ਖਾਮੋਸ਼ੀ ਦੇ ਕੁਝ ਪਲਾਂ ਖਾਤਰ

ਦਲਬੀਰ ਸਿੰਘ ਪੰਜਾਬੀ ਦੇ ਉਨ੍ਹਾਂ ਕੁਝ ਕੁ ਪੱਤਰਕਾਰਾਂ ਵਿਚੋਂ ਸੀ ਜਿਸ ਪਾਸ ਪੱਤਰਕਾਰੀ ਦੇ ਅਸੂਲ ਮੁਤਾਬਕ ਘੱਟ ਤੋਂ ਘੱਟ ਸ਼ਬਦਾਂ ਵਿਚ ਵੱਧ ਤੋਂ ਵੱਧ ਗੱਲ ਕਹਿਣ ਦਾ ਹੁਨਰ ਸੀ। ਸੰਪਾਦਕੀ ਪੰਨੇ ਉਤੇ ਗੰਭੀਰ ਲੇਖਾਂ ਵਿਚਾਲੇ ਇਕ ਛੋਟਾ ਜਿਹਾ ਹਲਕਾਫੁਲਕਾ ਲੇਖ ਛਾਪਿਆ ਜਾਂਦਾ ਹੈ ਜਿਸ ਨੂੰ ਅੰਗਰੇਜ਼ੀ ਵਿਚ ‘ਮਿਡਲ’ ਕਿਹਾ ਜਾਂਦਾ ਹੈ। ਪੰਜਾਬੀ ਪੱਤਰਕਾਰੀ ਵਿਚ ਸ਼ਾਇਦ ਦਲਬੀਰ ਇਕੋ ਇਕ ਪੱਤਰਕਾਰ ਹੈ ਸੀ ਜਿਸ ਨੂੰ ‘ਮਿਡਲ’ ਸਹੀ ਅਰਥਾਂ ਵਿਚ ਲਿਖਣ ਦੀ ਜਾਚ ਸੀ।

ਪੰਜਾਬੀ ਟ੍ਰਿਬਿਊਨ ਵਿਚ ਪਹਿਲਾਂ ਉਹ ਕਈ ਸਾਲ ‘ਇਉਂ ਵੀ ਹੁੰਦੈ’ ਨਾਂ ਹੇਠ ਕਾਲਮ ਲਿਖਦਾ ਰਿਹਾ ਅਤੇ ਫਿਰ ਉਸ ਨੇ ਇਸ ਦਾ ਨਵਾਂ ‘ਜਗਤ ਤਮਾਸ਼ਾ’ ਰੱਖ ਲਿਆ ਤੇ ਇਹ ‘ਜਗਤ ਤਮਾਸ਼ਾ’ ਉਸ ਦੇ ਨਾਂ ਨਾਲ ਹੀ ਜੁੜ ਗਿਆ। 28 ਜੁਲਾਈ 2007 ਨੂੰ ਉਹ ਸਦੀਵੀ ਵਿਛੋੜਾ ਦੇ ਗਿਆ। ਉਸ ਦੀ 11ਵੀਂ ਬਰਸੀ ਮੌਕੇ ਇਥੇ ਉਸ ਦਾ ਇਹ ‘ਜਗਤ ਤਮਾਸ਼ਾ’ ਛਾਪ ਰਹੇ ਹਾਂ। -ਸੰਪਾਦਕ

ਦਲਬੀਰ ਸਿੰਘ

ਬੰਦੇ ਨੂੰ ਇਸ ਸ਼ੋਰ ਭਰੇ ਸੰਸਾਰ ਵਿਚ ਕੁਝ ਪਲ ਸ਼ਾਂਤੀ ਦੇ ਵੀ ਚਾਹੀਦੇ ਹਨ-ਅੰਦਰ ਤੇ ਬਾਹਰ ਦੀ ਮੁਕੰਮਲ ਸ਼ਾਂਤੀ ਦੇ। ਬਾਹਰਲੇ ਰੌਲੇ ਦੀ ਸਮਝ ਤਾਂ ਕਿਸੇ ਨੂੰ ਵੀ ਨਹੀਂ ਆਉਂਦੀ। ਸੋ, ਇਸ ਰੌਲੇ ਨੂੰ ਖਤਮ ਕੀਤਾ ਹੀ ਨਹੀਂ ਜਾ ਸਕਦਾ ਪਰ ਅੰਦਰਲੇ ਰੌਲੇ ਦੀ ਸਮਝ ਵੀ ਤਾਂ ਨਹੀਂ ਆਉਂਦੀ ਨਾ! ਇਸ ਰੌਲੇ ਨੂੰ ਸਮਝਣ ਤੇ ਇਸ ਤੋਂ ਬਚ ਨਿਕਲਣ ਲਈ ਕੋਈ ਰਾਸਤਾ ਤਾਂ ਜ਼ਰੂਰ ਲੱਭਣਾ ਚਹੀਦਾ ਹੈ। ਇਸ ਖਾਤਰ ਕੁਝ ਪਲਾਂ ਦੀ ਖਾਮੋਸ਼ੀ ਦਰਕਾਰ ਹੈ।
