15 ਜੁਲਾਈ ਨੂੰ ਮਾਸਕੋ ਦੇ ਲੂਜ਼ਨੀਕੀ ਸਟੇਡੀਅਮ ਵਿਚ 21ਵੇਂ ਫੀਫਾ ਵਰਲਡ ਕੱਪ ਦਾ ਫਾਈਨਲ ਮੈਚ ਹੋਇਆ, ਜਿਸ ਵਿਚ ਫਰਾਂਸ ਅਤੇ ਕਰੋਸ਼ੀਆ ਦੀਆਂ ਟੀਮਾਂ ਭਿੜੀਆਂ। ਫਰਾਂਸ ਪਹਿਲਾਂ 1998 ਵਿਚ ਆਪਣੇ ਘਰ ਇਹ ਕੱਪ ਜਿੱਤ ਚੁਕਾ ਹੈ ਅਤੇ 2006 ਵਿਚ ਦੂਜੀ ਥਾਂ ਰਿਹਾ ਸੀ। ਕਰੋਸ਼ੀਆ 1991 ਵਿਚ ਯੂਗੋਸਲਾਵੀਆ ਤੋਂ ਵੱਖ ਹੋ ਕੇ ਕਰੋਸ਼ ਨਸਲ ਦੇ ਲੋਕਾਂ ਦਾ ਅਲੱਗ ਦੇਸ਼ ਬਣ ਗਿਆ। ਕਰੋਸ਼ੀਆ ਦੀ ਆਬਾਦੀ ਚਾਰ ਮਿਲੀਅਨ ਦੇ ਕਰੀਬ ਹੈ ਜੋ ਲਾਸ ਏਂਜਲਸ ਸ਼ਹਿਰ ਦੇ ਬਰਾਬਰ ਹੈ।
ਕਰੋਸ਼ੀਆ 1998 ਦੇ ਵਰਲਡ ਕੱਪ ਵਿਚ ਤੀਜੇ ਥਾਂ ਰਿਹਾ ਸੀ। ਇਸ ਮੈਚ ਬਾਰੇ ਅੰਦਾਜ਼ੇ ਫਰਾਂਸ ਦੇ ਪੱਖ ਵਿਚ ਸਨ ਪਰ ਜਦੋਂ ਮੈਚ ਸ਼ੁਰੂ ਹੋਇਆ ਤਾਂ ਪੰਦਰਾਂ ਮਿੰਟ ਤਕ ਕਰੋਸ਼ੀਆ ਦਾ ਖੇਡ ‘ਤੇ ਪੂਰਾ ਕੰਟਰੋਲ ਸੀ ਅਤੇ ਉਹ ਫਰਾਂਸ ਉਤੇ ਭਾਰੀ ਸੀ। ਪਰ ਮੈਚ ਦੇ 18ਵੇਂ ਮਿੰਟ ਵਿਚ ਫਰਾਂਸ ਨੂੰ ਇੱਕ ਫਰੀ ਕਿੱਕ ਮਿਲ ਗਈ, ਜੋ ਅੰਟੋਨੀਓ ਗਰੀਜ਼ਮੈਨ ਨੇ ਲਾਈ। ਇਸ ਸਪਿੰਨ ਨਾਲ ਮਾਰੀ ਕਿੱਕ ਨੂੰ ਕਰੋਸ਼ੀਆ ਦੇ ਮਾਰੀਓ ਮੰਡਜ਼ੁਕਿਕ ਨੇ ਸਿਰ ਮਾਰ ਕੇ ਆਪਣੇ ਹੀ ਗੋਲਾਂ ਵਿਚ ਗੋਲ ਕਰ ਲਿਆ। ਪਰ ਕਰੋਸ਼ੀਆ ਦੇ ਇਵਾਨ ਪ੍ਰੀਸਿਕ ਨੇ 28ਵੇਂ ਮਿੰਟ ਵਿਚ ਖੂਬਸੂਰਤ ਗੋਲ ਕਰਕੇ ਮੈਚ ਨੂੰ ਬਰਾਬਰ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਕਰੋਸ਼ੀਆ ਆਪਣਾ ਵਿਸ਼ਵਾਸ ਮਜ਼ਬੂਤ ਕਰਦਾ, ਫਰਾਂਸ ਦੇ ਗਰੀਜ਼ਮੈਨ ਨੇ ਪੈਨਲਟੀ ਕਿੱਕ ਲਾ ਕੇ ਦੂਜਾ ਗੋਲ ਕਰ ਦਿੱਤਾ। ਅੱਧੇ ਸਮੇਂ ਤਕ ਫਰਾਂਸ 2-1 ਨਾਲ ਅੱਗੇ ਸੀ।
ਜਦ ਮੈਚ ਦਾ ਦੂਜਾ ਅੱਧ ਸ਼ੁਰੂ ਹੋਇਆ ਤਾਂ ਫਰਾਂਸ ਦੀ ਟੀਮ ਤੇਜ਼ ਤਰਾਰ ਹੋ ਕੇ ਖੇਡਣ ਲੱਗੀ। ਉਸ ਦੇ ਖਿਡਾਰੀ ਪੌਲ ਪੋਗਬਾ ਨੇ 59ਵੇਂ ਅਤੇ ਕੇਲੀਅਨ ਮਬਾਪੇ ਨੇ 65ਵੇਂ ਮਿੰਟ ਵਿਚ ਗੋਲ ਕਰਕੇ ਕਰੋਸ਼ੀਆ ਦਾ ਹੌਂਸਲਾ ਤੋੜ ਦਿੱਤਾ। ਬਾਅਦ ਵਿਚ ਭਾਵੇਂ ਕਰੋਸ਼ੀਆ ਦੇ ਮਾਰੀਓ ਮੰਡਜ਼ੁਕਿਕ ਨੇ 69ਵੇਂ ਮਿੰਟ ਵਿਚ ਗੋਲ ਕਰਕੇ ਫਰਕ ਘਟਾ ਕੇ 4-2 ਕਰ ਦਿੱਤਾ ਪਰ ਉਹ ਫਰਾਂਸ ਅੱਗੇ ਟਿਕ ਨਾ ਸਕੇ। ਇਸ ਦੀ ਇਕ ਵਜ੍ਹਾ ਤਾਂ ਫਰਾਂਸ ਦੀ ਟੀਮ ਦਾ ਯੰਗ ਹੋਣਾ ਵੀ ਹੋਵੇਗਾ। ਕਰੋਸ਼ੀਆ ਦੀ ਟੀਮ ਨੇ ਫਾਈਨਲ ਤੋਂ ਪਹਿਲਾਂ ਤਿੰਨ ਮੈਚ ਵਾਧੂ ਸਮੇਂ ਵਿਚ ਜਿੱਤੇ ਸਨ, ਉਨ੍ਹਾਂ ‘ਤੇ ਵਾਧੂ ਖੇਡੇ 90 ਮਿੰਟ ਦੀ ਥਕਾਵਟ ਦਾ ਅਸਰ ਵੀ ਹੋਇਆ ਹੋਵੇਗਾ। ਪਰ ਖੇਡ ਵਿਚ ਕੋਈ ਬਹਾਨਾ ਨਹੀਂ, ਜਿੱਤ ਤਾਂ ਜਿੱਤ ਹੈ।
ਫਰਾਂਸ ਦਾ ਕੋਚ ਡੀਡੇਅਰ ਡਿਸਚੈਂਪ ਤੀਜਾ ਐਸਾ ਇਨਸਾਨ ਬਣ ਗਿਆ ਜੋ ਖਿਡਾਰੀ ਅਤੇ ਕੋਚ ਦੇ ਤੌਰ ‘ਤੇ ਵਰਲਡ ਕੱਪ ਜਿਤਿਆ ਹੋਵੇ। ਇਸ ਤੋਂ ਪਹਿਲਾਂ ਬ੍ਰਾਜ਼ੀਲ ਦਾ ਮਾਰੀਓ ਜ਼ਗਾਲੋ ਅਤੇ ਜਰਮਨੀ ਦਾ ਫ੍ਰੈਂਜ਼ ਬੇਕੇਨਬੋਅਰ ਹਨ।
