ਮਿਸਾਲੀ ਆਗੂ ਹਰਕਿਸ਼ਨ ਸਿੰਘ ਸੁਰਜੀਤ

ਨਰਿੰਦਰ ਸਿੰਘ ਢਿੱਲੋਂ
ਫੋਨ: 403-616-4032
23 ਮਾਰਚ 1932 ਦਾ ਦਿਨ ਸੀ-ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸ਼ਹੀਦੀ ਦੀ ਪਹਿਲੀ ਬਰਸੀ। ਭਗਤ ਸਿੰਘ ਅਤੇ ਸਾਥੀਆਂ ਦੀ ਫਾਂਸੀ ਕਾਰਨ ਲੋਕਾਂ, ਖਾਸ ਕਰ ਨੌਜੁਆਨਾਂ ਵਿਚ ਰੋਹ ਸੀ। ਇਨ੍ਹੀਂ ਦਿਨੀਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਕਈ ਲਹਿਰਾਂ ਚੱਲ ਰਹੀਆਂ ਸਨ। ਇਹ ਲਹਿਰ ਵੀ ਚੱਲ ਰਹੀ ਸੀ ਕਿ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਤੋਂ ਅੰਗਰੇਜ਼ੀ ਝੰਡਾ (ਯੂਨੀਅਨ ਜੈਕ) ਲਾਹ ਕੇ ਤਿਰੰਗਾ ਲਹਿਰਾਇਆ ਜਾਵੇ,

ਜਿਸ ਕਰਕੇ ਇਨ੍ਹਾਂ ਦਫਤਰਾਂ ਦੁਆਲੇ ਪੁਲਿਸ ਦਾ ਘੇਰਾ ਸਖਤ ਸੀ। ਹੁਸ਼ਿਆਰਪੁਰ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ 16 ਸਾਲਾ ਨੌਜੁਆਨ ਪੁਲਿਸ ਨੂੰ ਝਕਾਨੀ ਦੇ ਕੇ ਬੜੀ ਫੁਰਤੀ ਨਾਲ ਦਫਤਰ ‘ਤੇ ਚੜ੍ਹ ਗਿਆ ਤੇ ਯੂਨੀਅਨ ਜੈਕ ਲਾਹ ਕੇ ਤਿਰੰਗਾ ਲਹਿਰਾ ਦਿੱਤਾ। ਪੁਲਿਸ ਨੇ ਤਾੜ-ਤਾੜ ਕਰਦੀਆਂ ਗੋਲੀਆਂ ਚਲਾਈਆਂ ਪਰ ਨੌਜੁਆਨ ਬਚ ਗਿਆ। ਉਸ ਨੂੰ ਫੜ੍ਹ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ।
ਜੱਜ ਨੇ ਪੁੱਛਿਆ, “ਤੇਰਾ ਨਾਂ ਕੀ ਹੈ?”
ਨੌਜੁਆਨ ਦਾ ਉਤਰ ਸੀ, “ਲੰਡਨ ਤੋੜ ਸਿੰਘ।”
ਜੱਜ: ਪਿਤਾ ਦਾ ਨਾਂ?
ਉਤਰ: ਗੁਰੂ ਗੋਬਿੰਦ ਸਿੰਘ।
ਜੱਜ: ਪਿੰਡ ਕਿਹੜਾ?
ਉਤਰ: ਅਨੰਦੁਪਰ ਸਾਹਿਬ।
ਜੱਜ ਨੇ ਛੇ ਮਹੀਨੇ ਕੈਦ ਦਾ ਹੁਕਮ ਸੁਣਾ ਦਿੱਤਾ ਤਾਂ ਨੌਜੁਆਨ ਨੇ ਮੁਸਕਰਾਉਂਦਿਆਂ ਕਿਹਾ, “ਬੱਸ, ਛੇ ਮਹੀਨੇ ਹੀ?”
ਜੱਜ: “ਇਕ ਸਾਲ।”
ਨੌਜੁਆਨ: “ਬੱਸ ਇਕੋ ਹੀ ਸਾਲ।”
ਜੱਜ: “ਦੋ ਸਾਲ, ਤੇ ਇਸ ਕੇਸ ਵਿਚ ਮੈਂ ਇਸ ਤੋਂ ਵੱਧ ਸਜ਼ਾ ਦੇ ਹੀ ਨਹੀਂ ਸਕਦਾ।”
ਇਹ ਨੌਜੁਆਨ ਬਾਅਦ ਵਿਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ (23 ਮਾਰਚ 1916-1 ਅਗਸਤ 2008) ਦੇ ਨਾਂ ਨਾਲ ਮਸ਼ਹੂਰ ਹੋਇਆ।
ਹਰਕਿਸ਼ਨ ਸਿੰਘ ਸੁਰਜੀਤ ਦਾ ਜਨਮ ਹਰਨਾਮ ਸਿੰਘ ਅਤੇ ਗੁਰਬਚਨ ਕੌਰ ਦੇ ਘਰ ਨਾਨਕੇ ਪਿੰਡ ਰੂਪੋਵਾਲ (ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ) ਵਿਚ ਹੋਇਆ। ਉਂਜ ਉਨ੍ਹਾਂ ਦਾ ਆਪਣਾ ਪਿੰਡ ਬੁੰਡਾਲਾ (ਜ਼ਿਲ੍ਹਾ ਜਲੰਧਰ) ਹੈ। ਉਸ ਦੇ ਪਿਤਾ ਖੁਦ ਦੇਸ਼ ਭਗਤ ਸਨ ਤੇ ਗਦਰ ਪਾਰਟੀ ਨਾਲ ਸਬੰਧਤ ਸਨ। ਉਹ ਅਕਾਲੀ ਲਹਿਰ ਵਿਚ ਹਿੱਸਾ ਲੈਂਦੇ ਰਹੇ ਸਨ। ਆਜ਼ਾਦੀ ਦੀ ਲਹਿਰ ਦੇ ਪ੍ਰਚਾਰ ਹਿਤ 1920 ਵਿਚ ਜਲੰਧਰ ਤੋਂ ਕੱਢੇ ਜਾ ਰਹੇ ਪਰਚੇ ‘ਦੇਸ਼ ਸੇਵਕ’ ਦੇ ਉਹ ਸੰਪਾਦਕ ਸਨ, ਜਿਸ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪਰਚਾ ਬੰਦ ਕਰਨ ਦਾ ਯਤਨ ਕੀਤਾ ਗਿਆ। ਸੁਰਜੀਤ ਦੇ ਪਿਤਾ ਦੀ ਗ੍ਰਿਫਤਾਰੀ ਪਿਛੋਂ ਜਿਹੜਾ ਸ਼ਖਸ ਵੀ ‘ਦੇਸ਼ ਸੇਵਕ’ ਦਾ ਸੰਪਾਦਕ ਬਣਦਾ, ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਜਿਸ ਕਰਕੇ ਪਰਚਾ ਬੰਦ ਕਰਨਾ ਪਿਆ। ਇਸ ਪਰਚੇ ਦੀ ਯਾਦ ਹਿੱਤ ਸੁਰਜੀਤ ਨੇ ਮਗਰੋਂ ਪਹਿਲੀ ਜਨਵਰੀ 1996 ਤੋਂ ਚੰਡੀਗੜ੍ਹ ਤੋਂ ‘ਰੋਜ਼ਾਨਾ ਦੇਸ਼ ਸੇਵਕ’ ਚਾਲੂ ਕੀਤਾ ਜੋ ਅੱਜ ਵੀ ਚੱਲ ਰਿਹਾ ਹੈ।
