ਰੁੱਝੇ ਹੋਏ ਬਰੋਕਰ ਦਾ ਰੁਮਾਂਸ

ਮਸ਼ਹੂਰ ਅਮਰੀਕੀ ਲਿਖਾਰੀ ਓ ਹੈਨਰੀ (11 ਸਤੰਬਰ 1862-5 ਜੂਨ 1910) ਦਾ ਅਸਲ ਨਾਂ ਵਿਲੀਅਮ ਸਿਡਨੀ ਪੋਰਟਰ ਸੀ। ਕਹਾਣੀ ਜਗਤ ਵਿਚ ਉਸ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਉਸ ਦੀਆਂ ਕਹਾਣੀਆਂ ਦਾ ਵਿਸ਼ੇਸ਼ ਪੱਖ ਕਹਾਣੀ ਦਾ ਹੈਰਾਨੀਜਨਕ ਅੰਤ ਹੈ।

‘ਰੁੱਝੇ ਹੋਏ ਬਰੋਕਰ ਦਾ ਰੁਮਾਂਸ’ ਵੀ ਇਸੇ ਰੰਗ ਦੀ ਕਹਾਣੀ ਹੈ ਜਿਸ ਵਿਚ ਮਸ਼ੀਨ ਹੋ ਗਏ ਬੰਦੇ ਦੀ ਕਥਾ ਬੜੇ ਖੂਬਸੂਰਤ ਅੰਦਾਜ਼ ਵਿਚ ਬਿਆਨ ਕੀਤੀ ਗਈ ਹੈ। -ਸੰਪਾਦਕ

ਓ. ਹੈਨਰੀ
ਪੰਜਾਬੀ ਤਰਜਮਾ: ਬਲਰਾਜ ਧਾਰੀਵਾਲ

ਹਾਰਵੇ ਮੈਕਸਵੈੱਲ ਜੋ ਸ਼ੇਅਰ ਬਾਜ਼ਾਰ ਦਾ ਦਲਾਲ ਸੀ, ਤੇ ਜਿਸ ਦਾ ਚਿਹਰਾ ਅਕਸਰ ਭਾਵਹੀਣ ਜਿਹਾ ਰਹਿੰਦਾ ਸੀ, ਅੱਜ ਜਦੋਂ ਪੂਰੇ ਸਾਢੇ ਨੌਂ ਵਜੇ ਆਪਣੀ ਖੂਬਸੂਰਤ ਸਟੈਨੋਗ੍ਰਾਫਰ ਨਾਲ ਕੰਪਨੀ ‘ਚ ਬੜੀ ਫੁਰਤੀ ਨਾਲ ਦਾਖਲ ਹੋਇਆ ਤਾਂ ਉਸ ਦੇ ਕਲਰਕ ਪਿੱਚਰ ਨੇ ਕੁਝ ਹੈਰਾਨੀ ਭਰੀ ਦਿਲਚਸਪੀ ਨਾਲ ਦੇਖਿਆ। ਉਸ ਨੇ ਪਿੱਚਰ ਨੂੰ ਬੜੇ ਚੁਸਤ ਅੰਦਾਜ਼ ਵਿਚ ‘ਗੁੱਡ ਮੌਰਨਿੰਗ’ ਆਖੀ ਅਤੇ ਬੜੇ ਜੋਸ਼ ਨਾਲ ਆਪਣੇ ਡੈਸਕ ਵੱਲ ਇੰਜ ਗਿਆ ਜਿਵੇਂ ਉਥੇ ਤਕ ਦੌੜ ਕੇ ਜਾਣਾ ਚਾਹੁੰਦਾ ਹੋਵੇ। ਫਿਰ ਉਹ ਚਿੱਠੀਆਂ ਤੇ ਟੈਲੀਗ੍ਰਾਮਾਂ ਦੇ ਢੇਰ ‘ਚ ਖੁੱਭ ਗਿਆ ਜੋ ਉਸੇ ਦੀ ਉਡੀਕ ਵਿਚ ਸਨ।
ਉਸ ਦੇ ਨਾਲ ਵਾਲੀ ਖੂਬਸੂਰਤ ਔਰਤ ਇਕ ਸਾਲ ਤੋਂ ਉਸ ਦੀ ਸਟੈਨੋਗ੍ਰਾਫਰ ਦੇ ਤੌਰ ‘ਤੇ ਕੰਮ ਕਰ ਰਹੀ ਸੀ। ਉਹ ਨਿਰਸੰਦੇਹ ਬਹੁਤ ਸੁਹਣੀ ਸੀ। ਦੇਖਣ ‘ਚ ਦੂਜੀਆਂ ਸਟੈਨੋਗ੍ਰਾਫਰਾਂ ਵਰਗੀ ਨਹੀਂ ਸੀ ਲੱਗਦੀ। ਉਹ ਵਾਲਾਂ ਦੇ ਦਿਲਕਸ਼ ਸਟਾਈਲ ਬਣਾਉਣ ਦੀ ਤੜਕ-ਭੜਕ ਤੋਂ ਦੂਰ ਸੀ। ਉਹ ਚੇਨ, ਗਜਰਾ ਤੇ ਨਾ ਹੀ ਕਦੇ ਕੋਈ ਲਾਕੇਟ ਹੀ ਪਾਉਂਦੀ ਸੀ ਅਤੇ ਨਾ ਹੀ ਕਿਸੇ ਵੱਲੋਂ ਖਾਣੇ ਦੇ ਸੱਦੇ ਦੀ ਝਾਕ ਰੱਖਦੀ ਸੀ। ਉਸ ਦਾ ਫਿੱਕਾ, ਸਾਦ ਮੁਰਾਦਾ ਪਹਿਰਾਵਾ ਉਸ ਦੇ ਸਰੀਰ ‘ਤੇ ਬਹੁਤ ਫੱਬਦਾ ਸੀ ਅਤੇ ਉਸ ਦੇ ਸਲੀਕੇ ਵੱਲ ਧਿਆਨ ਖਿੱਚਦਾ ਸੀ। ਉਸ ਦੀ ਸਾਫ, ਕਾਲੇ ਰੰਗ ਦੀ ਪਗੜੀ ਵਰਗੀ ਟੋਪੀ ‘ਤੇ ਦੱਖਣੀ ਅਮਰੀਕਾ ਦੇ ਤੋਤੇ ਦਾ ਸੁਨਹਿਰੀ ਤੇ ਹਰੇ ਰੰਗ ਦਾ ਖੰਭ ਟੰਗਿਆ ਹੋਇਆ ਸੀ। ਅੱਜ ਉਹ ਥੋੜ੍ਹਾ ਸੰਗਦੀ ਸੰਗਦੀ ਇੰਜ ਜਾਪ ਰਹੀ ਸੀ ਜਿਵੇਂ ਕਿਸੇ ਅਲੌਕਿਕ ਹੁਸਨ ਦੀ ਮਲਿਕਾ ਹੋਵੇ। ਉਸ ਦੀਆਂ ਲਿਸ਼ਕਦੀਆਂ ਅੱਖਾਂ ਸੁਪਨਮਈ ਜਾਪ ਰਹੀਆਂ ਸਨ ਅਤੇ ਉਸ ਦੀਆਂ ਹਲਕੇ ਗੁਲਾਬੀ ਰੰਗ ਦੀਆਂ ਮੁਲਾਇਮ ਗੱਲ੍ਹਾਂ ਪੂਰੀ ਤਰ੍ਹਾਂ ਚਮਕ ਰਹੀਆਂ ਸਨ। ਉਸ ਦੇ ਚਿਹਰੇ ਦੇ ਭਾਵਾਂ ਤੋਂ ਇੰਜ ਜਾਪਦਾ ਸੀ ਜਿਵੇਂ ਉਹ ਆਪਣੀ ਹੀ ਕੋਈ ਬੀਤੇ ਸਮੇਂ ਦੀ ਗੱਲ ਯਾਦ ਕਰ ਕੇ ਖੁਸ਼ ਹੋ ਰਹੀ ਹੋਵੇ।
ਪਿੱਚਰ ਨੂੰ ਅੱਜ ਸਟੈਨੋਗ੍ਰਾਫਰ ਦੇ ਤੌਰ ਤਰੀਕਿਆਂ ‘ਚ ਫਰਕ ਨਜ਼ਰ ਆ ਰਿਹਾ ਸੀ ਅਤੇ ਉਹ ਉਸ ਬਾਰੇ ਕੁਝ ਹੋਰ ਜਾਣਨ ਲਈ ਉਤਸੁਕ ਸੀ। ਸਟੈਨੋਗ੍ਰਾਫਰ ਨਾਲ ਵਾਲੇ ਕਮਰੇ, ਜਿਥੇ ਉਸ ਦੀ ਸੀਟ ਹੁੰਦੀ ਸੀ, ਵਿਚ ਜਾਣ ਦੀ ਥਾਂ ਬਾਹਰ ਵਾਲੇ ਦਫਤਰ ‘ਚ ਕੁਝ ਚਿਰ ਲਈ ਰੁਕ ਗਈ। ਇਕ ਵਾਰੀ ਤਾਂ ਉਹ ਮੈਕਸਵੈੱਲ ਦੇ ਡੈਸਕ ਦੇ ਵੀ ਕਾਫੀ ਨੇੜੇ ਚਲੀ ਗਈ ਤਾਂ ਕਿ ਉਸ ਨੂੰ ਉਸ ਦੇ ਆਉਣ ਦਾ ਅਹਿਸਾਸ ਹੋ ਜਾਏ।
ਪਰ ਹੁਣ ਉਥੇ ਡੈਸਕ ਉਪਰ ਕੋਈ ਆਦਮੀ ਨਹੀਂ ਸਗੋਂ ਮਸ਼ੀਨ ਰੂਪੀ ਬੰਦਾ ਬੈਠਾ ਹੋਇਆ ਜਾਪ ਰਿਹਾ ਸੀ ਜੋ ਨਿਊ ਯਾਰਕ ਦੇ ਬਹੁਤ ਹੀ ਰੁਝੇਵਿਆਂ ਭਰੇ ਬਾਜ਼ਾਰ ਦਾ ਦਲਾਲ ਸੀ ਤੇ ਉਹ ਬਿਜਲੀ ਦੀ ਤੇਜ਼ੀ ਵਾਂਗ ਆਪਣਾ ਕੰਮ ਕਰ ਰਿਹਾ ਸੀ।
“ਹਾਂ… ਕੀ ਗੱਲ ਹੈ? ਕੀ ਕੁਝ ਚਾਹੀਦਾ ਹੈ?” ਮੈਕਸਵੈੱਲ ਨੇ ਉਥੇ ਖੜ੍ਹੀ ਸਟੈਨੋਗ੍ਰਾਫਰ ਨੂੰ ਬੜੀ ਕਾਹਲੀ ਨਾਲ ਪੁੱਛਿਆ। ਮੈਕਸਵੈੱਲ ਦੀ ਸਾਰੀ ਡਾਕ ਖੁੱਲ੍ਹੀ ਹੋਈ ਸੀ ਅਤੇ ਡੈਸਕ ਉਪਰ ਚਿੱਠੀਆਂ ਤੇ ਟੈਲੀਗ੍ਰਾਮਾਂ ਦਾ ਢੇਰ ਲੱਗਾ ਹੋਇਆ ਸੀ। ਉਸ ਨੇ ਆਪਣੀਆਂ ਤਿੱਖੀਆਂ, ਭੂਰੀਆਂ ਅੱਖਾਂ ਨਾਲ ਓਪਰਾ, ਰੁੱਖਾ ਜਿਹਾ, ਕਾਹਲੀ ਤੇ ਕੁਝ ਬੇਸਬਰੀ ਨਾਲ ਸਟੈਨੋਗ੍ਰਾਫਰ ਵੱਲ ਤੱਕਿਆ।
“ਕੁਝ ਨਹੀਂ।” ਸਟੈਨੋਗ੍ਰਾਫਰ ਨੇ ਕਿਹਾ ਤੇ ਥੋੜ੍ਹਾ ਜਿਹਾ ਮੁਸਕਰਾ ਕੇ ਉਥੋਂ ਚੱਲ ਪਈ।
ਸਟੈਨੋਗ੍ਰਾਫਰ ਨੇ ਕਲਰਕ ਨੂੰ ਪੁੱਛਿਆ, “ਮਿਸਟਰ ਪਿੱਚਰ, ਮਿਸਟਰ ਮੈਕਸਵੈੱਲ ਨੇ ਤੁਹਾਨੂੰ ਨਵੀਂ ਸਟੈਨੋਗ੍ਰਾਫਰ ਰੱਖਣ ਲਈ ਕਿਹਾ ਹੈ?”
