ਕੈਬਰੇ ਡਾਂਸ ਤੋਂ ਆਈਟਮ ਨੰਬਰ ਤਕ

ਹਿੰਦੀ ਫਿਲਮਾਂ ਦਾ ਸਫਰ ਸੌ ਸਾਲ ਪੂਰੇ ਕਰ ਚੁੱਕਿਆ ਹੈ। ਗੀਤ-ਸੰਗੀਤ ਅਤੇ ਨਾਚ ਗਾਣੇ ਸਦਾ ਇਨ੍ਹਾਂ ਫਿਲਮਾਂ ਦੀ ਖ਼ਾਸੀਅਤ ਰਹੇ ਹਨ, ਜਦੋਂਕਿ ਵਿਦੇਸ਼ੀ ਫਿਲਮਾਂ ਵਿਚ ਇਨ੍ਹਾਂ ਦੀ ਥਾਂ ਆਟੇ ਵਿਚ ਲੂਣ ਬਰਾਬਰ ਵੀ ਨਹੀਂ ਹੁੰਦੀ। ਅਸਲ ਵਿਚ, ਗੀਤ ਪੁਰਾਣੀਆਂ ਹਿੰਦੀ ਫਿਲਮਾਂ ਦੀ ਪਛਾਣ ਹੁੰਦੇ ਸਨ। ਹੈਲਨ ਜਿਹੀਆਂ ਕਲਾਕਾਰਾਂ ਦੇ ਕੈਬਰੇ ਡਾਂਸ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੰਦੇ ਸਨ। ਅੱਜ ਕੱਲ੍ਹ ਦੀਆਂ ਫਿਲਮਾਂ ਵਿਚ ਆਈਟਮ ਨੰਬਰ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ। ਪਹਿਲਾਂ ਤਕਰੀਬਨ ਹਰ ਫਿਲਮ ਵਿਚ ਇਕ-ਦੋ ਕੈਬਰੇ ਡਾਂਸ ਜ਼ਰੂਰ ਹੁੰਦੇ ਸਨ ਅਤੇ ਉਨ੍ਹਾਂ ਦਾ ਵਜੂਦ ਦਰੱਖਤਾਂ ਦੇ ਆਲੇ-ਦੁਆਲੇ ਚੱਕਰ ਲਾ ਕੇ ਗਾਏ ਜਾਣ ਵਾਲੇ ਹੀਰੋ-ਹੀਰੋਇਨਾਂ ਦੇ ਗਾਣਿਆਂ ਨਾਲੋਂ ਜ਼ਿਆਦਾ ਹੁੰਦਾ ਸੀ। ਉਸੇ ਤਰਜ਼ ‘ਤੇ ਅੱਜ ਦੀ ਕਿਸੇ ਫਿਲਮ ਵਿਚਲਾ ਆਈਟਮ ਨੰਬਰ ਉਸ ਫਿਲਮ ਦੇ ਦੂਜੇ ਨਾਚ-ਗਾਣਿਆਂ ਨਾਲੋਂ ਜ਼ਿਆਦਾ ਮਹੱਤਵ ਰੱਖਦਾ ਹੈ।

ਕੈਬਰੇ ਡਾਂਸ ਦੀ ਦੁਨੀਆਂ ਵੱਲ ਝਾਤੀ ਮਾਰੀ ਜਾਵੇ ਤਾਂ ਹਿੰਦੀ ਫਿਲਮਾਂ ਵਿਚ ਇਕ ਨਾਲੋਂ ਵਧ ਕੇ ਇਕ ਸੁਪਰਹਿਟ ਕੈਬਰੇ ਡਾਂਸ ਦੇਖਣ ਨੂੰ ਮਿਲ ਜਾਂਦੇ ਹਨ। ਬਤੌਰ ਕੈਬਰੇ ਡਾਂਸਰ ਹੈਲਨ ਦਾ ਇਕ ਦਹਾਕੇ ਤਕ ਰਾਜ ਰਿਹਾ ਹੈ। ਉਸ ਦਾ ਜਲਵਾ ਲੰਮੇ ਦੌਰ ਤਕ ਹਿੰਦੀ ਫਿਲਮਾਂ ਵਿਚ ਛਾਇਆ ਰਿਹਾ ਹੈ। ਹਕੀਕਤ ਤਾਂ ਇਹ ਹੈ ਕਿ ਹੈਲਨ ਅੱਗੇ ਕੋਈ ਦੂਜੀ ਕੈਬਰੇ ਡਾਂਸਰ ਬਹੁਤਾ ਸਮਾਂ ਟਿਕ ਨਹੀਂ ਸਕੀ।
