ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਮਿਲਦਾ ਹੈ। ‘ਪੰਜਾਬ ਟਾਈਮਜ਼’ ਦੇ ਪਾਠਕ ‘ਸੁਦੇਸ਼ ਸੇਵਕ’ (1909 ਤੋਂ 1911 ਤੱਕ ਛਪਿਆ) ਅਤੇ ‘ਸੰਸਾਰ’ (ਸਤੰਬਰ 1912 ਤੋਂ ਜੁਲਾਈ 1914 ਤੱਕ ਛਪਿਆ) ਵਿਚ ਛਪੀਆਂ ਲਿਖਤਾਂ ਪਿਛਲੇ ਅੰਕਾਂ ਵਿਚ ਪੜ੍ਹ ਚੁਕੇ ਹਨ।
ਇਨ੍ਹਾਂ ਲਿਖਤਾਂ ਵਿਚ ਉਸ ਵਕਤ ਪਰਦੇਸ ਪੁੱਜੇ ਜਿਉੜਿਆਂ ਵੱਲੋਂ ਹੰਢਾਈਆਂ ਮੁਸੀਬਤਾਂ ਦਾ ਜ਼ਿਕਰ ਹੈ। ਇਨ੍ਹਾਂ ਲਿਖਤਾਂ ਦੇ ਸ਼ਬਦ-ਜੋੜ ਤੇ ਵਾਕ ਬਣਤਰ ਜਿਉਂ ਦੇ ਤਿਉਂ ਰੱਖੇ ਗਏ ਹਨ ਤਾਂ ਕਿ ਉਸ ਵਕਤ ਦੀ ਪੰਜਾਬੀ ਦੇ ਦਰਸ਼ਨ-ਦੀਦਾਰੇ ਹੋ ਸਕਣ। -ਸੰਪਾਦਕ
(ਆਪਣਾ ਖਾਸ ਜਹਾਜ਼ ਸ਼ੰਘਈ ਤੋਂ ਤੁਰ ਪਿਆ ਹੈ, ਉਨ੍ਹਾਂ ਨੂੰ ਮੋੜਨ ਦੇ ਰੌਲੇ ਹਨ। ਮਦਦ ਲਈ ਤਿਆਰ ਹੋਵੋ)
ਪਿਆਰੇ ਕੈਨੇਡਾ ਵਾਸੀ ਵੀਰ! ਉਠ ਜਾਗ, ਤੇਰੇ ਬੂਹੇ ‘ਤੇ ਚਾਰ ਸੌ ਭਰਾ ਆਉਣ ਵਾਲੇ ਹਨ ਜਿਨ੍ਹਾਂ ਦੇ ਸੁੱਖ ਆਰਾਮ, ਸੇਵਾ ਤੇ ਮਦਦ ਦਾ ਬਹੁਤ ਭਾਰ ਤੇਰੇ ਸਿਰ ‘ਤੇ ਹੈ, ਪਰ ਤੂੰ ਗਾਫਲ ਬੈਠਾ ਹੈ। ਤੇਰੇ ਵੀਰ ਸਮੁੰਦਰ ਦੀਆਂ ਭਿਆਨਕ ਛਾਲੀਆਂ ਤੇ ਠਿੱਲ੍ਹ ਰਹੇ ਹਨ, ਪਰ ਤੇਰੀ ਅਜੇ ਅੱਖ ਨਹੀਂ ਖੁੱਲ੍ਹੀ। ਕੁਲ ਕੈਨੇਡਾ ਤੇਰੇ ਚਾਰ ਸੌ ਦੇਸ਼ ਜਾਇਆਂ ਥੱਕੇ ਟੁੱਟੇ ਸਫਰ ਤੇ ਸਤਾਏ ਹੋਏ ਵੀਰਾਂ ਨੇ ਦੁਰੇਡਾ ਪੰਧ ਨਬੇੜ ਕੇ ਤੇਰੇ ਦਰ ਅੱਗੇ ਆ ਖੜੋਣਾ ਹੈ ਤੇ ਜਦ ਜਣੇ ਖਣੇ ਨੇ ਉਨ੍ਹਾਂ ਵਲ ਸਖਤਾਈ ਤੇ ਕੁੜਤਣ ਤੇ ਹੁਗ ਭਰ ਕੇ ਸੁੱਟਣੇ ਹਨ। ਉਸ ਵਕਤ ਉਹ ਭਰਾ ਤੇਰੀ ਮਦਦ ਦੀ ਜੋ ਵੀ ਤੂੰ ਕਰ ਸਕੇਂ, ਆਸ ਰੱਖਣਗੇ। ਕਿਉਂਕਿ ਉਨ੍ਹਾਂ ਨੂੰ ਤੇਰੇ ‘ਤੇ ਮਾਣ ਹੈ ਤੇ ਤੇਰਾ ਧਰਮ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਾ ਹੈ। ਪਰ ਤੂੰ ਉਸ ਵਕਤ ਹਫੜਾ ਦਫੜੀ ਵਿਚ ਘਾਬਰ ਜਾਵੇਗਾ। ਪਿਆਰੇ ਵੀਰ! ਇਨ੍ਹਾਂ ਸਤਰਾਂ ਨੂੰ ਪੜ੍ਹਦੇ ਸਾਰ ਬਹਿ, ਸਾਰੇ ਮਾਮਲੇ ਨੂੰ ਸੋਚ ਕੇ ਤੇ ਫੇਰ ਜਾਂਚ ਕੇ ਅੰਦਾਜ਼ਾ ਲਾ ਕਿ ਕਿਤਨਾ ਵੱਡਾ ਭਾਰਾ ਮਾਮਲਾ ਤੇਰੀਆਂ ਅੱਖਾਂ ਦੇ ਸਾਹਮਣੇ ਆਉਣ ਵਾਲਾ ਹੈ ਤੇ ਤੂੰ ਉਸ ਲਈ ਭੀ ਕੁਝ ਕਰਨ ਨੂੰ ਤਿਆਰ ਹੈ। ਜੇ ਤੈਨੂੰ ਭਰਾਵਾਂ ਦੇ ਦੁੱਖ ਦੀ ਪੀੜ ਹੈ, ਜੇ ਤੈਨੂੰ ਆਪਣੇ ਦੇਸ਼ ਦੀ ਲਜਿਆ ਹੈ, ਤੈਨੂੰ ਦੁੱਖਾਂ ਦਾ ਤਜਰਬਾ ਹੈ, ਜੇ ਤੈਨੂੰ ਧੱਕੇਬਾਜ਼ੀਆਂ ਦੀ ਸੂਝ ਹੈ ਤਾਂ ਵੀਰ ਫੇਰ ਇਤਨਾ ਗਾਫਲ ਕਿਉਂ ਬੈਠਾ ਹੈਂ, ਹੋਸ਼ ਕਰ, ਝਗੜੇ ਫਸਾਦਾਂ ਨੂੰ ਇਕਦਮ ਤਿਆਗ ਦੇ, ਸੁੱਖ ਚੈਨ ਭੁਲਾ ਦੇ, ਆਪਣੇ ਬਲ ਨੂੰ ਜਾਂਚ, ਇਸ ਨੂੰ ਇਕੱਠਾ ਕਰ, ਏਕਤਾ ਤੇ ਜਥੇਬੰਦੀ ਵਿਚ ਇਕਦਮ ਜੁੜ ਜਾ, ਸੁਣ ਕੀ ਮਾਮਲਾ ਹੈ।
ਪਿਆਰੇ ਵੀਰ, ਜੇ ਜ਼ੁਲਮ ਤੇ ਧੱਕੇਬਾਜ਼ੀਆਂ ਕਿਸੇ ਤੱਕੜੀ ਵਿਚ ਜੋਖ ਸਕਦੀਆਂ ਹਨ ਤਾਂ ਉਨ੍ਹਾਂ ਨੂੰ ਜੋਖ ਕੇ ਉਨ੍ਹਾਂ ਦਾ ਭਾਰ ਲਿਖ ਕੇ ਹਰ ਇਕ ਕੈਨੇਡਾ ਦੇ ਹਿੰਦੁਸਤਾਨੀ ਦੇ ਗਲ ਵਿਚ ਲਟਕਾਇਆ ਜਾਂਦਾ ਤਾਂ ਤੈਨੂੰ ਭੀ ਪਤਾ ਰਹਿੰਦਾ ਕਿ ਮੇਰੀ ਕਿਹੋ ਜਿਹੀ ਦੁਰਦਸ਼ਾ ਹੈ ਤੇ ਮੈਂ ਕਿਸੇ ਅਧੋਗਤੀ ਵਿਚ ਪਿਆ ਖੱਪ ਰਿਹਾ ਹਾਂ, ਪਰ ਹਾਏ ਅੱਜ ਤੂੰ ਸਖਤੀਆਂ ਵਿਚ ਇਥੋਂ ਤਾਈਂ ਰੁਲ ਗਿਆ ਹੈਂ ਕਿ ਆਪਣੇ ਆਪ ਦੀ ਹੋਸ਼ ਹੀ ਭੁੱਲ ਗਈ ਹੈ। ਤੂੰ ਜ਼ੁਲਮ ਤੇ ਕਰੜਾਈ ਦੇ ਭਾਗ ਨੂੰ ਡਾਢਾ ਹੀ ਹੌਲਾ ਸਮਝਦਾ ਹੈ। ਰੁਲ ਰਹੇ ਦੁਖੀ ਭਰਾ ਦੀ ਪੀੜ ਦਾ ਤੈਨੂੰ ਕੋਈ ਗਿਣਤੀ-ਮਿਣਤੀ ਹੀ ਨਹੀਂ ਰਹੀ। ਕੌਣ ਨਹੀਂ ਜਾਣਦਾ ਕਿ ਛੇ ਮਹੀਨੇ ਤੋਂ ਹਾਂਗਕਾਂਗ ਤੇ ਯੋਕੋਹਾਮਾ ਤੋਂ ਦੁੱਖਾਂ ਤੇ ਬਿਪਤਾ ਦੇ ਮਾਰੇ ਉਨ੍ਹਾਂ ਵੀਰਾਂ ਦੀਆਂ ਚਿੱਠੀਆਂ ਆ ਰਹੀਆਂ ਸਨ ਜੋ ਕਿ ਕਈ-ਕਈ ਸਾਲ ਕੈਨੇਡਾ ਵਿਚ ਰਹਿ ਕੇ ਦੇਸ਼ ਗਏ ਸਨ ਤੇ ਮੁੜ ਕੇ ਆਉਂਦੀ ਵਾਰੀ ਉਨ੍ਹਾਂ ਨੂੰ ਟਿਕਟ ਨਹੀਂ ਮਿਲਦਾ ਸੀ। ਇਸ ਤਰ੍ਹਾਂ ਇਕ ਨਹੀਂ, ਦੋ ਨਹੀਂ, ਸੈਂਕੜੇ ਭਰਾ ਜਿਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਕੈਨੇਡਾ ਵਿਚ ਸਨ, ਕਈ ਮਹੀਨਿਆਂ ਤੋਂ ਘਰੋਂ ਘਾਟੋਂ ਨਿਖੜੇ ਰਸਤਿਆਂ ਵਿਚ ਰੁਲ ਰਹੇ ਸਨ, ਪਰ ਕਿਡੇ ਸ਼ੋਕ ਦੀ ਗੱਲ ਹੈ ਕਿ ਨਾ ਹੀ ਕੈਨੇਡਾ ਦੇ ਵੀਰਾਂ ਨੇ ਉਨ੍ਹਾਂ ਆਪ ਤੋਂ ਨਿਖੜੇ ਭਰਾਵਾਂ ਨੂੰ ਇਸ ਬਿਪਤਾ ਵਿਚੋਂ ਕੱਢਣ ਲਈ ਕੋਈ ਰੌਲਾ ਪਾਇਆ ਤੇ ਨਾ ਹੀ ਦੇਸ਼ ਤੋਂ ਇਸ ਜ਼ੁਲਮ ਦੇ ਉਲਟ ਕੋਈ ਬੋਲਿਆ। ਉਨ੍ਹਾਂ ਲਈ ਘਰ ਨੂੰ ਮੁੜ ਜਾਣਾ ਔਖਾ ਸੀ, ਪਰ ਕੈਨੇਡਾ ਆਉਣਾ ਵੀ ਕਠਿਨ ਸੀ ਕਿਉਂਕਿ ਕੋਈ ਕੰਪਨੀ ਭੀ ਇਨ੍ਹਾਂ ਭਰਾਵਾਂ ਨੂੰ ਟਿਕਟ ਨਹੀਂ ਸੀ ਦਿੰਦੀ। ਸਾਡੇ ਪਾਸ ਇਨ੍ਹਾਂ ਵੀਰਾਂ ਵੱਲੋਂ ਬਹੁਤ ਤਕਲੀਫਾਂ ਤੇ ਦੁੱਖ ਪ੍ਰਗਟ ਕਰਨ ਵਾਲੀਆਂ ਕਈ ਚਿੱਠੀਆਂ ਆਈਆਂ, ਪਰ ‘ਸੰਸਾਰ’ ਦੇ ਬੰਦ ਹੋ ਜਾਣ ਕਰਕੇ ਇਨ੍ਹਾਂ ਭਰਾਵਾਂ ਦੀਆਂ ਔਕੜਾਂ ਅਸੀਂ ਕਿਸੇ ਤਰ੍ਹਾਂ ਵੀ ਭਰਾਵਾਂ ਤਕ ਨਹੀਂ ਪਹੁੰਚਾ ਸਕਦੇ ਸੀ, ਪਰ ਸਾਨੂੰ ਤੇ ਹੋਰ ਵੀਰਾਂ ਨੂੰ ਇਹ ਪੱਕਾ ਪਤਾ ਸੀ ਕਿ ਬੇਅੰਤ ਭਾਈ ਚਿਰਾਂ ਤੋਂ ਰਸਤੇ ਵਿਚ ਰੁਲ ਰਹੇ ਹਨ। ਇਨ੍ਹਾਂ ਲਈ ਇਕ ਹੀ ਰਸਤਾ ਸੀ ਕਿ ਆਪਣਾ ਜਹਾਜ਼ ਚਾਰਟਰ ਕਰਕੇ ਇਥੇ ਆ ਪੁੱਜਣ, ਪਰ ਇਹ ਕੰਮ ਬਹੁਤ ਪੈਸੇ, ਜਥੇਬੰਦੀ ਤੇ ਹਿੰਮਤ ਦਾ ਸੀ। ਇਨ੍ਹਾਂ ਭਰਾਵਾਂ ਦਾ ਆਪਣਾ ਜਹਾਜ਼ ਕਿਰਾਏ ‘ਤੇ ਕਰਕੇ ਇਥੇ ਆ ਪੁੱਜਣਾ ਅਣਹੋਣਾ ਜਾਪਦਾ ਸੀ, ਪਰ ਅੱਜ ਸੁਣੋ ਇਹ ਆਪ ਦੇ ਰਸਤੇ ਵਿਚ ਰੁਲ ਰਹੇ ਵੀਰ ਬੇਅੰਤ ਪੈਸਾ ਖਰਚ ਕੇ ਆਪਣਾ ਜਹਾਜ਼ ਕਿਰਾਏ ‘ਤੇ ਕਰਕੇ ਆ ਰਹੇ ਹਨ।
ਚਾਰ ਸੌ ਹਿੰਦੁਸਤਾਨੀ ਆਉਂਦੇ ਹਨ
ਇਥੇ ਇਸ ਗੱਲ ਦਾ ਕਿਸੇ ਨੂੰ ਖਿਆਲ ਤਕ ਭੀ ਨਹੀਂ ਸੀ ਕਿ ਜਦਕਿ ਚਾਣਚਕ ਕੁਲ ਅਖਬਾਰਾਂ ਵਿਚ ਇਹ ਖਬਰ ਛਪੀ ਕਿ 14 ਅਪ੍ਰੈਲ ਨੂੰ ਚਾਰ ਸੌ ਹਿੰਦੁਸਤਾਨੀ ਸ਼ੰਘਈ ਤੋਂ ਜਾਪਾਨੀ ਜਹਾਜ਼ ਕਾਮਾਗਾਟਾ ਮਾਰੂ ਕਿਰਾਏ ‘ਤੇ ਕਰਕੇ ਵਿਕਟੋਰੀਏ ਨੂੰ ਤੁਰ ਪਏ ਹਨ। ਇਹ ਤਾਰ ਸ਼ੰਘਈ ਤੋਂ ਜਰਮਨੀ, ਜਰਮਨੀ ਤੋਂ ਲੰਡਨ ਤੇ ਲੰਡਨ ਤੋਂ ਵੈਨਕੂਵਰ ਪੁੱਜੀ ਹੈ ਕਿ ਚਾਰ ਸੌ ਹਿੰਦੁਸਤਾਨੀਆਂ ਨਾਲ ਭਰਿਆ ਇਹ ਜਹਾਜ਼ 14 ਅਪ੍ਰੈਲ ਦਾ ਸ਼ੰਘਈ ਤੋਂ ਤੁਰਿਆ ਹੋਇਆ ਹੈ ਤੇ ਮਈ ਮਹੀਨੇ ਦੇ ਚੜ੍ਹਦੇ ਸਾਰ ਵਿਕਟੋਰੀਏ ਆ ਲੱਗੇਗਾ। ਇਸ ਖਬਰ ਦੇ ਪੁੱਜਦੇ ਸਾਰ ਰੌਲਾ ਪੈਣਾ ਸ਼ੁਰੂ ਹੋ ਗਿਆ ਹੈ ਤੇ ਇਹ ਪਤਾ ਲੱਗਦੇ ਸਾਰ ਮਿਸਟਰ ਸਟੀਵਨ ਨੇ ਇਮੀਗਰੇਸ਼ਨ ਦੇ ਵਜ਼ੀਰ ਨੂੰ 17 ਅਪ੍ਰੈਲ ਨੂੰ ਪਾਰਲੀਮੈਂਟ ਵਿਚ ਸਵਾਲ ਕੀਤਾ ਕਿ ਚਾਰ ਸੌ ਹਿੰਦੂ ਆਪਣਾ ਜਹਾਜ਼ ਚਾਰਟਰ ਕਰਕੇ ਸ਼ੰਘਈ ਤੋਂ ਤੁਰੇ ਹੋਏ ਹਨ, ਕੀ ਉਨ੍ਹਾਂ ਨੂੰ ਕੈਨੇਡਾ ਵਿਚ ਉਤਰਨ ਦਿੱਤਾ ਜਾਵੇਗਾ?
ਇਸ ਦੇ ਉੱਤਰ ਵਿਚ ਇੰਟੀਰੀਅਰ ਦਾ ਵਜ਼ੀਰ ਜਵਾਬ ਦੇ ਚੁਕਾ ਹੈ ਕਿ ਕਦਾਚਿਤ ਇਹ ਹਿੰਦੂ ਕੈਨੇਡਾ ਵਿਚ ਨਹੀਂ ਉਤਰ ਸਕਣਗੇ। ਇਸ ਵਕਤ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਆ ਰਹੇ ਭਰਾ ਕੌਣ-ਕੌਣ ਹਨ, ਪਰ ਇਹ ਮਾਲੂਮ ਹੁੰਦਾ ਹੈ ਕਿ ਇਨ੍ਹਾਂ ਵਿਚੋਂ ਉਹ ਬਹੁਤ ਹੋਣਗੇ ਜੋ ਕਈ-ਕਈ ਸਾਲ ਕੈਨੇਡਾ ਵਿਚ ਰਹਿ ਕੇ ਦੇਸ਼ ਗਏ ਸਨ ਤੇ ਮੁੜਦਿਆਂ ਨੂੰ ਟਿਕਟ ਨਹੀਂ ਮਿਲਦਾ ਸੀ ਤੇ ਕਈ ਨਵੇਂ ਭਰਾ ਹੋਣਗੇ। ਜਹਾਜ਼ ਦੇ ਚਾਰਟਰ ਕਰਨ ਵਾਲੇ ਭਰਾ ਦਾ ਨਾਮ ਭਾਈ ਗੁਰਦਿਤ ਸਿੰਘ ਹੈ। ਉਟਾਵੇ ਦੀਆਂ ਤਾਰਾਂ ਦੱਸਦੀਆਂ ਹਨ ਕਿ ਗਵਰਨਮੈਂਟ ਬੜੀ ਗਹੁ ਨਾਲ ਜਹਾਜ਼ ਦੇ ਪੁੱਜਣ ਦੀ ਉਡੀਕ ਕਰ ਰਹੀ ਹੈ। ਕੁਲ ਕੈਨੇਡਾ ਵਿਚ ਇਨ੍ਹਾਂ ਨੂੰ ਮੋੜ ਦੇਣ ਲਈ ਇਕ ਸਾਰ ਰੌਲਾ ਪੈ ਉਠਿਆ ਹੈ। ਇਸ ਲਈ ਜ਼ਰੂਰੀ ਹੈ ਕਿ ਜਿਹੜੇ ਥੋੜ੍ਹੇ ਦਿਨ ਜਹਾਜ਼ ਦੇ ਇਥੇ ਆਉਣ ਵਿਚ ਬਾਕੀ ਹਨ, ਅਸੀਂ ਕੈਨੇਡਾ ਵਾਸੀ ਭੀ ਇਕ ਤਾਕਤ ਬਣ ਕੇ ਆਉਂਦੇ ਭਰਾਵਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹੋਈਏ। ਹਿੰਦੁਸਤਾਨੀਆਂ ਦਾ ਦੁਖੀ ਹੋ ਕੇ ਸੌ ਕਸ਼ਟਾਂ ਨਾਲ ਲੱਖਾਂ ਰੁਪਏ ਲਾ ਕੇ ਜਹਾਜ਼ ਚਾਰਟਰ ਕਰਕੇ ਇਥੇ ਆਉਣਾ ਕੋਈ ਮਾਮੂਲੀ ਗੱਲ ਨਹੀਂ। ਇਹ ਇਕ ਉਦਮ ਹੈ ਜਿਸ ਦੇ ਸੁਣਦਿਆਂ ਸਾਰ ਸਾਡੇ ਅੰਦਰਲੀ ਬਿਜਲੀ ਵਾਂਗ ਪਿਆਰ ਉਗਮ ਆਉਣਾ ਜ਼ਰੂਰੀ ਹੈ ਤੇ ਹਰ ਕਿਸਮ ਦੀ ਮਦਦ ਇਨ੍ਹਾਂ ਲਈ ਹਾਜ਼ਰ ਕਰਨੀ ਸਾਡਾ ਧਰਮ ਹੈ। ਸੋ, ਇਸ ਲਈ ਅਸੀਂ ਸਭ ਭਰਾਵਾਂ ਨੂੰ ਖਬਰਦਾਰ ਕਰਦਿਆਂ ਬੇਨਤੀ ਕਰਦੇ ਹਾਂ ਕਿ ਜਿਤਨਾ ਵੱਡਾ ਇਹ ਮਾਮਲਾ ਹੈ, ਉਤਨਾ ਹੀ ਦਿਲ ਜਾਨ ਤੇ ਸੋਚ ਇਸ ਵਿਚ ਲਾਉਣ। ਨਵੇਂ ਆਰਡਰ ਇਨ ਕੌਂਸਲ ਨਾਲ ਜੋ ਹੇਰ ਫੇਰ ਕਰਕੇ ਖਾਸ ਸਾਡੇ ਲਈ ਇਕ ਫੰਦਾ ਬਣਿਆ ਹੈ, ਗਵਰਨਮੈਂਟ ਇਨ੍ਹਾਂ ਭਰਾਵਾਂ ਨੂੰ ਮੋੜਨ ਦਾ ਯਤਨ ਕਰੇਗੀ, ਪਰ ਜਦ ਕਿ ਜਹਾਜ਼ ਚਾਰਟਰ ਕਰਕੇ ਆ ਰਹੇ ਸਾਡੇ ਭਰਾ ਇਸ ਕਾਨੂੰਨ ਦੀ ਪੂਰੀ ਪਰਖ ਕਰਾਉਣ ਲਈ ਇਤਨਾ ਵੱਡਾ ਉੱਦਮ ਕਰ ਚੁਕੇ ਹਨ ਤਾਂ ਸਾਡਾ ਭੀ ਕੋਈ ਉਦਮ ਉਨ੍ਹਾਂ ਦੀ ਮਦਦ ਲਈ ਬਾਕੀ ਨਹੀਂ ਰਹਿਣਾ ਚਾਹੀਦਾ। ਸੰਸਾਰ ਦਾ ਦੂਜਾ ਪਰਚਾ ਹੋਰ ਹਾਲ ਲੈ ਕੇ ਛੇਤੀ ਹੀ ਆਪ ਦੇ ਪਾਸ ਪੁੱਜੇਗਾ।
ਕੈਨੇਡਾ ਵਿਚ ਹਿੰਦੁਸਤਾਨੀ ਬਸਤੀ ਵਸਾਓ ਤੇ ਵਸ ਜਾਓ
ਅੱਜ ਜਾਪਾਨ ਦੀ ਤਾਕਤ ਨੂੰ ਦੇਖ ਕੇ ਦੁਨੀਆਂ ਦੀਆਂ ਵੱਡੀਆਂ-ਵੱਡੀਆਂ ਪਾਤਸ਼ਾਹੀਆਂ ਸਹਿਮ ਰਹੀਆਂ ਹਨ। ਜਾਪਾਨੀਆਂ ਦੀ ਦੇਸ਼ ਭਗਤੀ ਤੇ ਕੁਰਬਾਨੀ ਦੇ ਟਾਕਰੇ ਤੋਂ ਵੱਡੀਆਂ-ਵੱਡੀਆਂ ਸੂਰਬੀਰ ਕੌਮਾਂ ਸ਼ਰਮਾਉਂਦੀਆਂ ਹਨ। ਜਾਪਾਨੀ ਕਾਰੀਗਰ ਦੇ ਸਾਹਮਣੇ ਵੱਡੀਆਂ-ਵੱਡੀਆਂ ਸਿਆਣੀਆਂ ਕੌਮਾਂ ਦੇ ਹੁਨਰ ਮੁਲੱਮੇ ਵਾਂਗਰ ਦਿਸਣ ਲੱਗ ਪਏ ਹਨ। ਜਾਪਾਨੀ ਸੁਮੰਦਰੀ ਤਾਕਤ ਦੇ ਜਹਾਜ਼ੀ ਬਲ ਦੇ ਨਸ਼ੇ ਵਿਚ ਨਿਪੁੰਨ ਸਪੁੱਤਰਾਂ ਦੀਆਂ ਧੌਣਾਂ ਆਪਣੇ ਕੌਮੀ ਮਾਣ ਵਿਚ ਕੀਲੇ ਵਾਂਗ ਖੜ੍ਹੀਆਂ ਹਨ। ਗੱਲ ਕੀ, ਜਾਪਾਨ ਅੱਜ ਇਕ ਤਾਕਤ ਹੈ ਜਿਸ ਦਾ ਨਾਮ ਸੁਣਿਆ ਤੋਂ ਸੂਰਮਿਆਂ ਦੇ ਹਿਰਦੇ ਭੀ ਕੰਬ ਉਠਦੇ ਹਨ ਤੇ ਜਿਸ ਦੀ ਕਰਨੀ ਦੀਆਂ ਸਾਖੀਆਂ ਦੁਨੀਆਂ ਵਿਚ ਘਰ-ਘਰ ਬੜੇ ਆਦਰ, ਮਾਣ ਤੇ ਸ਼ੋਭਾ ਨਾਲ ਕਹਿ ਤੇ ਸੁਣਾਈਆਂ ਜਾ ਰਹੀਆਂ ਹਨ। ਜਾਪਾਨੀ ਚੰਗੀ ਤਰ੍ਹਾਂ ਖੋਲ੍ਹ ਕੇ ਦੁਨੀਆਂ ਨੂੰ ਦੱਸ ਚੁਕੇ ਹਨ ਕਿ ਜੇ ਕਿਸੇ ਨੇ ਕਰਨੀ ਦੀ ਬਾਜ਼ੀ ਲਾਉਣੀ ਹੋਵੇ ਤਾਂ ਸਾਨੂੰ ਸੱਦੇ ਤੋਂ ਬਿਨਾਂ ਆਪਣੀ ਖੇਲ ਨੂੰ ਬੇਰਸੀ ਨਾ ਕਰੇ। ਇਹ ਮਾਣ, ਇਹ ਬਲ, ਇਹ ਆਦਰ, ਇਹ ਉਨਤੀ, ਇਹ ਨਿੱਕੀ ਜਿਹੀ ਸੁਭਾਗ ਕੌਮ ਵਿਚ ਕਿਥੋਂ ਤੇ ਕਦ ਆਏ, ਇਸ ਦਾ ਜਵਾਬ ਬੀਤੇ ਚੁਕੇ ਨਹੀਂ ਸਗੋਂ ਅੱਜ ਜਿਉਂਦੇ ਜਾਗਦੇ ਸਿਆਣੇ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਇਸ ਨਿੱਕੇ ਜਿਹੇ ਟਾਪੂ ਦੇ ਬੈਠਿਆਂ ਨੇ ਪਲਟਾ ਖਾਧਾ, ਇਹ ਦਿੰਦੇ ਹਨ ਕਿ ਇਹ ਸਭ ਕੁਝ ਕਰਨੀ ਦੇ ਪਿਆਰੇ ਜਾਪਨੀਆਂ ਦੀ ਤੀਹ ਸਾਲ ਦੀ ਮਿਹਨਤ ਤੇ ਹਿੰਮਤ ਦਾ ਸਿੱਟਾ ਹੈ। ਤੀਹ ਸਾਲ ਬਹੁਤ ਥੋੜ੍ਹਾ ਸਮਾਂ ਹੈ। ਤੀਹ ਸਾਲਾਂ ਵਿਚ ਵੀ ਇਤਨੀਆਂ ਵੱਡੀ ਕੌਮਾਂ ਬਣ ਸਕਦੀਆਂ ਹਨ। ਇਹ ਇਸ ਸਮੇਂ ਦਾ ਡਾਢਾ ਚਮਤਕਾਰ ਤਜਰਬਾ ਹੈ ਜੋ ਸੁਸਤ ਤੇ ਗਾਫਲਾਂ ਦੇ ਕੰਨ ਚੰਗੀ ਤਰ੍ਹਾਂ ਮਰੋੜਦਾ ਹੈ।
ਪਿਆਰੇ ਵੀਰੋ! ਆਓ, ਅੱਜ ਇਕ ਦਫੁਟੇ ਨਾਲ ਆਪਣੀ ਹਾਲਤ ਨੂੰ ਮਿਣੀਏ ਦੇ ਕਰਨੀ ਤੇ ਕਹਿਣੀ ਦੇ ਗੁਣ ਔਗੁਣਾਂ ਦਾ ਤੱਤ ਕੱਢ ਕੇ ਉਹ ਕੁਝ ਕਰਨ ਲਗੀਏ ਜੋ ਕੁਝ ਨਹੀਂ ਕੀਤਾ ਗਿਆ ਤੇ ਜੋ ਕਰਨਾ ਜ਼ਰੂਰੀ ਹੈ, ਉਹ ਕੁਝ ਧਾਰੀਏ ਜੋ ਸਾਨੂੰ ਬਲਵਾਨ ਕਰੇ ਤੇ ਜਿਸ ਨਾਲ ਸਾਡਾ ਬੁਰਾ ਚਾਹੁਣ ਵਾਲਿਆਂ ਦੇ ਖਿਆਲ ਟੁੱਟ-ਟੁੱਟ ਕੇ ਚੂਰਾ ਹੋਣ ਸਾਡਾ ਬਲ ਤੇ ਹਿੰਮਤ ਉਸ ਟਾਕਰੇ ਵਿਚ ਪਵਿਤਰ ਹੋਵੇ, ਅਸੀਂ ਪੱਕੀ ਤੇ ਨਰੋਈ ਲਾਂਘ ਪੁਟੀਏ ਜਿਸ ਦੇ ਮੋਰਚੇ ‘ਤੇ ਖੜ੍ਹੋਇਆਂ ਦੁਨੀਆਂ ਹਿਲ ਜਾਏ, ਪਰ ਅਸੀਂ ਨਾ ਸਰਕੀਏ। ਤੀਹ ਸਾਲਾਂ ਦਾ ਤੀਆ ਹਿੱਸਾ ਦਸ ਸਾਲ ਬੀਤ ਚਲੇ ਹਨ ਜਦ ਕਿ ਅਸੀਂ ਕੈਨੇਡਾ ਵਿਚ ਆਏ ਸਾਂ। ਸਾਡਾ ਇਥੇ ਆਉਣਾ ਕਿਸੇ ਕੰਮ ਲਈ ਸੀ। ਅਸੀਂ ਉਸ ਜਗ੍ਹਾ ਪੁੱਜੇ ਸਾਂ, ਜੋ ਅੰਗਰੇਜ਼ੀ ਰਾਜ ਦਾ ਇੱਕ ਹਿੱਸਾ ਸੀ। ਅਸੀਂ ਉਨ੍ਹਾਂ ਲੋਕਾਂ ਦੇ ਪਾਸ ਆਏ ਸਾਂ ਜਿਨ੍ਹਾਂ ਦਾ ਸਬੰਧ ਸਾਡੇ ਨਾਲ ਦੇਰ ਤੋਂ ਪੈ ਚੁਕਾ ਸੀ ਤੇ ਜਿਹੜੇ ਸਾਡੀ ਜਨਮ ਭੂਮੀ ਵਿਚ ਨਾ ਸਿਰਫ ਖੁਲ੍ਹਮ ਖੁੱਲ੍ਹਾ ਜਾਰੀ ਰਹੇ ਸਨ ਸਗੋਂ ਵੱਡੀਆਂ-ਵੱਡੀਆਂ ਹਕੂਮਤਾਂ ਤੇ ਅਹੁਦਿਆਂ ਦੇ ਸਿਰਾਂ ‘ਤੇ ਬੈਠੇ ਸਾਡੀਆਂ ਕਮਾਈਆਂ ਤੇ ਪੈਸਿਆਂ ਦਾ ਅਨੰਦ ਲੈ ਰਹੇ ਸਨ। ਅਸੀਂ ਉਸ ਜਗ੍ਹਾ ਪੁੱਜੇ ਸਾਂ ਜਿਥੇ ਦੇ ਬਾਦਸ਼ਾਹ ਨੇ ਸਾਡੇ ਦੇਸ਼ ਦਾ ਭੀ ਸ਼ਹਿਨਸ਼ਾਹ ਹੈ, ਕਈ ਵਾਰ ਸਾਨੂੰ ਸੁਨੇਹਾ ਭੇਜਿਆ ਸੀ ਕਿ ਮੇਰੇ ਰਾਜ ਦੀ ਹੱਦ ਵਿਚ ਰੰਗ ਤੇ ਕੌਮ ਆਦਿਕ ਦਾ ਕੋਈ ਫਰਕ ਨਹੀਂ ਸਮਝਿਆ ਜਾਵੇਗਾ ਸਗੋਂ ਸਭ ਪਰਜਾ ਇਕ ਨਜ਼ਰ ਨਾਲ ਤੱਕੀ ਜਾਵੇਗੀ। ਅਸੀਂ ਉਸ ਜਗ੍ਹਾ ਪੁੱਜੇ ਸਾਂ ਜਿਥੇ ਹਜ਼ਾਰਾਂ ਮੀਲ ਜੰਗਲ ਜ਼ਮੀਨ ਪਈ ਹੈ ਜਿਸ ਨੂੰ ਸੁਆਰਨ ਤੇ ਵਸਾਉਣ ਲਈ ਅਖਬਾਰਾਂ ਵਿਚ ਇਸ਼ਤਿਹਾਰਾਂ, ਲੈਕਚਰਾਂ ਤੇ ਹੋਰ ਅਨੇਕ ਤਰੀਕਿਆਂ ਨਾਲ ਦੁਹਾਈ ਪਾ ਕੇ ਕੁਲ ਦੁਨੀਆਂ ਦੇ ਲੋਕਾਂ ਨੂੰ ਸੱਦਿਆ ਜਾ ਰਿਹਾ ਸੀ ਤੇ ਕੁਲ ਦੇਸ਼ਾਂ ਦੇ ਲੋਕ ਕਾਰ ਵਿਹਾਰ ਕਰਨ ਨਵੇਂ ਦੇਸ਼ ਵਿਚ ਆਪਣੇ ਬਲ ਨੂੰ ਅਜ਼ਮਾਉਣ, ਕੁਝ ਸਿਖਣ ਤੇ ਕੁਝ ਦੱਸਣ ਲਈ ਕਮਾਈਆਂ ਕਰਨ ਲਹੀ ਵੱਸਣ ਲਈ ਆ ਰਹੇ ਸਨ ਤੇ ਅੱਜ ਵੀ ਆ ਰਹੇ ਹਨ। ਅਮਰੀਕਾ ਦੀ ਭੋਂ ‘ਤੇ ਪੈਰ ਰੱਖਦਿਆਂ ਸਾਰ ਸਾਡੇ ਕੰਨਾਂ ਵਿਚ ਜ਼ੋਰ ਨਾਲ ਫੂਕ ਮਾਰੀ ਕਿ ਜ਼ੁਲਮ ਤੇ ਬੇਇਨਸਾਫੀ ਦਾ ਭੂਤ ਤੁਹਾਡੇ ਮੋਢਿਆਂ ‘ਤੇ ਉਤਰਨਾ ਨਹੀਂ ਚਾਹੁੰਦਾ, ਅੱਗੋਂ ਕੈਨੇਡਾ ਦੇ ਰੁੱਖੇ ਤੇ ਕੌੜੇ ਵਰਤਾਰੇ ਜੋ ਉਸ ਨੇ ਸਾਡੇ ਨਾਲ ਕਰਨਾ ਸ਼ੁਰੂ ਕੀਤਾ, ਸਾਨੂੰ ਦੱਸ ਦਿਤਾ ਕਿ ਇਸ ਖੁਲ੍ਹੇ ਦੇਸ਼ ਦੀ ਧਰਤੀ ‘ਤੇ ਭੀ ਉਹ ਸਨ ਤੇ ਮਸਾਲੇ ਤਿਆਰ ਪਏ ਹਨ ਜਿਸ ਦੇ ਰੱਸੇ ਵੱਟ ਕੇ ਇਨਸਾਫ ਹੱਕ ਤੇ ਇਕਰਾਰਾਂ ਨੂੰ ਇਕ ਪਾਸੇ ਰੱਖ ਕੇ ਸਾਨੂੰ ਜਕੜਿਆ ਜਾਵੇਗਾ।
ਆਹ! ਅਜੇ ਰਸਤੇ ਦਾ ਥਕੇਵਾਂ ਭੀ ਨਹੀਂ ਲੱਥਾ ਸੀ। ਅੱਜ ਦੁਰੇਡੇ ਪੰਧ ‘ਤੇ ਪੁੱਜ ਕੇ ਕੋਈ ਦਮ ਚੈਨ ਵੀ ਨਹੀਂ ਲਿਆ ਸੀ ਕਿ ਜਦ ਕੈਨੇਡਾ ਦੀ ਸਰਕਾਰ ਦੇ ਸੁਨੇਹੇ ਆਉਣ ਲੱਗ ਪਏ ਕਿ ਤੁਹਾਡੇ ਲਈ ਇਹ ਦੇਸ਼ ਚੰਗਾ ਨਹੀਂ ਹੈ, ਤੁਸੀਂ ਇਕ ਟਾਪੂ ਵਿਚ ਜਾ ਕੇ ਟੱਕਰਾਂ ਮਾਰੋਗੇ। ਅਸੀਂ ਹੈਰਾਨ ਸਾਂ, ਪਰੇਸ਼ਾਨ ਸਾਂ ਕਿ ਇਹ ਸਮਝੌਤੀਆਂ ਦੇਣ ਵਾਲੇ ਸਿਆਣੇ ਕਿਉਂ ਖੇਚਲਾਂ ਕਰਦੇ ਹਨ ਤੇ ਔਖੇ ਹੁੰਦੇ ਹਨ ਜਦ ਕਿ ਅਸੀਂ ਇਸ ਦੇਸ਼ ਦੇ ਚੰਗੇ ਜਾਂ ਮਾੜੇ ਪੈਣੇ ਦੀ ਫਰਯਾਦ ਹੀ ਨਹੀਂ ਕੀਤੀ। ਕਾਨੂੰਨ ਬਣ ਗਏ। ਬੂਹੇ ਢੋਏ ਗਏ। ਅੱਧੇ ਇਕ ਕੰਢੇ ‘ਤੇ, ਅੱਧੇ ਦੂਜੇ ਕੰਢੇ ਵਾਲੇ ਮਾਮਲੇ ਹੋ ਗਏ। ਬੇੜੀਆਂ ਰੁਕ ਗਈਆਂ। ਕਰੜੇ ਕਜੀਏ ਪਾਏ ਗਏ। ਮੋਹਰ ਛਾਪਾ ਲਗਾ ਕੇ ਹੁਕਮ ਜਾਰੀ ਹੋ ਗਏ ਜਿਸ ਨਾਲ ਅੰਗਰੇਜ਼ੀ ਪਰਜਾ ਹਿੰਦੁਸਤਾਨੀ ਨੂੰ ਮਲੋ-ਜ਼ੋਰੀ ਕੈਨੇਡਾ ਵਿਚ ਵੜਨ ਤੋਂ ਰੋਕਿਆ ਗਿਆ। ਕੈਨੇਡਾ ਵੱਲੋਂ ਉਹ ਕੁਝ ਲਿਖ ਕੇ ਸਾਡੇ ਸਾਹਮਣੇ ਰਖਿਆ ਗਿਆ ਜੋ ਪੇਚਾਂ ਤੇ ਘੁੰਡੀਆਂ ਵਿਚ ਹੱਸ-ਹੱਸ ਕੇ ਬੋਲਦਾ ਸੀ ਕਿ ਤੁਸੀਂ ਕਮਜ਼ੋਰ ਹੋ ਤੇ ਅਸੀਂ ਤਕੜੇ ਹਾਂ ਤੇ ਹੋਰ ਤਕੜਿਆਂ ਨੂੰ ਅਸੀਂ ਉਕਾ ਹੀ ਇਸ ਤਰ੍ਹਾਂ ਨਹੀਂ ਰੋਕਦੇ। ਇਹ ਕਾਨੂੰਨ ਕੀ ਸੀ, ਇਕ ਰੋਗ ਦੀ ਬੂਟੀ ਸੀ ਜੋ ਸਾਨੂੰ ਖਾਸ ਕਰਕੇ ਸੁੰਘਾਈ ਗਈ ਜਿਸ ਨੂੰ ਸੁੰਘਦਿਆਂ ਅਸੀਂ ਜ਼ਰਾ ਵੀ ਨੱਕ ਨਾ ਵਟਿਆ ਤੇ ਜ਼ਰਾ ਆਕੜ ਕੇ ਨਾ ਖੜ੍ਹੋਏ। ਉਹ ਚਿੰਬੜੇ ਹੋਏ ਰੋਗ ਦਾ ਫਲ ਚਿਰਾਂ ਤੋਂ ਭੁਗਤ ਰਹੇ ਹਾਂ ਜਿਸ ਦੇ ਸੰਤਾਪ ਦੀ ਹਾਹਾਕਾਰ ਕੁਲ ਦੁਨੀਆਂ ਤੇ ਮਚ ਰਹੀ ਹੈ। ਸਾਡੇ ਦੋਸਤ ਤੇ ਦੁਸ਼ਮਣ ਆਪਣੇ ਤੇ ਪਰਾਏ ਤਕ ਫੈਸਲਾ ਦੇ ਚੁਕੇ ਹਨ ਕਿ ਕੈਨੇਡਾ ਦੇ ਹਿੰਦੁਸਤਾਨੀਆਂ ਨੂੰ ਬੇਇਨਸਾਫੀ ‘ਤੇ ਜ਼ੋਰ ਨਾਲ ਨਰੜਿਆ ਜਾ ਰਿਹਾ ਹੈ। ਇਥੇ ਇਕ ਮਾਮਲਾ ਹੈ। ਇਹ ਇਕ ਅਸਲੀਅਤ ਹੈ। ਇਸ ਗੱਲ ‘ਤੇ ਸਾਡੀ ਕਰਤੂਤ ਦੇਖੀ ਜਾਣੀ ਹੈ। ਇਹ ਇਕ ਨੁਕਤਾ ਹੈ ਜਿਸ ਦੀ ਘੁੰਡੀ ਸਾਡੀ ਮਜਦਊ ਧੀਰਜ ਕੁਰਬਾਨੀ ਤੇ ਬਲ ਨਾਲ ਹੀ ਖੁੱਲ੍ਹ ਸਕਦੀ ਹੈ। ਆਉ, ਇਸ ਨੂੰ ਅੱਜ ਚੰਗੀ ਤਰ੍ਹਾਂ ਸਮਝੀਏ ਤੇ ਵਧੀਕੀ ਕਰਨ ਵਾਲੇ ਧੱਕੇਬਾਜ਼ਾਂ ਨਾਲ ਕਿਸੇ ਨਿਸ਼ਾਨੇ ਤੇ ਅਸੂਲ ਦੇ ਟਾਕਰਾ ਲਾਈਏ। ਦਸ ਸਾਲ ਅਜਾਈਂ ਬੀਤ ਗਏ ਹਨ।
ਪਿਆਰੇ ਵੀਰੋ! ਅੱਜ ਦੁਨੀਆਂ ਵਿਚ ਕੌਮਾਂ ਦੇ ਕੌਮਾਂ ਨਾਲ ਟਾਕਰੇ ਹਨ। ਦੇਸ਼ਾਂ ਤੇ ਮੁਲਖਾਂ ਦੇ ਮੁਕਾਬਲੇ ਹਨ। ਜ਼ੋਰ ਤੇ ਬਲ ਦੀ ਪਰਖ ਹੈ। ਦੁਨੀਆਂ ਅੱਜ ਪ੍ਰਤਖ ਸਬੂਤ ਮੰਗਦੀ ਹੈ ਕਿ ਤੁਸੀਂ ਆਪਣੇ ਹੱਕ ਲਈ ਕਿਥੋਂ ਤਾਈਂ ਸੱਚੇ ਹੋ ਤੇ ਕੀ ਕੁਝ ਕਰਨ ਨੂੰ ਤਿਆਰ ਹੋ। ਤੁਸੀਂ ਜ਼ੁਲਮ ਦਾ ਕਿਤਨਾ ਗਿਆਨ ਰੱਖਦੇ ਹੋ ਤੇ ਉਸ ਦੇ ਹਟਾਉਣ ਲਈ ਕਿੱਥੇ ਤਾਂਈਂ ਕੁਰਬਾਨੀ ਕਰਨ ‘ਤੇ ਅੜਨ ਨੂੰ ਤਿਆਰ ਹੋ। ਤੁਹਾਡੀ ਜਿੱਤ ਤੁਹਾਡੇ ਹੱਥ ਵਿਚ ਹੈ। ਸੁਭਾਗ ਕੌਮਾਂ ਥੋੜ੍ਹੇ-ਥੋੜ੍ਹੇ ਸਾਲਾਂ ਵਿਚ ਮਿਹਨਤਾਂ, ਹਿੰਮਤਾਂ ਤੇ ਕੁਰਬਾਨੀਆਂ ਕਰਕੇ ਬਣੀਆਂ ਹਨ। ਗੱਲਾਂ ਨਾਲ ਵੜੇ ਪਕਾਉਣ ਵਾਲਿਆਂ ਨੂੰ ਥਾਂ ਮਾਰੇ ਹੋਏ ਤੇ ਪਾਗਲ ਕਿਹਾ ਜਾਂਦਾ ਹੈ। ਆਉ, ਅੱਜ ਅਕਲਾਂ ਤੇ ਵਿਚਾਰਾਂ ਦੀ ਦੂਰਬੀਨ ਲਾ ਕੇ ਦੁਰੇਡੇ ਮਾਮਲੇ ਤੱਕੀਏ। ਕੁਰਬਾਨੀ, ਹਿੰਮਤ, ਧੀਰਜ, ਸੱਚਾਈ ਤੇ ਦ੍ਰਿੜ ਵਿਸ਼ਵਾਸ ਦੀਆਂ ਨਰਦਾਂ ਲੈ ਕੇ ਡਾਢਿਆਂ ਨਾਲ ਆਪਣੇ ਅਸਲੀ ਹੱਕਾਂ ਦੀ ਬਾਜ਼ੀ ਲਾਈਏ। ਹਰ ਪਾਸਿਉਂ ਆਪਣੀ ਕੌਮ ਦੇ ਨਫੇ ਨੁਕਸਾਨ ਤੇ ਹਾਣ ਲਾਭ ਦੀਆਂ ਵਿਚਾਰਾਂ ਕਰਕੇ ਪੂਰੀ ਪੂਰੀ ਬਾਜ਼ੀ ਖੇਡੀਏ। ਝੂਠ ਨੂੰ ਸੱਚ ਨਾਲ ਜਿਤੀਏ। ਕੌਮ ਦੇ ਹੱਕ ਬਚਾਉਣ ਲਈ ਪੂਰੇ ਪਹਿਰੂਏ ਬਣੀਏ ਤੇ ਦੁਨੀਆਂ ਨੂੰ ਸਾਬਤ ਕਰਕੇ ਦੱਸੀਏ ਕਿ ਸੱਚ ਦੇ ਮਤਵਾਲਿਆਂ ਵਿਚ ਸਿਰਜਨਹਾਰ ਇਹ ਬਲ ਪਾਉਂਦਾ ਹੈ।
ਕੀ ਮਾਂਵਾਂ ਕੋਲ ਦੌੜ ਜਾਣ ਨਾਲ ਇਹ ਮਾਮਲੇ ਤੈਅ ਹੋ ਜਾਣਗੇ? ਕੀ ਘਰਾਂ ਨੂੰ ਖਿਸਕ ਤੁਰਿਆਂ ਤੋਂ ਮੁਕਾਬਲੇ ਜਿੱਤੇ ਜਾਣਗੇ? ਕੀ ਮੈਦਾਨ ਛੱਡ ਤੁਰਿਆਂ ਬਾਜ਼ੀ ਜਿੱਤਦੀ ਹੈ? ਨਹੀਂ, ਕਦਾਚਿਤ ਨਹੀਂ। ਇਹ ਹੀ ਤਾਂ ਗੱਲ ਹੈ ਜੋ ਕੈਨੇਡਾ ਚਾਹੁੰਦਾ ਹੈ। ਕੈਨੇਡਾ ਦੀ ਸਰਕਾਰ ਨੇ ਦਸ ਸਾਲਾਂ ਦੇ ਅਵੈੜੇ ਕਾਨੂੰਨਾਂ ਕੁਰਕੀਆਂ ਚਾਲਾਂ ਤੋਂ ਬੇਸੁਰੇ ਹਲਿਆਂ ਨਾਲ ਦਸ ਦਿਤਾ ਹੈ ਕਿ ਕੈਨੇਡਾ ਵਿਚ ਸਾਡੀ ਬਸਤੀ ਨਾ ਵੱਸਣ ਦੇਣ ਲਈ ਉਹ ਪੂਰੀ ਵਾਹ ਲਾ ਰਹੀ ਹੈ।