ਧਰਮ ਗੁਰੂ ਕਹਿੰਦੇ ਆ ਰਹੇ ਹਨ ਕਿ ਜਦੋਂ ਮਨੁੱਖ ਕੁਝ ਪਲ ਖਾਮੋਸ਼ੀ ਦੇ ਬਿਤਾਉਣ ਦੇ ਸਮਰੱਥ ਹੁੰਦਾ ਹੈ, ਉਦੋਂ ਉਹ ‘ਸਿਰਜਣਹਾਰ’ ਦੇ ਨੇੜੇ ਹੁੰਦਾ ਹੈ। ਧਰਮ ਗੁਰੂ ਇਹ ਵੀ ਕਹਿੰਦੇ ਹਨ ਕਿ ਸਿਰਜਣਹਾਰ ਨੂੰ ਪਾ ਲੈਣ ਨਾਲ ਹੀ ਮਨੁੱਖ ਦਾ ਜਨਮ ਸਫਲਾ ਹੋ ਜਾਂਦਾ ਹੈ। ਇਸ ਲਈ ਬਹੁਤ ਸਾਰੇ ਸੰਤ ਮਹਾਤਮਾ ਅਤੇ ਖੋਜੀ, ਸਿਰਜਣਹਾਰ ਦੀ ਭਾਲ ਕਰਨ ਅਤੇ ਉਸ ਨੂੰ ਪਾ ਲੈਣ ਲਈ ਕਈ ਤਰ੍ਹਾਂ ਦੇ ਤਰੱਦਦ ਕਰਦੇ ਆ ਰਹੇ ਹਨ। ਇਸ ਨੂੰ ਆਮ ਭਾਸ਼ਾ ਵਿਚ ਪਾਪੜ ਵੇਲਣਾ ਵੀ ਕਹਿ ਸਕਦੇ ਹਾਂ। ਕੁਝ ਲੋਕ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਉਸ ਦੇ ਦਰਸ਼ਨ ਕੀਤੇ ਹੋਏ ਹਨ ਪਰ ਉਹ ਦੱਸ ਨਹੀਂ ਸਕਦੇ ਕਿ ਉਹ ਕਿਸ ਤਰ੍ਹਾਂ ਦਾ ਦਿਸਦਾ ਹੈ। ਫਿਰ ਵੀ ਮੁਸੱਵਰਾਂ ਨੇ ਨਾ ਸਿਰਫ ਰੱਬ ਦੀਆਂ ਹੀ ਸਗੋਂ ਉਸ ਦੇ ਘੱਲੇ ਗੁਰੂਆਂ ਦੀਆਂ ਤਸਵੀਰਾਂ ਵੀ ਬਣਾਈਆਂ ਹੋਈਆਂ ਹਨ।
ਇਸ ਮਾਮਲੇ ਵਿਚ ਈਸਾ ਮਸੀਹ ਦੀ ਮਿਸਾਲ ਬਹੁਤ ਹੀ ਢੁਕਵੀਂ ਹੈ। ਜਿੰਨੀਆਂ ਵੀ ਤਸਵੀਰਾਂ ਈਸਾ ਦੀਆਂ ਮਿਲਦੀਆਂ ਹਨ, ਉਹ ਸੱਭੇ ਐਸੇ ਚਿੱਤਰਕਾਰਾਂ ਨੇ ਬਣਾਈਆਂ ਹਨ, ਜਿਨ੍ਹਾਂ ਨੇ ਈਸਾ ਨੂੰ ਕਦੀ ਵੀ ਨਹੀਂ ਸੀ ਦੇਖਿਆ। ਉਹ ਦੇਖ ਹੀ ਨਹੀਂ ਸਨ ਸਕਦੇ। ਈਸਾ ਨੂੰ ਹੋਇਆਂ ਦੋ ਹਜਾਰ ਸਾਲ ਤੋਂ ਵੱਧ ਹੋ ਗਏ ਹਨ ਅਤੇ ਉਦੋਂ ਤਸਵੀਰ ਬਣਾਉਣ ਦੇ ਬਹੁਤੇ ਸਾਧਨ ਨਹੀਂ ਸਨ ਹੁੰਦੇ। ਇਹੀ ਨਹੀਂ, ਈਸਾ ਜਾਂ ਯਸੂ ਕੋਈ ਏਨਾ ਅਮੀਰ ਵੀ ਨਹੀਂ ਸੀ ਕਿ ਕਿਸੇ ਨੂੰ ਪੈਸੇ ਦੇ ਕੇ ਆਪਣੀ ਤਸਵੀਰ ਬਣਵਾ ਸਕੇ। ਉਹ ਤਾਂ ਇਕ ਸਾਧਾਰਨ ਗਡਰੀਆ ਸੀ ਜੋ ਭੇਡਾਂ ਚਾਰਦਾ ਸਮੇਂ ਦੇ ਧਰਮ ਗੁਰੂਆਂ ਵਲੋਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਅਤੇ ਕੁੱਟ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਤੁਰ ਪਿਆ ਸੀ। ਇਕ ਸਾਧਾਰਨ ਗਡਰੀਏ ਦੀ ਤਸਵੀਰ ਬਣਾਉਣ ਵਿਚ ਕਿਸੇ ਵੀ ਮੁਸੱਵਰ ਦੀ ਕੋਈ ਦਿਲਚਸਪੀ ਜਾਂ ਇੱਛਾ ਕਦਾਚਿਤ ਨਹੀਂ ਸੀ ਹੋ ਸਕਦੀ।
ਵੈਸੇ ਵੀ ਯਸੂ ਸਮੇਂ ਦੀ ਸਰਕਾਰ ਦਾ ਬਾਗੀ ਸੀ। ਬਾਗੀਆਂ ਨੂੰ ਸਰਕਾਰ ਤੋਂ ਬਚ ਕੇ ਰਹਿਣਾ ਪੈਂਦਾ ਹੈ। ਯਸੂ ਵੀ ਲਗਦੀ ਵਾਹ ਸਰਕਾਰੀ ਫੌਜਾਂ ਦੇ ਸਾਹਮਣੇ ਨਹੀਂ ਸੀ ਹੁੰਦਾ। ਜਦੋਂ ਆਖਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਦਅਮਨੀ ਫੈਲਾਉਣ ਦਾ ਦੋਸ਼ੀ ਕਰਾਰ ਦੇ ਕੇ ਸੂਲੀ ਉਤੇ ਚੜ੍ਹਾ ਦਿਤਾ ਗਿਆ। ਰੋਮਨ ਬਾਗੀਆਂ ਨੂੰ ਇਕ ਸਲੀਬ ਉਤੇ ਟੰਗ ਕੇ ਹੱਥਾਂ ਅਤੇ ਪੈਰਾਂ ਵਿਚ ਕਿੱਲ ਠੋਕ ਦਿੰਦੇ ਸਨ ਅਤੇ ਬੰਦਾ ਸਲੀਬ ‘ਤੇ ਟੰਗਿਆ ਖੂਨ ਵਗਣ ਕਾਰਨ ਦਮ ਤੋੜ ਜਾਂਦਾ ਸੀ। ਜਦੋਂ ਯਸੂ ਨੂੰ ਸਲੀਬ ‘ਤੇ ਟੰਗਿਆ ਗਿਆ, ਉਦੋਂ ਉਸ ਦੇ ਚੇਲਿਆਂ ਦੀ ਗਿਣਤੀ ਬਹੁਤੀ ਨਹੀਂ ਸੀ। ਜੋ ਸਨ ਵੀ, ਉਨ੍ਹਾਂ ਨੂੰ ਵੀ ਸੂਲੀ ਉਤੇ ਚੜ੍ਹਾ ਦਿਤਾ ਗਿਆ।