ਉਂਜ ਤਾਂ ਫਰੀਦਾ ਜਲਾਲ, ਪਦਮਾ ਖੰਨਾ, ਬਿੰਦੂ, ਅਰੁਣਾ ਇਰਾਨੀ, ਜੈਸ੍ਰੀ ਟੀ. ਜਿਹੀਆਂ ਤਮਾਮ ਕੈਬਰੇ ਡਾਂਸਰਾਂ ਨੇ ਕਈ ਫਿਲਮਾਂ ਵਿਚ ਆਪਣੀਆਂ ਅਦਾਵਾਂ ਨਾਲ ਲੱਖਾਂ ਦਰਸ਼ਕਾਂ ਨੂੰ ਦੀਵਾਨਾ ਬਣਾਇਆ ਪਰ ਇਨ੍ਹਾਂ ‘ਚੋਂ ਕੋਈ ਵੀ ਹੈਲਨ ਦੇ ਵਾਂਗ ਲੰਮੇ ਅਰਸੇ ਤਕ ਆਪਣਾ ਅਸਰ ਕਾਇਮ ਰੱਖਣ ਵਿਚ ਕਾਮਯਾਬ ਨਹੀਂ ਹੋ ਸਕੀ। ਕੁਝ ਹੱਦ ਤਕ ਬਿੰਦੂ ਜ਼ਰੂਰ ਹੈਲਨ ਦਾ ਮੁਕਾਬਲਾ ਕਰ ਸਕੀ। 1969 ਵਿਚ ਆਈ ਫਿਲਮ ‘ਇੰਤਕਾਮ’ ਵਿਚ ਹੈਲਨ ਦਾ ਕੈਬਰੇ ਡਾਂਸ ਬਹੁਤ ਪਸੰਦ ਕੀਤਾ ਗਿਆ ਸੀ। ਲਤਾ ਮੰਗੇਸ਼ਕਰ ਦੇ ਗਾਏ ਗੀਤ ‘ਆ ਜਾਨੇ ਜਾਂ, ਮੇਰਾ ਯੇਹ ਹੁਸਨ ਜਵਾਂ’ ਗੀਤ ‘ਤੇ ਹੈਲਨ ਨੇ ਖੂਬ ਜਲਵੇ ਦਿਖਾਏ ਸਨ।
ਇਸੇ ਤਰ੍ਹਾਂ ਜਤਿੰਦਰ ਨਾਲ ਆਸ਼ਾ ਪਾਰੇਖ ਦੀ ਸੁਪਰਹਿਟ ਫਿਲਮ ‘ਕਾਰਵਾਂ’ ਦਾ ਕੈਬਰੇ ਡਾਂਸ ‘ਪਿਯਾ ਤੂੰ ਅਬ ਤੋ ਆ ਜਾ’ ਵੀ ਬਹੁਤ ਪ੍ਰਸਿਧ ਹੋਇਆ ਸੀ। ਹੈਲਨ ਦਾ ਇਹ ਨਾਚ ਫਿਲਮ ਦੀ ਹੀਰੋਇਨ ਆਸ਼ਾ ਪਾਰੇਖ ‘ਤੇ ਵੀ ਭਾਰੀ ਪੈ ਗਿਆ ਸੀ। ਰਾਜੇਸ਼ ਖੰਨਾ ਅਤੇ ਮੁਮਤਾਜ਼ ਦੀ ਸੁਪਰਹਿਟ ਫਿਲਮ ‘ਅਪਨਾ ਦੇਸ਼’ ਦਾ ਗੀਤ ‘ਦੁਨੀਆ ਮੇਂ ਲੋਗੋਂ ਕੋ ਧੋਖਾ ਕਭੀ ਹੋ ਜਾਤਾ ਹੈ’ ਵੀ ਗਜ਼ਬ ਦਾ ਸੀ। ਆਰ.ਡੀ. ਬਰਮਨ ਦੇ ਜਾਦੂ ਭਰੇ ਸੰਗੀਤ ਅਤੇ ਦਮਦਾਰ ਆਵਾਜ਼ ਨੇ ਇਸ ਗੀਤ ਨੂੰ ਚਾਰ ਚੰਨ ਲਾ ਦਿੱਤੇ ਸਨ। ਫਿਲਮ ਦੀ ਹੀਰੋਇਨ ਮੁਮਤਾਜ਼ ਨੇ ਹੀ ਭੇਸ ਬਦਲ ਕੇ ਇਹ ਉਤੇਜਿਤ ਡਾਂਸ ਕੀਤਾ ਸੀ।
