ਗੰਧਲੀ ਹੋ ਚੁਕੀ ਭਾਰਤੀ ਸਿਆਸਤ ਅਤੇ ਆਮ ਲੋਕ

ਸੋਹਨ ਲਾਲ ਸਾਂਪਲਾ
ਗਰ ਹੋ ਸਕੇ ਤੋ ਅਬ ਕੋਈ ਸ਼ਮਾਂ ਜਲਾਈਏ
ਕਿ ਦੌਰ-ਏ-ਸਿਆਸਤ ਕਾ ਅੰਧੇਰਾ ਮਿਟਾਈਏ।
ਬਸ ਕੀਜੀਏ ਔਰ ਆਕਾਸ਼ ਸੇ ਨਾਹਰੇ ਉਛਾਲਨਾ
ਯੇਹ ਜੰਗ ਹੈ ਜੰਗ ਮੇਂ ਤਾਕਤ ਜੁਟਾਈਏ। (ਸਵਾਮੀ ਅਗਨੀਵੇਸ਼)

ਭਾਰਤ ਵਿਚ ਜੁਮਲੇਬਾਜ਼ ਲੀਡਰ ਫੜ੍ਹਾਂ ਮਾਰ ਰਹੇ ਹਨ ਕਿ ਮੋਦੀ ਸਰਕਾਰ ਦੀ ਅਗਵਾਈ ਹੇਠ ਚਾਰ ਸਾਲ ਵਿਚ ਭਾਰਤ ਬਹੁਤ ਤਰੱਕੀ ਕਰ ਗਿਆ ਹੈ। ਝੂਠ-ਤੂਫਾਨ ਜਿੰਨਾ ਮਰਜ਼ੀ ਭਾਜਪਾ ਅਤੇ ਆਰ. ਐਸ਼ ਐਸ਼ ਸਰਕਾਰ ਬੋਲੀ ਜਾਵੇ ਪਰ ਸੱਚਾਈ ਤੋਂ ਕੋਹਾਂ ਦੂਰ ਹੈ। ਇਕ ਪਾਸੇ ਇਹ ਗੱਲ ਹੈ ਕਿ ਭਾਰਤ ਕਰਜ਼ ਵਿਚ ਡੁੱਬਿਆ ਪਿਆ ਹੈ, ਦੀਵਾਲੀਏਪਣ ਦੇ ਕਿਨਾਰੇ ਖੜ੍ਹਾ ਹੈ ਅਤੇ ਦੂਸਰੇ ਪਾਸੇ ਅੱਜ ਦੇ ਯੁਗ ਵਿਚ ਗਜ਼ਨੀ ਤੇ ਗੌਰੀ ਵਰਗੇ ਲੁਟੇਰੇ ਬਣ ਗਏ ਸਰਕਾਰ ਅਤੇ ਲੀਡਰਾਂ ਦੀ ਮਿਲੀਭੁਗਤ ਨਾਲ ਬੈਂਕ ਲੁੱਟੇ ਗਏ। ਇਸ ਦੀ ਮਿਸਾਲ ਦੁਨੀਆਂ ਵਿਚ ਕਿਤੇ ਹੋਰ ਨਹੀਂ ਮਿਲਦੀ। ਬੈਂਕਾਂ ਨੂੰ 176 ਅਰਬ ਰੁਪਏ ਤੋਂ ਜ਼ਿਆਦਾ ਦਾ ਰਗੜਾ ਲੱਗ ਚੁਕਾ ਹੈ। ਭਾਰਤੀ ਰਿਜ਼ਰਵ ਬੈਂਕ ਅਨੁਸਾਰ, ਪਿਛਲੇ ਪੰਜ ਸਾਲਾਂ ਵਿਚ ਹੀ 61,201 ਕਰੋੜ ਰੁਪਏ ਦਾ ਕਰਜ਼ਾ ਹੇਰਾ-ਫੇਰੀ ਕਰਕੇ ਦਿੱਤਾ ਗਿਆ।
ਕੁਰਸੀ ਦਾ ਨਸ਼ਾ ਇਨਸਾਨ ਨੂੰ ਇਸ ਹੱਦ ਤਕ ਰੋਗੀ ਬਣਾ ਦਿੰਦਾ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਜੋ ਜੇਲ੍ਹ ਦੀ ਹਵਾ ਵੀ ਖਾ ਚੁਕੇ ਹਨ, ਤੇ ਇਨ੍ਹਾਂ ਦਾ ਲੜਕਾ ਕੁਝ ਹੀ ਦਿਨਾਂ ਵਿਚ ਲੱਖਾਂ ਤੋਂ ਕਰੋੜਾਂ ਦਾ ਮਾਲਕ ਬਣ ਬੈਠਾ ਹੈ, ਨੇ ਆਪਣੇ ਘੁਮੰਡੀ ਭਾਸ਼ਣ ਵਿਚ ਕਿਹਾ ਹੈ ਕਿ ਨਰੇਂਦਰ ਮੋਦੀ ਦਾ ਅਜਿਹਾ ਤੂਫਾਨ ਆਇਆ ਕਿ ਸਾਰੇ ਕੁੱਤੇ-ਬਿੱਲੀਆਂ ਦਰਖਤਾਂ ਉਪਰ ਚੜ੍ਹ ਗਏ। ਕਿੰਨੀ ਹਾਸੋ-ਹੀਣੀ ਗੱਲ ਹੈ। ਉਸ ਦਾ ਇਸ਼ਾਰਾ ਸੀ-ਵਿਰੋਧੀ ਦਲ ਇਕ ਮੰਚ ਉਪਰ ਇਕੱਠੇ ਹੋ ਰਹੇ ਹਨ।
ਦੂਜੇ ਬੰਨੇ ਹਾਲ ਇਹ ਹੈ ਕਿ ਮੋਦੀ ਦੇ ਲੋਕ ਸਭਾ ਹਲਕੇ ਵਾਰਾਣਸੀ ਦੇ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨਾਲ ਛਲ ਹੋਇਆ ਹੈ। ਪਹਿਲਾਂ ਲੋਕ ਦੁੱਧ ਪੀਂਦੇ ਸਨ, ਹੁਣ ਪਿਸ਼ਾਬ ਪੀਣਾ ਪਵਿਤਰ ਕਿਹਾ ਜਾ ਰਿਹਾ ਹੈ। ਦੇਸ਼ ਵਾਸੀਆਂ ਨੂੰ ਬੁਧੀਮਾਨ ਬਣਾਉਣ ਦੀ ਥਾਂ ਅੰਧਵਿਸ਼ਵਾਸੀ ਅਤੇ ਰੂੜੀਵਾਦੀ ਬਣਾਇਆ ਜਾ ਰਿਹਾ ਹੈ। ਜੇ ਆਪਣੀਆਂ ਮੰਗਾਂ ਨੂੰ ਲੈ ਕੇ ਕੋਈ ਆਵਾਜ਼ ਬੁਲੰਦ ਕਰਦਾ ਹੈ ਤਾਂ ਉਸ ਉਪਰ ਝੂਠੇ ਕੇਸ ਪਾ ਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ। ਦੇਸ਼ ਵਿਚ 27 ਲੱਖ ਆਂਗਨਵਾੜੀ ਔਰਤਾਂ ਸੰਘਰਸ਼ ਕਰ ਰਹੀਆਂ ਹਨ ਪਰ ਕਿਤੇ ਕੋਈ ਸੁਣਵਾਈ ਨਹੀਂ। ਕਿਸਾਨ ਅਲੱਗ ਦੁਖੀ ਹਨ ਅਤੇ ਖੁਦਕੁਸ਼ੀ ਕਰ ਰਹੇ ਹਨ। ਤਨਖਾਹਾਂ ਨਾ ਵਧਣ ਕਰਕੇ ਮੁੰਬਈ ਵਿਚ ਬੱਸਾਂ ਵਾਲਿਆਂ ਨੇ ਹੜਤਾਲ ਕੀਤੀ ਜਿਸ ਨਾਲ 65 ਲੱਖ ਲੋਕਾਂ ਨੂੰ ਰੋਜ਼ਾਨਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਖਬਾਰ ‘ਟਾਈਮਜ਼ ਆਫ ਇੰਡੀਆ’ ਨੇ 24 ਅਪਰੈਲ 2018 ਨੂੰ ਲਿਖਿਆ ਸੀ ਕਿ ਰਾਜਸਥਾਨ ਸਕੱਤਰੇਤ ਲਈ ਚਪੜਾਸੀ ਦੀਆਂ 18 ਅਸਾਮੀਆਂ ਲਈ 12,453 ਅਰਜ਼ੀਆਂ ਆਈਆਂ ਜਿਨ੍ਹਾਂ ਵਿਚ 129 ਇੰਜੀਨੀਅਰ ਵੀ ਸਨ। ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਨੌਕਰੀ ਨਾ ਮਿਲਣ ਕਰਕੇ ਉਹ ਸਾਊਦੀ ਅਰਬ ਵਿਚ ਜਾ ਕੇ ਗੁਲਾਮੀ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਬੇਰੁਜ਼ਗਾਰੀ ਕਾਰਨ ਪੰਜਾਬ ਵਿਚ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਗਏ ਹਨ। ਉਪਰੋਂ ਸਰਕਾਰ ਸ਼ਰਾਬ ਦੇ ਠੇਕੇ ਧੜਾਧੜ ਖੋਲ੍ਹ ਰਹੀ ਹੈ। ਹਰਿਆਣਾ ਦੀ ਭਾਜਪਾ ਸਰਕਾਰ ਪ੍ਰਾਚੀਨ ਨਦੀ ਸਰਸਵਤੀ ਦੀ ਖੋਜ ਉਪਰ 260 ਕਰੋੜ ਰੁਪਏ ਖਰਚ ਕਰ ਰਹੀ ਹੈ ਪਰ ਨਦੀ ਤਾਂ ਕੀ ਲੱਭਣੀ ਸੀ, ਇਕ ਗਿਲਾਸ ਪਾਣੀ ਵੀ ਹੱਥ ਨਾ ਲੱਭਾ। ਇਸ ਯੋਜਨਾ ਦਾ ਕੀ ਫਾਇਦਾ ਜੇ ਲੋਕ ਪਾਣੀ ਤੋਂ ਪਿਆਸੇ ਮਰ ਰਹੇ ਹਨ? ‘ਟਾਈਮਜ਼ ਆਫ ਇੰਡੀਆ’ ਦੀ 16 ਮਾਰਚ 2018 ਦੀ ਰਿਪੋਰਟ ਮੁਤਾਬਕ, ਗੰਗਾ ਨਦੀ ਨੂੰ ਸਾਫ ਕਰਨ ਲਈ 3600 ਕਰੋੜ ਰੁਪਏ ਦੀ ਰਕਮ ਦਿੱਤੀ ਗਈ। ਇੰਨੇ ਪੈਸੇ ਖਰਚਣ ਤੋਂ ਬਾਅਦ ਵੀ ਗੰਗਾ ਦਾ ਪਾਣੀ ਪੀਣਯੋਗ ਨਹੀਂ। ਫਿਰ ਵੀ ਰੂੜਵਾਦੀ ਲੋਕ ਪੁਰੋਹਿਤ ਅਤੇ ਪਾਂਡਿਆਂ-ਪੁਜਾਰੀਆਂ ਦੇ ਝਾਂਸੇ ਵਿਚ ਆ ਕੇ ਮਰ ਰਹੇ ਨਰ-ਨਾਰੀ ਦੇ ਮੂੰਹ ਵਿਚ ਗੰਗਾ ਜਲ ਪਾ ਰਹੇ ਹਨ।
