ਨਸ਼ਿਆਂ ਤੋਂ ਬਾਅਦ ਹੁਣ ਲੁੱਟ ਖੋਹ ਕਾਰਨ ਬਦਨਾਮ ਹੋਇਆ ਪੰਜਾਬ

ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਦੇ ਨਾਲ-ਨਾਲ ਅਪਰਾਧਿਕ ਵਾਰਦਾਤਾਂ ਵਿਚ ਵੱਡੇ ਪੱਧਰ ਉਤੇ ਵਾਧਾ ਹੋਇਆ ਹੈ। ਸੰਗਰੂਰ-ਪਟਿਆਲਾ ਮੁੱਖ ਮਾਰਗ ਉਤੇ ਭਾਈ ਗੁਰਦਾਸ ਇੰਸਟੀਚਿਊਟ ਲਾਗੇ ਬੈਂਕ ਦੀ ਕੈਸ਼ ਵੈਨ ‘ਤੇ ਗੋਲੀਬਾਰੀ ਕਰ ਕੇ 2 ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ 5 ਲੱਖ ਰੁਪਏ ਦੀ ਨਗਦੀ ਲੁੱਟ ਲਈ ਅਤੇ ਵੈਨ ਦੇ ਗੰਨਮੈਨ ਨੂੰ ਗੋਲੀਆਂ ਮਾਰ ਕੇ ਜਖ਼ਮੀ ਕਰ ਦਿੱਤਾ। ਪਿਛਲੇ ਦੋ ਮਹੀਨਿਆਂ ਵਿਚ ਇਸ ਤਰ੍ਹਾਂ ਦੀਆਂ 8 ਘਟਨਾਵਾਂ ਵਾਪਰਿਆਂ ਹਨ, ਪਰ ਪੁਲਿਸ ਇਕ ਨੂੰ ਵੀ ਹੱਲ ਨਹੀਂ ਕਰ ਸਕੀ। ਪਿਛਲੇ 5 ਸਾਲਾਂ ਵਿਚ ਪੰਜਾਬ ਵਿਚ ਡਕੈਤੀ ਦੇ 2700 ਤੋਂ ਜ਼ਿਆਦਾ ਮਾਮਲੇ ਦਰਜ ਹੋਏ ਹਨ। ਜਦਕਿ ਅਜਿਹੀਆਂ ਘਟਨਾਵਾਂ ਦੀ ਗਿਣਤੀ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ।

ਪੰਜਾਬ ਵਿਚ ਅਪਰਾਧਾਂ ਦੇ ਵਧਦੇ ਹੋਏ ਗਰਾਫ ਨੇ ਸੂਬੇ ਵਿਚ ਚਿੰਤਾ ਅਤੇ ਪਰੇਸ਼ਾਨੀ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪੰਜਾਬ ਪਹਿਲਾਂ ਹੀ ਨਸ਼ਿਆਂ ਦੀ ਤਸਕਰੀ ਅਤੇ ਇਨ੍ਹਾਂ ਦੇ ਪ੍ਰਸਾਰ ਦੇ ਸਮੱਸਿਆ ਨਾਲ ਜੂਝ ਰਿਹਾ ਹੈ। ਸੂਬੇ ਵਿਚ ਹੋਣ ਵਾਲੇ ਜ਼ਿਆਦਾਤਰ ਅਪਰਾਧ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਲੋਕਾਂ ਨਾਲ ਹੀ ਜੁੜੇ ਹਨ। ਪਿਛਲੇ ਕੁਝ ਸਾਲਾਂ ਤੋਂ ਨਸ਼ੇੜੀਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਵਾਧਾ ਹੋਣ ਨਾਲ ਅਪਰਾਧਾਂ ਵਿਚ ਵੀ ਵਾਧਾ ਹੋਇਆ ਹੈ। ਇਕ ਅੰਦਾਜ਼ੇ ਅਨੁਸਾਰ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਦੀ ਗਿਣਤੀ ਵੀ ਇਸੇ ਅਨੁਪਾਤ ਨਾਲ ਵਧੀ ਹੈ, ਹਰ ਤਿੰਨ ਮਿੰਟ ਬਾਅਦ ਕਿਸੇ ਔਰਤ ਦੇ ਵਿਰੁੱਧ ਅਪਰਾਧ ਦੀ ਕੋਈ ਰਿਪੋਰਟ ਦਰਜ ਹੁੰਦੀ ਹੈ। ਹਰ 29 ਮਿੰਟ ਬਾਅਦ ਕੋਈ ਨਾ ਕੋਈ ਔਰਤ ਜਬਰ ਜਨਾਹ ਦਾ ਸ਼ਿਕਾਰ ਹੋ ਜਾਂਦੀ ਹੈ।
ਪੰਜਾਬ ਵਿਚ ਹੱਤਿਆਵਾਂ ਦੀਆਂ ਘਟਨਾਵਾਂ ਵਿਚ ਵਾਧਾ ਅਤੇ ਹੱਤਿਆਵਾਂ ਕਰਦੇ ਸਮੇਂ ਹੈਵਾਨੀਅਤ ਦਾ ਪ੍ਰਦਰਸ਼ਨ ਇਹ ਵੀ ਦਰਸਾਉਂਦਾ ਹੈ ਕਿ ਅਪਰਾਧ ਕਰਨ ਵਾਲਿਆਂ ਦੀ ਮਾਨਸਿਕਤਾ ਕਿਸ ਹੱਦ ਤੱਕ ਸੁੰਗੜ ਚੁੱਕੀ ਹੈ। ਪਿਛਲੇ ਮਹੀਨੇ ਜਲਾਲਾਬਾਦ ਵਿਚ ਇਕ ਨਸ਼ੇੜੀ ਨੇ ਨਸ਼ੇ ਲਈ ਪੈਸੇ ਨਾ ਦੇਣ ਉਤੇ ਆਪਣੀ ਮਾਂ ਅਤੇ ਭੈਣ ਦੀ ਹੱਤਿਆ ਕਰ ਦਿੱਤੀ ਸੀ ਅਤੇ ਮਾਨਸਾ ਵਿਚ ਇਕ ਬਾਪ ਨੇ ਆਪਣੀ 17 ਸਾਲਾ ਬੇਟੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ। ਬਠਿੰਡਾ ਵਿਚ ਇਕ ਔਰਤ ਵੱਲੋਂ ਆਪਣੇ 7 ਸਾਲਾ ਬੇਟੇ ਨੂੰ ਬਾਥਰੂਮ ਵਿਚ ਚਾਕੂ ਮਾਰ ਕੇ ਹੱਤਿਆ ਕਰਨ ਦੀ ਘਟਨਾ ਤਾਂ ਬਹੁਤ ਹੀ ਦੁਖਦਾਈ ਹੈ। ਸੰਗਰੂਰ ਅਤੇ ਬਰਨਾਲਾ ਵਿਚ ਲੁੱਟ-ਖੋਹ ਦੌਰਾਨ 2 ਲੋਕਾਂ ਦੀ ਹੱਤਿਆ ਕੀਤੇ ਜਾਣ ਦੀ ਘਟਨਾ ਅਪਰਾਧ ਦਾ ਦੂਸਰਾ ਚਿਹਰਾ ਹੈ। ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਜ਼ਮੀਨੀ ਝਗੜਿਆਂ ਕਾਰਨ ਪਹਿਲਾਂ ਵੀ ਹੱਤਿਆਵਾਂ ਹੁੰਦੀਆਂ ਰਹੀਆਂ ਹਨ ਅਤੇ ਅਜਨਾਲਾ ਵਿਚ ਇਕ ਪਰਿਵਾਰ ਦੀਆਂ 3 ਔਰਤਾਂ ਦੀ ਹੱਤਿਆ ਪਿਛੇ ਵੀ ਜ਼ਮੀਨੀ ਵਿਵਾਦ ਹੀ ਦੱਸਿਆ ਜਾ ਰਿਹਾ ਹੈ। ਪਟਿਆਲਾ ਵਿਚ ਇਕ ਪੈਟਰੋਲ ਪੰਪ ‘ਤੇ ਲੁੱਟ-ਖੋਹ ਸਮੇਂ ਹੱਤਿਆ ਕਰ ਦਿੱਤੀ ਗਈ। ਇਕ ਸਰਵੇਖਣ ਅਨੁਸਾਰ ਪੰਜਾਬ ਲੁੱਟ-ਖੋਹ ਅਤੇ ਚੋਰੀਆਂ ਦੇ ਮਾਮਲੇ ਵਿਚ ਦੇਸ਼ ਵਿਚੋਂ ਚੌਥੇ ਸਥਾਨ ਉਤੇ ਹੈ।
____________________
ਪੁਲਿਸ ਮੁਕਾਬਲੇ ‘ਚ ਗੈਂਗਸਟਰ ਹਲਾਕ
ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਨੇੜੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਤੀਰਥ ਸਥਾਨ ਮਾਤਾ ਨੈਣਾ ਦੇਵੀ ਬੱਸ ਅੱਡੇ ਨੇੜੇ ਮੁਹਾਲੀ ਪੁਲਿਸ ਨਾਲ ਹੋਏ ਮੁਕਾਬਲੇ ‘ਚ ਇਕ ਗੈਂਗਸਟਰ ਮਾਰਿਆ ਗਿਆ ਜਦ ਕਿ ਦੋ ਨੂੰ ਕਾਬੂ ਕਰ ਲਿਆ ਗਿਆ। ਮੁਹਾਲੀ ਦੇ ਸੋਹਾਣਾ ਨੇੜਿਉਂ ਇਕ ਵਰਨਾ ਕਾਰ ਨੂੰ ਖੋਹ ਕੇ ਪੰਜ ਗੈਂਗਸਟਰ ਤੜਕਸਾਰ ਫਰਾਰ ਹੋ ਗਏ ਅਤੇ ਉਨ੍ਹਾਂ ‘ਚੋਂ ਤਿੰਨ ਗੈਂਗਸਟਰ ਇਸ ਕਾਰ ਨੂੰ ਲੈ ਕੇ ਮਾਤਾ ਨੈਣਾ ਦੇਵੀ ਦੇ ਪੁਰਾਣੇ ਬੱਸ ਅੱਡੇ ਨੇੜੇ ਪੁੱਜ ਕੇ ਉਥੇ ਇਕ ਨਿੱਜੀ ਹੋਟਲ ਵਿਚ ਪਹੁੰਚ ਗਏ। ਉਨ੍ਹਾਂ ਦਾ ਪਿੱਛਾ ਮੁਹਾਲੀ ਪੁਲਿਸ ਦੇ ਜ਼ਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਅਤੇ ਉਪ-ਪੁਲਿਸ ਕਪਤਾਨ ਰਮਨਦੀਪ ਸਿੰਘ ਨਾਲ ਪੁਲਿਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਸੀ, ਜਦੋਂ ਪੁਲਿਸ ਪਾਰਟੀ ਉਕਤ ਨਿੱਜੀ ਹੋਟਲ ਵਿਚ ਗੈਂਗਸਟਰਾਂ ਕੋਲ ਪਹੁੰਚੀ ਤਾਂ ਗੈਂਗਸਟਰਾਂ ਵੱਲੋਂ ਡੀæਐਸ਼ਪੀæ ਰਮਨਦੀਪ ਸਿੰਘ ਵੱਲ ਨੂੰ ਗੋਲੀ ਚਲਾ ਦਿੱਤੀ। ਤੁਰਤ ਬਾਅਦ ਮੁਹਾਲੀ ਪੁਲਿਸ ਵੱਲੋਂ ਜਵਾਬੀ ਫਾਈਰਿੰਗ ਕੀਤੀ ਗਈ। ਗੈਂਗਸਟਰ ਸੰਨੀ ਵਾਸੀ ਗੁਰਦਾਸਪੁਰ ਦੇ ਪੇਟ ‘ਤੇ ਦੋ ਗੋਲੀਆਂ ਵੱਜੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ।