ਕਲਮ ਦੀ ਕਰਾਮਾਤ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਭੁੱਖ ਦੇ ਵੱਖ ਵੱਖ ਰੂਪਾਂ ਅਤੇ ਇਸ ਦੀ ਤ੍ਰਿਪਤੀ ਦਾ ਕਿੱਸਾ ਫਰੋਲਿਆ ਸੀ। ਉਨ੍ਹਾਂ ਭੁੱਖ ਦੀ ਅਨੰਤਤਾ ਦੀ ਗੱਲ ਕਰਦਿਆਂ ਲਿਖਿਆ ਸੀ, “ਭੁੱਖ ਦੀ ਪੂਰਤੀ ਲਈ ਸੰਜਮ, ਸੰਤੋਖ ਤੇ ਸਬਰ-ਸਬੂਰੀ ਜਰੂਰੀ। ਪਰ ਭੋਖੜਾ, ਲਾਲਚ, ਬੇਸਬਰੀ, ਬੇਅਦਬੀ ਤੇ ਬਰਬਾਦੀ ਦਾ ਆਧਾਰ।

ਅਜੋਕੇ ਸਮੇਂ ਵਿਚ ਲੋਕ ਭੁੱਖ ਨਹੀਂ, ਭੋਖੜੇ ਦਾ ਸ਼ਿਕਾਰ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਕਲਮ ਦੀ ਗਾਥਾ ਬਿਆਨੀ ਹੈ, “ਕਲਮ, ਕਹਿਰਾਂ, ਕਾਤਲਾਂ, ਕੁਕਰਮਾਂ, ਕੁਰੀਤੀਆਂ ਅਤੇ ਕੁਰਹਿਤਾਂ ਸੰਗ ਜੂਝਣ ਦਾ ਨਾਂ ਅਤੇ ਇਸ ਜਦੋਜਹਿਦ ਵਿਚੋਂ ਜੇਤੂ ਹੋ ਕੇ ਜੀਵਨ-ਹਰਫ ਨੂੰ ਨਵੀਆਂ ਸੇਧਾਂ ਤੇ ਸੰਭਾਵਨਾਵਾਂ ਸਮਰਪਣ ਦਾ ਕਰਮ।” ਉਹ ਸੁਚੇਤ ਕਰਦੇ ਹਨ, “ਕਲਮ ਜਦ ਕਠੋਰ, ਕਰੁਣਾਮਈ, ਕੁਲਹਿਣੀ ਅਤੇ ਕੁੜਿੱਤਣ ਵਿਚ ਲਬਰੇਜ਼ ਹੋ, ਕਾਹਲੀ ਵਿਚ ਕਾਲੇ ਹਰਫਾਂ ਦੀ ਤਫਸੀਲ ਲਿਖਦੀ ਤਾਂ ਸ਼ਬਦਾਂ ਦੇ ਸੀਨਿਆਂ ਵਿਚ ਸੋਗ ਧਰਿਆ ਜਾਂਦਾ ਅਤੇ ਕਈ ਵਾਰ ਤਾਂ ਉਹ ਆਪਣੀ ਹੋਂਦ ਤੋਂ ਮੁਨਕਰੀ ਦਾ ਰਾਹ ਵੀ ਫੜ੍ਹਦੇ।” -ਸੰਪਾਦਕ

ਡਾ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 216-556-2080

ਕਲਮ, ਹਰਫ-ਵਾਹਕ, ਵਿਚਾਰ-ਕੰਧਾੜਾ, ਸੋਚ-ਸਰਦਲ ਅਤੇ ਸ਼ਬਦਾਂ ਨੂੰ ਕਾਗਜ਼-ਵਰਕਿਆਂ ‘ਤੇ ਉਕਰਨ ਦਾ ਕਰਮ।
ਕਲਮ, ਕਰਤਾਰੀ ਸ਼ਕਤੀਆਂ ਨਾਲ ਵਰੋਸਾਈ, ਸੁ.ਭ-ਕਰਮਨ ਦੇ ਭਾਗ, ਸੂਹੀਆਂ ਸੋਚਾਂ ਦਾ ਸੰਦਲੀ ਰਾਗ ਅਤੇ ਇਸ ਵਿਚੋਂ ਰਿਸਦਾ ਜੀਵਨ-ਰਾਹਾਂ ਨੂੰ ਸ਼ਿੰਗਾਰਦਾ ਅਤੇ ਵਿਸਥਾਰਦਾ ਰਿਆਜ਼।
ਕਲਮ, ਕਰਮ-ਧਰਾਤਲ ਦਾ ਪਹਿਲਾ ਹਰਫ, ਮਾਨਵੀ ਅਰਾਧਨਾ ਦੀ ਪਹਿਲੀ ਜੁੰਬਸ਼, ਵਿਚਾਰ-ਪਰਵਾਜ਼ ਨੂੰ ਪਹਿਲਾ ਹਿਲੋਰਾ ਅਤੇ ਕੁਝ ਨਰੋਇਆ ਸਿਰਜਣ ਦੀ ਕਾਮਨਾ।
ਕਲਮ, ਕਾਮਨਾ, ਕਿਰਤ, ਕਰਮਯੋਗਤਾ ਅਤੇ ਕ੍ਰਿਆਤਮਕਤਾ ਵਿਚੋਂ ਆਪਣੀ ਹੋਂਦ, ਸਦੀਵਤਾ ਅਤੇ ਸਥਿਰਤਾ ਦੀ ਪਛਾਣ ਸਿਰਜਦੀ।
ਕਲਮ, ਕਿਰਤੀਆਂ, ਕਿਰਤਦਾਨਾਂ, ਕਮਜੋਰਾਂ, ਕਬੀਲਿਆਂ ਅਤੇ ਕਰਮਯੋਗੀਆਂ ਦੇ ਰਾਹਾਂ ਵਿਚ ਚਾਨਣ-ਕਾਤਰ ਧਰਦੀ, ਉਨ੍ਹਾਂ ਦੀਆਂ ਕਰਮ-ਬਰੂਹਾਂ ਨੂੰ ਨਮਸਕਾਰਦੀ ਅਤੇ ਉਨ੍ਹਾਂ ਦੇ ਸੋਚ-ਦਿਸਹੱਦਿਆਂ ਨੂੰ ਵਿਸਥਾਰਦੀ।
ਕਲਮ, ਕਹਿਰਾਂ, ਕਾਤਲਾਂ, ਕੁਕਰਮਾਂ, ਕੁਰੀਤੀਆਂ ਅਤੇ ਕੁਰਹਿਤਾਂ ਸੰਗ ਜੂਝਣ ਦਾ ਨਾਂ ਅਤੇ ਇਸ ਜਦੋਜਹਿਦ ਵਿਚੋਂ ਜੇਤੂ ਹੋ ਕੇ ਜੀਵਨ-ਹਰਫ ਨੂੰ ਨਵੀਆਂ ਸੇਧਾਂ ਤੇ ਸੰਭਾਵਨਾਵਾਂ ਸਮਰਪਣ ਦਾ ਕਰਮ।
ਕਲਮ, ਕਲਾਕਾਰਾਂ, ਕਲਮਕਾਰਾਂ ਤੇ ਕੀਰਤੀਮਾਨ ਸਿਰਜਕਾਂ ਦਾ ਸਭ ਤੋਂ ਸੂਖਮ, ਸਹਿਜ, ਸਫਲ ਤੇ ਸਾਜਗਾਰ ਸਾਧਨ। ਇਸ ਦੀ ਸੁਯੋਗਤਾ ਨਾਲ ਨਵੀਆਂ ਪੈੜਾਂ, ਨਵੀਆਂ ਪਰਿਕਰਮਾਵਾਂ ਅਤੇ ਨਵੀਆਂ ਪ੍ਰਸਿਧੀਆਂ ਦਾ ਪੈਗਾਮ ਫਿਜ਼ਾ ਦੇ ਨਾਮ ਹੁੰਦਾ।
ਕਲਮ ਜਾਗਦੀ ਤਾਂ ਹਰਫ ਜਾਗਦੇ, ਸ਼ਬਦਾਂ ਵਿਚ ਅਰਥ ਅੰਗੜਾਈਆਂ ਲੈਂਦੇ, ਵਾਕਾਂ ਵਿਚ ਜਿੰ.ਦਾਦਿਲੀ ਤੇ ਸੁਹਜਾਤਮਕਤਾ ਪੈਦਾ ਹੁੰਦੀ ਅਤੇ ਵਰਕੇ ‘ਤੇ ਜਿਉਂਦੀ-ਜਾਗਦੀ ਇਬਾਰਤ ਇਕ ਅਜਿਹੀ ਤਹਿਰੀਕ ਦਾ ਨਾਮਕਰਨ ਕਰਦੀ ਜੋ ਆਉਣ ਵਾਲੀਆਂ ਕਈ ਨਸਲਾਂ ਲਈ ਮਾਰਗ ਦਰਸ਼ਕ ਬਣਦੀ।
ਕਲਮ, ਆਵੇਸ਼, ਧਰਮ, ਸੁੱਚਮ ਨਾਲ ਭਰਪੂਰ ਕਰਮ ਅਤੇ ਇਸ ਦੀ ਕਰਮਯੋਗਤਾ ਵਿਚੋਂ ਹੀ ਨਵੇਂ ਸੁਪਨਿਆਂ ਨਾਲ ਤਦਬੀਰਾਂ ਅਤੇ ਤਕਦੀਰਾਂ ਦੀ ਸਿਰਜਣਾ ਹੁੰਦੀ।
ਕਲਮ, ਕਦੇ ਵੀ ਖਾਮੋਸ਼ ਨਹੀਂ ਹੁੰਦੀ, ਕਦੇ ਇਹ ਮੂਕ ਵੇਦਨਾ ਨਾਲ ਖੁਦ ਨੂੰ ਪ੍ਰਗਟਾਉਂਦੀ ਅਤੇ ਕਦੇ ਹਰਫਾਂ ਦਾ ਜਾਮਾ ਪਹਿਨ, ਤਹਿਜ਼ੀਬ ਦਾ ਮੌਜੂਦਾ ਰੰਗ ਸਮਿਆਂ ਦੇ ਨਾਮ ਲਾਉਂਦੀ।
ਕਲਮ ਦਾ ਚੁੱਪ ਹੋਣਾ, ਅਣਕਿਆਸੀ ਮੌਤ। ਇਸ ਦੇ ਸੋਗ ਵਿਚ ਪੌਣਾਂ ‘ਚ ਸਿਸਕਦੀਆਂ ਅਤੇ ਬੋਲਾਂ ਵਿਚ ਵੈਣ ਉਗਦੇ, ਜੋ ਸਮਿਆਂ ਦੀ ਵਹਿੰਗੀ ਦਾ ਵਿਰਲਾਪ ਬਣਦੇ।
ਕਲਮ, ਸੁੱਚੀਆਂ ਭਾਵਨਾਵਾਂ ਨੂੰ ਦਿੱਤੀ ਜ਼ੁਬਾਨ, ਚਾਵਾਂ ਨੂੰ ਹਰਫਾਂ ਦੀ ਪਨਾਹ ਵਿਚ ਆਉਣ ਦਾ ਨਿਉਂਦਾ ਅਤੇ ਮਨ ਦੇ ਵਲਵਲਿਆਂ ਨੂੰ ਵਾਕਾਂ ‘ਚ ਕਲਾਨਿਕਾਸ਼ੀ ਕਰਨ ਦਾ ਹੁਨਰ।
ਕਲਮ ਦਾ ਸਫਰ, ਮਾਣਮੱਤਾ ਹਰਫਨਾਮਾ। ਉਸਤਾਦਾਂ ਵਲੋਂ ਕਾਨਿਆਂ ਦੀ ਘੜੀ ਕਲਮ ਤੋਂ ਜੀ ਦੀ ਨਿਬ ਅਤੇ ਡਰੰਕ ਦੀ ਲਿਖਾਈ ਤੋਂ ਬਾਅਦ ਅਜੋਕੇ ਰੂਪ ਵਿਚ ਕਈ ਰੂਪਾਂ ਅਤੇ ਰੰਗਾਂ ਸੰਗ ਆਪਣੀ ਹੋਂਦ ਦਾ ਸੱਚ ਮਨਾਉਂਦੀ। ਨਿਰੰਤਰ ਜਾਰੀ ਏ ਇਸ ਦਾ ਸਫਰ।
ਕਲਮ ਜਦ ਕਠੋਰ, ਕਰੁਣਾਮਈ, ਕੁਲਹਿਣੀ ਅਤੇ ਕੁੜਿੱਤਣ ਵਿਚ ਲਬਰੇਜ਼ ਹੋ, ਕਾਹਲੀ ਵਿਚ ਕਾਲੇ ਹਰਫਾਂ ਦੀ ਤਫਸੀਲ ਲਿਖਦੀ ਤਾਂ ਸ਼ਬਦਾਂ ਦੇ ਸੀਨਿਆਂ ਵਿਚ ਸੋਗ ਧਰਿਆ ਜਾਂਦਾ ਅਤੇ ਕਈ ਵਾਰ ਤਾਂ ਉਹ ਆਪਣੀ ਹੋਂਦ ਤੋਂ ਮੁਨਕਰੀ ਦਾ ਰਾਹ ਵੀ ਫੜ੍ਹਦੇ।
ਕਲਮ, ਕਰਮਯੋਗਤਾ, ਕਰਮਸ਼ੀਲਤਾ ਅਤੇ ਕਰਮ ਜਾਚਨਾ ਨਾਲ ਲਬੋਲਬ ਭਰੀ ਹੋਵੇ ਤਾਂ ਇਸ ਦੇ ਸੀਨੇ ਵਿਚ ਆਇਆ ਹਰਫਾਂ ਦਾ ਉਬਾਲ, ਵਰਕਿਆਂ ‘ਤੇ ਫੁੱਲਾਂ ਦੀ ਖੇਤੀ ਕਰਦਾ ਅਤੇ ਇਸ ਨੂੰ ਰੰਗਾਂ ਤੇ ਮਹਿਕਾਂ ਨਾਲ ਲਬਰੇਜ਼ ਕਰ, ਰੰਗਰੇਜ਼ ਧਰਾਤਲ ਸਿਰਜਣ ਵਿਚ ਮਾਣ ਮਹਿਸੂਸ ਕਰਦਾ।
ਕਲਮ, ਤਾਕਤਵਰ ਅਤੇ ਕਾਰਗਰ ਹਥਿਆਰ, ਤਲਵਾਰ ਨਾਲੋਂ ਜੋਰਾਵਰ। ਕਲਮ ਦਾ ਫੱਟ ਤਲਵਾਰ ਨਾਲੋਂ ਵੱਧ ਡੂੰਘਾ ਅਤੇ ਸੰਵੇਦਨਮਈ। ਤਲਵਾਰ ਦਾ ਫੱਟ ਤਾਂ ਸਮੇਂ ਨਾਲ ਭਰ ਜਾਂਦਾ ਪਰ ਕਲਮ ਦੇ ਦਿੱਤੇ ਜਖਮ ਸਾਰੀ ਉਮਰ ਚਸਕਦੇ ਰਹਿੰਦੇ।
ਕਲਮ, ਨਫਰਤ ਨੂੰ ਦੁਲਾਰ, ਦੁਸ਼ਮਣੀ ਨੂੰ ਪਿਆਰ, ਵੈਰੀ ਨੂੰ ਯਾਰ ਅਤੇ ਬਿਗਾਨਿਆਂ ਨੂੰ ਦਿਲਦਾਰ ਬਣਾਉਣ ਦਾ ਸਭ ਤੋਂ ਉਤਮ, ਸੌਖਾ ਅਤੇ ਸਹਿਜ ਉਪਚਾਰ।