ਉਤਰ ਪ੍ਰਦੇਸ਼ ਆਬਾਦੀ ਦੇ ਲਿਹਾਜ਼ ਨਾਲ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ ਅਤੇ ਯੋਗੀ ਅਦਿਤਿਆਨਾਥ ਨੂੰ ਇਸ ਸੂਬੇ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ। ਜਿਸ ਤਰ੍ਹਾਂ ਇਹ ਬੰਦਾ ਰਾਜ ਚਲਾ ਰਿਹਾ ਹੈ, ਲੋਕ ਬੁਰੀ ਤਰ੍ਹਾਂ ਤੜਫ ਰਹੇ ਹਨ। ਬੁੰਦੇਲਖੰਡ ਦੇ ਕਈ ਪਿੰਡਾਂ ਵਿਚ ਨਹਾਉਣ ਜਾਂ ਪੀਣ ਲਈ ਪਾਣੀ ਨਹੀਂ ਮਿਲ ਰਿਹਾ। ਲੋਕ ਪਿੰਡ ਛੱਡ ਕੇ ਸ਼ਹਿਰਾਂ ਵੱਲ ਕੂਚ ਕਰ ਰਹੇ ਹਨ। ਐਨ. ਡੀ. ਟੀ. ਵੀ. ਦੀ ਰਿਪੋਰਟ ਮੁਤਾਬਕ, ਅੱਧੇ ਨਲਕੇ ਕੰਮ ਨਹੀਂ ਕਰ ਰਹੇ। ਸਿੰਜਾਈ ਮੰਤਰੀ ‘ਸਭ ਅੱਛਾ ਹੈ’ ਕਹਿ ਕੇ ਪੱਲਾ ਝਾੜ ਗਏ। ‘ਆਜ ਤਕ’ ਨਿਊਜ਼ ਚੈਨਲ ਵਿਚ ਦਿਖਾਇਆ ਗਿਆ ਕਿ ਸਰਕਾਰੀ ਹਸਪਤਾਲਾਂ ਵਿਚ ਤਾਂਤਰਿਕਾਂ ਦੀ ਝਾੜ-ਫੂਕ ਖੂਬ ਚਲ ਰਹੀ ਹੈ। ਕਾਨਪੁਰ ਦੇ ਸਰਕਾਰੀ ਹਸਤਾਲ ਵਿਚ ਏ. ਸੀ. ਅਤੇ ਬਿਜਲੀ ਦੇ ਪੱਖੇ ਬੰਦ ਪਏ ਹਨ ਅਤੇ ਆਈ. ਸੀ. ਯੂ. ਵਿਚ ਲੋਕ ਮਰ ਰਹੇ ਹਨ।
ਇਕ ਰਿਪੋਰਟ ਮੁਤਾਬਕ ਅਭਿਸ਼ੇਕ ਗੁਪਤਾ ਨਾਂ ਦੇ ਕਾਰੋਬਾਰੀ ਨੇ ਪੈਟਰੋਲ ਪੰਪ ਲਾਉਣ ਲਈ ਸਥਾਨਕ ਅਧਿਕਾਰੀਆਂ ਪਾਸੋਂ ਮਨਜ਼ੂਰੀ ਲੈ ਲਈ, ਪਰ ਫਾਈਲ ਜਦੋਂ ਮੁੱਖ ਮੰਤਰੀ ਯੋਗੀ ਦੇ ਦਫਤਰ ਗਈ ਤਾਂ ਉਥੇ 25 ਲੱਖ ਰੁਪਏ ਮੰਗੇ ਗਏ। ਇਸ ਭ੍ਰਿਸ਼ਟਾਚਾਰ ਨੂੰ ਲੈ ਕੇ ਰਿਪੋਰਟ ਤਿਆਰ ਕੀਤੀ ਗਈ ਤਾਂ ਅਭਿਸ਼ੇਕ ਗੁਪਤਾ ਨੂੰ ਝੂਠੇ ਕੇਸ ਵਿਚ ਫਸਾਇਆ ਜਾ ਰਿਹਾ ਹੈ। ਰਾਜ ਵਿਚ ਭਗਵੀਂ ਗੁੰਡਾਗਰਦੀ ਵਧ ਰਹੀ ਹੈ। ਇਨ੍ਹਾਂ ਦੇ ਲੀਡਰ, ਸਰਕਾਰੀ ਅਫਸਰਾਂ ਅਤੇ ਪੁਲਿਸ ਉਪਰ ਰੋਹਬ ਪਾਉਂਦੇ ਤੇ ਥੱਪੜ ਮਾਰਦੇ ਹਨ। ਇਹ ਖੁਲਾਸਾ ਟੀ. ਵੀ. ‘ਤੇ ਹੋਇਆ ਹੈ। ਔਰਤਾਂ ਹਰ ਵੇਲੇ ਡਰੀਆਂ ਰਹਿੰਦੀਆਂ ਹਨ। ਬਹੁਤ ਸਾਰੇ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਕਰਕੇ ਖੁਸ਼ੀ ਦੇ ਪ੍ਰੋਗਰਾਮ ਰੱਦ ਕਰਨੇ ਪਏ। ਇੰਜ ਹੀ ਮੋਦੀ ਦੇ ਨੋਟਬੰਦੀ ਫੁਰਮਾਨ ਵਿਚ ਹੋਇਆ। ਬੈਂਕ ਵਾਲੇ ਖੜ੍ਹੇ ਪੈਰ ਹੀ ਨਾਂਹ ਕਰ ਰਹੇ ਸਨ। ਸਭ ਪ੍ਰੋਗਰਾਮ ਠੁੱਸ ਹੋ ਗਏ। ਕਿੰਨਾ ਜ਼ੁਲਮ ਸੀ ਕਿ ਲੋਕਾਂ ਦੇ ਬੈਂਕ ਵਿਚ ਪਏ ਆਪਣੇ ਹੀ ਪੈਸੇ ਨਹੀਂ ਸਨ ਮਿਲ ਰਹੇ।
ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਪੰਜ ਬਾਬਿਆਂ-ਨਰਮਦਾਨੰਦ ਮਹਾਰਾਜ, ਭੱਈਊ ਮਹਾਰਾਜ, ਪੰਡਿਤ ਜੋਗਿੰਦਰ ਮਹੰਤ, ਹਰੀਹਰਨੰਦ ਮਹਾਰਾਜ ਤੇ ਕੰਪਿਊਟਰ ਬਾਬਾ ਨੂੰ ਮੰਤਰੀ ਵਾਲਾ ਰੁਤਬਾ ਦੇ ਦਿੱਤਾ। ਅਸਲ ਵਿਚ ਨਰਮਦਾ ਨਦੀ ਉਪਰ ਇਕ ਕਰੋੜ ਰੁਪਏ ਦੇ ਦਰਖਤ ਲਾਉਣ ਸਮੇਂ ਜੋ ਬੇਈਮਾਨੀ ਤੇ ਘੁਟਾਲਾ ਹੋਇਆ, ਉਸ ਦੇ ਖਿਲਾਫ ਇਹ ਸਾਧ ਟੋਲਾ ਅੰਦੋਲਨ ਕਰਨ ਵਾਲਾ ਸੀ। ਇਨ੍ਹਾਂ ਦਾ ਮੂੰਹ ਬੰਦ ਕਰਨ ਲਈ ਰਾਜ ਮੰਤਰੀ ਦੀ ਕੁਰਸੀ ਦੇ ਦਿੱਤੀ ਗਈ। ਇਹੋ ਜਿਹੇ ਪਾਂਡੇ ਪੁਜਾਰੀ ਨਫਰਤ ਫੈਲਾਉਂਦੇ ਹਨ, ਫਿਰਕੂ ਦੰਗੇ ਕਰਵਾਉਂਦੇ ਹਨ ਅਤੇ ਲੋਕਾਂ ਨੂੰ ਭੜਕਾਉਂਦੇ ਹਨ। ਅਜਿਹੇ ਲੀਡਰ ਅਤੇ ਮਹੰਤ ਲੜਾਈ ਝਗੜੇ (ਹਿੰਦੂ, ਮੁਸਲਿਮ, ਸਿੱਖ, ਦਲਿਤ ਆਦਿ) ਕਰਵਾ ਕੇ ਆਪਣਾ ਉਲੂ ਸਿੱਧਾ ਕਰਦੇ ਹਨ। ਡਾ. ਭੀਮ ਰਾਓ ਅੰਬੇਡਕਰ ਨੇ ਠੀਕ ਹੀ ਕਿਹਾ ਸੀ ਕਿ ਬ੍ਰਾਹਮਣਾਂ ਨੇ ਦੇਸ਼ ਦੇ ਸਮਾਜਕ ਜੀਵਨ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਅੱਜ ਆਜ਼ਾਦ ਸੋਚ ਰੱਖਣ ਵਾਲੇ ਹਰ ਬੰਦੇ ਨੇ ਅਜਿਹੇ ਲੋਕਾਂ ਦੀਆਂ ਵਿਨਾਸ਼ਕਾਰੀ ਕੁਰੀਤੀਆਂ ਨੂੰ ਠੁਕਰਾਇਆ ਹੈ। ਸਵਾਮੀ ਵਿਵੇਕਾਨੰਦ ਨੇ ਪੁਰੋਹਿਤਾਂ ਅਤੇ ਮਹੰਤਾਂ ਬਾਰੇ ਕਿਹਾ ਹੈ ਕਿ ਇਨ੍ਹਾਂ ਲੋਕਾਂ ਰਾਹੀਂ ਫੈਲਾਈ ਜਾ ਰਹੀ ਨਫਰਤ ਕਾਰਨ ਹੀ ਦੇਸ਼ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਫੁਟ ਪਈ ਹੈ।
ਦੇਸ਼ ਦਾ ਚੌਕੀਦਾਰ ਨਰੇਂਦਰ ਮੋਦੀ ਲੱਖਾਂ ਰੁਪਏ ਦਾ ਸੂਟ ਪਾ ਕੇ ਵਿਦੇਸ਼ ਤੁਰਿਆ ਰਹਿੰਦਾ ਹੈ, ਉਸ ਪਾਸ ਗਰੀਬਾਂ ਦੀ ਸਾਰ ਲੈਣ ਦਾ ਤਾਂ ਸਮਾਂ ਹੀ ਨਹੀਂ ਹੈ। ਹੁਣ ਸ਼ਾਇਦ ਅਗਲੇ ਸਾਲ ਲੋਕ ਸਭਾ ਦੀ ਚੋਣ ਹੋਣ ਵਾਲੀ ਕਰਕੇ ਯੂ. ਪੀ. ਦੇ ਕਿਸਾਨਾਂ ਦੇ ਗੰਨੇ ਦੇ ਚਾਰ ਸਾਲ ਦੇ ਬਕਾਇਆ ਪੈਸਿਆਂ ਦਾ ਚੇਤਾ ਆ ਗਿਆ। ਪਿਛਲੀਆਂ ਚੋਣਾਂ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਕਾਲਾ ਧਨ ਵਾਪਸ ਦੇਸ਼ ਅੰਦਰ ਲਿਆ ਕੇ ਹਰ ਇਕ ਦੇਸ਼ ਵਾਸੀ ਦੇ ਖਾਤੇ ਵਿਚ 15 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਜਾਣਗੇ ਪਰ ਹੁਣ ਇਸ ਬਾਰੇ ਕੋਈ ਜਵਾਬ ਨਹੀਂ ਦੇ ਰਹੇ। ਭਾਜਪਾ ਦੇ ਅਜਿਹੇ ਹੋਰ ਬਥੇਰੇ ਜੁਮਲੇ ਹਨ ਜੋ ਅੱਜ ਲਤੀਫੇ ਬਣ ਕੇ ਰਹਿ ਗਏ ਹਨ।
