“ਤੁਮ ਮੁਝੇ ਯੂ ਭੁਲਾ ਨਾ ਪਾਓਗੇ…”

ਮੁਹੰਮਦ ਅੱਬਾਸ ਧਾਲੀਵਾਲ
ਫੋਨ: 91-98552-59650
ਰੱਬ ਨੇ ਇਸ ਕਾਇਨਾਤ ਵਿਚ ਕੁਝ ਅਜਿਹੇ ਮਨੁੱਖ ਪੈਦਾ ਕੀਤੇ ਜੋ ਉਸ ਦੀ ਬਖਸ਼ੀ ਦਾਦ ਸਦਕਾ ਸੰਸਾਰ ‘ਚ ਆਪਣੀ ਇਕ ਵਿਲੱਖਣ ਪਛਾਣ ਬਣਾ ਕੇ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਗਏ। ਅੱਜ ਜਦੋਂ ਵੀ ਦੁਨੀਆਂ ‘ਚ ਆਵਾਜ਼ ਦੇ ਜਾਦੂਗਰਾਂ ਦੀ ਗੱਲ ਚੱਲਦੀ ਹੈ ਤਾਂ ਬਿਨਾ ਸ਼ੱਕ ਇਕ ਨਾਂ ਆਪਣੇ ਆਪ ਸਾਹਮਣੇ ਆ ਖਲੋਂਦਾ ਹੈ, ਉਹ ਨਾਂ ਹੈ ਬਾਲੀਵੁੱਡ ਦੇ ਪਿਠਵਰਤੀ ਮਹਾਨ ਗਾਇਕ ਮੁਹੰਮਦ ਰਫੀ। ਗੀਤ ਹੋਵੇ ਜਾਂ ਗਜ਼ਲ ਜਾਂ ਫਿਰ ਕੱਵਾਲੀ; ਨਾਅਤ ਹੋਵੇ ਜਾਂ ਸ਼ਬਦ ਜਾਂ ਫਿਰ ਭਜਨ-ਮੁਹੰਮਦ ਰਫੀ ਨੇ ਹਰ ਤਰ੍ਹਾਂ ਦੀ ਗਾਇਕੀ ‘ਚ ਆਪਣਾ ਲੋਹਾ ਮੰਨਵਾਇਆ।

ਅੱਜ ਭਾਵੇਂ ਉਨ੍ਹਾਂ ਨੂੰ ਸਾਥੋਂ ਵਿਛੜਿਆਂ ਕਰੀਬ ਚਾਰ ਦਹਾਕੇ ਬੀਤ ਚੁਕੇ ਹਨ, ਫਿਰ ਵੀ ਉਨ੍ਹਾਂ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਉਸੇ ਤਰ੍ਹਾਂ ਬੋਲਦਾ ਹੈ, ਜਿਸ ਤਰ੍ਹਾਂ ਕਰੀਬ ਸੱਤ ਦਹਾਕੇ ਪਹਿਲਾਂ ਬੋਲਦਾ ਸੀ। ਅੱਜ ਵੀ ਉਨ੍ਹਾਂ ਦੀ ਆਵਾਜ ਜਦੋਂ ਕਦੀ ਰੇਡੀਓ ਤੋਂ ਸੁਣਦੀ ਹੈ ਤਾਂ ਬਿਨਾ ਸ਼ੱਕ ਕੰਨਾਂ ਵਿਚ ਸ਼ਹਿਦ ਘੋਲਦੀ ਪ੍ਰਤੀਤ ਹੁੰਦੀ ਹੈ ਅਤੇ ਰੂਹ ਨੂੰ ਇੱਕ ਤਰੋ ਤਾਜ਼ਗੀ ਦਿੰਦੀ ਹੈ।
ਮੁਹੰਮਦ ਰਫੀ ਦਾ ਜਨਮ ਅੰਮ੍ਰਿਤਸਰ ਲਾਗੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ 24 ਦਸੰਬਰ 1924 ਨੂੰ ਇਕ ਸਾਧਾਰਨ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਵਾਲਿਦ ਹਾਜੀ ਅਲੀ ਮੁਹੰਮਦ ਇੱਕ ਬਹੁਤ ਹੀ ਨੇਕ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਮੁਹੰਮਦ ਰਫੀ ਛੇ ਭਰਾਵਾਂ ਵਿਚੋਂ ਦੂਸਰੇ ਨੰਬਰ ‘ਤੇ ਸੀ ਅਤੇ ਉਸ ਦਾ ਕੱਚਾ ਨਾਂ ‘ਫੀਕੂ’ ਸੀ। ਉਸ ਨੇ ਆਪਣੀ ਮੁਢਲੀ ਵਿਦਿਆ ਘਰ ਵਿਚ ਹੀ ਪ੍ਰਾਪਤ ਕੀਤੀ। ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਜਿਸ ਕਰਕੇ ਪਿੰਡ ਦੇ ਸਕੂਲ ਵਿਚ ਦੂਜੀ ਜਮਾਤ ਤੱਕ ਹੀ ਪੜ੍ਹਾਈ ਕਰ ਸਕੇ।
ਮੁਹੰਮਦ ਰਫੀ ਨੇ ਆਪਣੇ ਗਾਉਣ ਦੀ ਪ੍ਰੇਰਣਾ ਦਾ ਖੁਲਾਸਾ ਕਰਦਿਆਂ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਦਸ-ਬਾਰਾਂ ਸਾਲ ਦੇ ਸਨ ਕਿ ਉਨ੍ਹਾਂ ਦੇ ਮੁਹੱਲੇ ਵਿਚ ਇੱਕ ਫਕੀਰ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ’ ਗਾ ਕੇ ਭੀਖ ਮੰਗਿਆ ਕਰਦਾ ਸੀ। ਉਸੇ ਦੀ ਨਕਲ ਕਰਦਿਆਂ ਉਹ ਵੀ ਇਹ ਗੀਤ ਸ਼ੌਕ ਨਾਲ ਗਾਇਆ ਕਰਦਾ ਸੀ ਤੇ ਕਈ ਵਾਰ ਫਕੀਰ ਦਾ ਪਿੱਛਾ ਕਰਦਾ ਬਹੁਤ ਦੂਰ ਨਿਕਲ ਜਾਂਦਾ।
ਇਸੇ ਦੌਰਾਨ ਰਫੀ ਦੇ ਵਾਲਿਦ 1935 ਵਿਚ ਲਾਹੌਰ ਚਲੇ ਗਏ, ਜਿੱਥੇ ਉਨ੍ਹਾਂ ਨੇ ਭੱਟੀ ਗੇਟ ਦੇ ਨੂਰ ਮਹਿਲਾਂ ਵਿਚ ਇੱਕ ਪੁਰਸ਼ਾਂ ਦਾ ਸੈਲੂਨ ਸ਼ੁਰੂ ਕਰ ਦਿਤਾ। ਰਫੀ ਦੇ ਵੱਡੇ ਭਰਾ ਮੁਹੰਮਦ ਦੀਨ ਦੇ ਇੱਕ ਦੋਸਤ ਅਬਦੁਲ ਹਮੀਦ ਨੇ ਲਾਹੌਰ ਵਿਚ ਰਫੀ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਗਾਇਕੀ ਵੱਲ ਉਤਸ਼ਾਹਿਤ ਕੀਤਾ। ਅਬਦੁਲ ਹਮੀਦ ਨੇ ਹੀ ਬਾਅਦ ਵਿਚ ਰਫੀ ਦੇ ਬਜ਼ੁਰਗਾਂ ਨੂੰ ਰਫੀ ਨੂੰ ਮੁੰਬਈ ਭੇਜਣ ਵਾਸਤੇ ਮਨਾਇਆ। ਰਫੀ ਨੂੰ ਪਹਿਲੀ ਵਾਰ 13 ਸਾਲ ਦੀ ਉਮਰੇ ਕੇ. ਐਲ਼ ਸਹਿਗਲ ਦੀ ਮੌਜੂਦਗੀ ਵਿਚ ਲਾਹੌਰ ਵਿਖੇ ਉਦੋਂ ਗਾਉਣ ਦਾ ਮੌਕਾ ਮਿਲਿਆ ਜਦ ਲਾਈਟ ਚਲੀ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਨਾਂਹ ਕਰ ਦਿੱਤੀ ਤੇ ਪੰਡਾਲ ਵਿਚ ਹੰਗਾਮਾ ਮਚ ਗਿਆ। ਉਦੋਂ ਹੀ ਰਫੀ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਗਿਆ। ਜਿਉਂ ਹੀ ਰਫੀ ਨੇ ਗਾਉਣਾ ਸ਼ੁਰੂ ਕੀਤਾ, ਪੰਡਾਲ ਵਿਚ ਉਨ੍ਹਾਂ ਦੀ ਉਚੀ ਤੇ ਸੁਰੀਲੀ ਆਵਾਜ਼ ਸੁਣ ਕੇ ਦਰਸ਼ਕਾਂ ‘ਚ ਜਿਵੇਂ ਸੁੰਨ ਹੋ ਗਏ।
ਇਸ ਪਿਛੋਂ 1941 ਵਿਚ ਰਫੀ ਨੇ ਸ਼ਿਆਮ ਸੁੰਦਰ ਦੇ ਅਧੀਨ ਦੋਗਾਣਾ ਗਾਇਆ। ਇਹ ਗਾਣਾ ਸੀ, ‘ਸੋਹਣੀਏ ਨੀਂ, ਹੀਰੀਏ ਨੀਂ’ ਜੋ ਉਸ ਨੇ ਜੀਨਤ ਬੇਗਮ ਨਾਲ ਲਾਹੌਰ ‘ਚ ਪੰਜਾਬੀ ਫਿਲਮ ‘ਗੁਲ ਬਲੋਚ’ ਵਾਸਤੇ ਗਾਇਆ। ਇਥੋਂ ਹੀ ਰਫੀ ਦੀ ਗਾਇਕੀ ਦਾ ਮੁੱਢ ਬੱਝਾ। ਇਸ ਦੌਰਾਨ ਰਫੀ ਨੂੰ ਆਲ ਇੰਡੀਆ ਰੇਡੀਓ ਲਾਹੌਰ ਤੋਂ ਗਾਉਣ ਲਈ ਸੱਦਾ ਮਿਲਿਆ।
1944 ਵਿਚ ਮੁਹੰਮਦ ਰਫੀ ਮੁੰਬਈ ਚਲੇ ਗਏ ਜਿਥੇ ਉਨ੍ਹਾਂ ਅਬਦੁਲ ਹਮੀਦ ਨਾਲ ਮੁੰਬਈ ਦੇ ਭੀੜ-ਭਰੇ ਭਿੰਡੀ ਬਾਜ਼ਾਰ ਵਿਚ ਇੱਕ ਕਮਰਾ ਕਿਰਾਏ ‘ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਕਵੀ ਤਨਵੀਰ ਨਕਵੀ ਨੇ ਮੁਹੰਮਦ ਰਫੀ ਨੂੰ ਫਿਲਮ ਨਿਰਮਾਤਾ ਅਬਦੁਰ ਰਸ਼ੀਦ, ਨਿਰਦੇਸ਼ਕ ਮਹਿਬੂਬ ਖਾਨ ਅਤੇ ਅਭਿਨੇਤਾ-ਨਿਰਦੇਸ਼ਕ ਨਜ਼ੀਰ ਆਦਿ ਨਾਲ ਮਿਲਵਾਇਆ।
ਗਾਉਣ ਦੇ ਆਪਣੇ ਅਲੱਗ ਅੰਦਾਜ਼ ਕਰਕੇ ਜਾਣੇ ਜਾਂਦੇ ਮੁਹੰਮਦ ਰਫੀ ਨੂੰ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਚਿਕ ਗੀਤ, ਗਜ਼ਲ, ਭਜਨ ਅਤੇ ਕੱਵਾਲੀ ਤੱਕ ਗਾਉਣ ਵਿਚ ਨਫਾਸਤ ਹਾਸਲ ਸੀ। ਉਨ੍ਹਾਂ ਨੂੰ ਫਿਲਮ ਦੇ ਅਦਾਕਾਰਾਂ ਦੀ ਆਵਾਜ਼ ਨਾਲ ਮਿਲਦੀ ਆਵਾਜ਼ ਵਿਚ ਗਾਉਣ ਦੀ ਵਿਲਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ। ਆਪਣੀ ਜਾਦੂਈ ਆਵਾਜ਼ ਕਰਕੇ 1950 ਅਤੇ 1970 ਦਰਮਿਆਨ ਰਫੀ ਹਿੰਦੀ ਫਿਲਮ ਉਦਯੋਗ ਵਿਚ ਸਭ ਤੋ ਵੱਧ ਲੋਕਪ੍ਰਿਅ ਗਾਇਕ ਸਨ। ਦਲੀਪ ਕੁਮਾਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਹਰ ਛੋਟੇ-ਵੱਡੇ ਅਦਾਕਾਰ ਲਈ ਰਫੀ ਨੇ ਆਪਣੀ ਪਿਠਵਰਤੀ ਆਵਾਜ਼ ਮੁਹੱਈਆ ਕਰਵਾਈ। ਇਹੋ ਕਾਰਨ ਹੈ ਕਿ ਰਫੀ ਦੀ ਮੌਤ ਉਪਰੰਤ ਇਕ ਵਾਰ ‘ਯਾ-ਹੂ’ ਅਦਾਕਾਰ ਸ਼ਮੀ ਕਪੂਰ ਨੇ ਜਜ਼ਬਾਤੀ ਹੁੰਦਿਆਂ ਕਿਹਾ ਸੀ, ਅੱਜ ਉਨ੍ਹਾਂ ਦੀ ਆਵਾਜ਼ ਚਲੀ ਗਈ ਹੈ ਅਤੇ ਉਹ ਗੂੰਗੇ ਹੋ ਗਏ ਹਨ।
ਮੁਹੰਮਦ ਰਫੀ ਆਮ ਤੌਰ ‘ਤੇ ਹਿੰਦੀ ਵਿਚ ਗਾਉਣ ਵਾਸਤੇ ਜਾਣੇ ਜਾਂਦੇ ਸੀ, ਜਿਸ ਉਪਰ ਉਨ੍ਹਾਂ ਨੂੰ ਬਹੁਤ ਮੁਹਾਰਤ ਹਾਸਲ ਸੀ। ਉਂਜ ਉਨ੍ਹਾਂ ਨੇ ਕਈ ਭਾਸ਼ਾਵਾਂ ਵਿਚ ਗਾਣੇ ਗਾਏ ਜਿਨ੍ਹਾਂ ਵਿਚ ਆਸਾਮੀ, ਕੋਂਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੈਲਗੂ, ਮਗਾਹੀ, ਮੈਥਲੀ ਅਤੇ ਉਰਦੂ ਸ਼ਾਮਿਲ ਹਨ। ਭਾਰਤੀ ਭਾਸ਼ਾਵਾਂ ਤੋਂ ਇਲਾਵਾ ਰਫੀ ਨੇ ਅੰਗਰੇਜ਼ੀ, ਫਾਰਸੀ, ਅਰਬੀ, ਹੈਤੀਆਈ ਅਤੇ ਡੱਚ ਭਾਸ਼ਾਵਾਂ ਵਿਚ ਵੀ ਗਾਣੇ ਗਾਏ ਸਨ। ਇਕ ਵਾਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਦੂਜੀਆਂ ਭਾਸ਼ਾਵਾਂ ਵਿਚ ਇਨ੍ਹੀਂ ਨਿਪੁੰਨਤਾ ਨਾਲ ਕਿਵੇਂ ਗਾ ਲੈਂਦੇ ਹਨ? ਤਾਂ ਜਵਾਬ ਸੀ ਕਿ ਉਹ ਪਹਿਲਾਂ ਦੂਜੀ ਭਾਸ਼ਾ ਦੇ ਗੀਤਾਂ ਨੂੰ ਉਰਦੂ ਵਿਚ ਲਿਖ ਲੈਂਦੇ ਹਨ, ਉਸ ਉਪਰੰਤ ਪੂਰੀ ਤਰ੍ਹਾਂ ਰਿਹਰਸਲ ਕਰ ਕੇ ਉਹ ਗੀਤ ਗਾਉਂਦੇ ਹਨ। ਆਪਣੇ ਪੈਂਤੀ ਸਾਲਾਂ ਦੇ ਗਾਇਕੀ ਦੇ ਕੈਰੀਅਰ ਦੌਰਾਨ ਰਫੀ ਨੇ ਕਰੀਬ 26,000 ਗਾਣੇ ਗਾਏ।