ਇਸ ਲਈ ਇਹ ਕਿਆਸ ਕਰਨਾ ਹੋਰ ਵੀ ਔਖਾ ਹੈ ਕਿ ਜੇ ਕੋਈ ਚੇਲਾ ਬਚ ਵੀ ਨਿਕਲਿਆ ਹੋਵੇ ਤਾਂ ਉਹ ਚੰਗਾ ਪੇਂਟਰ ਵੀ ਹੋਵੇਗਾ ਅਤੇ ਉਸ ਨੇ ਯਸੂ ਦੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਏਨੀਆਂ ਸੰਭਾਵਨਾਵਾਂ ਇਹ ਦਸਦੀਆਂ ਹਨ ਕਿ ਈਸਾ ਦੀ ਕੋਈ ਵੀ ਅਸਲੀ ਤਸਵੀਰ ਸੰਸਾਰ ਕੋਲ ਨਹੀਂ ਹੈ। ਫਿਰ ਵੀ ਜੋ ਤਸਵੀਰਾਂ ਕੈਲੰਡਰਾਂ ‘ਤੇ ਜਾਂ ਕਿਤਾਬਾਂ ਵਿਚ ਮਿਲਦੀਆਂ ਹਨ, ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਈਸਾ ਮਸੀਹ ਬਹੁਤ ਹੀ ਖੂਬਸੂਰਤ ਸ਼ਕਲ ਸੂਰਤ ਅਤੇ ਸ਼ਖਸੀਅਤ ਦਾ ਮਾਲਕ ਸੀ। ਪਰ ਜੋ ਖੋਜ ਪੁਰਾਣੀਆਂ ਲਿਖਤਾਂ ਤੋਂ ਕੀਤੀ ਗਈ ਹੈ, ਉਸ ਤੋਂ ਪ੍ਰਭਾਵ ਲਿਆ ਗਿਆ ਹੈ ਕਿ ਯਸ਼ੂ ਸ਼ਕਲੋਂ ਕੋਈ ਬਹੁਤ ਸੋਹਣਾ ਬੰਦਾ ਨਹੀਂ ਸੀ। ਕੁਝ ਲੋਕਾਂ ਦਾ ਤਾਂ ਇਥੋਂ ਤਕ ਕਹਿਣਾ ਹੈ ਕਿ ਉਹ ਨਾ ਸਿਰਫ ਕੁੱਬਾ ਹੀ ਸੀ ਸਗੋਂ ਲੰਗ ਮਾਰ ਕੇ ਤੁਰਦਾ ਸੀ। ਇਰਵਿੰਗ ਵੈਲੇਸ ਦੀ ਕਿਤਾਬ ‘ਵਰਡ’ ਵਿਚ ਦਸਿਆ ਗਿਆ ਹੈ ਕਿ ਯਸੂ ਨੂੰ ਕਸੋਹਣੇ ਬੰਦਿਆਂ ਵਿਚ ਹੀ ਰਖਿਆ ਜਾ ਸਕਦਾ ਹੈ।
ਜਦੋਂ ਕਿਸੇ ਵੀ ਮਹਾਪੁਰਖ ਜਾਂ ਯੁਗ ਪੁਰਸ਼ ਦੀ ਤਸਵੀਰ ਕੋਈ ਸ਼ਰਧਾਵਾਨ ਬਣਾਉਂਦਾ ਹੈ, ਉਦੋਂ ਉਸ ਵਿਚ ਸ਼ਰਧਾ ਦਾ ਭਰਿਆ ਜਾਣਾ ਯਕੀਨੀ ਹੁੰਦਾ ਹੈ। ਸ਼ਰਧਾਵਾਨ ਕਦੀ ਵੀ ਆਪਣੇ ਗੁਰੂ ਨੂੰ ਮਾੜਾ ਨਹੀਂ ਚਿਤਵ ਸਕਦਾ। ਉਸ ਲਈ ਤਾਂ ਉਸ ਦਾ ਗੁਰੂ ਸੰਸਾਰ ਦਾ ਸਭ ਤੋਂ ਹੁਸੀਨ ਬੰਦਾ ਹੁੰਦਾ ਹੈ। ਇਸ ਲਈ ਜਦੋਂ ਵੀ ਸ਼ਰਧਾਵਾਨ ਆਪਣੇ ਗੁਰੂ ਦੀ ਤਸਵੀਰ ਬਣਾਏਗਾ ਤਾਂ ਗੁਰੂ ਨੂੰ ਆਪਣੇ ਵਲੋਂ ਦੇਖੇ ਗਏ ਸਭ ਤੋਂ ਖੂਬਸੂਰਤ ਬੰਦੇ ਦੀ ਸੂਰਤ ਰਾਹੀਂ ਹੀ ਦੇਖੇਗਾ। ਇਸੇ ਲਈ ਤਾਂ ਕਈ ਚਿੱਤਰਕਾਰਾਂ ਵਲੋਂ ਗੁਰੂ ਨਾਨਕ ਦੀਆਂ ਤਸਵੀਰਾਂ ਵਿਚ ਉਨ੍ਹਾਂ ਨੂੰ ਸੋਹਲ ਜਿਹਾ ਬੰਦਾ ਦਿਖਾਇਆ ਜਾਂਦਾ ਰਿਹਾ ਹੈ। ਪਰ ਜੇ ਗੁਰੂ ਜੀ ਦੇ ਜੀਵਨ ਨੂੰ ਘੋਖਿਆ ਜਾਵੇ ਤਾਂ ਪਤਾ ਲਗੇਗਾ ਕਿ ਖਾਂਦੇ ਪੀਂਦੇ ਘਰ ਪੈਦਾ ਹੋ ਕੇ ਵੀ ਜਦੋਂ ਉਹ ਲੋਕਾਂ ਵਿਚ ਚੇਤਨਾ ਪੈਦਾ ਕਰਨ ਘਰੋਂ ਨਿਕਲ ਤੁਰੇ ਸਨ ਤਾਂ ਰੱਥ ਜਾਂ ਹਾਥੀਆਂ ਘੋੜਿਆਂ ਉਤੇ ਨਹੀਂ ਸਨ ਨਿਕਲੇ। ਉਹ ਤਾਂ ਪੈਦਲ ਹੀ ਤੁਰੇ ਸਨ। ਪੈਦਲ ਤੁਰਨ ਵਾਲਿਆਂ ਦੇ ਨਾ ਤਾਂ ਕੱਪੜੇ ਹੀ ਰੇਸ਼ਮੀ ਹੁੰਦੇ ਹਨ ਅਤੇ ਨਾ ਉਨ੍ਹਾਂ ਦੇ ਪੈਰ ਮਖਮਲੀ ਹੁੰਦੇ ਹਨ।
ਬੰਦਾ ਜਦੋਂ ਵੀ ਰੱਬ ਨੂੰ ਸਿਰਜਦਾ ਹੈ ਤਾਂ ਉਸ ਵਿਚੋਂ ਆਪਣੀ ਹੀ ਸੂਰਤ ਦੇਖਦਾ ਹੈ। ਜੋ ਕੁਝ ਵੀ ਉਸ ਨੂੰ ਚੰਗਾ ਜਾਂ ਸੋਹਣਾ ਲਗਦਾ ਹੈ, ਉਸ ਨੂੰ ਹੀ ਉਹ ਆਪਣੇ ਇਸ਼ਟ ਜਾਂ ਸਿਰਜਣਹਾਰ ਦੇ ਰੂਪ ਵਿਚ ਸੋਚ ਲੈਂਦਾ ਹੈ। ਇਹ ਗੱਲ ਤਾਂ ਨਹੀਂ ਭੁੱਲੀ ਜਾ ਸਕਦੀ ਕਿ ਮਨੁੱਖ ਨੂੰ ਸਭ ਤੋਂ ਚੰਗੀ ਆਪਣੀ ਹੀ ਸੂਰਤ ਲਗਦੀ ਹੈ। ਮਨੁੱਖ ਸਾਰੀ ਕਾਇਨਾਤ ਵਿਚੋਂ ਸਿਰਫ ਮਨੁੱਖ ਨੂੰ ਹੀ ਪਿਆਰ ਕਰਦਾ ਹੈ ਅਤੇ ਉਸ ਦਾ ਰੱਬ ਵੀ ਮਨੁੱਖੀ ਰੂਪ ਵਾਲਾ ਹੀ ਹੁੰਦਾ ਹੈ। ਜਿਹੜੇ ਦੇਵੀ ਦੇਵਤੇ ਉਸ ਨੇ ਜਾਨਵਰਾਂ ਦੇ ਰੂਪ ਵਾਲੇ ਚਿਤਵੇ ਵੀ ਹਨ ਉਹ ਜਾਂ ਤਾਂ ਅਣਚਿਤਵੇ ਨੂੰ ਭੇਤਪੂਰਨ ਬਣਾਉਣ ਲਈ ਚਿਤਵੇ ਅਤੇ ਜਾਂ ਫਿਰ ਆਮ ਲੋਕਾਂ ਨੂੰ ਡਰਾਉਣ ਖਾਤਰ। ਜੇ ਰੱਬ ਤੋਂ ਜਾਂ ਰੱਬ ਦੇ ਸਰੂਪ ਤੋਂ ਲੋਕ ਡਰਨਗੇ ਹੀ ਨਹੀਂ ਤਾਂ ਫਿਰ ਉਨ੍ਹਾਂ ਦੀ ਸਿਰਜਣਾ ਕਰਨ ਵਾਲੇ ਦੀ ਘਾਲ ਕਮਾਈ ਤਾਂ ਖੂਹ ਖਾਤੇ ਹੀ ਪੈ ਜਾਵੇਗੀ ਨਾ!
ਮਾਮਲਾ ਏਨਾ ਸੌਖਾ ਨਹੀਂ ਕਿ ਇਸ ਨੂੰ ਮੇਰੇ ਵਰਗਾ ਸਿੱਧਾ ਬੰਦਾ ਵੀ ਬਿਆਨ ਕਰ ਸਕੇ। ਪਰ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਜਦੋਂ ਧਰਮ ਗੁਰੂ ਸਾਨੂੰ ਦਸਦੇ ਹਨ ਕਿ ਸਾਧਨਾ ਕਰਦੇ ਸਮੇਂ ਸ਼ੂੰਨਯ ਨੂੰ ਹਾਸਲ ਕਰਨਾ ਜ਼ਰੂਰੀ ਹੈ ਤਾਂ ਉਹ ਬਹੁਤ ਹੀ ਭੇਦ ਦੀ ਗੱਲ ਦੱਸ ਰਹੇ ਹੁੰਦੇ ਹਨ। ਭੇਦ ਇਹ ਹੈ ਕਿ ਜਦੋਂ ਮਨੁੱਖ ਨੂੰ ਮਾਨਸਕ ਸ਼ਾਂਤੀ ਚਾਹੀਦੀ ਹੋਵੇ, ਉਦੋਂ ਉਸ ਨੂੰ ਆਪਣੇ ਇਸ਼ਟ ਨੂੰ ਚਿਤਵ ਲੈਣਾ ਚਾਹੀਦਾ ਹੈ। ਜਿਵੇਂ ਕਿ ਪਹਿਲਾਂ ਹੀ ਕਿਹਾ ਹੈ ਕਿ ਹਰੇਕ ਬੰਦੇ ਦਾ ਇਸ਼ਟ ਸਦਾ ਹੀ ਉਸ ਦਾ ਸਭ ਤੋਂ ਸੋਹਣਾ ਚਿਤਵਿਆ ਮਨੁੱਖ ਹੀ ਹੁੰਦਾ ਹੈ। ਇਸੇ ਲਈ ਤਾਂ ਮਜਨੂੰ ਵਰਗਾ ਆਸ਼ਕ ਕਹਿੰਦਾ ਹੈ ਕਿ ਰੱਬ ਨੇ ਜੇ ਉਸ ਨੂੰ ਮਿਲਣ ਆਉਣਾ ਹੈ ਤਾਂ ਉਹ ਲੈਲਾ ਦਾ ਰੂਪ ਧਾਰ ਕੇ ਆਵੇ। ਉਸ ਲਈ ਲੈਲਾ ਹੀ ਸਭ ਤੋਂ ਖੂਬਸੂਰਤ ਪ੍ਰਾਣੀ ਹੈ। ਇਸ ਲਈ ਉਸ ਨੂੰ ਰੱਬ ਉਸੇ ਦੇ ਰੂਪ ਵਿਚ ਹੀ ਦਿਸਦਾ ਹੈ।
ਜਿਵੇਂ ਮਜਨੂੰ ਦਾ ਰੱਬ ਲੈਲਾ ਹੈ, ਉਵੇਂ ਹੀ ਕਰੀਬ ਹਰ ਨਰ ਜਾਂ ਨਾਰੀ ਦਾ ਕੋਈ ਨਾ ਕੋਈ ਰੱਬ ਜ਼ਰੂਰ ਹੁੰਦਾ ਹੈ। ਕਥਾ ਕਹਾਣੀਆਂ ਵਿਚ ਜਦੋਂ ਕੋਈ ਵਾਰਸ ਸ਼ਾਹ ਵਰਗਾ ਹੀਰ ਅਤੇ ਰਾਂਝੇ ਦੀ ਕਹਾਣੀ ਨੂੰ ਇਸ਼ਕ ਹਕੀਕੀ ਤਕ ਪੁਚਾ ਦਿੰਦਾ ਹੈ ਤਾਂ ਹੀਰ ਦਾ ਰੱਬ ਰਾਂਝਾ ਅਤੇ ਰਾਂਝੇ ਦਾ ਰੱਬ ਹੀਰ ਹੋ ਜਾਂਦੀ ਹੈ। ਮਜਨੂੰ ਲਈ ਲੈਲਾ ਹੀ ਰੱਬ ਹੁੰਦੀ ਹੈ ਅਤੇ ਸੋਹਣੀ ਲਈ ਮਹੀਵਾਲ ਰੱਬ ਹੋ ਨਿਬੜਦਾ ਹੈ। ਜਦੋਂ ਉਨ੍ਹਾਂ ਨੂੰ ਰੱਬ ਨੂੰ ਧਿਆਉਣ ਦੀ ਲੋੜ ਪੈਂਦੀ ਹੈ ਤਾਂ ਉਹ ਇਕ ਦੂਜੇ ਨੂੰ ਹੀ ਧਿਆ ਲੈਂਦੇ ਹਨ। ਜੋ ਲੋਕ ਇਸ ਤਰ੍ਹਾਂ ਰੱਬ ਨੂੰ ਮਨੁੱਖੀ ਰੂਪ ਵਿਚ ਪਾ ਲੈਂਦੇ ਹਨ, ਉਹ ਸਮੇਂ ਅਤੇ ਮੌਤ ਉਤੇ ਕਾਬੂ ਪਾ ਲੈਂਦੇ ਹਨ। ਪਤਾ ਨਹੀਂ ਸ਼ੋਰ ‘ਤੇ ਕਾਬੂ ਪਾਉਂਦੇ ਹਨ ਜਾਂ ਨਹੀਂ!
ਧਰਮ ਗੁਰੂ ਕਹਿੰਦੇ ਹਨ ਕਿ ਜੇ ਮਨੁੱਖ ਨੇ ਦੋ ਪਲ ਸ਼ਾਂਤੀ ਦੇ ਬਿਤਾਉਣੇ ਹੋਣ ਤਾਂ ਉਸ ਨੂੰ ਕਿਸੇ ਨਾ ਕਿਸੇ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਹਰੇਕ ਧਰਮ ਦੇ ਗੁਰੂਆਂ ਨੇ ਆਪੋ ਆਪਣੇ ਅਸਰ ਹੇਠਲੇ ਮਨੁੱਖਾਂ ਨੂੰ ਆਪਣੇ ਪ੍ਰਭਾਵ ਹੇਠ ਕਰਨ ਅਤੇ ਰੱਖਣ ਲਈ ਵੱਖ ਵੱਖ ਮੰਤਰ ਬਣਾਏ ਹੋਏ ਹਨ। ਕਿਹਾ ਇਹ ਜਾਂਦਾ ਹੈ ਕਿ ਸਿਰਫ ਉਨ੍ਹਾਂ ਦੇ ਮੰਤਰ ਰਾਹੀਂ ਹੀ ਸਾਧਕ ਅਸਲ ਸਾਧਨਾ ਕਰ ਸਕਦਾ ਹੈ। ਜਦੋਂ ਕੋਈ ਸਾਧਕ ਕਿਸੇ ਖਾਸ ਧਰਮ ਗੁਰੂ ਜਾਂ ਧਰਮ ਸੰਸਥਾ ਦੇ ਖਾਤੇ ਵਿਚ ਰਹਿ ਕੇ ਅਤੇ ਖੇਤ ਵਿਚ ਬਹਿ ਕੇ ਸਾਧਨਾ ਕਰੇਗਾ ਤਾਂ ਉਸੇ ਦੇ ਹੀ ਮੰਤਰ ਨੂੰ ਵੀ ਉਚਾਰੇਗਾ। ਕਿਉਂਕਿ ਧਰਮ ਵਾਲੇ ਰਸਤੇ ਵੀ ਬਹੁਤ ਹਨ ਅਤੇ ਧਰਮ ਗੁਰੂਆਂ ਦੀ ਗਿਣਤੀ ਵੀ ਬਥੇਰੀ ਹੈ, ਇਸ ਲਈ ਮਨ ਦੀ ਸ਼ਾਂਤੀ ਲਈ ਪੜ੍ਹੇ ਜਾਣ ਵਾਲੇ ਮੰਤਰ ਵੀ ਬਹੁਤ ਹਨ। ਪਤਾ ਹੀ ਨਹੀਂ ਲਗਦਾ ਕਿ ਕੌਣ ਕਿਹੜਾ ਮੰਤਰ ਉਚਾਰੀ ਜਾ ਰਿਹਾ ਹੈ।
ਜਿਸ ਨੂੰ ਇਸ਼ਕ ਹੈ, ਉਸ ਨੂੰ ਕਿਸੇ ਮੰਤਰ ਦੀ ਲੋੜ ਨਹੀਂ। ਉਸ ਦਾ ਮਨ ਸ਼ਾਂਤ ਹੈ। ਉਸ ਕੋਲ ਪਹਿਲਾਂ ਹੀ ਆਪਣਾ ਵੱਖਰਾ ਅਤੇ ਨਿਵੇਕਲਾ ਮੰਤਰ ਹੈ। ਕਿਸੇ ਧਰਮ ਗੁਰੂ ਦਾ ਮੰਤਰ ਉਸ ਨੇ ਕੀ ਕਰਨਾ ਹੈ? ਜਿਸ ਨੇ ਕਦੀ ਇਸ਼ਕ ਨਹੀਂ ਕੀਤਾ, ਉਸ ਦੇ ਮਨ ਵਿਚ ਸ਼ੋਰ ਹੈ। ਕਿਸੇ ਦੇ ਮਨ ਵਿਚ ਚੋਰ ਹੈ ਅਤੇ ਕਿਸੇ ਦੇ ਮਨ ਵਿਚ ਸ਼ੋਰ। ਸ਼ਾਂਤੀ ਹੀ ਕਿਤੇ ਨਹੀਂ ਮਿਲਦੀ।
ਅਜਿਹੇ ਸ਼ੋਰੀਲੇ ਸੰਸਾਰ ਵਿਚ ਦੋ ਪਲ ਦੀ ਸ਼ਾਂਤੀ ਲਈ ਕਿਸੇ ਪਹਾੜੀ ਕੰਦਰ ਦੀ ਲੋੜ ਦਰਕਾਰ ਹੈ ਜਾਂ ਫਿਰ ਕੁਝ ਪਲਾਂ ਦਾ ਮੌਨ ਵਰਤ। ਇਕ ਦਿਨ ਦਾ ਮੌਨ ਰੱਖਣ ਦੀ ਮੇਰੀ ਕੋਸ਼ਿਸ਼ ਚਾਰ ਘੰਟਿਆਂ ਵਿਚ ਹੀ ਵਿਫਲ ਹੋ ਗਈ ਸੀ ਅਤੇ ਖੌਰੂ ਪਾਉਂਦੇ ਸੰਸਾਰ ਦੀ ਜਿੱਤ ਹੋ ਗਈ ਸੀ। ਜਿਸ ਪੁਰਖ ਨੂੰ ਇਕ ਦਿਨ ਦਾ ਵੀ ਮੌਨ ਰੱਖਣ ਦੀ ਇਜਾਜ਼ਤ ਨਾ ਮਿਲਦੀ ਹੋਵੇ ਉਸ ਦੇ ਅੰਦਰਲੇ ਖੌਰੂ ਦਾ ਪਤਾ ਮੁਰਾਰੀ ਵਰਗੇ ਬੇਭਾਗੇ ਨੂੰ ਹੀ ਹੋ ਸਕਦਾ ਹੈ।