ਕਲਮ ‘ਚੋਂ ਨਿਕਲੇ ਸੋਹਲ ਹਰਫ ਗੁਟਕਦੇ, ਬਾਚੀਆਂ ਪਾਉਂਦੇ, ਮਸੋਸੀ ਰੂਹ ਨੂੰ ਖਿੜਾਉਂਦੇ ਅਤੇ ਇਕ ਰੁੱਸੇ ਹੋਏ ਸਾਥੀ ਨੂੰ ਦਿਲਦਾਰੀ ਭਰੇ ਹਰਫਾਂ ਸੰਗ ਮਨਾਉਂਦੇ।
ਕਲਮ, ਹਰਫਾਂ ਦੀ ਕਿਰਤ ਵਿਚੋਂ ਸਕੂਨ, ਸੰਤੁਸ਼ਟੀ ਅਤੇ ਸੰਪੂਰਨਤਾ ਪਾਉਣ ਵੰਨੀਂ ਪਹਿਲਕਦਮੀ ਕਰਦੀ ਤਾਂ ਵਕਤ ਵੀ ਇਸ ਦੀਆਂ ਦੁਆਵਾਂ ਮੰਗਦਾ।
ਕਲਮ, ਕਿਸੇ ਦੀ ਤਲੀ ‘ਤੇ ਹਾਸਿਆਂ ਦੀ ਪਟਾਰੀ, ਕਿਸੇ ਦੀ ਸੋਚ ਵਿਚ ਸੁਖਨ ਉਡਾਰੀ ਜਾਂ ਕਿਸੇ ਦੇ ਸੀਨੇ ‘ਚ ਅੰਬਰ ‘ਚ ਲਾਈ ਤਾਰੀ ਵਰਗਾ ਅਹਿਸਾਸ ਪੈਦਾ ਕਰੇ ਤਾਂ ਇਸ ਦੀ ਦੇਣ ਦਾ ਦਮ ਸਮੁੱਚਾ ਜ਼ਮਾਨਾ ਭਰੇ।
ਕਲਮ, ਕਦੇ ਵੀ ਜੋਰ-ਜਬਰਦਸਤੀ ਵਿਚੋਂ ਖੁਦ ਨੂੰ ਨਹੀਂ ਪ੍ਰਗਟਾਉਂਦੀ ਅਤੇ ਨਾ ਹੀ ਹਰਫਾਂ ਨੂੰ ਆਪਣੀ ਨੋਕ ‘ਤੇ ਖਿਡਾਉਂਦੀ। ਇਹ ਤਾਂ ਇਕ ਵੇਗ ਵਿਚੋਂ ਹੀ ਸਿਰਜਣਹਾਰੀ ਦਾ ਰੁਤਬਾ ਪ੍ਰਾਪਤ ਕਰਦੀ ਅਤੇ ਹਰਫ-ਯੋਗ ਨੂੰ ਆਪਣੇ ਨਾਂ ਕਰਦੀ।
ਕਲਮ ਦਾ ਕਦੇ ਵੀ ਕਿਸੇ ਨਾਲ ਮੁਕਾਬਲਾ ਨਹੀਂ। ਇਹ ਖੁਦ ਵਿਚੋਂ ਹੀ ਖੁਦ ਨੂੰ ਪਛਾਣਦੀ, ਪਰਿਭਾਸ਼ਤ ਕਰਦੀ ਅਤੇ ਖੁਦ ਦੇ ਨਿਰਧਾਰਤ ਕੀਤੇ ਟੀਚੇ ਹਾਸਲ ਕਰਨ ਦੇ ਹੁਲਾਸ ਵਿਚ ਜ਼ਿੰਦਗੀ ਮਾਣਦੀ।
ਕਲਮ ਵਿਚੋਂ ਹੀ ਕਲਮਾਂ ਦੀਆਂ ਕਲਮਾਂ ਲੱਗਦੀਆਂ ਅਤੇ ਕਲਮਾਂ ਦੀ ਖੇਤੀ ਹੁੰਦੀ। ਇਹ ਕਲਮਾਂ ਇਕ ਅਜਿਹੀ ਕਲਮਕਾਰੀ ਦਾ ਨਿਵੇਕਲਾ ਅਤੇ ਸੁੰਦਰ ਸੰਸਾਰ ਸਿਰਜਦੀ। ਹਰ ਕੋਈ ਕਲਮ-ਖੇਤ ਦੇ ਸਦਕੇ ਜਾਂਦਾ।
ਕਲਮ ਦਾ ਯੋਗ ਕਮਾਉਣਾ, ਸਭ ਤੋਂ ਔਖਾ। ਆਪਣੇ ਆਪ ਨੂੰ ਸਾਧਨਾ, ਖੁਦ ਵਿਚੋਂ ਖੁਦ ਨੂੰ ਪ੍ਰਗਟਾਉਣਾ ਅਤੇ ਸ਼ਬਦਾਂ ਦੀ ਜੂਨੇ ਪਾਉਣਾ, ਸਭ ਤੋਂ ਅਹਿਮ, ਅਹਿਲ ਅਤੇ ਅਸਾਨ। ‘ਕੇਰਾਂ ਹਰਫ ਜੂਨੇ ਪਿਆਂ ਹਰਫ-ਇਬਾਰਤ ਪਾਠਕਾਂ ਦੀ ਅਮਾਨਤ ਅਤੇ ਕਲਮਕਾਰ ਲਿਖਤ ਵਿਚੋਂ ਮਨਫੀ।
ਕਲਮ, ਕਮੀਆਂ, ਕੁਰੀਤੀਆਂ, ਕਮੀਨਗੀਆਂ ਨੂੰ ਜਦੋਂ ਸਫਿਆਂ ਦੇ ਨਾਮ ਕਰਦੀ ਤਾਂ ਕਾਗਜ਼ ਦੇ ਪਿੰਡੇ ‘ਤੇ ਉਗ ਆਈਆਂ ਸੂਲਾਂ ਵਿਚ ਪਰੋਈਆਂ ਜਾਂਦੀਆਂ ਇਹ ਕੁਕਰਮੀ ਕਰਤੂਤਾਂ। ਫਿਰ ਸਮਿਆਂ ਦੀ ਤੰਦੀ ‘ਤੇ ਚੰਗੇਰੇ ਵਕਤਾਂ ਦੇ ਲੰਮੇ ਲੰਮੇ ਤੰਦ ਵਕਤ ਨੂੰ ਜਿਉਣ-ਜੋਗਾ ਕਰਦੇ।