ਸਰਕਾਰ ਦੇ ਖਜ਼ਾਨੇ ਨੂੰ ਲੀਡਰ, ਅਫਸਰ ਤੇ ਕਰਮਚਾਰੀ ਖੂਬ ਚੂਨਾ ਲਾ ਰਹੇ ਹਨ, ਐਸ਼ ਕਰ ਰਹੇ ਹਨ ਪਰ ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ। ਪੰਜਾਬ ਵਿਚ ਸੁਰੱਖਿਆ ਦੇ ਨਾਂ ‘ਤੇ ਰਾਜਸੀ ਤੇ ਧਾਰਮਿਕ ਆਗੂਆਂ ਅਤੇ ਪੁਲਿਸ ਅਫਸਰਾਂ ਨੂੰ ਬੇਅੰਤ ਸਹੂਲਤਾਂ ਦਿਤੀਆਂ ਗਈਆਂ ਹਨ। ਇਨ੍ਹਾਂ ਦਾ ਖਜਾਨੇ ‘ਤੇ 1200 ਕਰੋੜ ਰੁਪਏ ਦਾ ਸਾਲਾਨਾ ਬੋਝ ਹੈ। ਚਾਰੇ ਬਾਦਲਾਂ ਦੀ ਸੁਰੱਖਿਆ, ਡਰਾਈਵਰਾਂ ਅਤੇ ਤੇਲ ਦਾ ਸਾਲਾਨਾ ਖਰਚਾ ਦੋ ਕਰੋੜ ਰੁਪਏ ਬਣਦਾ ਹੈ। ਹੋਰ ਸੂਬਿਆਂ ਦਾ ਵੀ ਇਹੋ ਹਾਲ ਹੈ।
ਸਾਲ 2017 ਵਿਚ ਪੰਜਾਬ ਸਰਕਾਰ ਵਲੋਂ ਬੁਢਾਪਾ ਪੈਨਸ਼ਨਾਂ ਦੇ 784 ਕਰੋੜ ਰੁਪਏ ਦਿਤੇ ਹੀ ਨਹੀਂ ਗਏ ਜਦਕਿ ਤਿੰਨ ਤੋਂ ਦਸ ਲੱਖ ਰੁਪਏ ਦੇ ਕਰਜ਼ਈ ਕਿਸਾਨ ਫਾਹਾ ਲੈ ਕੇ ਮਰ ਰਹੇ ਹਨ। ਇਹ ਸਰਕਾਰਾਂ ਗਰੀਬਾਂ ਵਾਸਤੇ ਨਹੀਂ ਬਲਕਿ ਅਮੀਰਾਂ ਵਾਸਤੇ ਹਨ। ਕਾਨੂੰਨ ਵੀ ਗਰੀਬ ਲਈ ਹੋਰ ਅਤੇ ਅਮੀਰ ਲਈ ਹੋਰ ਹੈ। ਇਥੇ ਹੀ ਬੱਸ ਨਹੀਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਪੀਕਰ ਰਾਣਾ ਕੇ. ਪੀ. ਸਿੰਘ, ਕਾਂਗਰਸੀ ਐਮ. ਪੀ. ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਰਗੇ ਨੇਤਾਵਾਂ ਦੀਆਂ ਜਾਇਦਾਦਾਂ ਵਿਚ ਕਈ ਗੁਣਾ ਵਾਧਾ ਹੋਇਆ ਹੈ। ਜਿਹੜੀ ਧਿਰ ਰਾਜ ਕਰਦੀ ਹੈ, ਉਸ ਦੀਆਂ ਜਾਇਦਾਦਾਂ ਵਿਚ ਤਾਂ ਵਾਧਾ ਹੋਣਾ ਹੀ ਸੀ, ਵਿਰੋਧੀ ਧਿਰ ਦੇ ਆਗੂਆਂ ਦੀਆਂ ਜਾਇਦਾਦਾਂ ਵਿਚ ਵੀ ਵਾਧਾ ਹੋਇਆ ਹੈ; ਜਦਕਿ ਪੰਜਾਬ ਦੇ ਕਿਸਾਨਾਂ ਉਪਰ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ।