ਪਿਤਾ ਆਜ਼ਾਦੀ ਘੁਲਾਟੀਆ ਹੋਣ ਕਰਕੇ ਘਰ ਵਿਚ ਦੇਸ਼ ਭਗਤਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ ਜਿਸ ਕਰਕੇ ਸੁਰਜੀਤ ਨੂੰ ਆਜ਼ਾਦੀ ਲਈ ਘੋਲ ਦੀ ਪ੍ਰੇਰਨਾ ਘਰ ਤੋਂ ਹੀ ਮਿਲੀ। 1930 ਵਿਚ ਉਹ ਪਿੰਡ ਦੀ ਨੌਜੁਆਨ ਸਭਾ ਵਿਚ ਸ਼ਾਮਲ ਹੋ ਗਏ ਅਤੇ 1931 ਵਿਚ ਉਨ੍ਹਾਂ ਗਦਰੀ ਬਾਬਿਆਂ-ਕਰਮ ਸਿੰਘ ਚੀਮਾ ਅਤੇ ਭਾਗ ਸਿੰਘ ਕੈਨੇਡੀਅਨ ਦੀ ਅਗਵਾਈ ਵਿਚ ਆਪਣੇ ਪਿੰਡ ਵਿਚ ਜਲਸਾ ਕਰਵਾਇਆ। ਇਸ ਦੋਸ਼ ਵਿਚ ਉਨ੍ਹਾਂ ਨੂੰ ਪਿੰਡ ਦੇ ਹੀ ਖਾਲਸਾ ਸਕੂਲ ਵਿਚੋਂ ਕੱਢ ਦਿੱਤਾ ਗਿਆ। ਸਕੂਲ ਪ੍ਰਬੰਧਕਾਂ ਨੇ ਮੁੜ ਸਕੂਲ ਵਿਚ ਦਾਖਲ ਕਰਨ ਲਈ ਮੁਆਫੀ ਮੰਗਣ ਦੀ ਸ਼ਰਤ ਲਾ ਦਿੱਤੀ ਪਰ ਉਨ੍ਹਾਂ ਮੁਆਫੀ ਮੰਗਣ ਤੋਂ ਨਾਂਹ ਕਰ ਦਿੱਤੀ।
ਬਾਅਦ ਵਿਚ ਕੁਝ ਆਜ਼ਾਦੀ ਘੁਲਾਟੀਆਂ ਦੇ ਦਖਲ ਨਾਲ ਉਨ੍ਹਾਂ ਨੂੰ ਦੁਆਬਾ ਖਾਲਸਾ ਹਾਈ ਸਕੂਲ, ਜਲੰਧਰ ਦਾਖਲਾ ਮਿਲ ਗਿਆ। ਹੁਸ਼ਿਆਰਪੁਰ ਵਾਲੀ ਘਟਨਾ ਸਮੇਂ ਉਹ ਇਸੇ ਸਕੂਲ ਵਿਚ ਪੜ੍ਹਦੇ ਸਨ ਤੇ ਇਸ ਘਟਨਾ ਨੇ ਉਨ੍ਹਾਂ ਦੀ ਸੁਤੰਤਰਤਾ ਸੰਗਰਾਮੀਏ ਦੇ ਰੂਪ ਵਿਚ ਪਛਾਣ ਪੱਕੀ ਕਰ ਦਿੱਤੀ। ਇਸ ਘਟਨਾ ਸਮੇਂ ਦਸਵੀਂ ਦੇ ਸਾਲਾਨਾ ਪੇਪਰ ਦੇ ਚੁਕੇ ਸਨ, ਸਿਰਫ ਸਾਇੰਸ ਦਾ ਪ੍ਰੈਕਟੀਕਲ ਹੀ ਰਹਿੰਦਾ ਸੀ ਪਰ ਇਸ ਉਭਰ ਰਹੇ ਦੇਸ਼ ਭਗਤ ਨੇ ਸਾਇੰਸ (ਮਾਰਕਸਵਾਦ) ਦੀ ਐਸੀ ਪ੍ਰੀਖਿਆ ਦਿੱਤੀ ਜਿਸ ਵਿਚੋਂ ਉਹ ਪਹਿਲੀ ਕਤਾਰ ਦੇ ਪ੍ਰੀਖਿਆਰਥੀ ਵਜੋਂ ਪਾਸ ਹੋ ਕੇ ਪਹਿਲੀ ਅਗਸਤ 2008 ਨੂੰ 92 ਸਾਲ ਦੀ ਉਮਰੇ ਦੁਨੀਆਂ ਨੂੰ ਅਲਵਿਦਾ ਆਖ ਗਏ।