ਕਲਮ, ਕਲੀਆਂ ਦੀ ਮਾਸੂਮੀਅਤ ਬਿਆਨਦੀ, ਇਸ ਦੀ ਕੋਮਲਤਾ ਦਾ ਵਿਖਿਆਨ ਕਰਨ ਦੇ ਨਾਲ-ਨਾਲ ਜਦ ਇਸ ਦੀ ਕੰਡਿਆਲੀ ਵਾੜ ਬਣ ਕੇ ਰਾਖੀ ਕਰਦੀ ਤਾਂ ਕਲੀ ਦਾ ਫੁੱਲ ਬਣ ਕੇ ਮਹਿਕਣ ਅਤੇ ਚੌਗਿਰਦੇ ਨੂੰ ਮਹਿਕਾਉਣ ਦਾ ਸੁਪਨਾ ਪੂਰਾ ਹੁੰਦਾ।
ਕਲਮ, ਕਦਰਦਾਨਾਂ ਅਤੇ ਕਾਰਿੰਦਿਆਂ ਨੁੰ ਬਰਾਬਰ ਪਲੋਸਦੀ, ਹਰੇਕ ਨੂੰ ਆਪਣੀ ਬੁੱਕਲ ਦਾ ਨਿੱਘ ਬਖਸ਼ਦੀ ਅਤੇ ਆਸਾਂ ਤੇ ਭਾਵਨਾਵਾਂ ਦੀ ਪੂਰਤੀ ਕਰਨਾ ਆਪਣਾ ਧੰਨਭਾਗ ਸਮਝਦੀ।
ਕਲਮ, ਕੁਦਰਤੀ ਨਿਆਮਤ ਜੋ ਲਿਖਤੀ-ਕਰਾਮਾਤ ਬਣ, ਨਵੇਂ ਕੀਰਤੀਮਾਨ, ਕਿਰਤਾਂ, ਕਾਰਨਾਮਿਆਂ ਅਤੇ ਕੁਬੇਰੀ ਦਾ ਸਬੱਬ ਬਣ, ਵਕਤ-ਮੱਥੇ ਨੂੰ ਚਾਨਣ ਦੀ ਕਾਤਰ ਨਾਲ ਸਜਾਉਂਦੀ।
ਕਲਮ, ਕੁਝ ਕੁ ਅਜਿਹੇ ਲੋਕਾਂ ਦੀ ਬਾਂਦੀ ਜਿਨ੍ਹਾਂ ਦੇ ਪੋਟਿਆਂ ਵਿਚ ਆ, ਪੂਰਨ ਸਮਰਪਣ ਤੇ ਸ਼ਰਧਾ ਨਾਲ ਅਲੋਕਾਰੀ ਅਤੇ ਅਹਿਮ ਕਿਰਤਾਂ ਨੂੰ ਸਿਰਜਦੀ ਜੋ ਸਮਾਂ-ਸੀਮਾ ਤੋਂ ਪਾਰ ਹਰ ਯੁੱਗ ਵਿਚ ਸਾਰਥਕ।
ਕਲਮ, ਜਦ ਬੱਚੇ ਦੇ ਹੱਥਾਂ ਵਿਚ ਪੂਰਨਿਆਂ ‘ਤੇ ਤੁਰਦੀ ਨਵੀਆਂ ਰਾਹਾਂ ਨੂੰ ਨਿਹਾਰਦੀ ਤਾਂ ਅੱਖਰਾਂ ਦੇ ਰੂਪ ਵਿਚੋਂ ਵਿਅਕਤੀਤਵ ਗੁਣਾਂ ਨੂੰ ਨਿਹਾਰਦੀ, ਉਸ ਦੀ ਭਵਿੱਖੀ ਪਛਾਣ ਦਾ ਨਾਮਕਰਨ ਵੀ ਕਰਦੀ। ਇਬਾਰਤ ਵਿਚੋਂ ਸ਼ਖਸੀ ਬਿੰਬ ਜਦ ਜੱਗ-ਜਾਹਰ ਹੁੰਦਾ ਤਾਂ ਕਲਮ ਦੀ ਕਰਤਾਰੀ ਸ਼ਕਤੀ ਆਪਣੇ ਜਾਹੋ-ਜਲਾਲ ਵਿਚ ਪ੍ਰਗਟ ਹੁੰਦੀ। ਭਾਵੇਂ ਅਜੋਕੇ ਆਧੁਨਿਕ ਮਸ਼ੀਨੀ ਯੁੱਗ ਨੇ ਕਲਮ ਦੀ ਸਾਰਥਕਤਾ ਨੂੰ ਗਵਾਇਆ ਏ, ਪਰ ਇਸ ਦੀ ਮਹਾਨਤਾ ਕਦੇ ਵੀ ਸਦਾ ਲਈ ਮਨਫੀ ਨਹੀਂ ਹੋਵੇਗੀ।
ਕਲਮ ਜਦ ਪੂਰਨਿਆਂ ਤੋਂ ਸ਼ਬਦ-ਜੋੜ, ਵਾਕ-ਬਣਤਰ ਤੱਕ ਪਹੁੰਚ ਆਪਣੇ ਵਿਚਾਰਾਂ ਨੂੰ ਤਰਤੀਬ ਦੇਣ ਦੇ ਰਾਹ ਤੁਰ ਪਵੇ ਤਾਂ ਕਲਮ ਇਕ ਕਿਰਤ ਨੂੰ ਜਨਮ ਦਿੰਦੀ ਜੋ ਰਾਹਗੀਰ ਬਣ ਨਵੀਆਂ ਰਾਹਾਂ ਸਿਰਜਦਾ।
ਕਲਮ, ਇਕ ਹਰਫਦਾਨੀ, ਕਲਮ ਇਕ ਸ਼ਬਦ-ਸੰਯੋਗ। ਕਲਮ ਸੁੱਚੀ, ਕਰਮਾਂ ਸੰਦੀ, ਕਲਮ ਇਕ ਕਰਮਯੋਗ। ਕਲਮ ਇਕ ਮਾਰਗ ਦਰਸ਼ਕ, ਕਲਮ ਇਕ ਕਰਮ-ਸੰਯੋਗ। ਕਲਮ ਵਰਕੇ ‘ਤੇ ਕਲਾ-ਨਿਕਾਸ਼ੀ, ਕਲਮ ਸਾਹਾਂ ਦੀ ਯੋਗ। ਕਲਮ ਸੋਚਾਂ ਦਾ ਭਵ-ਸਾਗਰ ਚੀਰੇ, ਕਲਮ ਚਾਵਾਂ ਦੀ ਚੋਗ। ਕਲਮ ਰੂਹਾਂ ਦਾ ਮੇਲ-ਮਿਲਾਪ, ਕਲਮ ਵੇਗ-ਵਿਯੋਗ। ਕਲਮ ਖੇੜੇ ਦੀ ਰੂਹ ਹੁੰਦੀ, ਕਦੇ ਨਾ ਬਣਦੀ ਸੋਗ। ਕਲਮ ਦੀ ਜੂਹੇ ਜੋ ਉਗਮਦਾ, ਲਿਖਿਆ ਧੁਰ-ਸੰਯੋਗ। ਕਲਮ ਨੂੰ ਕਲਮ ਦੇ ਸਾਹੀਂ ਜੀਓ, ਨਾ ਬਣਾਓ ਕਰਮਾਂ ਦਾ ਰੋਗ। ਤਾਂ ਹੀ ਇਸ ਦੀ ਰੂਹ ‘ਚੋਂ ਸਿੰਮਦਾ, ਸਾਹਾਂ-ਸੰਦੜੀ ਚੋਗ।
ਕਲਮ, ਕਮਜ਼ੋਰੀਆਂ ਨੂੰ ਕਰਾਮਾਤਾਂ ਵਿਚ ਬਦਲਣ ਦੀ ਊਰਜਾ, ਆਲਸੀਆਂ ਦੇ ਸੀਨੇ ਵਿਚ ਹਿੰਮਤ ਦੀ ਜਾਗ ਲਾਉਣ ਦਾ ਵਸੀਲਾ, ਨੈਣ ਬਨੇਰਿਆਂ ‘ਤੇ ਦੀਵੇ ਜਗਾਉਣ ਦੀ ਅਰਾਧਨਾ, ਸੁਪਨਹੀਣਾਂ ਨੂੰ ਸੁਪਨਿਆਂ ਦਾ ਵਰਦਾਨ ਅਤੇ ਧੁੰਧਲਕੇ ਵਿਚ ਚਾਨਣ ਚਾਨਣ ਅਸਮਾਨ।
ਕਲਮ, ਵਹੀ-ਖਾਤਿਆਂ ਵਿਚੋਂ ਨਿਕਲ ਜਦ ਕਵੀ ਦੇ ਵਿਹੜੇ ਵਿਚ ਪੈਰ ਧਰਦੀ ਤਾਂ ਇਸ ਵਿਚੋਂ ਕੁਕਨੂਸ ਪੈਦਾ ਹੁੰਦਾ, ਝਰਨਿਆਂ ਦਾ ਸੰਗੀਤ ਪੈਦਾ ਹੁੰਦਾ ਅਤੇ ਕੁਦਰਤ ਦਾ ਸੁਹੱਪਣ ਆਪਣੀ ਸੰਪੂਰਨਤਾ ਸੰਗ ਪ੍ਰਗਟਦਾ।
ਕਲਮ, ਨਿਰੰਤਰਤਾ, ਸਿੱਧਯੋਗ, ਇਕਸੁਰਤਾ, ਇਕਸਾਰਤਾ ਤੇ ਇਕਾਗਰਤਾ ਭਰਪੂਰ ਅਰਪਣ ਅਤੇ ਅਰਾਧਨਾ।
ਕਲਮ ਹੈ ਤਾਂ ਕਲਾਕਾਰ, ਕਵੀ, ਕਿਰਤੀ ਤੇ ਕਲਮਕਾਰ ਹਨ। ਕਿਰਤਾਂ ਵਿਚੋਂ ਬੋਲਦੇ ਸੰਵਾਦ, ਹੁੰਗਾਰਾ ਭਰਦੇ ਬੋਲ, ਜੁਗਨੂੰ ਜਗਮਗ ਕਰਦੇ, ਮੰਤਰਮੁਗਧ ਕਰਦੇ, ਸ਼ਬਦ-ਜੂਹ ‘ਚ ਬੈਠੇ ਹਨ ਜੋਗੀ, ਮਹਾਂਕਵੀ, ਗੁਰੂ, ਮਹਾਤਮਾ, ਵਿਗਿਆਨੀ, ਮਹਾਂ ਪੰਡਿਤ। ਕਲਮ ਦੀ ਅਣਹੋਂਦ ਵਿਚ ਅਸੀਂ ਇਨ੍ਹਾਂ ਨੂੰ ਕਿੰਜ ਮਿਲਣਾ ਸੀ?