ਭਾਰਤ ਵਿਚ ਮਨੂਵਾਦੀਆਂ ਦੇ ਪਾਂਡੇ, ਪੁਜਾਰੀ, ਤਾਂਤਰਿਕ, ਸਾਧ ਟੋਲਿਆਂ ਨੇ ਲੋਕਾਂ ਨੂੰ ਅੰਧਵਿਸ਼ਵਾਸਾਂ ਵਿਚ ਪਾਇਆ ਹੋਇਆ ਹੈ ਅਤੇ ਇਹ ਲੋਕਾਂ ਨੂੰ ਕਰਮਕਾਂਡਾਂ ਦੇ ਚੱਕਰਾਂ ਵਿਚ ਪਾ ਕੇ ਆਪਣਾ ਉਲੂ ਸਿੱਧਾ ਕਰ ਰਹੇ ਹਨ। ਦੇਸ਼ ਦੀ ਤਰੱਕੀ ਵੱਲ ਭੋਰਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਹਾਂ, ਭਾਜਪਾ ਦੀ ਆਮਦਨ ਵਿਚ 300 ਫੀਸਦੀ ਵਾਧਾ ਜ਼ਰੂਰ ਹੋ ਗਿਆ ਹੈ।
ਡਾ. ਅੰਬੇਡਕਰ ਨੇ ਬਿਨਾ ਕਿਸੇ ਭੇਦ-ਭਾਵ ਤੋਂ ਹਰ ਭਾਰਤ ਵਾਸੀ ਨੂੰ ਵੋਟ ਦਾ ਬਰਾਬਰ ਹੱਕ ਲੈ ਕੇ ਦਿੱਤਾ। ਜੇ ਵੋਟ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਸਰਕਾਰਾਂ ਡੇਗ ਦਿੱਤੀਆਂ ਜਾਂਦੀਆਂ ਹਨ। ਵੋਟ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਇਕ ਵੋਟ ਘੱਟ ਹੋਣ ਕਰਕੇ 13 ਦਿਨਾਂ ਬਾਅਦ ਡਿੱਗ ਪਈ ਸੀ।
ਕਰਨਾਟਕ ਵਿਚ ਹਾਲ ਹੀ ਵਿਚ ਭਾਜਪਾ ਦੀ ਸਰਕਾਰ ਢਾਈ ਦਿਨ ਬਾਅਦ ਡਿੱਗ ਪਈ ਸੀ। ਇਸ ਤੋਂ ਪਹਿਲਾਂ ਭਾਜਪਾ ਨੇ ਤਿੰਨ ਸੂਬਿਆਂ, ਜਿਥੇ ਇਸ ਨੂੰ ਬਹੁਮਤ ਨਹੀਂ ਸੀ ਮਿਲਿਆ, ਵਿਚ ਗੈਰ ਸੰਵਿਧਾਨਕ ਤਰੀਕੇ ਨਾਲ ਆਪਣੀਆਂ ਸਰਕਾਰਾਂ ਬਣਾ ਲਈਆਂ ਸਨ। ਹੁਣ ਉਹ ਵੇਲਾ ਨੇੜੇ ਢੁੱਕ ਰਿਹਾ ਹੈ ਕਿ ਇਨ੍ਹਾਂ ਜੁਮਲੇਬਾਜ਼ਾਂ ਦੀ ਸਰਕਾਰ ਨੂੰ ਚਲਦਾ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਅਤੇ ਦੇਸ਼ ਦਾ ਭਲਾ ਹੋ ਸਕੇ।