ਇਹ ਵਰਲਡ ਕੱਪ 14 ਜੂਨ ਨੂੰ ਸ਼ੁਰੂ ਹੋਇਆ ਸੀ। ਇਸ ਦਾ ਉਦਘਾਟਨੀ ਮੈਚ ਮੇਜ਼ਬਾਨ ਰੂਸ ਅਤੇ ਸਾਊਦੀ ਅਰਬ ਵਿਚਕਾਰ ਹੋਇਆ ਸੀ। ਇਹ ਮੈਚ ਕੋਈ ਰੌਚਕਤਾ ਨਹੀਂ ਵਿਖਾ ਸਕਿਆ ਕਿਉਂਕਿ ਰੂਸ ਨੇ ਅਸਾਨੀ ਨਾਲ (5-0) ਇਹ ਮੈਚ ਜਿੱਤ ਲਿਆ ਸੀ। ਗਰੁਪ ਸਟੇਜ ਦੇ ਕੁਝ ਮੈਚਾਂ ਨੂੰ ਛੱਡ ਕੇ ਬਾਕੀ ਟੂਰਨਾਮੈਂਟ ਵਧੀਆ ਰਿਹਾ। ਸਪੇਨ ਅਤੇ ਪੁਰਤਗਾਲ ਦਾ ਮੈਚ ਰੌਚਕ ਸੀ, ਇਸ ਵਿਚ ਰੋਨਾਲਡੋ ਨੇ ਤਿੰਨ ਗੋਲ ਕੀਤੇ ਅਤੇ ਮੈਚ 3-3 ਦੇ ਸਕੋਰ ਨਾਲ ਖਤਮ ਹੋਇਆ।
ਸਭ ਨੂੰ ਹੈਰਾਨੀ ਉਦੋਂ ਹੋਈ ਜਦ ਪਿਛਲੇ ਵਰਲਡ ਕੱਪ ਦਾ ਜੇਤੂ ਜਰਮਨੀ ਮੈਕਸੀਕੋ ਨੂੰ ਹਰਾਉਣ ਪਿਛੋਂ ਸਵੀਡਨ ਨੂੰ ਮਸਾਂ ਜਿੱਤ ਸਕਿਆ ਅਤੇ ਦੱਖਣੀ ਕੋਰੀਆ ਤੋਂ ਹਾਰ ਕੇ ਟੂਰਨਾਮੈਂਟ ‘ਚੋਂ ਬਾਹਰ ਹੋ ਗਿਆ। ਇਸ ਤੋਂ ਪਹਿਲਾਂ 1998 ਦੇ ਚੈਂਪੀਅਨ ਫਰਾਂਸ, 2006 ਦੇ ਇਟਲੀ ਅਤੇ 2010 ਦੇ ਸਪੇਨ ਨਾਲ ਵੀ ਇਸ ਤਰ੍ਹਾਂ ਹੋ ਚੁਕਾ ਹੈ। ਅਫਰੀਕਾ ਅਤੇ ਏਸ਼ੀਆ ਦੀਆਂ 10 ਟੀਮਾਂ ਵਿਚੋਂ ਸਿਰਫ ਜਪਾਨ ਹੀ ਗਰੁਪ ਸਟੇਜ ਪਾਰ ਕਰ ਸਕਿਆ।
ਪ੍ਰੀ-ਕੁਆਟਰ ਫਾਈਨਲ ਵਿਚ ਮੈਸੀ ਦੀ ਅਰਜਨਟਾਈਨਾ, ਰੋਨਾਲਡੋ ਦੀ ਪੁਰਤਗਾਲ ਅਤੇ ਕੱਪ ਦੀ ਦਾਅਵੇਦਾਰ ਸਪੇਨ ਹਾਰ ਕੇ ਇਸ ਟੂਰਨਾਮੈਂਟ ਨੂੰ ਅਲਵਿਦਾ ਆਖ ਗਏ। ਕੁਆਟਰ ਫਾਈਨਲ ਵਿਚ ਬ੍ਰਾਜ਼ੀਲ ਦਾ ਬੈਲਜੀਅਮ ਤੋਂ ਹਾਰਨਾ ਵੀ ਹੈਰਾਨੀ ਵਾਲਾ ਸੀ। ਇਸ ਵਾਰ ਸੈਮੀ ਫਾਈਨਲ ਵਿਚ ਪਹੁੰਚੀਆਂ ਚਾਰੇ ਟੀਮਾਂ ਯੂਰਪ ਦੀਆਂ ਸਨ। ਫਰਾਂਸ ਅਤੇ ਇੰਗਲੈਂਡ ਇਹ ਕੱਪ ਪਹਿਲਾਂ ਵੀ ਇੱਕ-ਇੱਕ ਵਾਰ ਜਿੱਤ ਚੁਕੇ ਸਨ। ਫਰਾਂਸ ਅਤੇ ਬੈਲਜੀਅਮ ਦਾ ਸੈਮੀ ਫਾਈਨਲ ਮੈਚ ਬੜਾ ਰੌਚਕ ਸੀ। ਇਸ ਨੂੰ ਅਫਰੀਕਨ ਸੈਮੀ ਫਾਈਨਲ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਦੋਹਾਂ ਟੀਮਾਂ ਵਿਚ ਅਫਰੀਕਨ ਪਿਛੋਕੜ ਦੇ ਬਹੁਤ ਸਾਰੇ ਖਿਡਾਰੀ ਸਨ। ਫਰਾਂਸ ਦੀ ਟੀਮ ਦੇ 23 ਖਿਡਾਰੀਆਂ ਵਿਚੋਂ 14 ਦੇ ਪਿਉ (ਜਾਂ ਮਾਂ-ਪਿਉ ਦੋਵੇਂ) ਅਫਰੀਕਾ ਦੇ ਜੰਮਪਲ ਸਨ। ਇਸੇ ਤਰ੍ਹਾਂ ਬੈਲਜੀਅਮ ਦੇ 9 ਖਿਡਾਰੀ ਸਨ। ਬੈਲਜੀਅਮ ਦੀ ਆਪਣੀ ਕੋਈ ਇੱਕ ਭਾਸ਼ਾ ਨਹੀਂ ਹੈ, ਉਥੋਂ ਦੇ ਲੋਕ ਆਪਣੇ ਗੁਆਂਢੀ ਦੇਸ਼ਾਂ ਦੀ ਭਾਸ਼ਾ ਬੋਲਦੇ ਹਨ, ਜਿਵੇਂ ਫਰੈਂਚ, ਡੱਚ ਅਤੇ ਜਰਮਨ। ਫਰਾਂਸ ਨੇ ਇਹ ਮੈਚ 1-0 ਨਾਲ ਜਿੱਤ ਕੇ ਫਾਈਨਲ ਵਿਚ ਪਰਵੇਸ਼ ਕੀਤਾ। ਇਸੇ ਤਰ੍ਹਾਂ ਦੂਜੇ ਸੈਮੀ ਫਾਈਨਲ ਵਿਚ ਕਰੋਸ਼ੀਆ ਵਾਧੂ ਸਮੇਂ ਵਿਚ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫਾਈਨਲ ਵਿਚ ਪਹੁੰਚਿਆ।