ਆਜ਼ਾਦੀ ਦੀ ਲੜਾਈ ਵਿਚ ਜਦ ਉਹ ਪਾਰਟੀ ਦਾ ਕੰਮ ਰੂਪੋਸ਼ ਹੋ ਕੇ ਕਰਦੇ ਸਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 1940 ਵਿਚ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਕੈਦ ਕੱਟਦਿਆਂ ਉਨ੍ਹਾਂ ਨੂੰ ਐਸੀ ਜਗ੍ਹਾ ਰਖਿਆ ਜਿਥੇ ਕਈ ਕਈ ਦਿਨ ਸੂਰਜ ਨਹੀਂ ਸੀ ਦੇਖਿਆ ਜਾ ਸਕਦਾ ਤੇ ਕੈਦੀਆਂ ਦੇ ਕਪੜਿਆਂ ਵਿਚ ਜੂੰਆਂ ਪੈ ਜਾਂਦੀਆਂ ਸਨ। ਇਹ ਮੁਸ਼ਕਿਲਾਂ ਵੀ ਉਨ੍ਹਾਂ ਦਾ ਹੌਸਲਾ ਨਾ ਤੋੜ ਸਕੀਆਂ। ਉਹ ਕੇਵਲ ਭਾਰਤ ਦੀ ਆਜ਼ਾਦੀ ਲਈ ਘੁਲਾਟੀਏ ਨਹੀਂ ਸਨ, ਉਹ ਕੌਮਾਂਤਰੀ ਪੱਧਰ ਦੇ ਕਿਰਤੀ ਲੋਕਾਂ ਦੀ ਆਜ਼ਾਦੀ ਲਈ ਸੰਗਰਾਮੀਆਂ ਵਿਚੋਂ ਇਕ ਸਨ। ਉਹ ਦੁਨੀਆਂ ਭਰ ਦੇ ਕਮਿਊਨਿਸਟ ਆਗੂਆਂ ਵਿਚ ਪਹਿਲੀ ਕਤਾਰ ਦੇ ਆਗੂ ਸਨ ਅਤੇ ਉਹ ਮਾਰਕਸਵਾਦ-ਲੈਨਿਨਵਾਦ ਦੇ ਸਿਧਾਂਤਕ ਪੈਂਤੜਿਆਂ ‘ਤੇ ਚਲਦਿਆਂ ਦੁਨੀਆਂ ਭਰ ਵਿਚ ਵੱਖ-ਵੱਖ ਸਮੱਸਿਆਵਾਂ ਤੇ ਕੁਰਾਹਿਆਂ ਨਾਲ ਨਜਿੱਠਣ ਲਈ ਦਾਅ-ਪੇਚ ਘੜਨ ਦੇ ਉਸਤਾਦ ਗਿਣੇ ਜਾਂਦੇ ਸਨ। ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਦਲੀਲ ਨਾਲ ਬੁਰੀ ਤਰ੍ਹਾਂ ਪਛਾੜ ਦਿੰਦੇ ਸਨ, ਇਸੇ ਕਰਕੇ ਭਾਰਤ ਵਿਚ ਭਾਵੇਂ ਕਿਸੇ ਵੀ ਪਾਰਟੀ ਦੀ ਕੇਂਦਰ ਸਰਕਾਰ ਹੁੰਦੀ ਸੀ, ਜਦ ਵੀ ਕਦੇ ਕੌਮੀ ਜਾਂ ਕੌਮਾਂਤਰੀ ਮੁੱਦਿਆਂ ‘ਤੇ ਉਲਝਣ ਮਹਿਸੂਸ ਹੁੰਦੀ ਤਾਂ ਕਾਮਰੇਡ ਸੁਰਜੀਤ ਦੀ ਸਲਾਹ ਲਈ ਜਾਂਦੀ ਸੀ। ਰਾਜ ਕਰ ਰਹੀ ਪਾਰਟੀ ਨਾਲ ਸਿਆਸੀ ਮਤਭੇਦ ਹੋਣ ਦੇ ਬਾਵਜੂਦ ਉਹ ਦੇਸ਼ ਹਿੱਤ ਵਿਚ ਵਿਚਾਰ-ਵਟਾਂਦਰਾ ਕਰਨ ਤੋਂ ਕਦੇ ਪਾਸਾ ਨਹੀਂ ਸਨ ਵਟਦੇ।
1987 ਵਿਚ ਮਾਸਕੋ ਵਿਚ ਸੋਵੀਅਤ ਰੂਸ ਦੀ ਅਕਤੂਬਰ ਇਨਕਲਾਬ ਦੀ 70ਵੀਂ ਵਰ੍ਹੇਗੰਢ ਮੌਕੇ ਉਨ੍ਹਾਂ ਮਿਖਾਈਲ ਗੋਰਬਾਚੋਵ ਨੂੰ ਸਾਫ ਕਹਿ ਦਿੱਤਾ ਸੀ ਕਿ ਉਸ ਵੱਲੋਂ ਪੇਸ਼ ਥੀਸਿਸ ਦਰੁਸਤ ਨਹੀਂ ਹੈ ਤੇ ਇਹ ਥੀਸਿਸ ਸੋਵੀਅਤ ਯੂਨੀਅਨ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਲਈ ਮਾਰੂ ਸਾਬਤ ਹੋਵੇਗਾ। ਇਹ ਥੀਸਿਸ ਮਾਰਕਸਵਾਦ-ਲੈਨਿਨਵਾਦ ਦੇ ਸਿਧਾਂਤ ਦੇ ਉਲਟ ਹੈ। ਉਸ ਵਕਤ ਸੋਵੀਅਤ ਰੂਸ ਦੇ ਕਈ ਲੀਡਰਾਂ ਨੇ ਇਸ ਆਲੋਚਨਾ ਦਾ ਬੁਰਾ ਮਨਾਇਆ ਪਰ ਕਾਮਰੇਡ ਸੁਰਜੀਤ ਦੀ ਕਹੀ ਗੱਲ ਬਾਅਦ ਵਿਚ ਸੱਚ ਸਾਬਤ ਹੋਈ।
ਕਾਮਰੇਡ ਸੁਰਜੀਤ 1934 ਵਿਚ ਭਰ ਜੁਆਨੀ ਵੇਲੇ ਭਾਰਤੀ ਕਮਿਊਨਿਸਟ ਪਾਰਟੀ ‘ਚ ਸ਼ਾਮਲ ਹੋਏ ਅਤੇ ਪਾਰਟੀ ਵਿਚ ਕੰਮ ਕਰਦਿਆਂ ਉਨ੍ਹਾਂ ਆਪਣਾ ਕਾਰਜ ਖੇਤਰ ਕਿਸਾਨੀ ਨੂੰ ਚੁਣਿਆ। ਉਹ ਸਮਝਦੇ ਸਨ ਕਿ ਕਿਸਾਨੀ ਦੇ ਜਥੇਬੰਦ ਹੋਣ ਨਾਲ ਹੋਰ ਵਰਗਾਂ ਨੂੰ ਜਥੇਬੰਦ ਕਰਨਾ ਆਸਾਨ ਹੋ ਜਾਂਦਾ ਹੈ। ਇਸ ਨਾਲ ਆਜ਼ਾਦੀ ਦੀ ਲੜਾਈ ਵਿਚ ਆਮ ਲੋਕਾਂ ਦੀ ਸ਼ਮੂਲੀਅਤ ਸੌਖੀ ਹੋ ਸਕਦੀ ਸੀ। ਇਸ ਕਰਕੇ 1936 ਵਿਚ ਕੁਲ ਹਿੰਦ ਕਿਸਾਨ ਸਭਾ ਦੀ ਨੀਂਹ ਰੱਖੀ ਗਈ ਜਿਸ ਵਿਚ ਉਹ ਸਾਧਾਰਨ ਵਰਕਰ ਤੋਂ ਲੈ ਕੇ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਵੀ ਰਹੇ।
ਭਾਰਤ ਦੀ ਆਜ਼ਾਦੀ ਸੰਗਰਾਮ ਵਿਚ ਉਹ ਜਿਥੇ ਜੋਸ਼ ਤੋਂ ਕੰਮ ਲੈਂਦੇ, ਉਥੇ ਆਪਣੀ ਹੋਸ਼ ਨੂੰ ਹੋਰ ਤਿੱਖਾ ਕਰਨ ਲਈ ਕਿਤਾਬਾਂ ਬਹੁਤ ਪੜ੍ਹਦੇ ਸਨ। ਇਸ ਕਰਕੇ ਜੇਲ੍ਹ ਦੀਆਂ ਸੀਖਾਂ ਵੀ ਉਨ੍ਹਾਂ ਦਾ ਮਨੋਬਲ ਤੋੜ ਨਾ ਸਕੀਆਂ। 