ਕਲਮ ਕਰਕੇ ਹੀ ਹਰਫਾਂ ਵਿਚ ਸੋਚ, ਸੰਜੀਦਗੀ, ਸਰਲਤਾ, ਸੂਖਮਤਾ ਅਤੇ ਸਹਿਜ ਸਮੋਈ ਜੋ ਵਰਕਿਆਂ ਨੂੰ ਇਬਾਦਤਯੋਗ ਬਣਾਉਂਦੀ। ਇਸ ਦੀ ਅੰਤਰੀਵੀ ਸਾਧਨਾ ਹੀ ਮਨੁੱਖ ਨੂੰ ਵਿਸਥਾਰਦੀ ਤੇ ਵਿਸ਼ਾਲਦੀ। ਮਨੁੱਖੀ ਵਿਕਾਸ ਵਿਚ ਕਲਮਕਾਰੀ ਦਾ ਸਭ ਤੋਂ ਵੱਡਾ ਯੋਗਦਾਨ ਅਤੇ ਅਹਿਮੀਅਤ।
ਕਲਮ ਨੂੰ ਬਚਪਨ ਵਿਚ ਯਾਦ ਹੈ, ਗਾਚਣੀ ਨਾਲ ਫੱਟੀ ਦਾ ਪੋਚਣਾ, ਸੂਰਜ ਦੇ ਵਿਹੜੇ ਵਿਚ ਸੁਕਾਉਣਾ, ਦਵਾਤ ਵਿਚ ਸਿਆਹੀ ਬਣਾ ਕਲਮ ਨਾਲ ਪੂਰਨਿਆਂ ਨੂੰ ਸਜਾਉਣਾ ਅਤੇ ਨਿੱਕੀ ਨਿੱਕੀ ਖੁਸ਼ੀ ਵਿਚੋਂ ਹੁਲਾਸ ਅਤੇ ਖੇੜਾ ਮਾਸੂਮੀਅਤ ਦੇ ਮੂੰਹ ‘ਤੇ ਲਿਆਉਣਾ। ਕਲਮ ਨੂੰ ਮਾਣ ਹੈ, ਪੂਰਨਿਆਂ ਵਾਲੀ ਕਲਮ ਵਿਚੋਂ ਹੀ ਸਮੇਂ ਨਾਲ ਹਰਫ ਨਾਜ਼ਲ ਹੋਏ ਜਿਨ੍ਹਾਂ ਨੇ ਵਰਕਿਆਂ ਦੇ ਨਾਂ ਨਵੀਂ ਤਹਿਰੀਕ ਕੀਤੀ।
ਕਲਮ ਦਾ ਵਸੀਹ ਦਾਇਰਾ ਅਤੇ ਤਾਕਤ। ਕਈ ਵਾਰ ਬੱਚੇ ਵਲੋਂ ਆਪਣੇ ਅਧਿਆਪਕ ਦੀ ਰਹਿਨੁਮਾਈ ਹੇਠ ਕਲਮ ਨਾਲ ਸਿਰਜੇ ਸ਼ਬਦ ਦੁਨੀਆਂ ਬਦਲਦੇ। ਇਸੇ ਲਈ ਤਾਂ ਅਬਰਾਹਮ ਲਿੰਕਨ ਨੇ ਆਪਣੇ ਬੱਚੇ ਦੀ ਅਧਿਆਪਕ ਨੂੰ ਕਿਹਾ ਸੀ ਕਿ ਮੇਰੇ ਬੱਚੇ ਨੂੰ ਹੰਝੂਆਂ ਦੀ ਇਬਾਰਤ ਸਮਝਣ ਦੀ ਸਮਝ ਆਵੇ।
ਕਲਮ ਨਾਲ ਹੀ ਲਿਖੇ ਜਾਂਦੇ ਨੇ ਜ਼ਫਰਨਾਮੇ ਤੇ ਜਿੰ.ਦਗੀਨਾਮੇ। ਕਾਟਾ ਮਾਰਿਆ ਜਾਂਦਾ ਏ ਬੀਤੇ ‘ਤੇ ਅਤੇ ਝਰੀਟਿਆਂ ਜਾਂਦਾ ਏ ਜ਼ਿੰਦਗੀ ਦੇ ਖਾਲੀ ਵਰਕਿਆਂ ‘ਤੇ ਸੂਰਜਮੁਖੀ ਭਵਿੱਖ। ਕਲਮ ਦੀ ਵਰਤੋਂ ਅਤੇ ਕੁਵਰਤੋਂ ਦਾ ਵੱਲ ਜਰੂਰ ਆਉਣਾ ਚਾਹੀਦੈ।
ਕਲਮ, ਰੂਹ ਦੀ ਜ਼ੁਬਾਨ, ਮੂਕ ਬੋਲਾਂ ਨੂੰ ਦਿੱਤੇ ਅਲਫਾਜ਼, ਸਿਮਟੀਆਂ ਸੋਚਾਂ ਨੂੰ ਫੈਲਣ ਲਈ ਪਰ ਅਤੇ ਜੰ.ਜ਼ੀਰਾਂ ਵਿਚ ਬੱਝੇ ਪੈਰਾਂ ਨੂੰ ਮੰਜ਼ਿਲ ਦੀ ਸੂਹ।
ਕਲਮ ਰਾਹੀਂ ਆਪਣੇ ਜਜ਼ਬਾਤ ਨੂੰ ਪਿਘਲਾਉਣ ਦਾ ਸ਼ਰਫ ਹਾਸਲ ਹੋਵੇ ਤਾਂ ਨਾੜਾਂ ‘ਚ ਖੂਨ ਨਹੀਂ ਜੰਮਦਾ, ਜਿਸ ਨੂੰ ਚਾਲੂ ਕਰਨ ਲਈ ਕਈ ਵਾਰ ਔਜਾਰਾਂ ਦੀ ਲੋੜ ਪੈਂਦੀ।
ਕਲਮ, ਕਦੇ ਬਚਪਨੀ ਪੈਨਸਲ ਹੁੰਦੀ ਤਾਂ ਜੋ ਗਲਤੀਆਂ ਮਿਟਾਈਆਂ ਜਾ ਸਕਣ। ਪਰ ਜਦ ਜਵਾਨੀ ਪਹਿਰ ਇਹ ਪੈਨ ਦਾ ਰੂਪ ਵਟਾਉਂਦੀ ਤਾਂ ਗਲਤੀਆਂ ਨੂੰ ਮਿਟਾਉਣ ਦੀ ਗੁਜਾਇਸ਼ ਨਹੀਂ ਰਹਿੰਦੀ।
ਕਲਮ ਜਦ ਵਰਕਿਆਂ ‘ਤੇ ਤਾਰੇ ਪੈਦਾ ਕਰਦੀ ਤਾਂ ਹਨੇਰੇ ਰਾਹਾਂ ਵਿਚ ਰੌਸ਼ਨੀ ਫੈਲਦੀ। ਜਦ ਕਲਮ ਅੱਗ ਉਗਲਦੀ ਤਾਂ ਪਾਪਾਂ ਦਾ ਨਾਸ਼ ਕਰ, ਯੱਖ ਮੌਸਮਾਂ ਵਿਚ ਨਿੱਘ ਵਰਤਾਉਂਦੀ। ਜਦ ਹੂਕ ਲਈ ਹੂੰਗਰ ਮਾਰਦੀ ਤਾਂ ਜਖਮਾਂ ‘ਤੇ ਫਹੇ ਧਰ, ਮਰਹਮ ਪੱਟੀ ਦਾ ਓਹੜ-ਪੋਹੜ ਵੀ ਕਰਦੀ। ਰੌਸ਼ਨੀ, ਅੱਗ ਜਾਂ ਹੁੰਗਰ, ਕਲਮ ਦਾ ਵਰਦਾਨ ਜੋ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ।
ਕਲਮ ਕਦੇ ਵੀ ਆਪਣਾ ਰੰਗ ਨਹੀਂ ਬਦਲਦੀ। ਸਕੈਚ ਪੈਨਾਂ ਵਾਂਗ ਦਿਨ ਬਦਿਨ ਰੰਗ ਬਦਲਣ ਵਾਲੀ ਕਲਮ ‘ਤੇ ਕੌਣ ਇਤਬਾਰ ਕਰੇਗਾ?
