆਂ ਨੂੰ ਉਹ ਪ੍ਰਾਪਤ ਨਾ ਹੋਈ, ਕਲਾਸੀਕਲ ਸਾਹਿਤ ਦੇ ਕਰਤਾਰ ਉਸ ਤੋਂ ਵਾਂਝੇ ਰਹੇ, ਬਾਦਸ਼ਾਹਾਂ ਦੇ ਮਹੱਲ, ਕਾਮਲ ਫਕੀਰਾਂ ਦੀਆਂ ਖਾਨਗਾਹਾਂ, ਪੀਰਾਂ ਦੀਆਂ ਦਰਗਾਹਾਂ ਉਸ ਤੋਂ ਸੱਖਣੀਆਂ ਰਹੀਆਂ। ਮੇਰੀ ਔਕਾਤ ਦਾ ਮੈਨੂੰ ਪੂਰਾ ਪਤਾ ਹੈ। ਅਜੇ ਤੱਕ ਇਹ ਗੱਲ ਆਈ ਨਹੀਂ ਦਿਮਾਗ ਵਿਚ ਕਿ ਉਸ ਨੂੰ ਹਾਸਲ ਕਰਨਾ ਹੈ। ਦੇਖਣਾ ਸੀ ਰਤਾ, ਇਕ ਨਜ਼ਰ, ਪਲ ਭਰ ਲਈ, ਦੂਰੋਂ ਹੀ ਭਾਵੇਂ। ਹੋਰ ਕੀ? ਉਸ ਨੂੰ ਹਾਸਲ ਕਰਨ ਦੀ ਕਹਾਣੀ ਕਿਸੇ ਗੱਪੀ ਤੋਂ ਸੁਣਨੀ। ਮੇਰੀ ਤਾਂ ਅਜਿਹੀ ਸਮੱਰਥਾ ਹੈ ਨਹੀਂ।”
ਖੁਮਾਰ ਨੇ ਪ੍ਰਸ਼ਨ ਨਹੀਂ ਪੁੱਛੇ। ਇਕ ਸ਼ਿਅਰ ਸੁਆਮੀ ਦੀ ਨਜ਼ਰ ਕੀਤਾ:
ਹਸਰਤਿ ਦੀਦਾਰਿ ਜਾਨਾਂ ਖੀਂਚ ਲਾਈ ਬਜ਼ਮ ਮੇਂ
ਬਜ਼ਮ ਮੇਂ ਸੇ ਹਸਰਤਿ ਦੀਦਾਰਿ ਜਾਨਾਂ ਲੇ ਚਲੇ।
ਸ਼ਿਅਰ ਸੁਣ ਕੇ ਸੁਆਮੀ ਨੇ ਦਾਦ ਦਿੱਤੀ, “ਸ਼ਾਇਰਾਂ ਲਈ ਇਕ ਜਨਮ ਦੀ ਮਹਿਫਿਲ ਕਾਫੀ ਹੋਏਗੀ। ਫਕੀਰਾਂ ਨੇ ਲੱਖ ਮਹਿਫਿਲਾਂ ਅਜੇ ਦੇਖਣੀਆਂ ਹਨ ਭਾਵੇਂ ਲੱਖ ਦੇਖ ਚੁਕੇ ਹਨ। ਇਹ ਉਮਰ ਬੀਤ ਗਈ। ਅਗਲੀ ਕਿਸੇ ਮਹਿਫਿਲ ਵਿਚ ਮਿਲਾਂਗੇ, ਉਸ ਨੂੰ। ਬੜੀ ਜਲਦੀ। ਨਾਗਸੈਨ, ਤੂੰ ਗੰਭੀਰ ਵਿਦਵਾਨ ਹੈਂ। ਤੇਰੇ ਗ੍ਰੰਥਾਂ ਵਿਚ ਕੀ ਲਿਖਿਆ ਹੈ ਇਸ ਬਾਰੇ?”
ਨਾਗਸੈਨ ਨੇ ਕਿਹਾ, “ਇਕ ਜਨਮ ਜਾਂ ਅਨੇਕ ਜਨਮ-ਕੋਈ ਫਰਕ ਨਹੀਂ। ਇਹੋ ਜਿਹੀ ਗੱਲ ਕੀਤੀ ਸੀ, ਸਾਕਯਮੁਨੀ ਨੇ। ਤਥਾਗਤ ਨੇ ਕਿਹਾ ਸੀ, ਇਕ ਖਿਣ ਅਤੇ ਇਕ ਯੁੱਗ ਵਿਚ ਕੋਈ ਫਰਕ ਨਹੀਂ। ਜਿਸ ਕਰਮਾਂ ਵਾਲੇ ਪਲ ਨੇ ਇਹ ਰਹੱਸ ਜਾਣ ਲਿਆ, ਉਹ ਯੁੱਗ ਹੋ ਗਿਆ। ਜਿਸ ਅਭਾਗੇ ਯੁੱਗ ਨੂੰ ਇਸ ਭੇਤ ਦਾ ਪਤਾ ਨਾ ਲੱਗਾ, ਉਹ ਪਲ ਵਾਂਗ ਨਸ਼ਟ ਹੋ ਗਿਆ।”
ਸੁਆਮੀ ਮੁਸਕਰਾਇਆ। ਹੁਸਨਬੀਰ ਅਤੇ ਸੁਖਨਬੀਰ ਨੂੰ ਪੁੱਛਿਆ, “ਮੈਂ ਦੇਖਿਆ, ਪੁੱਤਰੋ ਤੁਸੀਂ ਧਿਆਨ ਨਾਲ ਸੁਣ ਰਹੇ ਸੀ, ਮੇਰੀ ਕਹਾਣੀ। ਕਿਹੋ ਜਿਹੀ ਲੱਗੀ ਇਹ ਕਥਾ?”
ਹੁਸਨਬੀਰ ਨੇ ਕਿਹਾ, “ਸੁਆਮੀ ਜੀ, ਸੰਗੀਤ ਵਿਚੋਂ ਤਲਾਸ਼ ਕਰਕੇ ਦੇਖਣੀ ਸੀ, ਸ਼ਾਇਦ ਮਿਲ ਜਾਂਦੀ ਤਰੰਨੁਮ। ਕਿਤਾਬਾਂ ਵਿਚ ਉਸ ਦੀਆਂ ਪੈੜਾਂ ਹਨ। ਜਿਵੇਂ ਚੋਰ ਦੀਆਂ ਪੈੜਾਂ ਪੁਲਿਸ ਮਸਾਲੇ ਲਾ ਕੇ ਜਮਾ ਦਿੰਦੀ ਹੈ, ਉਸ ਤਰ੍ਹਾਂ ਦੀਆਂ ਹਨ, ਇਹ ਨਿਸ਼ਾਨੀਆਂ। ਪਰ ਪੈੜਾਂ ਜਮਾ ਦੇਣ ਤੱਕ ਚੋਰ ਦੂਰ ਨਿਕਲ ਚੁਕਾ ਹੁੰਦਾ ਹੈ, ਬਹੁਤ ਦੂਰ। ਅਸੀਂ ਸੰਗੀਤ ਸਿੱਖ ਰਹੇ ਹਾਂ। ਸੰਗੀਤ ਵਿਚੋਂ ਉਸ ਦੇ ਕਦਮਾਂ ਦੀ ਆਵਾਜ਼ ਸਾਨੂੰ ਸਾਫ ਸੁਣਾਈ ਦਿੰਦੀ ਹੈ। ਇਸ ਦਾ ਅਰਥ ਹੈ, ਚੋਰ ਕਿਤੇ ਦੂਰ ਨਹੀਂ ਗਿਆ ਅਜੇ, ਉਸ ਦੀ ਪੈੜਚਾਲ ਸੁਣਾਈ ਦੇ ਰਹੀ ਹੈ, ਤਾਂ ਨੇੜੇ ਹੀ ਹੈ ਉਹ ਕਿਤੇ। ਉਸ ਨੂੰ ਲੱਭਿਆ ਜਾ ਸਕਦਾ ਹੈ। ਅਸੀਂ ਉਸ ਨੂੰ ਸੰਗੀਤ ਵਿਚੋਂ ਲੱਭਾਂਗੇ ਮਹਾਰਾਜ।”