ਪਿੱਚਰ ਨੇ ਜੁਆਬ ਦਿੱਤਾ, “ਹਾਂ, ਉਸ ਨੇ ਮੈਨੂੰ ਨਵੀਂ ਸਟੈਨੋਗ੍ਰਾਫਰ ਰੱਖਣ ਲਈ ਕਿਹਾ ਸੀ। ਮੈਂ ਕੱਲ੍ਹ ਏਜੰਸੀ ਵਾਲਿਆਂ ਨੂੰ ਇਤਲਾਹ ਕਰ ਦਿੱਤੀ ਸੀ ਕਿ ਉਹ ਅੱਜ ਸਵੇਰੇ ਕੁਝ ਉਮੀਦਵਾਰ ਸਾਡੇ ਦਫਤਰ ‘ਚ ਭੇਜਣ। ਹੁਣ ਪੌਣੇ ਦਸ ਵੱਜ ਚੁੱਕੇ ਹਨ, ਪਰ ਹਾਲੇ ਤਕ ਕੋਈ ਵੀ ਨਹੀਂ ਪਹੁੰਚਿਆ।”
“ਚਲੋ ਠੀਕ ਹੈ, ਜਦੋਂ ਤਕ ਕੋਈ ਮੇਰੀ ਥਾਂ ‘ਤੇ ਆ ਨਹੀਂ ਜਾਂਦਾ, ਮੈਂ ਉਦੋਂ ਤਕ ਆਪਣਾ ਕੰਮ ਪਹਿਲਾਂ ਵਾਂਗ ਹੀ ਕਰਦੀ ਰਹਾਂਗੀ।” ਉਹ ਇਹ ਕਹਿ ਕੇ ਕਾਹਲੀ ਨਾਲ ਆਪਣੇ ਡੈਸਕ ‘ਤੇ ਆ ਗਈ। ਉਸ ਨੇ ਆਪਣੀ ਕਾਲੇ ਰੰਗ ਦੀ ਪੱਗ ਵਰਗੀ ਟੋਪੀ, ਜਿਸ ‘ਤੇ ਦੱਖਣੀ ਅਮਰੀਕਾ ਦੇ ਖਾਸ ਕਿਸਮ ਦੇ ਤੋਤੇ ਦਾ ਖੰਭ ਲੱਗਾ ਹੋਇਆ ਸੀ, ਨੂੰ ਇਸ ਦੀ ਮਿੱਥੀ ਹੋਈ ਥਾਂ ‘ਤੇ ਟੰਗ ਦਿੱਤਾ।
ਜੇ ਕੋਈ ਵਿਅਕਤੀ ਮੈਨਹੱਟਨ (ਨਿਊ ਯਾਰਕ ਦਾ ਟਾਪੂ ਜੋ ਐਕਸਚੇਂਜ ਦੀਆਂ ਸਰਗਰਮੀਆਂ ਤੇ ਮਨਪ੍ਰਚਾਵੇ ਦੇ ਹੋਰ ਸਾਧਨਾਂ ਲਈ ਮਸ਼ਹੂਰ ਹੈ) ਦੇ ਸ਼ੇਅਰ ਬਾਜ਼ਾਰ ਦੇ ਦਲਾਲ ਦੇ ਰੁਝੇਵਿਆਂ ਭਰੇ ਕੰਮਾਂ ਨੂੰ ਦੇਖਣ ਤੋਂ ਟਾਲਾ ਵੱਟਦਾ ਹੈ ਤਾਂ ਉਹ ਮਾਨਵ ਜਾਤੀ ਦੇ ਵਿਗਿਆਨ ਦੇ ਪੇਸ਼ੇ ਵਾਸਤੇ ਯੋਗ ਨਹੀਂ ਹੋ ਸਕਦਾ। ਕਵੀ ‘ਖੂਬਸੂਰਤ ਜ਼ਿੰਦਗੀ ਦੀ ਨੱਠ ਭੱਜ’ ਦੇ ਇਕ ਘੰਟੇ ਬਾਰੇ ਕਵਿਤਾਵਾਂ ਲਿਖਦੇ ਹਨ ਜਾਂ ਬੋਲਦੇ ਹਨ, ਪਰ ਸ਼ੇਅਰ ਬਾਜ਼ਾਰ ਦੇ ਦਲਾਲ ਦੀ ਜ਼ਿੰਦਗੀ ਦਾ ਸਿਰਫ ਇਕ ਘੰਟਾ ਹੀ ਨੱਠ ਭੱਜ ਵਾਲਾ ਨਹੀਂ ਸਗੋਂ ਉਸ ਦੇ ਸਾਰੇ ਮਿੰਟ ਤੇ ਸਕਿੰਟ ਵੀ ਉਸ ਦੀ ਜ਼ਿੰਦਗੀ ਰੂਪੀ ਸਟੇਜ ਦੇ ਅਗਲੇ ਪਿਛਲੇ ਹਿੱਸਿਆਂ ਨਾਲ ਲਟਕੇ ਤੇ ਭਰੇ ਪਏ ਹੁੰਦੇ ਹਨ, ਭਾਵ ਇਹ ਹੈ ਕਿ ਉਸ ਨੂੰ ਇਕ ਪਲ ਦੀ ਵੀ ਵਿਹਲ ਨਹੀਂ ਹੁੰਦੀ।
ਅੱਜ ਮੈਕਸਵੈੱਲ ਦਾ ਦਿਨ ਬਹੁਤ ਰੁਝੇਵਿਆਂ ਭਰਿਆ ਸੀ। ਪ੍ਰਿੰਟਿੰਗ ਮਸ਼ੀਨ ਚੱਲਣ ਦੇ ਸ਼ੋਰ ਦੌਰਾਨ ਰਿਬਨਾਂ ਵਰਗੇ ਬਹੁਤ ਸਾਰੇ ਕਾਗਜ਼, ਜਿਨ੍ਹਾਂ ‘ਤੇ ਸ਼ੇਅਰ ਬਾਜ਼ਾਰ ਨਾਲ ਸਬੰਧਿਤ ਜਾਣਕਾਰੀ ਲਿਖੀ ਹੋਈ ਸੀ, ਬਾਹਰ ਆ ਰਹੇ ਸਨ। ਡੈਸਕ ‘ਤੇ ਪਏ ਟੈਲੀਫੋਨ ‘ਤੇ ਵਾਰ ਵਾਰ ਉਹੀ ਪੁਰਾਣੀ ਟਰਨ ਟਰਨ ਦੀ ਆਵਾਜ਼ ਆ ਰਹੀ ਸੀ। ਦਫਤਰ ‘ਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ ਅਤੇ ਲੋਕ ਰੇਲਿੰਗ ਦੇ ਉਪਰੋਂ ਦੀ ਹੋ ਕੇ ਖੁਸ਼ਮਿਜ਼ਾਜੀ ਤੇ ਫੁਰਤੀ ਨਾਲ ਅਤੇ ਕੁਝ ਗੁੱਸੇ ਨਾਲ ਉਤੇਜਿਤ ਹੋ ਕੇ ਉਸ ਨਾਲ ਗੱਲਬਾਤ ਕਰ ਰਹੇ ਸਨ। ਹਰਕਾਰੇ ਸੁਨੇਹੇ ਤੇ ਟੈਲੀਗ੍ਰਾਮਾਂ ਲੈ ਕੇ ਇਧਰ ਉਧਰ ਆ ਜਾ ਰਹੇ ਸਨ। ਦਫਤਰ ਦੇ ਕਲਰਕ ਇੰਜ ਉਛਲ ਰਹੇ ਸਨ ਜਿਵੇਂ ਸਮੁੰਦਰੀ ਤੂਫਾਨ ਦੌਰਾਨ ਯਾਤਰੀ ਉਛਲ ਰਹੇ ਹੋਣ। ਇਥੋਂ ਤਕ ਕਿ ਪਿੱਚਰ ਦਾ ਚਿਹਰਾ ਵੀ ਹੌਲੀ-ਹੌਲੀ ਉਤਸ਼ਾਹ ਨਾਲ ਭਰ ਗਿਆ ਸੀ।
ਸ਼ੇਅਰ ਬਾਜ਼ਾਰ ਵਿਚ ਤੂਫਾਨ, ਝੱਖੜ, ਬਰਫੀਲੇ ਤੂਫਾਨ, ਬਰਫਾਨੀ ਤੋਦੇ ਅਤੇ ਜਵਾਲਾਮੁਖੀ ਫੁਟ ਰਹੇ ਸਨ, ਭਾਵ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਨਾਲ ਆ ਰਹੇ ਉਤਰਾ-ਚੜ੍ਹਾਅ ਨੇ ਖਲਬਲੀ ਮਚਾਈ ਹੋਈ ਸੀ ਅਤੇ ਦਲਾਲਾਂ ਦੇ ਦਫਤਰਾਂ ਵਿਚ ਇਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਲਘੂ ਰੂਪ ‘ਚ ਦੁਬਾਰਾ ਦੱਸਿਆ ਜਾ ਰਿਹਾ ਸੀ। ਮੈਕਸਵੈੱਲ ਨੇ ਆਪਣੀ ਕੁਰਸੀ ਘੜੀਸ ਕੇ ਕੰਧ ਨਾਲ ਕਰ ਲਈ ਤੇ ਪੱਬਾਂ ਭਾਰ ਖਲੋ ਕੇ ਤੇਜ਼ੀ ਨਾਲ ਆਪਣਾ ਕਾਰੋਬਾਰ ਕਰਨ ਲੱਗਿਆ। ਉਹ ਡਰਾਮੇ ਦੇ ਸਿੱਖੇ ਹੋਏ ਫੁਰਤੀਲੇ ਮਸਖਰੇ ਪਾਤਰ ਵਾਂਗ ਪ੍ਰਿੰਟਿੰਗ ਮਸ਼ੀਨ ਵੱਲੋਂ ਫੋਨ ਵੱਲ ਤੇ ਡੈਸਕ ਤੋਂ ਦਰਵਾਜ਼ੇ ਵੱਲ ਉਛਲਦਾ ਹੋਇਆ ਆਉਣ ਜਾਣ ਲੱਗਿਆ।
ਇਸ ਵਧਦੇ ਹੋਏ ਤੇ ਇੰਨੇ ਜ਼ਿਆਦਾ ਤਣਾਅਪੂਰਨ ਸਮੇਂ ਦੌਰਾਨ ਦਲਾਲ ਅਚਾਨਕ ਹੀ ਇਕ ਔਰਤ ਦੇ ਉਥੇ ਆਉਣ ਨਾਲ ਸੁਚੇਤ ਹੋ ਗਿਆ ਜਿਸ ਨੇ ਆਪਣੇ ਸੁਨਹਿਰੀ ਵਾਲਾਂ ਦੀਆਂ ਲਟਕਦੀਆਂ ਲਿਟਾਂ ਨੂੰ ਰੋਲ ਕਰਕੇ ਉਚਾ ਬੰਨ੍ਹਿਆ ਹੋਇਆ ਸੀ ਅਤੇ ਸਿਰ ਉਪਰ ਮਖਮਲੀ ਟੋਪੀ ਪਾਈ ਹੋਈ ਸੀ ਜੋ ਹਿਲ ਰਹੀ ਸੀ ਤੇ ਕਿਨਾਰਿਆਂ ਤੋਂ ਸ਼ੁਤਰਮੁਰਗ ਦੀ ਸ਼ਕਲ ਵਰਗੀ ਜਾਪ ਰਹੀ ਸੀ। ਉਸ ਦਾ ਗਾਊਨ ਸੀਲ ਮੱਛੀ ਦੀ ਚਮੜੀ ਵਰਗੇ ਕੱਪੜੇ ਤੋਂ ਬਣਿਆ ਜਾਪ ਰਿਹਾ ਸੀ। ਉਸ ਨੇ ਗਲੇ ‘ਚ ਅਮਰੀਕੀ ਅਖਰੋਟਾਂ ਦੀ ਸ਼ਕਲ ਦੇ ਮੋਤੀਆਂ ਦੀ ਲੰਮੀ ਮਾਲਾ ਪਾਈ ਹੋਈ ਸੀ ਜਿਸ ਦਾ ਅਖੀਰਲਾ ਸਿਰਾ ਹੇਠਾਂ ਫਰਸ਼ ਦੇ ਨਾਲ ਕਰਕੇ ਲਟਕ ਰਿਹਾ ਸੀ ਅਤੇ ਉਸ ਵਿਚ ਚਾਂਦੀ ਦਾ ਬਣਿਆ ਦਿਲ ਦੀ ਸ਼ਕਲ ਦਾ ਲਾਕੇਟ ਪਿਆ ਹੋਇਆ ਸੀ। ਉਹ ਜਵਾਨ ਔਰਤ ਸਜ-ਧਜ ਵਾਲੀਆਂ ਇਹ ਸਾਰੀਆਂ ਚੀਜ਼ਾਂ ਪਹਿਨ ਕੇ ਸ਼ਾਂਤ ਚਿਤ ਹੋ ਕੇ ਉਥੇ ਖੜ੍ਹੀ ਸੀ ਅਤੇ ਪਿੱਚਰ ਉਸ ਦੇ ਹਾਵ-ਭਾਵ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪਿੱਚਰ ਨੇ ਮੈਕਸਵੈੱਲ ਨੂੰ ਦੱਸਿਆ, “ਸਟੈਨੋਗ੍ਰਾਫਰਾਂ ਦੀ ਏਜੰਸੀ ਤੋਂ ਇਕ ਮਹਿਲਾ ਉਮੀਦਵਾਰ ਨੌਕਰੀ ਬਾਰੇ ਪਤਾ ਕਰਨ ਆਈ ਹੈ।”
ਮੈਕਸਵੈੱਲ ਥੋੜ੍ਹਾ ਜਿਹਾ ਮੁੜਿਆ। ਉਸ ਦੇ ਹੱਥਾਂ ‘ਚ ਕਾਫੀ ਸਾਰੇ ਕਾਗਜ਼ ਤੇ ਪ੍ਰਿੰਟਿੰਗ ਮਸ਼ੀਨ ‘ਚੋਂ ਨਿਕਲੇ ਕਾਗਜ਼ਾਂ ਦੇ ਟੁਕੜੇ ਸਨ। ਉਹ ਮੱਥੇ ‘ਤੇ ਤਿਊੜੀ ਪਾ ਕੇ ਬੋਲਿਆ, “ਕਾਹਦੀ ਨੌਕਰੀ ਬਾਰੇ?”
ਪਿੱਚਰ ਬੋਲਿਆ, “ਸਟੈਨੋਗ੍ਰਾਫਰ ਦੀ ਨੌਕਰੀ ਬਾਰੇ, ਕੱਲ੍ਹ ਤੁਸੀਂ ਮੈਨੂੰ ਏਜੰਸੀ ਨੂੰ ਫੋਨ ਕਰਨ ਲਈ ਕਿਹਾ ਸੀ ਕਿ ਉਹ ਇਥੇ ਅੱਜ ਸਵੇਰੇ ਕਿਸੇ ਨੂੰ ਭੇਜਣ।”
“ਪਿੱਚਰ, ਤੇਰਾ ਦਿਮਾਗ ਖਰਾਬ ਹੋ ਗਿਆ। ਮੈਂ ਤੈਨੂੰ ਇਹੋ ਜਿਹੀ ਹਦਾਇਤ ਕਿਉਂ ਦੇਣੀ ਸੀ? ਮਿਸ ਲੈਸਲੀ ਪਿਛਲੇ ਇਕ ਸਾਲ ਤੋਂ ਤਸੱਲੀਬਖਸ਼ ਕੰਮ ਕਰ ਰਹੀ ਹੈ। ਜਿੰਨਾ ਚਿਰ ਚਾਹੇ, ਉਹ ਇਸ ਅਹੁਦੇ ‘ਤੇ ਕੰਮ ਕਰ ਸਕਦੀ ਹੈ।” ਫਿਰ ਪਿੱਚਰ ਨੇ ਉਸ ਔਰਤ ਨੂੰ ਕਿਹਾ, “ਇਥੇ ਕੋਈ ਖਾਲੀ ਆਸਾਮੀ ਨਹੀਂ ਹੈ।”
ਮੈਕਸਵੈੱਲ ਨੇ ਨਾਲ ਹੀ ਪਿੱਚਰ ਨੂੰ ਕਿਹਾ, “ਏਜੰਸੀ ਨੂੰ ਦਿੱਤਾ ਇਹ ਆਰਡਰ ਕੈਂਸਲ ਕਰ ਦਿਉ ਅਤੇ ਹੋਰ ਕਿਸੇ ਨੂੰ ਹੁਣ ਇਧਰ ਲੈ ਕੇ ਆਉਣ ਦੀ ਲੋੜ ਨਹੀਂ।”
