ਗੁਰਮਤਿ ਸੰਗੀਤ ਵਿਚ ਲੋਕ ਸੰਗੀਤ ਦਾ ਤੱਤ

ਤੀਰਥ ਸਿੰਘ ਢਿੱਲੋਂ
ਫੋਨ: 91-98154-61710
ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਛੇ ਗੁਰੂ ਸਾਹਿਬਾਨ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਅਤੇ ਚਾਰ ਗੁਰਸਿੱਖਾਂ ਦੀ ਬਾਣੀ 31 ਰਾਗਾਂ ਵਿਚ ਅੰਕਿਤ ਹੈ ਅਤੇ ਹਰ ਸ਼ਬਦ ਦੀ ਅਰੰਭਤਾ ਵਿਚ ਰਾਗ ਅਤੇ ਘਰ (ਤਾਲ) ਵੀ ਅੰਕਿਤ ਹੈ, ਉਥੇ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਦੇ ਹੋਏ ਇਕ ਮਹਾਨ ਪਰਉਪਕਾਰੀ ਕਾਰਜ ਰਾਹੀਂ, ਸੀਨਾ-ਬ-ਸੀਨਾ ਚੱਲੀਆਂ ਆ ਰਹੀਆਂ ਪੁਰਾਤਨ ਲੋਕ ਗਾਇਨ ਸ਼ੈਲੀਆਂ, ਰੀਤਾਂ, ਧੁਨਾਂ, ਵੰਨਗੀਆਂ ਅਤੇ ਬੰਦਿਸ਼ਾਂ ਨੂੰ ਵੀ ਢੁੱਕਵਾਂ ਸਥਾਨ ਦੇ ਕੇ ਜਿਥੇ ਗੁਰਮਤਿ ਸੰਗੀਤ ਨੂੰ ਹੋਰ ਸ਼ਾਨਾਮੱਤਾ ਸਥਾਨ ਦਿੱਤਾ, ਓਥੇ ਭਾਰਤੀ ਸ਼ਾਸਤਰੀ ਅਤੇ ਸੁਗਮ ਸੰਗੀਤ ਨੂੰ ਵੀ ਅਦੁੱਤੀ ਦੇਣ ਦਿੱਤੀ। ਗੁਰੂ ਅਰਜਨ ਦੇਵ ਤੀਖਣ ਸੰਗੀਤਕ ਸੂਝ ਅਤੇ ਪ੍ਰਤਿਭਾ ਦੇ ਮਾਲਕ ਸਨ ਜਿਨ੍ਹਾਂ ਨੇ ਜਿਥੇ ਆਪ ਕੀਰਤਨ ਕੀਤਾ, ਉਥੇ ਸਿੱਖ ਸੰਗਤ ਦੀ ਝੋਲੀ ਵਿਚ ਕੀਰਤਨ ਦੀ ਦਾਤ ਪਾਈ।

ਸ਼ੁੱਧ 31 ਰਾਗਾਂ ਤੋਂ ਇਲਾਵਾ, ਗੁਰੂ ਗ੍ਰੰਥ ਸਾਹਿਬ ਵਿਚ ਲੋਕ ਅੰਗ ਦੀਆਂ ਵੱਖ ਵੱਖ ਵੰਨਗੀਆਂ ਦੀ ਵਰਤੋਂ ਕੀਤੀ ਗਈ ਹੈ। ਅਜਿਹਾ ਕਰਦਿਆਂ ਗੁਰੂ ਸਾਹਿਬ ਨੇ ਗੁਰਬਾਣੀ ਅਧੀਨ ਲੋਕ ਕਾਵਿ ਵਿਧਾ ਨੂੰ ਇਕ, ਦੋ ਅਤੇ ਤਿੰਨ ਅੰਕ ਲਾ ਕੇ ਇਕ ਸੁੰਦਰ ਤਰਤੀਬ ਦਿੱਤੀ। ਗੁਰਬਾਣੀ ਵਿਚ ਛੰਤ, ਅਲਾਹੁਣੀਆਂ, ਘੋੜੀਆਂ, ਵਾਰਾਂ, ਮੁੰਦਾਵਣੀ, ਅੰਜੁਲੀ, ਰਾਮਕਲੀ ਸਦ ਆਦਿ ਪ੍ਰਚਲਿਤ ਸੰਗੀਤਕ ਵਿਧਾਵਾਂ ਦੀ ਗਾਇਨ ਪਰੰਪਰਾ ਨੂੰ ਸਥਾਪਤ ਕੀਤਾ ਗਿਆ ਹੈ। ਅਜਿਹਾ ਕਰਦੇ ਸਮੇਂ ਜਨ ਸਾਧਾਰਨ ਦੇ ਮਨੋ ਭਾਵਾਂ ਨੂੰ ਸੰਪੂਰਨ ਤੌਰ ਉਤੇ ਧਿਆਨ ਵਿਚ ਰੱਖਿਆ ਗਿਆ ਹੈ। ਨਾਲ ਹੀ ਲੋਕ ਗਾਇਨ ਸ਼ੈਲੀ ਦੇ ਇਨ੍ਹਾਂ ਰੂਪਾਂ ਨੂੰ ਰਾਗ, ਧੁਨ ਅਤੇ ਰਹਾਓ ਦੀ ਟੇਕ ਵੀ ਦਿੱਤੀ ਗਈ ਹੈ ਤਾਂਕਿ ਇਨ੍ਹਾਂ ਦੀ ਮਰਿਆਦਾ ਅਤੇ ਨਿਯਮਬੱਧਤਾ ਨੂੰ ਹਰ ਹਾਲ ਕਾਇਮ ਰੱਖਿਆ ਜਾ ਸਕੇ। ਹੁਣ ਇਨ੍ਹਾਂ ਲੋਕ ਸੰਗੀਤ ਦੇ ਗਾਇਨ ਅੰਗਾਂ ਦਾ ਕੁਝ ਜ਼ਿਕਰ ਕਰਦੇ ਹਾਂ।
ਛੰਤ: ਛੰਤ ਦਾ ਮੁੱਢਲਾ ਨਾਂ ਛੰਦ ਹੈ। ਇਹ ਗਾਇਨ ਵਿਧਾ ਵਿਆਹਾਂ ਸ਼ਾਦੀਆਂ ਆਦਿ ਖੁਸ਼ੀ ਦੇ ਮੌਕਿਆਂ ਨਾਲ ਜੁੜੀ ਹੋਈ ਹੈ। ਜਦੋਂ ਬਰਾਤਾਂ ਆਉਂਦੀਆਂ ਸਨ ਤਾਂ ਪਿੰਡ ਦੀਆਂ ਤ੍ਰੀਮਤਾਂ ਜਾਂਝੀਆਂ ਨੂੰ ਛੰਦ ਸੁਣਾਉਣ ਲਈ ਵੰਗਾਰ ਕੇ ਬਾਰਾਤ ਨੂੰ ਬੰਨ੍ਹ ਦਿੰਦੀਆਂ ਸਨ। ਛੰਦ ਸੁਣਨ ਤੋਂ ਬਾਅਦ ਹੀ ਬਾਰਾਤ ਨੂੰ ਅੱਗੇ ਪੈਰ ਧਰਨ ਦਿੱਤਾ ਜਾਂਦਾ ਸੀ। ਬਜ਼ੁਰਗਾਂ ਦੇ ਦੱਸਣ ਮੁਤਾਬਕ ਆਮ ਤੌਰ ‘ਤੇ ਵਿਆਹ ਮੌਕੇ ਲਾੜਾ ਆਪਣੀਆਂ ਸਾਲੀਆਂ ਨੂੰ ਖੁਦ ਛੰਦ ਸੁਣਾਉਂਦਾ ਸੀ। ਇਕ ਪੁਰਾਣੀ ਵੰਨਗੀ ਅਨੁਸਾਰ ਛੰਦ ਇਸ ਤਰ੍ਹਾਂ ਸ਼ੁਰੂ ਹੁੰਦਾ ਸੀ:
ਛੰਦ ਪਰਾਗੇ ਆਈਏ ਜਾਈਏ…
ਮਹਾਨ ਕੋਸ਼ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਪਦ ਕਾਵਿ ਨੂੰ ਛੰਤ ਕਿਹਾ ਜਾਂਦਾ ਹੈ। ਸੰਤ ਕਵੀ ਭਾਈ ਵੀਰ ਸਿੰਘ ਦੇ ਕਥਨ ਅਨੁਸਾਰ ਛੰਤ ਪ੍ਰਭੂ ਦੀ ਵਡਿਆਈ ਅਤੇ ਉਸਤਤ ਵਿਚ ਗਾਇਨ ਕੀਤਾ ਜਾਣ ਵਾਲਾ ਗੀਤ ਹੀ ਹੈ।
‘ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ’ (ਬਾਣੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ)।
ਗੁਰਬਾਣੀ ਵਿਚ ਦਰਜ ਛੰਤ ਮੂਲ ਲੋਕ ਕਾਵਿ ਕਲਾ ਦੀ ਸ਼ਬਦਾਵਲੀ, ਬਿੰਬਾਂ ਅਤੇ ਪ੍ਰਤੀਕਾਂ ਉਤੇ ਆਧਾਰਿਤ ਹੈ। ਸਿੱਖ ਪੰਥ ਵਿਚ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਸੁਖ ਆਸਨ ਕਰਨ ਸਮੇਂ ਮਰਿਆਦਾ ਮੁਤਾਬਕ ਇਸ ਛੰਤ ਦਾ ਗਾਇਨ ਕੀਤਾ ਜਾਂਦਾ ਹੈ:
‘ਜਿਥੈ ਜਾਇ ਬਹੈ ਮੇਰਾ ਸਤਿਗਰੂ ਸੋ ਥਾਨ ਸੁਹਾਵਾ ਰਾਮ ਰਾਜੇ’
ਗੁਰੂ ਰਾਮ ਦਾਸ ਵੱਲੋਂ ਰਚੇ ਗਏ ਅਨੇਕ ਛੰਤਾਂ ਦਾ ਆਸਾ ਜੀ ਕੀ ਵਾਰ ਵਿਚ ਰੋਜ਼ਾਨਾ ਗਾਇਨ ਹੁੰਦਾ ਹੈ। ਛੰਤ ਦੇ ਚਾਰ ਬੰਦ ਹੁੰਦੇ ਹਨ ਅਤੇ ਹਰ ਬੰਦ ਵਿਚ ਛੇ ਤੁਕਾਂ। ਗੁਰੂ ਨਾਨਕ ਦੇਵ, ਗੁਰੂ ਅਮਰ ਦਾਸ, ਗੁਰੂ ਰਾਮ ਦਾਸ ਤੇ ਗੁਰੂ ਅਰਜਨ ਦੇਵ, ਇਨ੍ਹਾਂ ਚਾਰ ਗੁਰੂ ਸਾਹਿਬਾਨ ਦੀ ਬਾਣੀ ਵਿਚ ਛੰਤ, ਗਉੜੀ ਪੂਰਬੀ, ਆਸਾ, ਵਡਹੰਸ, ਧਨਾਸਰੀ ਅਤੇ ਬਿਲਾਵਲ ਦੱਖਣੀ ਰਾਗਾਂ ਵਿਚ ਹਨ। ਭਾਰਤੀ ਸੰਗੀਤ ਵਿਚ ਛੰਤ ਨੂੰ ਆਮ ਕਰਕੇ ਪੀਲੂ ਅਤੇ ਖਮਾਜ ਰਾਗਾਂ ਵਿਚ ਗਾਇਨ ਕੀਤਾ ਜਾਂਦਾ ਹੈ।
ਵਾਰ: ਇਹ ਪੰਜਾਬ ਦੇ ਲੋਕ ਸੰਗੀਤ ਦਾ ਇਕ ਬਹੁ ਮੁੱਲਾ, ਪੁਰਾਤਨ ਅਤੇ ਅਭਿੰਨ ਅੰਗ ਹੈ। ਇਸ ਦਾ ਗਾਇਨ ਮੈਦਾਨ-ਏ-ਜੰਗ ਵਿਚ ਯੋਧਿਆਂ ਅੰਦਰ ਸੂਰਬੀਰਤਾ ਭਰਨ ਲਈ ਕੀਤਾ ਜਾਂਦਾ ਹੈ। ਇਸ ਦੇ ਗਾਇਕਾਂ ਨੂੰ ਢਾਡੀ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਵਾਰਾਂ ਦਾ ਮਕਸਦ ਪ੍ਰਾਣੀ ਨੂੰ ਪੰਜ ਵਿਕਾਰਾਂ ਦਾ ਟਕਰਾ ਕਰਨ ਲਈ ਆਤਮਿਕ ਤੌਰ ‘ਤੇ ਸੂਰਮਗਤੀ ਨਾਲ ਬਲਵਾਨ ਬਣਾਉਣਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 22 ਵਾਰਾਂ, ਇਨ੍ਹਾਂ ਰਾਗਾਂ ਵਿਚ ਦਰਜ ਹਨ- ਸਿਰੀ, ਮਾਝ, ਆਸਾ, ਬਿਹਾਗੜਾ, ਵਡਹੰਸ, ਸੋਰਠਿ, ਜੈਤਸਰੀ, ਸੂਹੀ, ਬਿਲਾਵਲ, ਬੰਸਤ, ਸਾਰੰਗ, ਮਲਹਾਰ, ਕਾਨ੍ਹੜਾ। ਇਸ ਤੋਂ ਇਲਾਵਾ ਇਕ ਇਕ ਵਾਰ ਗਉੜੀ-ਗੂਜਰੀ ਵਿਚ, ਦੋ ਮਾਰੂ ਰਾਗ ਵਿਚ ਅਤੇ ਤਿੰਨ ਰਾਮਕਲੀ ਰਾਗ ਵਿਚ ਦਰਜ ਹਨ। ਸਭ ਤੋਂ ਵਧ ਮਹੱਤਵਪੂਰਨ ਆਸਾ ਦੀ ਵਾਰ ਜੋ ਕੀਰਤਨ ਦਾ ਅਨਿੱਖੜਵਾਂ ਅੰਗ ਹੈ। ‘ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ’ ਦੇ ਸਿਰਲੇਖ ਹੇਠ ਇਕ ਵਾਰ ਰਾਮਕਲੀ ਵਾਰ ਵਿਚ ਅੰਕਿਤ ਹੈ।
ਅਲਾਹੁਣੀਆ: ਇਹ ਰੁਦਰ ਸੰਗੀਤ ਦਾ ਬਿਹਤਰੀਨ ਨਮੂਨਾ ਹੈ। ਕਿਸੇ ਪ੍ਰਾਣੀ ਦੇ ਚਲਾਣਾ ਕਰ ਜਾਣ ਉਤੇ ਬੀਬੀਆਂ ਵੈਣ ਪਾਉਂਦੀਆਂ ਸਨ। ਗੁਰਮਤਿ ਨੇ ਇਸ ਤੋਂ ਮਨ੍ਹਾ ਕਰਦਿਆਂ ਜੀਵ ਆਤਮਾ ਦੇ ਪ੍ਰਭੂ ਨਾਲ ਮਿਲਾਪ ਲਈ ਵਿਰਲਾਪ ਕਰਨ ਵਾਸਤੇ ਇਸ ਸੋਗ ਮਈ ਵਿਧਾ ਦਾ ਪ੍ਰਚਲਨ ਸ਼ੁਰੂ ਕੀਤਾ। ਗੁਰਬਾਣੀ ਸੰਗੀਤ ਵਿਚ ਅਲਾਹੁਣੀ ਦੇ ਚਾਰ ਬੰਦ ਅਤੇ ਹਰ ਬੰਦ ਦੀਆਂ ਛੇ ਤੁਕਾਂ ਹੁੰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿਚ 9 ਅਲਾਹੁਣੀਆਂ ਹਨ, ਜਿਨ੍ਹਾਂ ਵਿਚੋਂ 5 ਗੁਰੂ ਨਾਨਕ ਦੇਵ ਵੱਲੋਂ ਅਤੇ ਚਾਰ ਗੁਰੂ ਅਮਰ ਦਾਸ ਜੀ ਵੱਲੋਂ ਉਚਾਰੀਆਂ ਗਈਆਂ ਹਨ। ਇਸੇ ਤਰ੍ਹਾਂ ਬਾਬਾ ਸੁੰਦਰ ਜੀ ਦੀ ਰਚਨਾ ਰਾਮਕਲੀ ਸਦ ਦਾ ਵੀ ਮ੍ਰਿਤਕ ਦੇ ਭੋਗ ਸਮੇਂ ਪਾਠ ਕੀਤਾ ਜਾਂਦਾ ਹੈ।
