ਮਲੋਟ ਰੈਲੀ: ਗੱਲੀਂ ਬਾਤੀਂ ਹੀ ਸਾਰ ਗਏ ਮੋਦੀ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਵਿਚ Ḕਕਿਸਾਨ ਕਲਿਆਣ ਰੈਲੀḔ ਤੋਂ ਪੰਜਾਬ ਸਰਕਾਰ ਤੇ ਕਿਸਾਨਾਂ ਨੂੰ ਵੱਡੀਆਂ ਉਮੀਦਾਂ ਸਨ, ਪਰ ਕਿਸਾਨਾਂ ਲਈ ਕੋਈ ਵੱਡਾ ਐਲਾਨ ਕਰਨ ਦੀ ਥਾਂ ਮੋਦੀ ਗੱਲੀਂ ਬਾਤੀਂ ਹੀ ਸਾਰ ਗਏ। ਦੱਸ ਦਈਏ ਕਿ ਇਸ ਰੈਲੀ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਮੋਦੀ ਨੂੰ ਜੀ ਆਇਆਂ ਆਖਦਿਆਂ ਮੰਗ ਰੱਖੀ ਸੀ ਕਿ ਪੰਜਾਬ ਵਿਚ ਆਏ ਹੋ ਤਾਂ ਕਿਸਾਨਾਂ ਦੀ ਕਰਜ਼ ਮੁਆਫੀ ਤੇ ਸਵਾਮੀਨਾਥਨ ਰਿਪੋਰਟ ਦੀ ਸਿਫਾਰਸ਼ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਬਾਰੇ ਐਲਾਨ ਕਰ ਕੇ ਜਾਵੋ। ਪਰ ਇਸ ਬਾਰੇ ਕੋਈ ਐਲਾਨ ਦੀ ਥਾਂ ਮੋਦੀ ਪੰਜਾਬ ਦੇ ਕਿਸਾਨਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਕੇ ਤੁਰਦੇ ਬਣੇ।

ਰੈਲੀ ਵਿੱਚ ਪੰਜਾਬ ਤੋਂ ਇਲਾਵਾ ਤੇ ਰਾਜਸਥਾਨ ਦੇ ਕਿਸਾਨ ਇਕੱਠੇ ਕੀਤੇ ਗਏ। ਪੰਜਾਬ ਜਾਂ ਹਰਿਆਣਾ ਲਈ ਕਿਸੇ ਤੋਹਫੇ ਦਾ ਐਲਾਨ ਨਹੀਂ ਹੋਇਆ ਅਤੇ ਪ੍ਰਧਾਨ ਮੰਤਰੀ ਦਾ ਭਾਸ਼ਨ ਝੋਨੇ ਤੇ ਨਰਮੇ ਲਈ ਐਲਾਨੀ ਐਮæਐਸ਼ਪੀæ ਨੂੰ ਸਲਾਹੁਣ ਅਤੇ ਕਾਂਗਰਸ ਨੂੰ ਰਗੜੇ ਲਾਉਣ ਉਤੇ ਕੇਂਦ੍ਰਿਤ ਰਿਹਾ। ਉਨ੍ਹਾਂ ਨੇ ਨਾ ਤਾਂ ਸਵਾਮੀਨਾਥਨ ਰਿਪੋਰਟ ਮੁਕੰਮਲ ਰੂਪ ਵਿਚ ਲਾਗੂ ਕਰਨ ਬਾਰੇ ਕੋਈ ਭਰੋਸਾ ਦਿੱਤਾ ਅਤੇ ਨਾ ਹੀ ਕਿਸਾਨੀ ਖ਼ੁਦਕੁਸ਼ੀਆਂ ਦਾ ਦੁਖਾਂਤ ਛੂਹਣਾ ਵਾਜਬ ਸਮਝਿਆ। ਦੱਸ ਦਈਏ ਕਿ ਪੰਜਾਬ ਵਿਚ ਕਿਸਾਨੀ ਸੰਕਟ ਤੇ ਨਸ਼ਿਆਂ ਦੇ ਰਾਹ ਪਈ ਜਵਾਨੀ ਵੱਡੇ ਮਸਲੇ ਹਨ ਪਰ ਇਸ ਬਾਰੇ ਕੋਈ ਗੱਲ ਹੀ ਨਾ ਤੋਰੀ ਗਈ। ਰੈਲੀ ਵਿਚ ਮੋਦੀ ਨੇ ਕਿਸਾਨਾਂ ਲਈ ਕੀਤੇ ਕੰਮ ਗਿਣਾਏ ਤੇ ਇਕ ਹੋਰ ਮੌਕਾ ਮੰਗਿਆ। ਮੋਦੀ ਨੇ ਪੰਜਾਬੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਸਰਹੱਦ ਦੀ ਸੁਰੱਖਿਆ ਵੀ ਕੀਤੀ ਤੇ ਦੇਸ਼ ਲਈ ਅੰਨ ਵੀ ਪੈਦਾ ਕੀਤਾ। ਦੁਨੀਆਂ ਦੇ ਹਰ ਖਿੱਤੇ ਵਿੱਚ ਪੰਜਾਬੀਆਂ ਨੇ ਆਪਣਾ ਲੋਹਾ ਮਨਵਾਇਆ ਹੈ। ਉਹ ਪੰਜਾਬ ਦੇ ਕਿਸਾਨ ਅੱਗੇ ਵੱਡੀ ਪੈਦਾਵਾਰ ਲਈ ਸਿਰ ਝੁਕਾਉਂਦੇ ਹਨ। ਪਰ ਕਿਸਾਨਾਂ ਦਾ ਰੋਸ ਹੈ ਕਿ ਕਿਸਾਨ ਮਸਲੇ, ਗੱਲਾਂ ਨਾਲ ਹੱਲ ਨਹੀਂ ਹੋਣੇ।
ਦੱਸ ਦਈਏ ਕਿ ਇਸ ਰੈਲੀ ਨੂੰ ਧੰਨਵਾਦ ਰੈਲੀ ਵਜੋਂ ਪ੍ਰਚਾਰਿਆ ਗਿਆ ਸੀ। ਝੋਨੇ ਸਮੇਤ ਹੋਰ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਕੀਤੇ ਗਏ ਵਾਧੇ ਤੋਂ ਬਾਅਦ ਐਨæਡੀæਏæ ਸਰਕਾਰ ਦੀ ਪੰਜਾਬ ਵਿਚ ਇਹ ਸਭ ਤੋਂ ਵੱਡੀ ਰੈਲੀ ਸੀ। ਦਾਅਵਾ ਕੀਤਾ ਜਾ ਰਿਹਾ ਸੀ ਕਿ ਮੋਦੀ ਕਿਸਾਨਾਂ ਲਈ ਕੋਈ ਵੱਡਾ ਐਲਾਨ ਵੀ ਕਰ ਸਕਦੇ ਹਨ। ਮੋਦੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਇਕ ਰੈਲੀ ਦੌਰਾਨ ਕੇਂਦਰ ਵਿਚ ਭਾਜਪਾ ਸਰਕਾਰ ਬਣਨ ਉਤੇ ਪੂਰੇ ਦੇਸ਼ ਵਿਚ ਸਵਾਮੀਨਾਥਨ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ, ਪਰ ਸਾਢੇ ਚਾਰ ਸਾਲ ਬਾਅਦ ਵੀ ਇਹ ਸਿਰਫ ਐਲਾਨ ਹੀ ਰਿਹਾ। ਹੁਣ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਭਾਅ ਵਿਚ ਵਾਧਾ ਕਰ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਪਣਾ ਵਾਅਦਾ ਪੁਗਾ ਦਿੱਤਾ ਹੈ ਪਰ ਪੰਜਾਬ ਦੀਆਂ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਇਸ ਵਾਧੇ ਤੋਂ ਖੁਸ਼ ਨਹੀਂ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਡੀਜ਼ਲ ਦੀਆਂ ਕੀਮਤਾਂ ਵਿਚ 17-18 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ 2 ਰੁਪਏ ਐਮæਐਸ਼ਪੀæ ਦਾ ਵਾਧਾ ਕਰ ਕੇ ਕੇਂਦਰ ਸਰਕਾਰ ਕਹਿ ਰਹੀ ਕਿ ਉਨ੍ਹਾਂ ਨੇ ਕਿਸਾਨਾਂ ਦਾ ਭਲਾ ਕੀਤਾ ਹੈ। ਉਧਰ, ਰੈਲੀ ਵਿਚ ਅਕਾਲੀ ਆਗੂ ਵੀ ਪੰਜਾਬ ਦੇ ਮਸਲਿਆਂ ਦੀ ਗੱਲ ਕਰਨ ਦੀ ਥਾਂ ਆਪਣੇ ਸਿਆਸੀ ਵਿਰੋਧੀਆਂ ਨੂੰ ਘੇਰਦੇ ਰਹੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਗਾਂਧੀ ਪਰਿਵਾਰ ਨੇ ਸਿਰਫ ਰਾਜ ਕੀਤਾ ਪਰ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਲਈ ਵੱਡਾ ਫੈਸਲਾ ਲਿਆ। ਕਿਸਾਨਾਂ ਦੀ ਆਵਾਜ਼ ਸਿਰਫ ਪ੍ਰਕਾਸ਼ ਸਿੰਘ ਬਾਦਲ, ਚੌਧਰੀ ਚਰਨ ਸਿੰਘ ਤੇ ਦੇਵੀ ਲਾਲ ਉਠਾਉਂਦੇ ਰਹੇ।
ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਡਾæ ਬਲਬੀਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਤੇ ਵਰ੍ਹਦਿਆਂ ਸਵਾਲ ਪੁੱਛਿਆ ਕਿ ਹਰਸਿਮਰਤ ਬਾਦਲ ਦੀ ਵਜ਼ੀਰੀ ਲਈ ਉਹ ਹੋਰ ਕਿੰਨਾ ਚਿਰ ਪੰਜਾਬ ਦੇ ਲੋਕਾਂ ਦਾ ਸੌਦਾ ਕਰਨਗੇ। ਡਾæ ਬਲਬੀਰ ਨੇ ਪੁੱਛਿਆ ਕਿ ਬਾਦਲ ਪਰਿਵਾਰ ਸਪੱਸ਼ਟ ਕਰੇ ਕਿ ਮੋਦੀ ਸਰਕਾਰ ਨੇ ਸਵਾਮੀਨਾਥਨ ਰਿਪੋਰਟ ਹੂ-ਬ-ਹੂ ਲਾਗੂ ਕੀਤੀ ਹੈ ਜਾਂ ਨਹੀਂ? ਜਦ ਲਾਗੂ ਹੀ ਨਹੀਂ ਕੀਤੀ ਤਾਂ ਬਾਦਲ ਪਰਿਵਾਰ ਨੇ ਮਲੋਟ ‘ਚ ਇਸ ਦੀ ਮੰਗ ਕਿਉਂ ਨਹੀਂ ਕੀਤੀ? ਜਦਕਿ ਬਾਦਲ ਖ਼ੁਦ ਮੰਨਦੇ ਆਏ ਹਨ ਕਿ ਖੇਤੀ ਘਾਟੇ ਦਾ ਸੌਦਾ ਹੈ ਜਦ ਤੱਕ ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਕਿਸਾਨਾਂ ਨੂੰ ਫਸਲਾਂ ਦੇ ਮੁੱਲ ਨਹੀਂ ਮਿਲਦੇ ਉਦੋਂ ਤੱਕ ਖੇਤੀ ਸੰਕਟ ਹੱਲ ਨਹੀਂ ਹੋਵੇਗਾ।
________________
ਅਕਾਲੀਆਂ ਦੀ ਚੁੱਪ ਤੋਂ ਕੈਪਟਨ ਨਿਰਾਸ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਭ ਨੂੰ ਇਹੋ ਆਸ ਸੀ ਕਿ ਪ੍ਰਧਾਨ ਮੰਤਰੀ ਪੰਜਾਬ ਵਿਚ ਆ ਕੇ ਜ਼ਰੂਰ ਹੀ ਕਿਸਾਨਾਂ ਬਾਰੇ ਕੋਈ ਠੋਸ ਐਲਾਨ ਕਰਨਗੇ ਪਰ ਉਨ੍ਹਾਂ ਨੇ ਖੇਤੀ ਕਰਜ਼ਿਆਂ, ਕਿਸਾਨ ਖ਼ੁਦਕੁਸ਼ੀਆਂ ਤੇ ਸਵਾਮੀਨਾਥਨ ਰਿਪੋਰਟ ਦਾ ਜ਼ਿਕਰ ਤੱਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਦੀ ਇਸ ਕਿਸਾਨ ਰੈਲੀ ਵਿਚ ਸ਼ਾਮਲ ਹੋਣ ਦੀ ਪ੍ਰਵਾਨਗੀ ਦੇ ਕੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ।
______________________
ਸਿਆਸੀ ਰੈਲੀ ਵਿਚ ਸ਼੍ਰੋਮਣੀ ਕਮੇਟੀ ਨੇ ਵਰਤਾਇਆ ਲੰਗਰ
ਮਲੋਟ: ਸ਼੍ਰੋਮਣੀ ਅਕਾਲੀ ਦਲ ਦੀ Ḕਕਿਸਾਨ ਕਲਿਆਣ ਰੈਲੀ’ ਵਿਚ ਦਸਤਾਰ ਅਤੇ ਲੰਗਰ ਦੀ ਬੇਅਦਬੀ ਹੋਈ। ਪੰਥਕ ਧਿਰਾਂ ਨੇ ਇਸ ਦਾ ਸਖਤ ਨੋਟਿਸ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸਟੇਜ ਉਤੇ ਪ੍ਰਧਾਨ ਮੰਤਰੀ ਮੋਦੀ ਨੂੰ ਦਸਤਾਰ ਸਜਾਈ ਗਈ, ਜੋ ਉਨ੍ਹਾਂ ਨੇ ਇਕ ਪਲ ‘ਚ ਉਤਾਰ ਕੇ ਵਾਪਸ ਫੜਾ ਦਿੱਤੀ। ਪੰਥਕ ਆਗੂ ਇਸ ਨੂੰ ਦਸਤਾਰ ਦੀ ਬੇਅਦਬੀ ਮੰਨ ਰਹੇ ਹਨ। ਇਸੇ ਤਰ੍ਹਾਂ ਅਕਾਲੀ ਦਲ ਵੱਲੋਂ ਲੋਕਾਂ ਲਈ ਕੁਝ ਥਾਵਾਂ ‘ਤੇ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਰੈਲੀ ਦੀ ਸਮਾਪਤੀ ਤੋਂ ਕੁਝ ਸਮਾਂ ਬਾਅਦ ਲੰਗਰ ਪੈਰਾਂ ਵਿੱਚ ਰੁਲ ਰਿਹਾ ਸੀ ਅਤੇ ਉਥੇ ਕੋਈ ਵੀ ਅਕਾਲੀ ਆਗੂ ਮੌਜੂਦ ਨਹੀਂ ਸੀ। ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਤਰਫੋਂ ਰਾਜਸੀ ਰੈਲੀ ਵਾਸਤੇ ਲੰਗਰ ਭੇਜਿਆ ਗਿਆ ਅਤੇ ਮੁਫਤ ਵਿਚ ਲੰਗਰ ਮਿਲੇ ਹੋਣ ਕਰਕੇ ਇਸ ਦੀ ਰੈਲੀ ਮਗਰੋਂ ਬੇਅਦਬੀ ਹੋਈ ਹੈ।