ਚਾਂਦੀ ਦੇ ਦਿਲ ਦੀ ਮਾਲਾ ਵਾਲੀ ਔਰਤ ਦਫਤਰ ਦੇ ਫਰਨੀਚਰ ਵਿਚ ਵੱਜਦੀ ਤੇ ਖੜਾਕ ਕਰਦੀ ਨਾਰਾਜ਼ਗੀ ਦੀ ਭਾਵਨਾ ਨਾਲ ਦਫਤਰ ‘ਚੋਂ ਨਿਕਲ ਗਈ। ਪਿੱਚਰ ਇਕ ਪਲ ਲਈ ਅਕਾਊਂਟੈਂਟ ਕੋਲ ਰੁਕਿਆ ਅਤੇ ਮੈਕਸਵੈੱਲ ਬਾਰੇ ਕਹਿਣ ਲੱਗਾ, “ਇਹ ‘ਬੁੱਢਾ ਆਦਮੀ’ ਦਿਨੋ ਦਿਨ ਦੁਨੀਆਂ ਤੋਂ ਬੇਖਬਰ ਤੇ ਭੁਲੱਕੜ ਹੁੰਦਾ ਜਾ ਰਿਹਾ ਹੈ।”
ਕਾਰੋਬਾਰ ਦੀ ਚਾਲ ‘ਚ ਹੋਰ ਤੇਜ਼ੀ ਤੇ ਤੀਬਰਤਾ ਆ ਗਈ ਸੀ। ਅੱਧੀ ਦਰਜਨ ਤਾਂ ਉਥੇ ਅਜਿਹੇ ਸਟਾਕ ਸਨ ਜਿਨ੍ਹਾਂ ‘ਚ ਮੈਕਸਵੈੱਲ ਦੇ ਆਪਣੇ ਗਾਹਕਾਂ ਨੇ ਪੂੰਜੀ ਲਾਈ ਹੋਈ ਸੀ। ਸ਼ੇਅਰ ਖਰੀਦਣ ਤੇ ਵੇਚਣ ਦੇ ਆਰਡਰ ਇੰਨੀ ਤੇਜ਼ੀ ਨਾਲ ਆ ਜਾ ਰਹੇ ਸਨ ਜਿੰਨੀ ਤੇਜ਼ੀ ਨਾਲ ਅਬਾਬੀਲਾਂ ਉਡਦੀਆਂ ਹਨ। ਉਸ ਦੀ ਆਪਣੀ ਕੁਝ ਜਮ੍ਹਾਂ ਪੂੰਜੀ ਖਤਰੇ ‘ਚ ਪੈ ਗਈ ਸੀ, ਪਰ ਤਾਂ ਵੀ ਉਹ ਵਧੀਆ, ਕੁਸ਼ਲ ਤੇ ਮਜ਼ਬੂਤ ਅਤੇ ਚੰਗੀ ਤਰ੍ਹਾਂ ਤਣੀ ਹੋਈ ਮਸ਼ੀਨ ਵਾਂਗ ਪੂਰੀ ਸਪੀਡ ਨਾਲ ਬਿਲਕੁਲ ਸਹੀ ਬਿਨਾਂ ਕਿਸੇ ਹਿਚਕਿਚਾਹਟ ਦੇ ਉਚਿਤ ਸ਼ਬਦ ਬੋਲਦਾ ਤੇ ਫੈਸਲੇ ਕਰਦਾ ਸਾਰੇ ਕੰਮ ਘੜੀ ਦੀ ਰਫਤਾਰ ਨਾਲ ਕਰ ਰਿਹਾ ਸੀ। ਇਥੇ ਬੱਸ ਪੂੰਜੀ, ਪੈਸਿਆਂ ਦੀਆਂ ਸ਼ਰਤਾਂ, ਕਰਜ਼ਿਆਂ, ਚੀਜ਼ਾਂ ਗਿਰਵੀ ਰੱਖਣ, ਵਪਾਰ ਤੇ ਕਰਜ਼ੇ ਦੇ ਕਾਗਜ਼ਾਂ ਬਾਰੇ ਹੀ ਗੱਲਾਂ ਸਨ- ਇਹ ਪੂੰਜੀ ਲਾਉਣ ਦਾ ਵੱਖਰਾ ਹੀ ਸੰਸਾਰ ਸੀ ਅਤੇ ਇਥੇ ਇਨਸਾਨਾਂ ਜਾਂ ਕੁਦਰਤ ਦੀ ਦੁਨੀਆਂ ਬਾਰੇ ਕੋਈ ਥਾਂ ਨਹੀਂ ਸੀ।
ਜਦੋਂ ਦੁਪਹਿਰ ਦੇ ਖਾਣੇ ਦਾ ਸਮਾਂ ਹੋਇਆ ਤਾਂ ਰੌਲਾ ਰੱਪਾ ਕੁਝ ਘਟ ਗਿਆ। ਮੈਕਸਵੈੱਲ ਆਪਣੇ ਹੱਥਾਂ ‘ਚ ਬਹੁਤ ਸਾਰੇ ਦਸਤਾਵੇਜ਼ ਅਤੇ ਟੈਲੀਗ੍ਰਾਮਾਂ ਫੜ ਕੇ ਆਪਣੇ ਡੈਸਕ ਦੇ ਨੇੜੇ ਖੜ੍ਹਾ ਸੀ। ਉਸ ਦੇ ਸੱਜੇ ਕੰਨ ‘ਤੇ ਇਕ ਫਾਊਂਟੇਨ ਪੈੱਨ ਟੰਗਿਆ ਹੋਇਆ ਸੀ ਤੇ ਉਸ ਦੇ ਵਾਲਾਂ ਦੀਆਂ ਲਿਟਾਂ ਮੱਥੇ ‘ਤੇ ਇਧਰ ਉਧਰ ਖਿੰਡੀਆਂ ਹੋਈਆਂ ਸਨ। ਉਸ ਦੇ ਕਮਰੇ ਦੀ ਬਾਰੀ ਖੁੱਲ੍ਹੀ ਹੋਈ ਸੀ, ਧਰਤੀ ‘ਤੇ ਫੁੱਲ ਬੂਟੇ ਵਿਗਸਣ ਨਾਲ ਬਹਾਰ ਦੀ ਪਿਆਰੀ ਰੁੱਤ ਦੀ ਆਮਦ ਕੁਝ ਨਿੱਘੀ ਹੋ ਗਈ ਸੀ।
ਬਾਰੀ ਰਾਹੀਂ ਅਚੇਤ ਹੀ ਹੌਲੀ-ਹੌਲੀ ਲਿਲੀ ਦੇ ਫੁੱਲਾਂ ਦੀ ਕੋਮਲ ਤੇ ਮਿੱਠੀ ਸੁਗੰਧ ਆਉਣ ਲੱਗੀ ਜਿਸ ਨੇ ਦਲਾਲ ਨੂੰ ਇਕ ਪਲ ਵਾਸਤੇ ਮੰਤਰ ਮੁਗਧ ਕਰ ਦਿੱਤਾ, ਇਸ ਤਰ੍ਹਾਂ ਦੀ ਸੁਗੰਧ ਤਾਂ ਲੈਸਲੀ ਕੋਲੋਂ ਆਉਂਦੀ ਸੀ ਅਤੇ ਇਹ ਸੁਗੰਧ ਸਿਰਫ ਉਸ ਦੀ ਹੀ ਹੋ ਸਕਦੀ ਸੀ।
ਅਜਿਹੀ ਖੁਸ਼ਬੂ ਸੁੰਘਣ ਨਾਲ ਉਸ ਨੂੰ ਜਾਪਿਆ ਕਿ ਮਿਸ ਲੈਸਲੀ ਉਸ ਦੇ ਸਾਹਮਣੇ ਆ ਗਈ ਹੋਵੇ। ਪੂੰਜੀ ਨਿਵੇਸ਼ ਦਾ ਸੰਸਾਰ ਅਚਾਨਕ ਹੀ ਖਤਮ ਹੋ ਗਿਆ, ਉਹ (ਮਿਸ ਲੈਸਲੀ) ਤਾਂ ਉਥੋਂ ਸਿਰਫ ਵੀਹ ਕਦਮ ਦੂਰ ਅਗਲੇ ਕਮਰੇ ‘ਚ ਸੀ।
ਮੈਕਸਵੈੱਲ ਕਹਿਣ ਲੱਗਾ, “ਮੈਨੂੰ ਸੰਤ ਜਾਰਜ ਦੀ ਸਹੁੰ, ਮੈਂ ਹੁਣੇ ਉਹਦੇ ਨਾਲ ਗੱਲ ਕਰਾਂਗਾ। ਮੈਂ ਹੈਰਾਨ ਹਾਂ ਕਿ ਮੈਂ ਇੰਨੇ ਚਿਰ ਤੋਂ ਉਸ ਨਾਲ ਗੱਲ ਕਿਉਂ ਨਹੀਂ ਕੀਤੀ!”
ਉਸ ਨੇ ਅੰਦਰ ਵਾਲੇ ਦਫਤਰ ਜਾਣ ਲਈ ਛੇਤੀ ਨਾਲ ਪੈਰ ਪੁੱਟੇ। ਉਹ ਬੜੀ ਫੁਰਤੀ ਨਾਲ ਸਟੈਨੋਗ੍ਰਾਫਰ ਦੇ ਮੇਜ਼ ਵੱਲ ਗਿਆ। ਸਟੈਨੋਗ੍ਰਾਫਰ ਨੇ ਮੁਸਕਰਾਹਟ ਨਾਲ ਉਸ ਵੱਲ ਦੇਖਿਆ। ਉਸ ਦੀਆਂ ਗੱਲ੍ਹਾਂ ਦਾ ਰੰਗ ਹਲਕਾ ਗੁਲਾਬੀ ਹੋ ਗਿਆ ਤੇ ਉਸ ਦੀਆਂ ਅੱਖਾਂ ‘ਚ ਮੋਹ ਤੇ ਭੋਲਾਪਣ ਛਲਕਣ ਲੱਗਾ। ਮੈਕਸਵੈੱਲ ਆਪਣੀ ਕੂਹਣੀ ਡੈਸਕ ਉਪਰ ਰੱਖ ਕੇ ਖਲੋ ਗਿਆ। ਉਸ ਦੇ ਦੋਹਾਂ ਹੱਥਾਂ ‘ਚ ਫੜੇ ਕਾਗਜ਼ ਹਾਲੇ ਵੀ ਲਹਿਰਾ ਰਹੇ ਸਨ ਤੇ ਪੈੱਨ ਉਸੇ ਤਰ੍ਹਾਂ ਕੰਨ ‘ਤੇ ਟੰਗਿਆ ਹੋਇਆ ਸੀ।
ਉਸ ਨੇ ਛੇਤੀ ਨਾਲ ਕਹਿਣਾ ਸ਼ੁਰੂ ਕੀਤਾ, “ਮਿਸ ਲੈਸਲੀ, ਮੇਰੇ ਕੋਲ ਇਕ ਪਲ ਤੋਂ ਜ਼ਿਆਦਾ ਸਮਾਂ ਨਹੀਂ। ਮੈਂ ਇਸੇ ਇਕੋ ਪਲ ‘ਚ ਇਕ ਗੱਲ ਕਹਿਣੀ ਚਾਹੁੰਦਾ ਹਾਂ, ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ? ਮੇਰੇ ਕੋਲ ਆਮ ਲੋਕਾਂ ਵਾਂਗ ਤੇਰੇ ਨਾਲ ਪਿਆਰ ਕਰਨ ਲਈ ਸਮਾਂ ਨਹੀਂ ਸੀ, ਪਰ ਮੈਂ ਤੈਨੂੰ ਸੱਚਮੁੱਚ ਪਿਆਰ ਕਰਦਾ ਹਾਂ। ਮਿਹਰਬਾਨੀ ਕਰਕੇ, ਛੇਤੀ ਦੱਸ। ਨਹੀਂ ਤਾਂ ਦੂਜੇ ਲੋਕਾਂ ਨੇ ਆ ਕੇ ਇਥੇ ਇਕੱਠੇ ਹੋ ਜਾਣਾ ਹੈ।”