ਮੁੰਦਾਵਣੀ: ਮੁੰਦਾਵਣੀ ਪੋਠੋਹਾਰ ਦਾ ਇਕ ਗੀਤ ਹੈ। ਇਸ ਦਾ ਸ਼ਬਦੀ ਅਰਥ ਬੁਝਾਰਤ ਹੈ। ਇਸ ਰਾਹੀਂ, ਥਾਲ ਵਿਚ ਪਈਆਂ ਤਿੰਨ ਵਸਤਾਂ ਸੱਤ, ਸੰਤੋਖ ਅਤੇ ਅਮ੍ਰਿਤ ਰੂਪੀ ਨਾਮ ਨੂੰ ਧਾਰਨ ਕਰਨ ਦੀ ਤਾਕੀਦ ਕੀਤੀ ਗਈ ਹੈ। ਗੁਰਬਾਣੀ ਦੀ ਮੁੰਦਾਵਣੀ ਰੂਹਾਨੀ ਬੁਝਾਰਤ ਹੈ ‘ਜੋ ਬੁਝ ਗਿਆ ਸੋ ਤਰ ਗਿਆ’।
ਅੰਜੁਲੀ: ਗੁਰੂ ਨਾਨਕ ਦੇਵ ਦੀਆਂ ਮਾਰੂ ਰਾਗ ਵਿਚ ਦੋ ਅੰਜੁਲੀਆਂ ਦਰਜ ਹਨ, ਜਿਨ੍ਹਾਂ ਵਿਚ ਦਰਖਤ ਦੇ ਸਰੂਪ ਤੋਂ ਲੈ ਕੇ ਸੰਸਾਰ ਦੀ ਨਾਸ਼ਵਾਨਤਾ ਤੱਕ ਦਾ ਜ਼ਿਕਰ ਹੈ। ਅੰਜੁਲੀ ਦਾ ਸ਼ਬਦੀ ਅਰਥ ਡੰਡਉਤ ਬੰਦਨਾ ਹੁੰਦਾ ਹੈ।
ਘੋੜੀਆਂ: ਘੋੜੀਆਂ ਵੀ ਛੰਤ ਵਾਂਗ ਖੁਸ਼ੀ ਖਾਸ ਤੌਰ ‘ਤੇ ਸ਼ਗਨਾਂ ਵੇਲੇ ਗਾਈ ਜਾਣ ਵਾਲੀ ਸੰਗੀਤਕ ਵਿਧਾ ਹੈ। ਗੁਰਬਾਣੀ ਵਿਚ ਗੁਰੂ ਰਾਮਦਾਸ ਨੇ ਇਸ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦੀਆਂ ਰਾਗ ਵਡਹੰਸ ਵਿਚ ਦੋ ਘੋੜੀਆਂ ਦਰਜ ਹਨ। ਇਸ ਨੂੰ ਬਹੁਤ ਹੀ ਸਹਿਜ, ਰਸ ਭਰਪੂਰ ਅਤੇ ਲੰਮੇਰੀ ਹੇਕ ਨਾਲ ਲਮਕਾ ਕੇ ਗਾਇਨ ਕੀਤਾ ਜਾਵੇ ਤਾਂ ਆਲੌਕਿਕ ਸਮਾਂ ਬੱਝ ਜਾਂਦਾ ਹੈ। ਮੌਜੂਦਾ ਕੀਰਤਨਕਾਰਾਂ ਵਿਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੰਗੀਤ ਆਚਾਰੀਆ ਅਤੇ ਪ੍ਰਸਿਧ ਕੀਰਤਨਕਾਰ ਡਾ. ਜਸਬੀਰ ਕੌਰ ਨੂੰ ਇਸ ਸੰਗੀਤਕ ਵਿਧਾ ਵਿਚ ਬਹੁਤ ਪ੍ਰਬੀਨਤਾ ਹਾਸਲ ਹੈ। ਪੰਥ ਦੇ ਮਹਾਨ ਰਾਗੀ ਸਚਖੰਡਵਾਸੀ ਭਾਈ ਦੇਵਿੰਦਰ ਸਿੰਘ ਗੁਰਦਾਸਪੁਰੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਡਾ. ਗੁਰਨਾਮ ਸਿੰਘ ਨੂੰ ਵੀ ਇਨ੍ਹਾਂ ਸਾਰੀਆਂ ਸੰਗੀਤਕ ਵਿਧਾਵਾਂ ਵਿਚ ਮੁਹਾਰਤ ਹਾਸਲ ਹੈ।