ਇਸੇ ਲੜੀ ਵਿਚ ਦੇਵ ਆਨੰਦ ਤੇ ਹੇਮਾ ਮਾਲਿਨੀ ਦੀ ਸੁਪਰਹਿਟ ਫਿਲਮ ‘ਜਾਨੀ ਮੇਰਾ ਨਾਮ’ ਦਾ ਕੈਬਰੇ ਡਾਂਸ ਵੀ ਯਾਦਗਾਰ ਹੈ। ‘ਹੁਸਨ ਕੇ ਲਾਖੋਂ ਰੰਗ’ ਗੀਤ ਵਿਚ ਪਦਮਾ ਖੰਨਾ ਨੇ ਆਪਣੇ ਜਲਵੇ ਦਿਖਾਏ ਸਨ। ਦੇਵ ਆਨੰਦ ਦੀ ਫਿਲਮ ‘ਜਿਊਲ ਥੀਫ’ ਦਾ ਡਾਂਸ ਨੰਬਰ ‘ਰਾਤ ਨਸ਼ੀਲੀ ਹੈ… ਬੁਝ ਗਏ ਦੀਏ’ ਵੀ ਬੇਮਿਸਾਲ ਸੀ। ਸੱਤਰ ਦੇ ਦਹਾਕੇ ਵਿਚ ਰਾਜੇਸ਼ ਖੰਨਾ ਦੀਆਂ ਰੁਮਾਂਟਿਕ ਫਿਲਮਾਂ ਵਿਚ ਜੋ ਕੈਬਰੇ ਡਾਂਸ ਹੁੰਦੇ ਸਨ, ਉਹ ਗੋਲਡਨ ਜੁਬਲੀ ਪੱਧਰ ਦੇ ਹੀ ਹੁੰਦੇ ਸਨ। ਸ਼ਕਤੀ ਸਾਮੰਤ ਦੀ ਫਿਲਮ ‘ਕਟੀ ਪਤੰਗ’ ਨੇ ਨਾ ਸਿਰਫ ਗੋਲਡਨ ਜੁਬਲੀ ਮਨਾਈ ਸੀ, ਬਲਕਿ ਉਸ ਦੇ ਸਾਰੇ ਗਾਣੇ ਛਾ ਗਏ ਸਨ ਪਰ ਤਮਾਮ ਗਾਣਿਆਂ ਦੇ ਵਿਚਾਲੇ ‘ਮੇਰਾ ਨਾਮ ਹੈ ਸ਼ਬਨਮ’ ਗੀਤ ਬਿੰਦੂ ਦੇ ਕੈਬਰੇ ਡਾਂਸ ਦੇ ਚਲਦਿਆਂ ਟਿਕਟ ਖਿੜਕੀ ‘ਤੇ ਛਾ ਗਿਆ ਸੀ।
ਰਾਜੇਸ਼ ਖੰਨਾ ਅਤੇ ਤਨੂਜਾ ਦੀ ਫਿਲਮ ‘ਮੇਰੇ ਜੀਵਨ ਸਾਥੀ’ ਵਿਚ ਹੈਲਨ ਦੇ ਡਾਂਸ ਨਾਲ ਸਜਿਆ ਗੀਤ ‘ਆਓ ਨਾ… ਗਲੇ ਲਗਾਓ ਨਾ’ ਆਪਣਾ ਵੱਖਰਾ ਜਾਦੂ ਜਗਾਉਣ ਵਿਚ ਕਾਮਯਾਬ ਰਿਹਾ ਸੀ। ਹਿੰਦੀ ਫਿਲਮੀ ‘ਸ਼ੋਅਲੇ’ ਵੀ ਭਲਾ ਕੈਬਰੇ ਡਾਂਸ ਤੋਂ ਕਿਵੇਂ ਵਾਂਝੀ ਰਹਿੰਦੀ। ਇਸ ਵਿਚ ਹੈਲਨ ਅਤੇ ਜਲਾਲ ਆਗਾ ‘ਤੇ ਫਿਲਮਾਇਆ ਗਿਆ ਗੀਤ ‘ਮਹਿਬੂਬਾ ਓ ਮਹਿਬੂਬਾ’ ਖ਼ੂਬ ਗੂੰਜਿਆ ਸੀ।
ਐਕਸ਼ਨ ਫਿਲਮਾਂ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਦੀਆਂ ਸੁਪਰਹਿਟ ਫਿਲਮਾਂ ਵੀ ਕੈਬਰੇ ਡਾਂਸ ਦੇ ਅਸਰ ਤੋਂ ਅਣਛੂਹੀਆਂ ਨਹੀਂ ਰਹੀਆਂ। ਜ਼ੀਨਤ ਅਮਾਨ ਦੇ ਨਾਲ ਵਾਲੀ ਸੁਪਰਹਿਟ ਫਿਲਮ ‘ਡੌਨ’ ਦੇ ਹੈਲਨ ‘ਤੇ ਫਿਲਮਾਏ ‘ਯੇ ਮੇਰਾ ਦਿਲ’ ਗੀਤ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਸੀ। ਇਵੇਂ ਹੀ ਇਕ ਨਾਲੋਂ ਵਧ ਕੇ ਇਕ ਕੈਬਰੇ ਡਾਂਸ ਅਤੇ ਗੀਤਾਂ ਨਾਲ ਹਿੰਦੀ ਫਿਲਮਾਂ ਦਾ ਇਤਿਹਾਸ ਮਾਲਾ-ਮਾਲ ਹੈ ਅਤੇ ਹੁਣ ਇਹ ਜਗ੍ਹਾ ਵਰਤਮਾਨ ਦੌਰ ਦੇ ਆਈਟਮ ਨੰਬਰਾਂ ਨੇ ਲੈ ਲਈ ਹੈ ਜਿਨ੍ਹਾਂ ਵਿਚ ਅਕਸਰ ਫਿਲਮ ਦੀ ਹੀਰੋਇਨ ਜਾਂ ਦੂਜੀ ਨਾਮੀ ਅਦਾਕਾਰਾ ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਮਸ਼ਹੂਰ ਹੀਰੋਇਨ ਮਨੀਸ਼ਾ ਕੋਇਰਾਲਾ ਦੀ ਸੁਪਰਹਿਟ ਫਿਲਮ ‘ਮੁੰਬਈ’ ਉਂਜ ਤਾਂ ਪੂਰੀ ਤਰ੍ਹਾਂ ਮਨੀਸ਼ਾ ਅਤੇ ਅਰਵਿੰਦ ਸਵਾਮੀ ਦੀ ਫਿਲਮ ਸੀ ਪਰ ਉਸ ਵਿਚ ਸੋਨਾਲੀ ਬੇਂਦਰੇ ‘ਤੇ ਫਿਲਮਾਇਆ ਗਿਆ ਆਈਟਮ ਗੀਤ ‘ਹੁੰਮਾ ਹੁੰਮਾ’ ਵੀ ਸ਼ਾਮਲ ਸੀ।
1999 ਵਿਚ ਆਈ ਫਿਲਮ ‘ਸ਼ੂਲ’ ਵਿਚ ਰਵੀਨਾ ਟੰਡਨ ਅਤੇ ਮਨੋਜ ਵਾਜਪਾਈ ਸਨ ਪਰ ਫਿਲਮ ਦੀ ਕਾਮਯਾਬੀ ਦਾ ਸਿਹਰਾ ਸ਼ਿਲਪਾ ਸ਼ੈਟੀ ਆਪਣੇ ਆਈਟਮ ਨੰਬਰ ‘ਦਿਲ ਵਾਲੋਂ ਕੇ ਦਿਲ ਕਾ ਕਰਾਰ ਲੂਟਨੇ’ ਦੇ ਜ਼ਰੀਏ ਲੁੱਟ ਕੇ ਲੈ ਗਈ ਸੀ। ਇਹੀ ਕ੍ਰਿਸ਼ਮਾ ਉਰਮਿਲਾ ਮਾਂਤੋਡਕਰ ਨੇ ਫਿਲਮ ‘ਚਾਇਨਾ ਗੇਟ’ ਵਿਚ ਕੀਤਾ ਸੀ। ਉਸ ਫਿਲਮ ਦੀ ਖ਼ਾਸੀਅਤ ਉਰਮਿਲਾ ਦਾ ‘ਛੰਮਾ ਛੰਮਾ’ ਆਈਟਮ ਨੰਬਰ ਹੀ ਸੀ। ਉਂਜ ਤਾਂ ਮਾਧੁਰੀ ਫਿਲਮ ‘ਤੇਜ਼ਾਬ’ ਦੀ ਹੀਰੋਇਨ ਸੀ ਪਰ ਉਸ ਵਿਚ ਉਸ ‘ਤੇ ਫਿਲਮਾਇਆ ਗਿਆ ਆਈਟਮ ਗੀਤ ‘ਏਕ ਦੋ ਤੀਨ੩’ ਫਿਲਮ ਦੀ ਕਾਮਯਾਬੀ ਦਾ ਖ਼ਾਸ ਕਾਰਨ ਸੀ। ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਵਿਚ ਮਾਧੁਰੀ ਦੀਕਸ਼ਤ ਨੇ ਆਈਟਮ ਨੰਬਰ ‘ਮੱਖਣਾਂ… ਤੇਰੇ ਪਿਆਰ ਦਾ ਰਸ’ ਕੀਤਾ ਸੀ ਅਤੇ ਉਹ ਫਿਲਮ ਦੀ ਦੂਜੀਆਂ ਹੀਰੋਇਨਾਂ ਰਵੀਨਾ ਟੰਡਨ ਅਤੇ ਰਮਯਾ ‘ਤੇ ਭਾਰੀ ਪਈ ਸੀ।
ਫਿਲਮ ‘ਦਮ’ ਦਾ ਯਾਨਾ ਗੁਪਤਾ ‘ਤੇ ਫਿਲਮਾਇਆ ਗਿਆ ਆਈਟਮ ਨੰਬਰ ‘ਬਾਬੂ ਜੀ ਜ਼ਰਾ ਧੀਰੇ ਚਲੋ’ ਵੀ ਗਜ਼ਬ ਦਾ ਸੀ। ਇਸੇ ਕਿਸਮ ਦਾ ਜਲਵਾ ਫਿਲਮ ਜ਼ਮੀਨ ਦੇ ‘ਦਿੱਲੀ ਕੀ ਸਰਦੀ’ ਆਈਟਮ ਨੰਬਰ ਵਿਚ ਅੰਮ੍ਰਿਤਾ ਅਰੋੜਾ ਨੇ ਦਿਖਾਇਆ ਸੀ। ਫਿਲਮ ‘ਓਮਕਾਰਾ’ ਦੇ ਆਈਟਮ ਡਾਂਸ ‘ਬੀੜੀ ਜਲਾਈ ਲੇ’ ਵਿਚ ਬਿਪਾਸ਼ਾ ਬਾਸੂ ਦੇ ਅੰਦਾਜ਼ ਦੇ ਸਾਹਮਣੇ ਹੀਰੋਇਨ ਕਰੀਨਾ ਕਪੂਰ ਦੀਆਂ ਅਦਾਵਾਂ ਫਿੱਕੀਆਂ ਪੈ ਗਈਆਂ ਸਨ। ਆਈਟਮ ਡਾਂਸ ਦੀ ਗੱਲ ਚੱਲੇ ਅਤੇ ‘ਸ਼ੀਲਾ ਕੀ ਜਵਾਨੀ’ ਦਾ ਜ਼ਿਕਰ ਨਾ ਹੋਵੇ, ਇਹ ਹੋ ਨਹੀਂ ਸਕਦਾ। ਫਿਲਮ ‘ਤੀਸ ਮਾਰ ਖਾਂ’ ਦੇ ਉਸ ਡਾਂਸ ਵਿਚ ਕੈਟਰੀਨਾ ਕੈਫ ਦੇ ਜਲਵੇ ਦੇਖਣ ਵਾਲੇ ਸਨ।
ਕੁਝ ਇਹੋ ਜਿਹਾ ਹੀ ਅਸਰ ਐਸ਼ਵਰਿਆ ਰਾਏ ਨੇ ਫਿਲਮ ‘ਬੰਟੀ ਔਰ ਬਬਲੀ’ ਦੇ ‘ਮੇਰਾ ਚੈਨ ਵੈਨ ਸਭ ਉਜੜਾ’ ਆਈਟਮ ਨੰਬਰ ਰਾਹੀਂ ਛੱਡਿਆ ਸੀ। ਫਿਲਮ ‘ਦਬੰਗ’ ਦੇ ਆਈਟਮ ਗੀਤ ‘ਮੁੰਨੀ ਬਦਨਾਮ ਹੂਈ ਡਾਰਲਿੰਗ ਤੇਰੇ ਲੀਏ’ ਰਾਹੀਂ ਮਲਾਇਕਾ ਅਰੋੜਾ ਨੇ ਵੀ ਖ਼ੂਬ ਚਰਚਾ ਖੱਟੀ। ਫਿਲਮ ‘ਦਬੰਗ 2’ ਵਿਚ ਕਰੀਨਾ ਕਪੂਰ ਨੇ ‘ਫੈਵੀਕੋਲ ਸੇ’ ਆਈਟਮ ਨੰਬਰ ਕਰਕੇ ਅਹਿਸਾਸ ਕਰਵਾ ਦਿੱਤਾ ਕਿ ਉਹ ਹਰ ਕਿਰਦਾਰ ਨਿਭਾਉਣ ਦੇ ਸਮਰੱਥ ਹੈ। ਇਸ ਤੋਂ ਇਲਾਵਾ ਫਿਲਮ ‘ਹੀਰੋਇਨ’ ਦੇ ‘ਹਲਕਟ ਜਵਾਨੀ’ ਆਈਟਮ ਗੀਤ ਵਿਚ ਵੀ ਕਰੀਨਾ ਨੇ ਕਮਾਲ ਦੇ ਜਲਵੇ ਦਿਖਾਏ ਅਤੇ ‘ਤੇਰਾ ਰਸਤਾ ਦੇਖ ਰਹੀ’ ਗੀਤ ‘ਤੇ ਬਿਹਤਰੀਨ ਡਾਂਸ ਕੀਤਾ।
‘ਸ਼ੀਲਾ ਕੀ ਜਵਾਨੀ’ ਅਤੇ ‘ਮੁੰਨੀ ਬਦਨਾਮ ਹੂਈ’ ਗੀਤਾਂ ਨੂੰ ਲੈ ਕੇ ਕੈਟਰੀਨਾ ਅਤੇ ਮਲਾਇਕਾ ਦੀ ਜ਼ਬਰਦਸਤ ਤੁਲਨਾ ਹੋਈ ਸੀ। ਉਸ ਤੋਂ ਬਾਅਦ ਨਵੀਂ ਫਿਲਮ ਅਗਨੀਪਥ ਵਿਚ ‘ਚਿਕਨੀ ਚਮੇਲੀ’ ਆਈਟਮ ਗੀਤ ‘ਤੇ ਕੈਟਰੀਨਾ ਹੋਰ ਖੁੱਲ੍ਹ ਕੇ ਨੱਚੀ ਸੀ। ‘ਹਾਊਸਫੁਲ’ ਦੇ ‘ਅਨਾਰਕਲੀ ਡਿਸਕੋ ਚਲੀ’ ਜ਼ਰੀਏ ਮਲਾਇਕਾ ਨੇ ਵੀ ਖ਼ੁਦ ਨੂੰ ਸਾਬਤ ਕਰ ਦਿੱਤਾ। ਖੁੱਲ੍ਹ ਕੇ ਸਾਹਮਣੇ ਆਉਣ ਲਈ ਮਸ਼ਹੂਰ ਮਲਿਕਾ ਸ਼ੇਰਾਵਤ ਭਲਾ ਇਸ ਮਾਮਲੇ ਵਿਚ ਕਿਥੇ ਪਿੱਛੇ ਰਹਿਣ ਵਾਲੀ ਸੀ। ਫਿਲਮ ‘ਡਬਲ ਧਮਾਲ’ ਦੇ ‘ਜਲੇਬੀ ਬਾਈ’ ਆਈਟਮ ਗੀਤ ਵਿਚ ਮਲਿਕਾ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਅੱਜ ਦੇ ਦੌਰ ਦੀਆਂ ਕਾਮਯਾਬ ਹੀਰੋਇਨਾਂ ਵਿਚ ਗਿਣੀ ਜਾਂਦੀ ਪ੍ਰਿਯੰਕਾ ਚੋਪੜਾ ਵੀ ਇਸ ਮਾਮਲੇ ਵਿਚ ਪਿਛੇ ਨਹੀਂ ਰਹੀ। ਫਿਲਮ ‘ਸ਼ੂਟ ਆਊਟ ਐਟ ਵਡਾਲਾ’ ਦੇ ‘ਬਬਲੀ ਬਦਮਾਸ਼’ ਆਈਟਮ ਨੰਬਰ ਨਾਲ ਪ੍ਰਿਯੰਕਾ ਨੇ ਆਪਣੀ ਆਰਜ਼ੂ ਪੂਰੀ ਕੀਤੀ ਅਤੇ ਫਿਰ ਫਿਲਮ ‘ਰਾਮ ਲੀਲ੍ਹਾ’ ਵਿਚ ‘ਰਾਮ ਚਾਹੇ ਲੀਲਾ ਚਾਹੇ… ਲੀਲਾ ਚਾਹੇ ਰਾਮ’ ਆਈਟਮ ਨੰਬਰ ਵਿਚ ਪ੍ਰਿਯੰਕਾ ਆਪਣੇ ਪੂਰੇ ਰੰਗ ਵਿਚ ਨਜ਼ਰ ਆਈ।
ਅੱਜ ਕੱਲ੍ਹ ਤੇਜ਼ੀ ਨਾਲ ਉਭਰਨ ਵਾਲੀ ਹੀਰੋਇਨ ਸੋਨਾਕਸ਼ੀ ਸਿਨਹਾ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਰਹੀ। ‘ਓ ਮਾਈ ਗੌਡ’ ਫਿਲਮ ਵਿਚ ਪ੍ਰਭੁਦੇਵਾ ਦੇ ਨਾਲ ‘ਗੋ ਗੋ ਗੋਬਿੰਦਾ’ ਆਈਟਮ ਨੰਬਰ ਕਰਕੇ ਸੋਨਾਕਸ਼ੀ ਨੇ ਜਤਲਾ ਦਿੱਤਾ ਕਿ ਉਹ ਵੀ ਟੱਕਰ ਦੇਣ ਲਈ ਤਿਆਰ ਹੈ। ਅਮਿਤਾਭ ਬੱਚਨ ਅਤੇ ਕਿਮੀ ਕਾਰਟਰ ‘ਤੇ ਫਿਲਮਾਇਆ ਗਿਆ ਫਿਲਮ ‘ਹਮ’ ਦੇ ਆਈਟਮ ਨੰਬਰ ‘ਚੁੰਮਾ ਚੁੰਮਾ ਦੇ ਦੇ’ ਨੇ ਵੀ ਆਪਣੇ ਦੌਰ ਵਿਚ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ ਸੀ ਅਤੇ ਹਾਲ ਹੀ ਵਿਚ ‘ਯੇ ਜਵਾਨੀ ਹੈ ਦੀਵਾਨੀ’ ਫਿਲਮ ਵਿਚ ਮਾਧੁਰੀ ਦੀਕਸ਼ਤ ਨੇ ਆਪਣੇ ਆਈਟਮ ਨੰਬਰ ‘ਘਾਗਰਾ’ ਜ਼ਰੀਏ ਇਹ ਸਾਬਤ ਕਰ ਦਿੱਤਾ ਕਿ ਉਹ ਅੱਜ ਵੀ ਕਿਸੇ ਨਾਲੋਂ ਘੱਟ ਨਹੀਂ ਹੈ।
ਪਹਿਲਾਂ ਕੈਬਰੇ ਡਾਂਸ ਬੇਸ਼ਕ ਭੜਕਾਊ ਹੁੰਦੇ ਸਨ, ਫਿਰ ਵੀ ਉਦੋਂ ਅਭਿਨੇਤਰੀਆਂ ਚਮੜੀ ਦੇ ਰੰਗ ਨਾਲ ਮੇਲ ਖਾਂਦੇ ਰੰਗ ਦੇ ਭੀੜੇ ਕੱਪੜੇ ਪਾ ਕੇ ਰੱਖਦੀਆਂ ਸਨ। ਉਦੋਂ ਅੱਜ ਵਾਂਗ ਨੰਗੇਜ਼ ਭਾਰੂ ਨਹੀਂ ਸੀ।
-ਨਿਰਮਲ ਪ੍ਰੇਮੀ