ਖੂਬਸੂਰਤ ਸਟੈਨੋਗ੍ਰਾਫਰ ਕਹਿਣ ਲੱਗੀ, “ਹੈਂ, ਤੂੰ ਕੀ ਕਹਿ ਰਿਹਾ ਹੈਂ?” ਉਹ ਉਠ ਖਲੋਤੀ ਤੇ ਹੈਰਾਨ ਹੋ ਕੇ ਅੱਖਾਂ ਘੁੰਮਾਉਂਦੀ ਉਸ ਵੱਲ ਦੇਖਣ ਲੱਗੀ। ਮੈਕਸਵੈੱਲ ਬੇਚੈਨੀ ਨਾਲ ਕਹਿਣ ਲੱਗਾ, “ਤੂੰ ਸਮਝਦੀ ਨਹੀਂ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ। ਮਿਸ ਲੈਸਲੀ, ਮੈਂ ਤੈਨੂੰ ਪਿਆਰ ਕਰਦਾ ਹਾਂ। ਮੈਂ ਇਹ ਗੱਲ ਤੈਨੂੰ ਦੱਸਣੀ ਚਾਹੁੰਦਾ ਸਾਂ ਅਤੇ ਹੁਣ ਜਦੋਂ ਕੰਮ ਕੁਝ ਮੱਠਾ ਪਿਆ ਹੈ ਤਾਂ ਮੈਂ ਇਸ ਗੱਲ ਲਈ ਇਕ ਮਿੰਟ ਕੱਢ ਕੇ ਤੇਰੇ ਕੋਲ ਆਇਆ ਹਾਂ। ਲਉ, ਉਹ ਮੈਨੂੰ ਹੁਣ ਫੋਨ ‘ਤੇ ਬੁਲਾਉਣ ਵੀ ਲੱਗ ਪਏ ਹਨ। ਪਿੱਚਰ, ਜ਼ਰਾ ਉਨ੍ਹਾਂ ਨੂੰ ਕਹਿ, ਇਕ ਮਿੰਟ ਮੇਰੀ ਉਡੀਕ ਕਰਨ। ਮਿਸ ਲੈਸਲੀ, ਤੂੰ ਕੋਈ ਗੱਲ ਨਹੀਂ ਕਹੇਂਗੀ?”
ਸੁਣ ਕੇ ਸਟੈਨੋਗ੍ਰਾਫਰ ਨੂੰ ਅਜੀਬ ਜਿਹਾ ਮਹਿਸੂਸ ਹੋਇਆ। ਪਹਿਲਾਂ ਤਾਂ ਉਹ ਆਪਣੀ ਹੈਰਾਨੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਲੱਗੀ, ਉਸ ਦੀਆਂ ਹੈਰਾਨੀ ਭਰੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ ਤੇ ਫਿਰ ਉਸ ਦੀਆਂ ਅੱਖਾਂ ‘ਚ ਖੁਸ਼ੀ ਵਾਲੀ ਚਮਕ ਆ ਗਈ ਤੇ ਉਸ ਨੇ ਮੁਸਕਰਾ ਕੇ ਆਪਣੀ ਇਕ ਬਾਂਹ ਸ਼ੇਅਰ ਦਲਾਲ ਦੀ ਧੌਣ ਵੱਲ ਸਰਕਾ ਦਿੱਤੀ।
ਉਹ ਹਲੀਮੀ ਨਾਲ ਬੋਲੀ, “ਮੈਨੂੰ ਹੁਣ ਪਤਾ ਲੱਗ ਚੁਕਾ ਹੈ ਕਿ ਤੂੰ ਇਹ ਪੁਰਾਣਾ ਕਾਰੋਬਾਰ ਕਰਦੇ ਸਮੇਂ ਏਨਾ ਰੁੱਝ ਜਾਂਦਾ ਹੈਂ ਕਿ ਇਸ ਕੰਮ ਤੋਂ ਇਲਾਵਾ ਤੇਰੇ ਦਿਮਾਗ ‘ਚੋਂ ਹੋਰ ਸਭ ਗੱਲਾਂ ਮਨਫੀ ਹੋ ਜਾਂਦੀਆਂ ਹਨ। ਪਹਿਲਾਂ ਤਾਂ ਮੈਂ ਡਰ ਗਈ ਸੀ। ਹਾਰਵੇ, ਤੈਨੂੰ ਯਾਦ ਨਹੀਂ ਕਿ ਅਸੀਂ ਹਾਲੇ ਰਾਤੀਂ ਅੱਠ ਵਜੇ ਨੁੱਕਰ ਵਾਲੇ ਗਿਰਜਾਘਰ ਵਿਚ ਵਿਆਹ ਕਰਵਾਇਆ ਸੀ?”