ਤੀਜੇ ਸਥਾਨ ਲਈ ਹੋਏ ਮੈਚ ਵਿਚ ਬੈਲਜੀਅਮ ਨੇ 2-0 ਨਾਲ ਇੰਗਲੈਂਡ ‘ਤੇ ਜਿੱਤ ਪ੍ਰਾਪਤ ਕੀਤੀ। ਇਸ ਵਰਲਡ ਕੱਪ ਦੇ ਬੈਸਟ ਪਲੇਅਰ ਦਾ ਗੋਲਡਨ ਬਾਲ ਦਾ ਇਨਾਮ ਕਰੋਸ਼ੀਆ ਦੇ ਲੁਕਾ ਮੌਡਰਿਕ ਨੂੰ ਮਿਲਿਆ ਅਤੇ ਸਭ ਤੋਂ ਵੱਧ (6) ਗੋਲ ਕਰਨ ਵਾਲੇ ਇੰਗਲੈਂਡ ਦੇ ਹੈਰੀ ਕੇਨ ਨੂੰ ਗੋਲਡਨ ਬੂਟ ਦੀ ਟਰਾਫੀ ਮਿਲੀ। ਫਰਾਂਸ ਦੇ ਕੇਲੀਅਨ ਮਬਾਪੇ ਨੂੰ ਯੰਗ ਪਲੇਅਰ ਅਤੇ ਬੈਲਜੀਅਮ ਦੇ ਥੀਬੋਟ ਕੋਰਟਿਸ ਨੂੰ ਬੈਸਟ ਗੋਲਕੀਪਰ ਚੁਣਿਆ ਗਿਆ। ਸਪੇਨ ਦੀ ਟੀਮ ਨੂੰ ਸਾਫ ਸੁਥਰੀ ਖੇਡ ਲਈ ਫੇਅਰ ਪਲੇਅ ਸਨਮਾਨ ਦਿੱਤਾ ਗਿਆ।
ਇਸ ਟੂਰਨਾਮੈਂਟ ਵਿਚ ਕੁੱਲ 169 ਗੋਲ ਕੀਤੇ ਗਏ, ਜਿਨ੍ਹਾਂ ਵਿਚੋਂ 70 ਗੋਲ ਸੈਟ ਪਲੇਅ ਨਾਲ ਹੋਏ ਅਤੇ 12 ਗੋਲ ਆਪਣੀ ਹੀ ਟੀਮ ਸਿਰ (ੌੱਨ ਘੋਅਲ) ਕੀਤੇ। ਇਸ ਵਾਰ ਖੇਡ ਸਾਫ ਸੁਥਰੀ ਰਹੀ, ਸਿਰਫ ਚਾਰ ਖਿਡਾਰੀਆਂ ਨੂੰ ਰੈਡ ਕਾਰਡ ਮਿਲਣ ਤੇ ਮੈਦਾਨ ‘ਚੋਂ ਬਾਹਰ ਜਾਣਾ ਪਿਆ। ਵੀਡੀਓ ਅਸਿਸਟੈਂਟ ਰੈਫਰੀ (ੜA੍ਰ) ਦਾ ਵਿਰੋਧ ਵੀ ਹੋਇਆ ਪਰ ਇਹ ਸਿਸਟਮ ਕਾਮਯਾਬ ਰਿਹਾ ਅਤੇ ਭਵਿੱਖ ਵਿਚ ਵੀ ਇਸਤੇਮਾਲ ਹੋਵੇਗਾ।
21ਵੇਂ ਵਰਲਡ ਕੱਪ ਵਿਚ ਸਭ ਤੋਂ ਵੱਧ ਦੌੜਨ ਵਾਲਾ ਖਿਡਾਰੀ ਕਰੋਸ਼ੀਆ ਦਾ ਇਵਾਨ ਪ੍ਰੀਸਿਕ ਸੀ ਜੋ ਸੱਤ ਮੈਚਾਂ ਵਿਚ 72.5 ਕਿਲੋਮੀਟਰ ਦੌੜਿਆ। ਕਰੋਸ਼ੀਆ ਦੇ ਹੀ ਲੁਕਾ ਮੌਡਰਿਕ ਅਤੇ ਰੈਕਟਿਕ ਦੂਜੇ ਤੇ ਤੀਜੇ ਸਥਾਨ ‘ਤੇ ਰਹੇ। ਇਹ ਵਰਲਡ ਕੱਪ ਸਫਲ ਰਿਹਾ, ਰੂਸ ਤਾਰੀਫ ਦਾ ਹੱਕਦਾਰ ਹੈ। ਇੱਕੋ ਗਿਲਾ ਹੈ, ਛੇਤੀ ਮੁੱਕ ਗਿਆ।
ਪਰਦੀਪ, ਸੈਨ ਹੋਜੇ