‘ਆਪ’ ਅੰਦਰ ਮੁੜ ਆਪੋਧਾਪੀ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚ ਬਾਗੀ ਸੁਰਾਂ ਹੋਰ ਤਿੱਖੀਆਂ ਹੋ ਗਈਆਂ ਹਨ। ਪਾਰਟੀ ਦੇ 16 ਆਗੂਆਂ ਨੇ ਸਹਿ ਪ੍ਰਧਾਨ ਡਾæ ਬਲਬੀਰ ਸਿੰਘ ਖਿਲਾਫ ਮੋਰਚਾ ਖੋਲ੍ਹਦਿਆਂ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਇਨ੍ਹਾਂ ਵਿਚ ਪੰਜ ਜ਼ਿਲ੍ਹਾ ਪ੍ਰਧਾਨ ਵੀ ਸ਼ਾਮਲ ਸਨ।

ਪਤਾ ਲੱਗਾ ਹੈ ਕਿ ਤਕਰੀਬਨ ਇਕ ਮਹੀਨਾ ਪਹਿਲਾਂ ਡਾæ ਬਲਬੀਰ ਸਿੰਘ ਵੱਲੋਂ ਦੁਆਬਾ ਜ਼ੋਨ ਦੇ ਇੰਚਾਰਜ ਪਰਮਜੀਤ ਸਿੰਘ ਸਚਦੇਵਾ ਨੂੰ ਬਿਨਾਂ ਕਿਸੇ ਨੋਟਿਸ ਅਹੁਦੇ ਤੋਂ ਹਟਾ ਕੇ ਡਾæ ਰਣਜੋਤ ਨੂੰ ਜ਼ੋਨ ਇੰਚਾਰਜ ਲਗਾ ਦਿੱਤਾ। ਸਾਰੇ ਹੀ ਜ਼ਿਲ੍ਹਾ ਪ੍ਰਧਾਨ ਅਤੇ ਸਰਗਰਮ ਆਗੂ ਸਹਿ ਪ੍ਰਧਾਨ ਦੀ ਇਸ ਕਾਰਵਾਈ ਨੂੰ ਆਪਹੁਦਰੀ ਕਾਰਵਾਈ ਕਰਾਰ ਦੇ ਰਹੇ ਹਨ। ਦੁਆਬੇ ਦੇ ‘ਆਪ’ ਆਗੂਆਂ ਅੰਦਰ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਪ੍ਰਤੀ ਧਾਰਨ ਕੀਤੇ ਵਤੀਰੇ ਤੋਂ ਵੀ ਔਖੇ ਹਨ। ਦਰਜਨ ਦੇ ਕਰੀਬ ਮਾਲਵਾ ਖੇਤਰ ਨਾਲ ਸਬੰਧਤ ਬਾਗੀ ਹੋਏ ਆਗੂਆਂ ਵਿਚੋਂ ਬਹੁਤੇ ‘ਆਪ’ ਦੇ ਪੰਜਾਬ ਇੰਚਾਰਜ ਰਹੇ ਸੰਜੇ ਸਿੰਘ ਦੇ ਕਰੀਬੀ ਦੱਸੇ ਜਾਂਦੇ ਹਨ। ਡਾæ ਬਲਬੀਰ ਸਿੰਘ ਵਿਰੁਧ ਉਠ ਰਹੀ ਇਸ ਸਿਆਸੀ ਮੁਹਿੰਮ ਵਿਚ ਦਿੱਲੀ ਵਿਚਲੇ ‘ਆਪ’ ਦੇ ਕੇਂਦਰੀ ਆਗੂਆਂ ਦੀ ਕਸ਼ਮਕਸ਼ ਦਾ ਵੀ ਪ੍ਰਭਾਵ ਹੋ ਸਕਦਾ ਹੈ।
ਉਧਰ, ਆਮ ਆਦਮੀ ਪਾਰਟੀ ਦੀ ਪੰਜਾਬ ਅਤੇ ਦਿੱਲੀ ਦੀ ਲੀਡਰਸ਼ਿਪ ਨੇ ਬਾਗੀ ਸੁਰਾਂ ਚੁੱਕਣ ਵਾਲੇ ਆਗੂਆਂ ਨਾਲ ਸਖਤੀ ਨਾਲ ਨਿਪਟਣ ਦਾ ਫੈਸਲਾ ਲੈਂਦਿਆਂ ਅਸਤੀਫਾ ਦੇਣ ਵਾਲੇ ਦੋ ਆਗੂਆਂ ਦੀ ਛੁੱਟੀ ਕਰ ਕੇ ਉਨ੍ਹਾਂ ਦੀ ਥਾਂ ਨਵੀਆਂ ਨਿਯੁਕਤੀਆਂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕਾਨੂੰਨ ਸੈੱਲ ਦੇ ਪ੍ਰਧਾਨ ਤੇ ਵਿਧਾਇਕ ਹਰਪਾਲ ਸਿੰਘ ਚੀਮਾ ਅਤੇ ਉਪ ਪ੍ਰਧਾਨ ਤੇ ਬੁਲਾਰੇ ਜਸਤੇਜ ਉਤੇ ਆਧਾਰਤ ਦੋ ਮੈਂਬਰੀ ਕਮੇਟੀ ਬਣਾਈ ਹੈ, ਜੋ ਅਸਤੀਫੇ ਦੇਣ ਵਾਲੇ ਆਗੂਆਂ ਦਾ ਪੱਖ ਸੁਣ ਕੇ ਇਕ ਹਫਤੇ ਵਿਚ ਆਪਣੀ ਰਿਪੋਰਟ ਪਾਰਟੀ ਨੂੰ ਦੇਵੇਗੀ।