1947 ਦੀ ਹਿੰਦ-ਪਾਕਿਸਤਾਨ ਵੰਡ ਮੌਕੇ ਜੋ ਦੁਖਾਂਤ ਵਾਪਰਿਆ, ਉਸ ਦਾ ਕਾਮਰੇਡ ਸੁਰਜੀਤ ਦੇ ਦਿਲ ਦਿਮਾਗ ‘ਤੇ ਡੂੰਘਾ ਸਦਮਾ ਰਿਹਾ। ਉਹ ਦ੍ਰਿੜ ਸਨ ਕਿ ਭਾਰਤ ਇਕ ਦੇਸ਼ ਰਹਿਣ ਵਿਚ ਲੋਕਾਂ ਦਾ ਭਲਾ ਹੈ। ਉਨ੍ਹਾਂ ਧਰਮ ਦੇ ਨਾਂ ‘ਤੇ ਰਾਜਨੀਤੀ ਕਰਨ ਵਾਲੀਆਂ ਤਾਕਤਾਂ ਤੇ ਫਿਰਕਾਪ੍ਰਸਤੀ ਫੈਲਾ ਕੇ ਲੋਕਾਂ ਵਿਚ ਫੁੱਟ ਪਾਉਣ ਤੇ ਕਤਲੋਗਾਰਤ ਕਰਨ ਵਾਲੀਆਂ ਤਾਕਤਾਂ ਦਾ ਵਿਰੋਧ ਕੀਤਾ।
ਆਜ਼ਾਦੀ ਪਿਛੋਂ ਖੁਸ਼ਹੈਸੀਅਤ ਟੈਕਸ ਵਿਰੁਧ ਘੋਲ ਵਿਚ ਕਾਮਰੇਡ ਸੁਰਜੀਤ ਦਾ ਅਹਿਮ ਯੋਗਦਾਨ ਸੀ ਜਿਸ ਨੇ ਪ੍ਰਤਾਪ ਸਿੰਘ ਕੈਰੋਂ ਵਰਗੇ ਮੁੱਖ ਮੰਤਰੀ ਨੂੰ ਵੀ ਝੁਕਾਅ ਦਿੱਤਾ ਸੀ। ਆਪਣੀ ਤੇਜ਼ ਸਮਝ ਤੇ ਸਿਆਣਪ, ਮਾਰਕਸਵਾਦੀ ਸਿਧਾਂਤ ਅਨੁਸਾਰ ਢੁਕਵੇਂ ਦਾਅ-ਪੇਚ ਘੜਨ ਵਿਚ ਮੁਹਾਰਤ ਅਤੇ ਅਣਥੱਕ ਮਿਹਨਤੀ ਹੋਣ ਕਰਕੇ ਉਹ 1954 ਵਿਚ ਕਮਿਊਨਿਸਟ ਪਾਰਟੀ ਦੀ ਪੋਲਿਟ ਬਿਊਰੋ ਦੇ ਮੈਂਬਰ ਬਣ ਗਏ। ਉਹ ਅੰਤ ਤਕ ਪੋਲਿਟ ਬਿਊਰੋ ਮੈਂਬਰ ਤਾਂ ਰਹੇ ਹੀ, ਲੰਮਾ ਸਮਾਂ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਵੀ ਰਹੇ।
ਪੰਜਾਬੀ ਸੂਬੇ ਦੀ ਲਹਿਰ ਸਮੇਂ ਇਸ ਲਹਿਰ ਨੂੰ ਇਕ ਧਰਮ ਨਾਲ ਜੋੜਨ ਦਾ ਵਿਰੋਧ ਕਰਦਿਆਂ ਸੂਬੇ ਦਾ ਆਧਾਰ ਭਾਸ਼ਾ ਨੂੰ ਹੀ ਬਣਾਉਣ ‘ਤੇ ਜ਼ੋਰ ਦਿੱਤਾ ਅਤੇ ਕੇਂਦਰ ਦੀ ਬਦਨੀਤੀ ਕਾਰਨ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਤੋਂ ਬਾਹਰ ਰੱਖਣ ਦਾ ਵਿਰੋਧ ਕੀਤਾ। 1975 ਵਿਚ ਇੰਦਰਾ ਗਾਂਧੀ ਵੱਲੋਂ ਲਾਗੂ ਕੀਤੀ ਐਮਰਜੈਂਸੀ ਦਾ ਪਾਰਟੀ ਸਮੇਤ ਡਟਵਾਂ ਵਿਰੋਧ ਕੀਤਾ।