ਕਲਮ ਨਾਲ ਉਸਾਰੂ, ਉਪਯੋਗਵਾਦੀ, ਉਤਮ ਅਤੇ ਉਮੀਦ ਜਗਾਉਣ ਵਾਲਾ ਉਪਚਾਰ ਉਜਾਗਰ ਹੋਵੇ ਤਾਂ ਇਸ ਦੀਆਂ ਕਾਤਰਾਂ ਵਿਚੋਂ ਜੀਵਨ-ਲੋਰ ਲਰਜਦੀ ਜੋ ਚੌਗਿਰਦੇ ਨੂੰ ਤਰੰਗਤ ਕਰਦੀ।
ਕਲਮ ਦਾ ਤੋਹਫਾ, ਸਭ ਤੋਂ ਉਤਮ। ਕਲਮ ਦੀ ਕਰਮ-ਧਰਾਤਲ ਵਿਚੋਂ ਕਿਰਮਚੀ ਕਿਰਨਾਂ ਦਾ ਕਾਫਲਾ ਕੁਰਬਲ-ਕੁਬਰਲ ਕਰਦਾ ਜੋ ਤੁਹਾਡੀਆਂ ਹਨੇਰੀਆਂ ਕੰਦਕਾਂ ਲਈ ਚਾਨਣ ਦੀ ਦਸਤਕ ਬਣਦਾ।
ਕਲਮ ਨੂੰ ਕਿਸੇ ਦੇ ਹੱਥ ਨਾ ਦਿਓ ਜਦ ਖੁਦ ਦੀ ਜ਼ਿਆਰਤ ਕਰ ਰਹੇ ਹੋਵੋ ਕਿਉਂਕਿ ਇਸ ਨਾਲ ਬਹੁਤ ਸਾਰੀਆਂ ਖਾਲੀ ਥਾਂਵਾਂ ਰਹਿ ਜਾਣਗੀਆਂ ਜੋ ਤੁਹਾਡੇ ਮਨ-ਮਸਤਕ ਵਿਚ ਸਦਾ ਚਸਕਦੀਆਂ ਰਹਿਣਗੀਆਂ।
ਕਲਮਾਂ, ਕਦਮ, ਕਿਰਤ ਅਤੇ ਕਰਮ ਹੀ ਕਹਾਣੀਆਂ ਬਣਦੇ ਜੋ ਰੂਹ ਵਿਚੋਂ ਸਿੰਮ ਕੇ ਪਿੰਡਿਆਂ ‘ਤੇ ਖੁਣੀਆਂ ਜਾਂਦੀਆਂ।
ਕਲਮ, ਹਰ ਯੁਗ ਵਿਚ ਅਹਿਮ ਅਤੇ ਇਸ ਵਿਚੋਂ ਉਗੀਆਂ ਯੁੱਗ ਪਲਟਾਊ ਕਿਰਤਾਂ ਨੇ ਸਮਿਆਂ ਦੀ ਬੀਹੀ ਵਿਚ ਵਿਲੱਖਣਤਾ ਅਤੇ ਵਿਕਲੋਤਰੇਪਣ ਦਾ ਹੋਕਰਾ ਲਾਇਆ।
ਕਲਮ, ਕਾਗਜ਼, ਦਵਾਤ ਅਤੇ ਸਿਆਹੀ ਨਾਲ ਲਿਖੇ ਸੱਚ ਨੂੰ ਅਕੀਦਤ ਯੋਗ ਬਣਾਉਂਦਿਆਂ, ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ:
ਧੰਨੁ ਸੁ ਕਾਗਦੁ ਕਲਮ ਧੰਨੁ
ਧਨੁ ਭਾਂਡਾ ਧਨੁ ਮਸੁ॥
ਧਨੁ ਲੇਖਾਰੀ ਨਾਨਕਾ
ਜਿਨਿ ਨਾਮੁ ਲਿਖਾਇਆ ਸਚੁ। (ਪੰਨਾ 1291)
ਕਲਮ ਸਦਾ ਜਿਉਂਦੀ ਰਹੇ, ਜਿਉਂਦੇ ਰਹਿਣ ਕਲਮਕਾਰ, ਜਾਗਦੀਆਂ ਰਹਿਣ ਕਲਮ-ਕਿਰਤਾਂ ਅਤੇ ਸੁਪਨੇ ਲੋਚਦੇ ਦੀਦਿਆਂ ਨੂੰ ਸੁਪਨਿਆਂ ਨਾਲ ਵਰਦੀਆਂ ਰਹਿਣ ਇਸ ਨਾਲ ਉਕਰੀਆਂ ਹਰਫ-ਇਬਾਰਤਾਂ।