ਹਿੰਦੁਸਤਾਨੀਆਂ ਦੀ ਬਹਾਦਰੀ ਦਾ ਬੇਨਜ਼ੀਰ ਨਜ਼ਾਰਾ
(ਕਾਮਾਗਾਟਾਮਾਰੂ ਜਹਾਜ਼ ਆ ਪੁੱਜਾ ਹੈ)
ਸੱਚ ਵਿਚ ਬੜੀ ਤਾਕਤ ਹੈ। ਸੱਚ ਵਿਚ ਚਮਕ ਪੱਥਰ ਵਾਲੀ ਸ਼ਕਤੀ ਹੈ। ਸੱਚ ਨੂੰ ਤਲਵਾਰਾਂ ਨਹੀਂ ਕੱਟ ਸਕਦੀਆਂ। ਸੱਚ ਨੂੰ ਜ਼ੋਰ ਨਹੀਂ ਜਿੱਤ ਸਕਦਾ। ਸੱਚ ਲਿਫ ਨਹੀਂ ਸਕਦਾ। ਸੱਚ ਲੁੱਕ ਨਹੀਂ ਸਕਦਾ। ਸੱਚ ਸੱਚ ਹੈ, ਇਸ ਦੇ ਪਿਆਰੇ ਡੁਬਕੜਾਂ ਵਾਂਗ ਇਸ ‘ਤੇ ਵਿਕਦੇ ਹਨ। ਇਹੋ ਜਿਹਾ ਬਲਦਾਰ ਸੱਚ ਹਿੰਦੁਸਤਾਨੀਆਂ ਦਾ ਸਾਥੀ ਹੈ। ਇਹੋ ਜਿਹੀ ਮਹਾਨ ਤਾਕਤ ਭਾਰਤ ਵਾਸੀਆਂ ਦੀ ਓਟ ਹੈ। ਇਹੋ ਜਿਹੀਆਂ ਸ਼ਕਤੀਆਂ ਦੀ ਦਾਸੀ ਕੌਮ ਕਦੇ ਉਕ ਨਹੀਂ ਸਕਦੀ। ਇਸ ਪਵਿਤਰਤਾ ਦੀ ਸਹੇਲੀ ਕੌਮ ਕਦੀ ਭਰਮਾਈ ਹੋਈ ਟਪਲਾ ਨਹੀਂ ਖਾ ਸਕਦੀ। ਇਹ ਕਹਿਣ ਮਾਤਰ ਨਹੀਂ ਹੈ, ਸਗੋਂ ਅਜੇ ਕਲ੍ਹ ਅਫਰੀਕਾ ਦੇ ਜੰਗਲਾਂ, ਰਸਤਿਆਂ, ਪੁਲਾਂ ਤੇ ਜੇਲ੍ਹਾਂ ਵਿਚ ਇਸ ਨਿਰੋਲਤਾ ਦੇ ਮਤਵਾਲੇ ਹਿੰਦੀ ਅਦਭੁਤ ਖੇਲਾਂ ਖੇਲ ਰਹੇ ਸਨ। ਕਮਲੀ ਦੁਨੀਆਂ ਆਖਦੀ ਸੀ ਕਿ ਦਸ ਹਜ਼ਾਰ ਕੁਲ ਇਕ ਮਲੰਗ ਗਾਂਧੀ ਦੇ ਨਾਲ ਪੁਲ ਟੱਪਣ ਚਲੇ ਹਨ। ਬਹਾਦਰ ਹਿੰਦੀ ਆਖਦੇ ਸਨ, ਅਸੀਂ ਸੱਚ ਨੂੰ ਪਰਖਣ ਚਲੇ ਹਾਂ। ਲੋਕ ਆਖਦੇ ਸਨ, ਕੁੜੀਆਂ ਜੇਲ੍ਹਾਂ ਵਿਚ ਚਲੀਆਂ ਹਨ, ਬੀਬੀਆਂ ਆਖਦੀਆਂ ਸਨ, ਅਸੀਂ ਸੱਚ ਨੂੰ ਵਿਆਹੁਣ ਜਾਂਦੀਆਂ ਹਾਂ। ਜਿਹੜੀ ਕੌਮ ਅਫਰੀਕਾ ਦੇ ਤੱਤੇ ਜੰਗਲਾਂ ਵਿਚ ਸੱਚ ਦੇ ਨਤਾਰੇ ਕਰਾਉਣ ਲਈ ਭੁੱਲੇ ਹੋਏ ਡਾਢਿਆਂ ਨੂੰ ਰਸਤੇ ‘ਤੇ ਲਿਆ ਸਕਦੀ ਹੈ, ਕੀ ਕੈਨੇਡਾ ਦੇ ਠੰਡੇ ਦੇਸ਼ ਵਿਚ ਉਸ ਦੇ ਪਾਸ ਉਹ ਬਲ ਕਿਤੇ ਮੁੱਕ ਗਿਆ ਹੈ। ਜੋ ਸਬੂਤ ਭਾਰਤ ਦੇ ਦੁਲਾਰਿਆਂ ਨੇ ਅਫਰੀਕਾ ਦੀ ਤੱਤੀ ਹਵਾ ਵਿਚ ਵਿਰੋਧੀਆਂ ਸਾਹਮਣੇ ਅਨੇਕ ਦੁੱਖ ਝਲ ਕੇ ਰਖਿਆ ਸੀ, ਉਹ ਹੀ ਅੰਗਰੇਜ਼ੀ ਪਰਜਾ ਹੋਣ ਦਾ ਨਿਗਰ ਤੇ ਇਸਪਾਤੀ ਸਬੂਤ ਅੱਜ ਕੈਨੇਡਾ ਦੇ ਸਾਹਮਣੇ ਰਖਿਆ ਜਾਂਦਾ ਹੈ। ਤੀਵੀਆਂ ਤੇ ਬੱਚਿਆਂ ਤੋਂ ਦੇਰ ਦੇ ਵਿਛੋੜੇ ਹੋਏ, ਹਿੰਦੀ ਵੀਰ ਜ਼ਮੀਨ ‘ਤੇ ਬੈਠੇ ਹਨ ਤੇ ਤਿੰਨ ਸੌ ਪਚੱਤਰ ਸਰੀਰ ਸਮੁੰਦਰ ਦੇ ਪਾਣੀ ਵਿਚ ਤਰ ਰਹੇ ਹਨ ਤੇ ਪੁੱਛਦੇ ਹਨ ਕਿ ਅਸੂਲ ਤੇ ਸੱਚਾਈ ਦੇ ਅਰਥ ਕੀ ਹਨ? ਹੋਰ ਟੇਰ ਤੇ ਰਾਜਨੀਤੀ ਦੀਆਂ ਚਾਲਾਂ ਇਸ ਦੰਗਲ ਵਿਚ ਥੋਥੀਆਂ ਹਨ।