ਭਾਰਤੀ ਰਾਜਨੀਤੀ ਕਈ ਪੜਾਵਾਂ ਵਿਚੋਂ ਗੁਜ਼ਰਦੀ ਰਹੀ ਹੈ। ਜਦੋਂ ਭਾਜਪਾ ਦੀ ਅਗਵਾਈ ਵਿਚ ਫਿਰਕਾਪ੍ਰਸਤੀ ਨੇ ਸਿਰ ਚੁਕਿਆ ਹੈ, ਇਸ ਦਾ ਟਾਕਰਾ ਕਰਨ ਲਈ ਕਾਮਰੇਡ ਸੁਰਜੀਤ ਨੇ ਸਾਰੀਆਂ ਖੱਬੀਆਂ, ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਨੂੰ ਇਕੱਠੇ ਹੋਣ ਦਾ ਹੋਕਾ ਦਿੱਤਾ। ਉਨ੍ਹਾਂ ਦੀ ਇਸ ਗੱਲ ‘ਤੇ ਕਈ ਆਗੂਆਂ ਨੇ ਆਲੋਚਨਾ ਵੀ ਕੀਤੀ ਪਰ ਉਹ ਆਪਣੇ ਨਿਸ਼ਚੇ ‘ਤੇ ਡਟੇ ਰਹੇ। ਭਾਜਪਾ ਦੀ ਫਿਰਕੂ ਕਾਰਜਸ਼ੈਲੀ ਕਰਕੇ ਛੇਤੀ ਹੀ ਉਨ੍ਹਾਂ ਦੇ ਆਲੋਚਕਾਂ ਦਾ ਭਰਮ ਦੂਰ ਹੋ ਗਿਆ।
ਆਪਣੀ 92 ਸਾਲ ਦੀ ਜ਼ਿੰਦਗੀ ਵਿਚੋਂ 76 ਸਾਲ ਲੋਕਾਂ ਦੇ ਲੇਖੇ ਲਾਉਣ ਵਾਲੇ ਕਾਮਰੇਡ ਸੁਰਜੀਤ ਰਾਜ ਸਭਾ ਦੇ ਮੈਂਬਰ ਵੀ ਰਹੇ। ਉਨ੍ਹਾਂ ਨੂੰ ਪੰਜਾਬ ਵਿਚ 1967 ਵਿਚ ਸਾਂਝੇ ਫਰੰਟ ਦੀ ਸਰਕਾਰ ਦਾ ਸਰਪ੍ਰਸਤ ਬਣਾਇਆ ਗਿਆ। ਉਦੋਂ ਸੀ. ਪੀ. ਆਈ. ਨੇਤਾ ਸਤਪਾਲ ਡਾਂਗ ਖੁਰਾਕ ਤੇ ਸਪਲਾਈ ਮੰਤਰੀ ਸਨ। ਥੋੜ੍ਹਾ ਸਮਾਂ ਚੱਲੀ ਇਸ ਸਰਕਾਰ ਨੇ ਕਿਸਾਨਾਂ ਲਈ ਜੋ ਕਦਮ ਪੁੱਟੇ, ਉਹ ਅੱਜ ਤਕ ਕੋਈ ਵੀ ਸਰਕਾਰ ਨਹੀਂ ਪੁੱਟ ਸਕੀ। ਹਰਿਆਣਾ ਨਾਲ ਪਾਣੀ ਦੇ ਝਗੜੇ ਬਾਰੇ ਕਾਮਰੇਡ ਸੁਰਜੀਤ ਦੇ ਦਖਲ ਨਾਲ ਫੈਸਲਾ ਪੰਜਾਬ ਦੇ ਹੱਕ ਵਿਚ ਹੋ ਗਿਆ ਸੀ ਪਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਦਨੀਤੀ ਕਾਰਨ ਫੈਸਲੇ ‘ਤੇ ਸਹੀ ਪਾਉਣ ਲਈ ਤਿਆਰ ਕੀਤਾ ਖਰੜਾ ਅੰਤ ਬਦਲ ਦਿੱਤਾ ਗਿਆ ਜਿਸ ਦਾ ਕਾਮਰੇਡ ਸੁਰਜੀਤ ਨੇ ਸਖਤ ਵਿਰੋਧ ਕੀਤਾ, ਫੈਸਲਾ ਫਿਰ ਅਟਕ ਗਿਆ।
ਪੰਜਾਬ ਵਿਚ ਅਤਿਵਾਦ ਦੇ ਦੌਰ ਵਿਚ ਜਿਥੇ ਉਨ੍ਹਾਂ ਅਤਿਵਾਦੀਆਂ ਤੇ ਦੇਸ਼ ਵਿਰੋਧੀ ਸ਼ਕਤੀਆਂ ਵਿਰੁਧ ਲਾਮਬੰਦੀ ਕੀਤੀ ਤੇ ਬਹੁਤ ਸਾਰੇ ਪਾਰਟੀ ਨੇਤਾਵਾਂ ਨੇ ਸ਼ਹੀਦੀਆਂ ਵੀ ਪਾਈਆਂ, ਉਥੇ ਉਨ੍ਹਾਂ ਕਾਂਗਰਸ ਪਾਰਟੀ ਵਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰਿਆਂ ਵਿਰੁਧ ਆਵਾਜ਼ ਉਠਾਈ ਤੇ ਇੰਦਰਾ ਗਾਂਧੀ ਦੀ ਪੰਜਾਬ ਵਿਰੋਧੀ ਨੀਤੀ ਨੂੰ ਲੋਕਾਂ ਵਿਚ ਨੰਗਿਆਂ ਕੀਤਾ। ਇਸ ਬਾਰੇ ਅਖਬਾਰਾਂ ਵਿਚ ਲੇਖ ਲਿਖੇ ਅਤੇ ਕਿਤਾਬਚੇ ਛਪਵਾਏ। 1984 ਵਿਚ ਆਪਰੇਸ਼ਨ ਬਲੂ ਸਟਾਰ ਸਮੇਂ ਦੀਆਂ ਅਖਬਾਰਾਂ ਗਵਾਹ ਹਨ ਕਿ ਜਦ ਬਾਕੀ ਸਿਆਸੀ ਪਾਰਟੀਆਂ ਦੇ ਨੇਤਾ ਚੁੱਪ ਕਰਕੇ ਅੰਦਰੀਂ ਲੁਕੇ ਹੋਏ ਸਨ ਤਾਂ ਕਾਮਰੇਡ ਸੁਰਜੀਤ ਨੇ ਆਪਰੇਸ਼ਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਨਾਲ ਅਤਿਵਾਦ ਹੋਰ ਵਧੇਗਾ ਤੇ ਪੰਜਾਬ ਦਾ ਹੋਰ ਨੁਕਸਾਨ ਹੋਵੇਗਾ।
ਪਿਛਲੀ ਸਦੀ ਦੇ ਅੰਤ ਵਿਚ ਜਦੋਂ ਕਾਂਗਰਸ ਦੀ ਸਰਦਾਰੀ ਟੁੱਟ ਗਈ ਤਾਂ ਗਠਜੋੜ ਸਰਕਾਰ ਦੇ ਦੌਰ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਵੀ. ਪੀ. ਸਿੰਘ, ਐਚ. ਡੀ. ਦੇਵਗੌੜਾ, ਇੰਦਰ ਕੁਮਾਰ ਗੁਜਰਾਲ ਤੇ ਡਾ. ਮਨਮੋਹਨ ਸਿੰਘ ਦੀਆਂ ਗਠਜੋੜ ਸਰਕਾਰਾਂ ਬਣਾਉਣ ਤੇ ਸਿਆਸੀ ਸੀਨ ਤੋਂ ਭਾਜਪਾ ਨੂੰ ਨਿਖੇੜਨ ਵਿਚ ਉਨ੍ਹਾਂ ਦੀ ਦੇਣ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹ ਜਿਥੇ ਚੰਗੇ ਬੁਲਾਰੇ, ਲੇਖਕ, ਆਪਣੀ ਗੱਲ ਕਹਿਣ ਵਿਚ ਨਿਧੜਕ ਅਤੇ ਪੁਸਤਕਾਂ ਪੜ੍ਹਨ ਵਿਚ ਰੁਚੀ ਰੱਖਣ ਵਾਲੇ ਸਨ, ਉਥੇ ਅੰਤ ਤਕ ਲੋਕ ਹਿੱਤ, ਕੌਮਪ੍ਰਸਤੀ, ਧਰਮ ਨਿਰਪੱਖਤਾ, ਸਮਾਜਵਾਦ, ਲੋਕ ਜਮਹੂਰੀ ਅਤੇ ਮਜ਼ਦੂਰ ਕੌਮਾਂਤਰੀਵਾਦ ‘ਤੇ ਪਹਿਰਾ ਦਿੰਦੇ ਰਹੇ। ਉਨ੍ਹਾਂ ਦੀ 10ਵੀਂ ਸਾਲਾਨਾ ਬਰਸੀ ਪਹਿਲੀ ਅਗਸਤ ਨੂੰ ਮਨਾਈ ਜਾ ਰਹੀ ਹੈ।