ਇਕ ਵਾਰ ਕਿਸੇ ਅਖਬਾਰ ‘ਚ ਖਬਰ ਛਪੀ ਕਿ ਕਿਸੇ ਸ਼ਹਿਰ ਵਿਚ ਫਾਂਸੀ ਦੀ ਸਜ਼ਾ ਪਾ ਚੁਕੇ ਇਕ ਮੁਜਰਿਮ ਤੋਂ ਜਦੋਂ ਆਖਰੀ ਖਾਹਿਸ਼ ਪੁੱਛੀ ਗਈ ਤਾਂ ਉਸ ਨੇ ਕੋਈ ਵੀ ਇੱਛਾ ਜਾਹਰ ਨਾ ਕੀਤੀ। ਜਦੋਂ ਉਸ ਤੋਂ ਮੁੜ ਮੁੜ ਪੁਛਿਆ ਗਿਆ ਤਾਂ ਉਸ ਨੇ ਮੁਹੰਮਦ ਰਫੀ ਦੇ ਇਕ ਗੀਤ ‘ਓ ਦੁਨੀਆਂ ਕੇ ਰਖਵਾਲੇ, ਸੁਨ ਦਰਦ ਭਰੇ ਮੇਰੇ ਲਾਲੇ। ਜੀਵਨ ਅਪਨਾ ਵਾਪਸ ਲੇ ਲੇ, ਜੀਵਨ ਦੇਨੇ ਵਾਲੇ’ ਸੁਣਨ ਦੀ ਤਮੰਨਾ ਜਾਹਰ ਕੀਤੀ। ਇਸ ਉਪਰੰਤ ਜੇਲ੍ਹ ਵਿਚ ਟੇਪ ਰਿਕਾਰਡ ਦਾ ਪ੍ਰਬੰਧ ਕੀਤਾ ਗਿਆ ਤੇ ਮੁਹੰਮਦ ਰਫੀ ਦਾ ਰਾਗ ਦਰਬਾਰੀ ‘ਚ ਗਾਇਆ ਇਹ ਗੀਤ ਸੁਣਾ ਕੇ ਮੁਜਰਿਮ ਦੀ ਆਖਰੀ ਇੱਛਾ ਪੂਰੀ ਕੀਤੀ ਗਈ।
ਰਫੀ ਦੀ ਸ਼ਖਸੀਅਤ ਵਿਚ ਕਿਸ ਕਦਰ ਸਾਦਗੀ ਸੀ, ਜਿਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਹੀ ਲਾ ਸਕਦੇ ਹਾਂ ਕਿ ਫਿਲਮ ‘ਨਸੀਬ’ ਦੇ ਗੀਤ ‘ਚਲ ਚਲ ਮੇਰੇ ਭਾਈ’ ਦੀ ਰਿਕਾਰਡਿੰਗ ਉਪਰੰਤ ਉਨ੍ਹਾਂ ਆਪਣੇ ਘਰ ਆ ਕੇ ਬੇਟੇ ਸ਼ਾਹਿਦ ਰਫੀ ਨੂੰ ਪੁਰ ਜੋਸ਼ ਅੰਦਾਜ਼ ਵਿਚ ਕਿਹਾ ਕਿ ਬੇਟਾ ਤੈਨੂੰ ਪਤਾ ਹੈ ਕਿ ਅੱਜ ਮੈਂ ਆਪਣਾ ਇਕ ਗੀਤ ਅਮਿਤਾਭ ਬੱਚਨ ਨਾਲ ਰਿਕਾਰਡ ਕਰਵਾ ਕੇ ਆਇਆ ਹਾਂ। ਰਫੀ ਦੇ ਦਿਲ ਵਿਚ ਅਮਿਤਾਭ ਬੱਚਨ ਦੀ ਬੇਹੱਦ ਕਦਰ ਸੀ।
ਮੁਹੰਮਦ ਰਫੀ ਦੇ ਹਿੱਟ ਗੀਤਾਂ ਵਿਚੋਂ ਕੁਝ ਕੁ ਹਨ: ਯੇ ਦੁਨੀਆਂ ਯੇ ਮਹਿਫਿਲ ਮੇਰੇ ਕਾਮ ਕੀ ਨਹੀਂ; ਕਿਆ ਹੂਆ ਤੇਰਾ ਵਾਅਦਾ, ਵੋ ਕਸਮ ਵੋ ਇਰਾਦਾ; ਓ ਦੁਨੀਆਂ ਕੇ ਰਖਵਾਲੇ; ਦਿਲ ਦੀਯਾ ਦਰਦ ਲੀਆ; ਲਿਖੇ ਜੋ ਖਤ ਤੁਝੇ; ਐ ਮੁਹੱਬਤ ਜਿੰਦਾਬਾਦ; ਚਾਹੂੰਗਾ ਮੈਂ ਤੁਝੇ; ਆਦਮੀ ਮੁਸਾਫਿਰ ਹੈ; ਮੇਰੇ ਦੁਸ਼ਮਨ ਤੂ ਮੇਰੀ ਦੋਸਤੀ ਕੋ ਤਰਸੇ; ਯੇ ਜੁਲਫ ਅਗਰ ਖਿਲ ਕੇ; ਜਾਨ ਜਾਨੀ ਜਨਾਰਧਨ; ਨਫਰਤ ਕੀ ਦੁਨੀਆਂ ਕੋ ਛੋੜ ਕਰ; ਮੈਂ ਜੱਟ ਯਮਲਾ ਪਗਲਾ ਦੀਵਾਨਾ; ਪੱਥਰ ਕੇ ਸਨਮ; ਬਾਬੁਲ ਕੀ ਦੁਆਏਂ ਲੇਤੀ ਜਾ; ਚੌਧਵੀਂ ਕਾ ਚਾਂਦ ਹੋ; ਵਕਤ ਸੇ ਦਿਨ ਔਰ ਰਾਤ। ਕੁਝ ਪੰਜਾਬੀ ਗੀਤ ਹਨ: ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ; ਚਿੱਟੇ ਦੰਦ ਹੱਸਣੋਂ ਨਹੀਓਂ ਰਹਿੰਦੇ; ਦਾਣਾ ਪਾਣੀ ਖਿੱਚ ਲਿਆਉਂਦਾ। ਧਾਰਮਿਕ ਸ਼ਬਦ: ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ; ਨਾਨਕ ਨਾਮ ਜਹਾਜ ਹੈ; ਦੁੱਖ ਭੰਜਨ ਤੇਰਾ ਨਾਮ ਜੀ; ਜਿਸ ਕੇ ਸਿਰ ਉਪਰ ਤੂੰ ਸੁਆਮੀ; ਮੈਂ ਤੇਰੇ ਦਰ ਪੇ ਆਇਆ ਹੂੰ; ਯਾ ਖੁਦਾ ਸੋਈ ਕਿਸਮਤ ਜਗਾ ਦੇ; ਹਰ ਮੁਸਲਮਾਂ ਕੋ ਹਾਜੀ ਬਨਾ ਦੇ। ਰਫੀ ਦੇ ਇਹ ਸਾਰੇ ਗੀਤ ਜ਼ਬਰਦਸਤ ਹਿੱਟ ਰਹੇ।
ਰਫੀ ਨੇ ਛੇ ਫਿਲਮਫੇਅਰ ਅਵਾਰਡ ਅਤੇ ਇੱਕ ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕੀਤਾ ਸੀ। 1967 ਵਿਚ ਉਸ ਨੂੰ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਆਵਾਜ਼ ਦੀ ਦੁਨੀਆਂ ਦਾ ਇਹ ਮਹਾਨ ਸਿਤਾਰਾ (ਹਾਜੀ ਮੁਹੰਮਦ ਰਫੀ) 31 ਜੁਲਾਈ 1980 ਨੂੰ ਹਾਰਟ ਅਟੈਕ ਕਾਰਨ ਮੁੰਬਈ ਦੇ ਹਸਪਤਾਲ ਵਿਚ ਰਾਤੀਂ 10:20 ਵਜੇ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਤੇ ਗਾਇਕੀ ਦੀ ਦੁਨੀਆਂ ਵਿਚ ਇੱਕ ਅਜਿਹੀ ਖਲਾਅ ਪੈਦਾ ਕਰ ਗਿਆ ਜਿਸ ਦੀ ਪੂਰਤੀ ਹੋਣੀ ਮੁਮਕਿਨ ਨਹੀਂ। ਆਪਣੇ ਬੇ-ਮਿਸਾਲ ਗੀਤਾਂ ਤੇ ਲਾ-ਜਵਾਬ ਹੱਸ ਮੁੱਖ ਤੇ ਮਿਲਣ ਸਾਰ ਸ਼ਖਸੀਅਤ ਦੇ ਕਾਰਨ ਉਹ ਰਹਿੰਦੀ ਦੁਨੀਆਂ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਜਿੰਦਾ ਰਹਿਣਗੇ। ਸ਼ਾਇਦ ਇਸੇ ਲਈ ਮੁਹੰਮਦ ਰਫੀ ਨੇ ਆਪਣੇ ਗਾਏ ਗੀਤ ‘ਚ ਕਿਹਾ ਸੀ:
ਤੁਮ ਮੁਝੇ ਯੂ ਭੁਲਾ ਨਾ ਪਾਓਗੇ
ਜਬ ਕਭੀ ਭੀ ਸੁਨੋਗੇ ਗੀਤ ਮੇਰੇ
ਸੰਗ-ਸੰਗ ਤੁਮ ਭੀ ਗੁਨ-ਗੁਨਾਉਗੇ।