ਉਘੀ ਅਦਾਕਾਰਾ ਸ਼ਬਾਨਾ ਆਜ਼ਮੀ ਦਾ ਕਹਿਣਾ ਹੈ ਕਿ ਅਸੀਂ ਸਮਾਜ ਵਿਚ ਵਿਚਰਦਿਆਂ ਸਾਂਭ ਸੰਭਾਲ ਖੁਣੋਂ ਕਲਾ ਦੀ ਪ੍ਰਵਾਹ ਨਹੀਂ ਕਰਦੇ ਜਦਕਿ ਮਨੁੱਖ ਨੂੰ ਤਰਾਸ਼ਣ ਵਿਚ ਕਲਾ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ, “ਮੇਰਾ ਮੰਨਣਾ ਹੈ ਕਿ ਕਲਾ ਭਾਵੇਂ ਕਿਸੇ ਵੀ ਰੂਪ ਵਿਚ ਹੋਵੇ, ਉਹ ਸਮਾਜ ਵਿਚ ਮਨੁੱਖ ਨੂੰ ਖਾਸ ਦਿਸ਼ਾ ਵਿਚ ਢਾਲਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਇਹ ਨਾ ਸਿਰਫ ਉਸ ਨੂੰ ਆਪਣਾ ਨਜ਼ਰੀਆ ਬਣਾਉਣ ਬਲਕਿ ਉਸ ਨੂੰ ਮੁਕੰਮਲ ਮਨੁੱਖ ਬਣਾਉਣ ਵਿਚ ਵੀ ਮਦਦਗਾਰ ਹੁੰਦੀ ਹੈ। ਅੱਜ ਕੱਲ੍ਹ ਹਾਲ ਇਹ ਹੈ ਕਿ ਅਸੀਂ ਕਲਾ ਦੇ ਇਸ ਪਹਿਲੂ ਵੱਲ ਧਿਆਨ ਹੀ ਨਹੀਂ ਦਿੰਦੇ। ਆਪਣੇ ਵਿਤ ਮੁਤਾਬਕ ਸਾਨੂੰ ਸਾਰਿਆਂ ਨੂੰ ਕਲਾ ਨੂੰ ਹੱਲਾਸ਼ੇਰੀ ਅਤੇ ਸਰਪ੍ਰਸਤੀ ਦੇਣੀ ਚਾਹੀਦੀ ਹੈ। ਸਾਨੂੰ ਸਕੂਲ ਦੇ ਦਿਨਾਂ ਤੋਂ ਹੀ ਬੱਚਿਆਂ ਨੂੰ ਕਲਾ ਦੇ ਵੱਖ ਵੱਖ ਰੂਪਾਂ ਦੇ ਰੂ-ਬ-ਰੂ ਕਰਾਉਣਾ ਚਾਹੀਦਾ ਹੈ, ਕਿਉਂਕਿ ਜਿੰਨੀ ਦੇਰ ਤਕ ਤੁਹਾਨੂੰ ਕਿਸੇ ਚੀਜ਼ ਬਾਰੇ ਖੁੱਲ੍ਹ ਕੇ ਚਾਨਣਾ ਨਹੀਂ ਹੁੰਦਾ, ਓਨੀ ਦੇਰ ਤੁਹਾਡੀ ਕਲਪਨਾ ਸ਼ਕਤੀ ‘ਚ ਹੁਲਾਰਾ ਨਹੀਂ ਆ ਸਕਦਾ।”
ਕਲਾਕਾਰਾਂ ਨੂੰ ਆਪਣੇ ਮੁੱਦਿਆਂ ਅਤੇ ਮਸਲਿਆਂ ਬਾਰੇ ਮੁਖਾਤਿਬ ਹੋਣ ਲਈ ਜਥੇਬੰਦ ਹੋਣ ਅਤੇ ਜਥੇਬੰਦੀ ਬਣਾਉਣ ਬਾਰੇ ਉਨ੍ਹਾਂ ਕਿਹਾ ਕਿ ਕਲਾਕਾਰਾਂ ਨੂੰ ਇਸ ਬਾਰੇ ਫੈਸਲਾ ਖੁਦ, ਮੌਕੇ ਮੁਤਾਬਕ ਲੈਣਾ ਚਾਹੀਦਾ ਹੈ। ਜੇ ਅਜਿਹੀ ਕੋਈ ਪਹਿਲਕਦਮੀ ਹੁੰਦੀ ਹੈ ਤਾਂ ਉਹ ਇਸ ਵਿਚ ਸ਼ਾਮਲ ਹੋ ਸਕਦੀ ਹੈ। ਯਾਦ ਰਹੇ ਕਿ ਪਿਛਲੇ ਸਾਲ ਹੀ ਆਈ ਫਿਲਮ ‘ਬਲੈਕ ਪ੍ਰਿੰਸ’ ਜੋ ਮਹਾਰਾਜਾ ਦਲੀਪ ਸਿੰਘ ਬਾਰੇ ਬਣਾਈ ਗਈ ਸੀ, ਸ਼ਾਬਾਨਾ ਆਜ਼ਮੀ ਨੇ ਮਹਾਰਾਣੀ ਜਿੰਦਾਂ ਦਾ ਰੋਲ ਨਿਭਾਇਆ ਸੀ। ਉਂਜ ਵੀ, ਅਦਾਕਾਰੀ ਦੇ ਪੱਖ ਤੋਂ ਫਿਲਮੀ ਦੁਨੀਆਂ ਵਿਚ ਉਨ੍ਹਾਂ ਦੀ ਸਦਾ ਝੰਡੀ ਰਹੀ ਹੈ। ਉਨ੍ਹਾਂ ਨੂੰ ਪੰਜ ਵਾਰ ਕੌਮੀ ਫਿਲਮ ਐਵਾਰਡ ਅਤੇ ਪੰਜ ਵਾਰ ਹੀ ਫਿਲਮਫੇਅਰ ਐਵਾਰਡ ਮਿਲ ਚੁੱਕਾ ਹੈ। ਇਹੀ ਨਹੀਂ, ਉਹ ਅੱਠ ਵਾਰ ਕੌਮੀ ਐਵਾਰਡ ਲਈ ਨਾਮਜ਼ਦ ਹੋਏ ਹਨ। ਉਨ੍ਹਾਂ ਆਪਣੀ ਪਹਿਲੀ ਹੀ ਫਿਲਮ ‘ਅੰਕੁਰ’ ਜੋ 1974 ਵਿਚ ਆਈ ਸੀ, ਨਾਲ ਹੀ ਫਿਲਮੀ ਦੁਨੀਆਂ ਵਿਚ ਧੁੰਮ ਮਚਾ ਦਿੱਤੀ ਸੀ। ਇਸ ਫਿਲਮ ਲਈ ਉਨ੍ਹਾਂ ਨੂੰ ਸਰਵੋਤਮ ਅਦਾਕਾਰਾ ਦਾ ਕੌਮੀ ਐਵਰਡ ਮਿਲਿਆ ਸੀ। ਹੁਣ ਤੱਕ ਉਹ ਸੌ ਤੋਂ ਵੱਧ ਫਿਲਮਾਂ ਵਿਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੇ ਹਨ। ਉਹ ਅਜਿਹੀ ਅਦਾਕਾਰਾ ਹੈ ਜਿਸ ਨੇ ਕਲਾ ਅਤੇ ਵਪਾਰਕ, ਦੋਹਾਂ ਕਿਸਮ ਦੀਆਂ ਫਿਲਮਾਂ ਵਿਚ ਕੰਮ ਕੀਤਾ ਅਤੇ ਵਾਹ-ਵਾਹ ਖੱਟੀ।
-ਗੁਰਜੰਟ ਸਿੰਘ
ਕੰਗਨਾ ਤੇ ਰਿਤਿਕ: ਕੁੰਢੀਆਂ ਦੇ ਸਿੰਗ ਫਸੇ
ਅਦਾਕਾਰਾ ਕੰਗਨਾ ਰਨੌਤ ਅਤੇ ਰਿਤਿਕ ਰੌਸ਼ਨ ਇਕ ਵਾਰ ਫਿਰ ਆਪਸ ਵਿਚ ਖਹਿ ਰਹੇ ਹਨ। ਦੋਵੇਂ ਜਣੇ ਅਗਲੇ ਸਾਲ ਜਨਵਰੀ ਵਿਚ ਟਿਕਟ ਖਿੜਕੀ ‘ਤੇ ਇਕ ਦੂਜੇ ਨੂੰ ਚੁਣੌਤੀ ਦੇਣਗੇ। ਕੰਗਨਾ ਦੀ ਵੱਡੇ ਪ੍ਰੋਜੈਕਟ ਵਾਲੀ ਫਿਲਮ ‘ਮਨੀਕਰਨਿਕਾ: ਦਿ ਕੁਈਨਜ਼ ਆਫ ਝਾਂਸੀ’ ਅਤੇ ਰਿਤਿਕ ਦੀ ਫਿਲਮ ‘ਸੁਪਰ 30’ ਇਕੋ ਦਿਨ 25 ਜਨਵਰੀ 2019 ਨੂੰ ਰਿਲੀਜ਼ ਹੋਣਗੀਆਂ। ‘ਮਨੀਕਰਨਿਕਾ’ ਪਹਿਲਾਂ ਇਸੇ ਸਾਲ ਅਪਰੈਲ ‘ਚ ਰਿਲੀਜ਼ ਹੋਣੀ ਸੀ, ਪਰ ਫਿਰ ਇਸ ਨੂੰ 15 ਅਗਸਤ ਅਤੇ ਮਗਰੋਂ ਸਤੰਬਰ ਤਕ ਲਈ ਅੱਗੇ ਪਾ ਦਿੱਤਾ ਗਿਆ। ਕ੍ਰਿਸ਼ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿਚ ਕੰਗਨਾ ਰਨੌਤ ਨੇ ਰਾਣੀ ਲਕਸ਼ਮੀਬਾਈ ਦਾ ਮੁੱਖ ਕਿਰਦਾਰ ਨਿਭਾਇਆ ਹੈ। ਉਧਰ ਰਿਤਿਕ ਰੌਸ਼ਨ ਦੀ ਫਿਲਮ ‘ਸੁਪਰ 30’ ਪਟਨਾ ਦੇ ਮਸ਼ਹੂਰ ਗਣਿਤ ਸ਼ਾਸਤਰੀ ਆਨੰਦ ਕੁਮਾਰ ‘ਤੇ ਬਣੀ ਬਾਇਓਪਿਕ ਹੈ ਜੋ ਹਰ ਸਾਲ ਤੀਹ ਆਈ.ਆਈ.ਟੀ. ਉਮੀਦਵਾਰਾਂ ਨੂੰ ਸਿਖਲਾਈ ਦਿੰਦਾ ਹੈ। ਫਿਲਮ ਨੂੰ ਵਿਕਾਸ ਬਹਿਲ ਨੇ ਨਿਰਦੇਸ਼ਤ ਕੀਤਾ ਹੈ।
ਯਾਦ ਰਹੇ ਕਿ ਪਿਛਲੇ ਸਮੇਂ ਦੌਰਾਨ ਕੰਗਨਾ ਰਨੌਤ ਅਤੇ ਰਿਤਿਕ ਰੌਸ਼ਨ ਦੇ ਰਿਸ਼ਤੇ ਸੁਖਾਵੇਂ ਨਹੀਂ ਰਹੇ ਹਨ। ਮਸਲਾ ਕੰਗਨਾ ਦੀ ਨਿੱਕੀ ਜਿਹੀ ਟਿੱਪਣੀ ਤੋਂ ਸ਼ੁਰੂ ਹੋਇਆ ਸੀ ਅਤੇ ਬਾਅਦ ਵਿਚ ਇੰਨਾ ਜ਼ਿਆਦਾ ਤੂਲ ਫੜ ਗਿਆ ਕਿ ਥਾਣੇ-ਕਚਿਹਿਰੀਆਂ ਵਿਚ ਜਾ ਪੁੱਜਾ ਸੀ। ਅਸਲ ਵਿਚ ਕੰਗਨਾ ਨੇ ਰਿਤਿਕ ਨਾਲ ਆਪਣੀ ਮੁਹੱਬਤ ਹੋਣ ਬਾਰੇ ਰਤਾ ਕੁ ਟੇਢੇ ਢੰਗ ਮਾਲ ਆਖ ਦਿਤਾ ਸੀ ਅਤੇ ਰਿਤਿਕ ਨੇ ਇਸ ਦਾਅਵੇ ਨੂੰ ਝੁਠਲਾਉਣ ਦਾ ਯਤਨ ਕੀਤਾ ਸੀ। ਇਨ੍ਹਾਂ ਯਤਨਾਂ ਵਿਚ ਹੀ ਗੱਲ ਵਧੇਰੇ ਵਿਗੜ ਗਈ। ਇਸ ਤੋਂ ਬਾਅਦ ਆਪੋ-ਆਪਣਾ ਪੈਂਤੜਾ ਸਾਬਤ ਕਰਨ ਲਈ ਈਮੇਲ ਨਸ਼ਰ ਕਰਨ ਦਾ ਸਿਲਸਿਲਾ ਚੱਲ ਪਿਆ। ਮਸਾਂ ਕਿਤੇ ਜਾ ਕੇ ਦੋਵੀਂ ਪਾਸੀਂ ਚੁੱਪ ਵਰਤੀ ਸੀ ਕਿ ਹੁਣ ਦੋਵੇਂ ਬਾਕਸ ਆਫਿਸ ਉਤੇ ਇਕ ਵਾਰ ਫਿਰ ਆਹਮੋ-ਸਾਹਮਣੇ ਆ ਗਏ ਹਨ।
-ਆਮਨਾ ਕੌਰ